ਓਲੰਪਿਕ ਖੇਡਾਂ ਸੰਬੰਧ ਵਿਚ ਭਾਰਤ ਵਲੋਂ ਚੀਨ ਦਾ ਸਫ਼ਾਰਤੀ ਬਾਈਕਾਟ

ਓਲੰਪਿਕ ਖੇਡਾਂ ਸੰਬੰਧ ਵਿਚ ਭਾਰਤ ਵਲੋਂ ਚੀਨ ਦਾ ਸਫ਼ਾਰਤੀ ਬਾਈਕਾਟ

ਅੰਮ੍ਰਿਤਸਰ ਟਾਈਮਜ਼

ਲੁਧਿਆਣਾ: ਭਾਰਤ ਨੇ ਚੀਨ ਦੀ ਰਾਜਧਾਨੀ ਪੇਈਚਿੰਗ ਵਿਚ ਹੋ ਰਹੀਆਂ ਸਰਦ-ਰੁੱਤ ਦੀਆਂ ਓਲੰਪਿਕ ਖੇਡਾਂ ਦਾ ਸਫ਼ਾਰਤੀ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤ ਦੇ ਫ਼ੈਸਲੇ ਦਾ ਕਾਰਨ ਇਹ ਹੈ ਕਿ ਭਾਰਤ ਨਾਲ ਗਲਵਾਨ ਘਾਟੀ ਵਿਚ ਹੋਈਆਂ ਝੜਪਾਂ ਵਿਚ ਜ਼ਖ਼ਮੀ ਹੋਇਆ ਚੀਨੀ ਫ਼ੌਜ ਦਾ ਅਧਿਕਾਰੀ ਕੀ ਫੈਬੀਓ ਬੁੱਧਵਾਰ ਓਲੰਪਿਕਸ ਦੀ ਮਸ਼ਾਲ ਲੈ ਕੇ ਦੌੜਿਆ ਸੀ। ਇਸ ਦੇ ਨਾਲ ਨਾਲ ਪ੍ਰਸਾਰ ਭਾਰਤੀ ਨੇ ਦੂਰਦਰਸ਼ਨ ’ਤੇ ਖੇਡਾਂ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਦਾ ਪ੍ਰਸਾਰਨ ਨਾ ਕਰਨ ਦਾ ਐਲਾਨ ਕੀਤਾ ਹੈ। ਭਾਰਤ ਖੇਡਾਂ ਵਿਚ ਹਿੱਸਾ ਲਵੇਗਾ; ਭਾਰਤ ਵੱਲੋਂ ਸਿਰਫ਼ ਇਕ ਅਥਲੀਟ ਆਰਿਫ਼ ਖ਼ਾਂ ਇਨ੍ਹਾਂ ਖੇਡਾਂ ਵਿਚ ਹਿੱਸਾ ਲੈ ਰਿਹਾ ਹੈ।ਖੇਡਾਂ ਦੇ ਸਮੁੱਚੇ ਬਾਈਕਾਟ ਅਤੇ ਸਫ਼ਾਰਤੀ ਬਾਈਕਾਟ ਵਿਚ ਕਾਫ਼ੀ ਵੱਡਾ ਫ਼ਰਕ ਹੈ। ਕਿਸੇ ਦੇਸ਼ ਦੁਆਰਾ ਕਿਸੇ ਪੱਧਰ ਦੀਆਂ ਖੇਡਾਂ ਦੇ ਸਮੁੱਚੇ ਬਾਈਕਾਟ ਦਾ ਮਤਲਬ ਉਸ ਦੇ ਖਿਡਾਰੀਆਂ ਵੱਲੋਂ ਖੇਡਾਂ ਵਿਚ ਹਿੱਸਾ ਨਾ ਲੈਣਾ ਹੁੰਦਾ ਹੈ; ਇਸ ਦੇ ਨਾਲ ਨਾਲ ਉਸ ਦੇਸ਼ ਦੇ ਖੇਡ ਅਧਿਕਾਰੀ ਅਤੇ ਸਫ਼ਾਰਤੀ ਨੁਮਾਇੰਦੇ ਵੀ ਖੇਡਾਂ ਦੇ ਕਿਸੇ ਸਮਾਗਮ ਅਤੇ ਕਾਰਵਾਈ ਵਿਚ ਹਿੱਸਾ ਨਹੀਂ ਲੈਂਦੇ। ਸਫ਼ਾਰਤੀ ਬਾਈਕਾਟ ਤਹਿਤ ਸੰਬੰਧਿਤ ਦੇਸ਼ ਉਨ੍ਹਾਂ ਖੇਡਾਂ ਵਿਚ ਆਪਣੇ ਸਫ਼ਾਰਤੀ ਨੁਮਾਇੰਦੇ ਨਹੀਂ ਭੇਜਦਾ ਅਤੇ ਖੇਡਾਂ ਦੇ ਦਿਨਾਂ ਦੌਰਾਨ ਸਫ਼ਾਰਤੀ ਪੱਧਰ ’ਤੇ ਮੀਟਿੰਗਾਂ ਤੋਂ ਵੀ ਗੁਰੇਜ਼ ਕੀਤਾ ਜਾਂਦਾ ਹੈ।

1976, 1980 ਅਤੇ 1984 ਵਿਚ ਗਰਮੀਆਂ ਦੀਆਂ ਓਲੰਪਿਕ ਖੇਡਾਂ ਜਿਨ੍ਹਾਂ ਨੂੰ ਪ੍ਰਮੁੱਖ ਓਲੰਪਿਕ ਖੇਡਾਂ ਮੰਨਿਆ ਜਾਂਦਾ ਹੈ, ਦੇ ਵੱਡੇ ਬਾਈਕਾਟ ਹੋਏ ਸਨ। 1976 ਵਿਚ 22 ਅਫ਼ਰੀਕੀ ਦੇਸ਼ਾਂ ਨੇ ਦੱਖਣੀ ਅਫ਼ਰੀਕਾ ਵਿਚ ਨਸਲੀ ਵਿਤਕਰੇ ਦੇ ਮੁੱਦੇ ’ਤੇ ਮੌਂਟਰੀਅਲ ਓਲੰਪਿਕ ਖੇਡਾਂ ਦਾ ਬਾਈਕਾਟ ਕੀਤਾ ਸੀ। ਸਭ ਤੋਂ ਵੱਡਾ ਬਾਈਕਾਟ 1980 ਦੀਆਂ ਮਾਸਕੋ ਓਲੰਪਿਕ ਖੇਡਾਂ ਦਾ ਸੀ ਜਿਸ ਵਿਚ ਅਮਰੀਕਾ ਅਤੇ ਉਸ ਦੇ ਸਾਥੀ 64 ਦੇਸ਼ਾਂ ਨੇ ਸੋਵੀਅਤ ਯੂਨੀਅਨ ਦੇ ਅਫ਼ਗ਼ਾਨਿਸਤਾਨ ਵਿਚ ਫ਼ੌਜੀ ਦਖ਼ਲ ਦੇ ਵਿਰੋਧ ਵਿਚ ਖੇਡਾਂ ਵਿਚ ਹਿੱਸਾ ਨਹੀਂ ਸੀ ਲਿਆ। ਸੋਵੀਅਨ ਯੂਨੀਅਨ ਅਤੇ ਉਸ ਦੇ ਹਮਾਇਤੀ ਦੇਸ਼ਾਂ ਨੇ 1984 ਵਿਚ ਲਾਸ ਏਂਜਲਸ, ਅਮਰੀਕਾ ਵਿਚ ਹੋਈਆਂ ਖੇਡਾਂ ਦਾ ਬਾਈਕਾਟ ਕੀਤਾ ਸੀ। ਭਾਰਤ ਤੋਂ ਪਹਿਲਾਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ ਆਦਿ ਨੇ ਵੀ ਪੇਈਚਿੰਗ ਦੀਆਂ ਸਰਦ-ਰੁੱਤ ਦੀਆਂ ਉਲੰਪਿਕ ਖੇਡਾਂ ਦੇ ਸਫ਼ਾਰਤੀ ਬਾਈਕਾਟ ਦਾ ਐਲਾਨ ਕੀਤਾ ਹੈ। ਇਨ੍ਹਾਂ ਦੇਸ਼ਾਂ ਅਨੁਸਾਰ ਉਹ ਚੀਨ ਵੱਲੋਂ ਉਈਗਰ ਮੁਸਲਮਾਨਾਂ ਨਾਲ ਕੀਤੇ ਜਾਂਦੇ ਵਿਤਕਰਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਾਰਨ ਬਾਈਕਾਟ ਕਰ ਰਹੇ ਹਨ। ਜਰਮਨੀ ਨੇ ਚੀਨੀ ਟੈਨਿਸ ਖਿਡਾਰੀ ਪੇਂਗ ਸ਼ੁਆਈ ਨਾਲ ਕੀਤੇ ਵਰਤਾਉ ਕਾਰਨ ਸਫ਼ਾਰਤੀ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਪੇਂਗ ਸ਼ੁਆਈ ਨੇ ਕਮਿਊਨਿਸਟ ਪਾਰਟੀ ਦੇ ਇਕ ਆਗੂ ’ਤੇ ਜ਼ੋਰ-ਜ਼ਬਰਦਸਤੀ ਕਰਨ ਦੇ ਦੋਸ਼ ਲਗਾਏ ਸਨ ਅਤੇ ਇਸ ਤੋਂ ਬਾਅਦ ਉਸ ਦੀਆਂ ਸੋਸ਼ਲ ਮੀਡੀਆ ’ਤੇ ਪੋਸਟਾਂ ਗਾਇਬ ਕਰ ਦਿੱਤੀਆਂ ਗਈਆਂ ਸਨ। ਕਈ ਦੇਸ਼ਾਂ ਨੇ ਕੋਵਿਡ-19 ਦੀ ਮਹਾਮਾਰੀ ਕਾਰਨ ਪੇਈਚਿੰਗ ਵਿਚ ਸਫ਼ਾਰਤੀ ਨੁਮਾਇੰਦੇ ਭੇਜਣ ਤੋਂ ਮਨ੍ਹਾਂ ਕੀਤਾ ਹੈ। ਭਾਰਤ ਤੇ ਚੀਨ ਦੀ ਸਰਹੱਦ ’ਤੇ ਤਣਾਓ ਬਣਿਆ ਹੋਇਆ ਹੈ। ਅਜਿਹੇ ਹਾਲਾਤ ਵਿਚ ਚੀਨ ਦੁਆਰਾ ਇਨ੍ਹਾਂ ਫ਼ੌਜੀ ਕਾਰਵਾਈਆਂ ਵਿਚ ਹਿੱਸਾ ਲੈਣ ਵਾਲੇ ਫ਼ੌਜੀ ਅਧਿਕਾਰੀ ਨੂੰ ਕੌਮਾਂਤਰੀ ਖੇਡਾਂ ਵਿਚ ਮਸ਼ਾਲ-ਧਾਰਕ ਬਣਾਉਣਾ ਨੈਤਿਕ ਤੌਰ ’ਤੇ ਗ਼ਲਤ ਹੈ। ਖੇਡਾਂ ਦੇ ਮੈਦਾਨ ਦੇਸ਼ਾਂ ਵਿਚ ਅਮਨ-ਸ਼ਾਂਤੀ ਦੀਆਂ ਭਾਵਨਾਵਾਂ ਅਤੇ ਆਪਸੀ ਸਹਿਯੋਗ ਵਧਾਉਣ ਦਾ ਜ਼ਰੀਆ ਹਨ। ਇਸ ਲਈ ਖੇਡਾਂ ਦੀ ਮੇਜ਼ਬਾਨੀ ਕਰ ਰਹੇ ਦੇਸ਼ ਨੂੰ ਉਹ ਕਾਰਵਾਈਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਦੂਸਰੇ ਦੇਸ਼ਾਂ ਲਈ ਕੁੜੱਤਣ ਵਧਾਉਣ ਦਾ ਕਾਰਨ ਬਣ ਸਕਦੀਆਂ ਹਨ। ਚੀਨ ਅਤੇ ਭਾਰਤ ਵਿਚਕਾਰ ਲੰਮੀ ਸਰਹੱਦ ਹੈ। ਦੋਵੇਂ ਵੱਡੀ ਆਬਾਦੀ ਵਾਲੇ ਦੇਸ਼ ਹਨ ਜਿਨ੍ਹਾਂ ਵਿਚ ਵਿਆਪਕ ਪੱਧਰ ’ਤੇ ਵਪਾਰ ਹੁੰਦਾ ਹੈ। ਦੋਹਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ ਇਸ ਗੱਲ ਵਿਚ ਹੈ ਕਿ ਸਰਹੱਦ ’ਤੇ ਤਣਾਓ ਨੂੰ ਘਟਾਇਆ ਜਾਵੇ।