ਕੋਈ ਵੀ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਅਤੇ ਕਿਸਾਨਾਂ ਵਿਰੁੱਧ ਕੇਸ ਵਾਪਸ ਲਏ ਬਿਨਾਂ ਵਾਪਿਸ ਨਹੀਂ ਜਾਵੇਗਾ: ਟਿਕੈਤ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਕਿਸਾਨ ਅੰਦੋਲਨ ਦੇ ਖਤਮ ਹੋਣ ਦੀ ਚਰਚਾ ਜ਼ੋਰ ਫੜਦੀ ਜਾ ਰਹੀ ਹੈ ਜਿਸਨੂੰ ਦੇਖਦਿਆਂ ਸੰਯੁਕਤ ਕਿਸਾਨ ਮੋਰਚਾ ਦੀ ਇੱਕ ਅਹਿਮ ਮੀਟਿੰਗ ਬੁੱਧਵਾਰ ਯਾਨੀ 1 ਦਸੰਬਰ ਨੂੰ ਹੋਵੇਗੀ ਕਿ ਕੀ ਕਿਸਾਨ ਆਪਣਾ ਅੰਦੋਲਨ ਜਾਰੀ ਰੱਖਣਗੇ ਜਾਂ ਘਰ ਪਰਤਣ ਦਾ ਫੈਸਲਾ ਕਰਨਗੇ। ਹਾਲਾਂਕਿ, ਰਾਕੇਸ਼ ਟਿਕੈਤ ਵਰਗੇ ਵੱਡੇ ਕਿਸਾਨ ਨੇਤਾ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ।
ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਬਿਆਨ ਆਇਆ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੇ ਘਰ ਪਰਤਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਕੋਈ ਵੀ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਅਤੇ ਕਿਸਾਨਾਂ ਵਿਰੁੱਧ ਕੇਸ ਵਾਪਸ ਲਏ ਬਿਨਾਂ ਇੱਥੋਂ ਨਹੀਂ ਜਾਵੇਗਾ ਤੇ ਅਗਲੇਰੀ ਰਣਨੀਤੀ ਲਈ ਸਾਡੀ 4 ਦਸੰਬਰ ਨੂੰ ਮੀਟਿੰਗ ਹੈ।ਸੋਮਵਾਰ ਨੂੰ ਸੰਸਦ ਦਾ ਇਤਿਹਾਸਕ ਦਿਨ ਰਿਹਾ ਸੀ ਕਿਉਂਕਿ ਸੰਸਦ ਦੇ ਦੋਵਾਂ ਸਦਨਾਂ ਨੇ ਵਿਵਾਦਿਤ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈ ਲਿਆ ਸੀ। ਕਾਨੂੰਨਾਂ ਨੂੰ ਵਾਪਸ ਲੈਣ ਨਾਲ ਸਬੰਧਤ ਬਿੱਲ ਦੋਵਾਂ ਸਦਨਾਂ ਵਿੱਚ ਪਾਸ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਵਾਪਿਸੀ ਬਿੱਲ ਨੂੰ ਪਾਸ ਕੀਤਾ ਗਿਆ। ਹੁਣ ਬਿੱਲ 'ਤੇ ਰਾਸ਼ਟਰਪਤੀ ਦੇ ਦਸਤਖਤ ਤੋਂ ਬਾਅਦ ਤਿੰਨੋਂ ਖੇਤੀ ਕਾਨੂੰਨ ਰੱਦ ਹੋ ਜਾਣਗੇ।
Comments (0)