ਲੱਖੀਮਪੁਰ ਖੇੜੀ ਮਾਮਲੇ ਦੀ ਜਾਂਚ ਲਈ ਸੇਵਾਮੁਕਤ ਜੱਜ ਸਮੇਤ ਨਵੀਂ ਜਾਂਚ ਟੀਮ ਨੇ ਖੇੜੀ ਪਹੁੰਚ, ਕੀਤੀ ਜਾਂਚ ਪੜਤਾਲ 

ਲੱਖੀਮਪੁਰ ਖੇੜੀ ਮਾਮਲੇ ਦੀ ਜਾਂਚ ਲਈ ਸੇਵਾਮੁਕਤ ਜੱਜ ਸਮੇਤ ਨਵੀਂ ਜਾਂਚ ਟੀਮ ਨੇ ਖੇੜੀ ਪਹੁੰਚ, ਕੀਤੀ ਜਾਂਚ ਪੜਤਾਲ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਲੱਖੀਮਪੁਰ ਤਿਕੁਨੀਆ ਕਾਂਡ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਗਠਿਤ ਉੱਚ ਪੱਧਰੀ ਟੀਮ ਵੀਰਵਾਰ ਨੂੰ ਲਖੀਮਪੁਰ ਖੇੜੀ ਪਹੁੰਚੀ ।  ਪੰਜਾਬ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਅਤੇ ਯੂਪੀ ਕੇਡਰ ਦੇ ਤਿੰਨ ਸੀਨੀਅਰ ਆਈਪੀਐਸ ਅਧਿਕਾਰੀਆਂ ਦੀ ਟੀਮ ਨੇ ਘਟਨਾ ਅਸਥਾਨ ਦਾ ਦੌਰਾ ਕੀਤਾ ਅਤੇ ਟੀਮ ਨੇ ਮੌਕੇ ਦਾ ਬਾਰੀਕੀ ਨਾਲ ਮੁਆਇਨਾ ਕੀਤਾ ਜਿਸ ਤੋਂ ਬਾਅਦ ਮੌਕੇ ਨੂੰ ਸੀਲ ਕਰ ਦਿੱਤਾ ਗਿਆ। 

ਦੱਸ ਦੇਈਏ ਕਿ ਸੁਪਰੀਮ ਕੋਰਟ ਵੱਲੋਂ 17 ਨਵੰਬਰ ਨੂੰ ਜਾਂਚ ਟੀਮ ਦੇ ਪੁਨਰਗਠਨ ਦੇ ਅੱਠ ਦਿਨ ਬਾਅਦ ਪਹਿਲੀ ਵਾਰ ਜਾਂਚ ਟੀਮ ਲੱਖੀਮਪੁਰ ਖੇੜੀ ਪਹੁੰਚੀ ਸੀ।ਸੁਪਰੀਮ ਕੋਰਟ ਨੇ ਜਾਂਚ ਟੀਮ ਦੀ ਨਿਗਰਾਨੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਰਾਕੇਸ਼ ਕੁਮਾਰ ਜੈਨ ਨੂੰ ਸੌਂਪੀ ਹੈ ਅਤੇ ਟੀਮ ਵਿੱਚ ਤਿੰਨ ਆਈਪੀਐਸ ਅਧਿਕਾਰੀਆਂ ਦਾ ਵਾਧਾ ਕੀਤਾ ਹੈ।  ਜਿਸ ਵਿੱਚ ਏਡੀਜੀ ਇੰਟੈਲੀਜੈਂਸ ਐਸਬੀ ਸ਼ਿਰੋਡਕਰ, ਆਈਜੀ ਰਿਕਰੂਟਮੈਂਟ ਬੋਰਡ ਪਦਮਜਾ ਚੌਹਾਨ ਅਤੇ ਡੀਆਈਜੀ ਸਹਾਰਨਪੁਰ ਪ੍ਰੀਤਇੰਦਰ ਸਿੰਘ ਸ਼ਾਮਲ ਹਨ।ਇਹ ਸਾਰੇ ਖੇੜੀ ਪਹੁੰਚੇ, ਜਿੱਥੇ ਡੀਐਮ ਅਤੇ ਐਸਪੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਇਸ ਤੋਂ ਬਾਅਦ ਐਸਪੀ ਸੰਜੀਵ ਸੁਮਨ ਸਮੇਤ ਪੂਰੀ ਟੀਮ ਟਿਕੁਨੀਆ ਵਿੱਚ ਘਟਨਾ ਸਥਾਨ ਲਈ ਰਵਾਨਾ ਹੋ ਗਈ।  ਟੀਮ ਨੇ ਇੱਕ ਵਜੇ ਉੱਥੇ ਪਹੁੰਚ ਕੇ ਮੌਕੇ ਦਾ ਮੁਆਇਨਾ ਕਰਨ ਦੇ ਨਾਲ ਅਗਰਸੇਨ ਇੰਟਰ ਕਾਲਜ ਅਤੇ ਮੰਤਰੀ ਦੇ ਪਿੰਡ ਬਨਵੀਰਪੁਰ ਦਾ ਵੀ ਦੌਰਾ ਕੀਤਾ।  ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਟਿਕੁਨੀਆ 'ਚ ਹਿੰਸਾ ਹੋਈ ਸੀ।  ਇਸ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ ।