ਦਿੱਲੀ ਅੰਦਰ ਲੱਗੇ ਪੰਜਾਬੀ ਸਾਈਨ ਬੋਰਡਾਂ ਵਿਚ ਵੱਡੀਆਂ ਗਲਤੀਆਂ ਦਿੱਲੀ ਕਮੇਟੀ ਵੱਲੋਂ ਕੇਜਰੀਵਾਲ ਸਰਕਾਰ ਨੂੰ ਗਲਤੀਆਂ ਦਰੁੱਸਤ ਕਰਵਾਉਣ ਲਈ ਤਿੰਨ ਦਿਨ ਦਾ ਅਲਟੀਮੇਟ

ਦਿੱਲੀ ਅੰਦਰ ਲੱਗੇ ਪੰਜਾਬੀ ਸਾਈਨ ਬੋਰਡਾਂ ਵਿਚ ਵੱਡੀਆਂ ਗਲਤੀਆਂ ਦਿੱਲੀ ਕਮੇਟੀ ਵੱਲੋਂ ਕੇਜਰੀਵਾਲ ਸਰਕਾਰ ਨੂੰ ਗਲਤੀਆਂ ਦਰੁੱਸਤ ਕਰਵਾਉਣ ਲਈ ਤਿੰਨ ਦਿਨ ਦਾ ਅਲਟੀਮੇਟ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 26 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਤਿੰਨ ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿ ਉਹ ਤਿੰਨ ਦਿਨਾਂ ਦੇ ਅੰਦਰ ਅੰਦਰ ਦਿੱਲੀ ਵਿਚ ਲੱਗੇ ਪੰਜਾਬੀ ਸਾਈਨ ਬੋਰਡਾਂ ਵਿਚਲੀਆਂ ਗਲਤੀਆਂ ਦਰੁੱਸਤ ਕਰਵਾਵੇ ਨਹੀਂ ਤਾਂ ਕਮੇਟੀ ਆਪ ਕਦਮ ਚੁੱਕਣ ਲਈ ਮਜਬੂਰ ਹੋਵੇਗੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਿਖੇ ਪੱਤਰ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਦਿੱਲੀ ਵਿਚ ਲੱਗੇ ਪੰਜਾਬੀ ਸਾਈਨ ਬੋਰਡਾਂ ਵਿਚ ਵੱਡੀਆਂ ਗਲਤੀਆਂ ਹਨ। ਉਹਨਾਂ ਕਿਹਾ ਕਿ ਸਾਈਨ ਬੋਰਡਾਂ ਦਾ ਮਕਸਦ ਬਾਹਰੋਂ ਆਉਣ ਵਾਲੇ ਰਾਹਗੀਰਾਂ ਨੂੰ ਸਹੀ ਰਾਹ ਵਿਖਾਉਣਾ ਹੁੰਦਾ ਹੈ ਪਰ ਅਰਵਿੰਦ ਕੇਜਰੀਵਾਲ ਸਰਕਾਰ ਦਿੱਲੀ ਵਿਚ ਲਗਾਤਾਰ ਪੰਜਾਬੀ ਦਾ ਘਾਣ ਕਰ ਰਹੀ ਹੈ।

ਉਹਨਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਪੰਜਾਬੀ ਨੂੰ ਖ਼ਤਮ ਕਰਨ ’ਤੇ ਪੂਰਾ ਜ਼ੋਰ ਲਗਾਇਆ ਹੋਇਆ ਹੈ। ਉਹਨਾਂ ਕਿਹਾ ਕਿ ਸਰਕਾਰੀ ਸਹਾਇਤਾ ਪ੍ਰਾਪਤ ਤੇ ਐਮ ਸੀ ਡੀ ਦੇ ਸਕੂਲਾਂ ਵਿਚ ਵਾਰ-ਵਾਰ ਕਹਿਣ ’ਤੇ ਵੀ ਪੰਜਾਬੀ ਅਧਿਆਪਕ ਤਾਇਨਾਤ ਨਹੀਂ ਕੀਤੇ ਜਾ ਰਹੇ ਜਦੋਂ ਕਿ ਹਜ਼ਾਰਾਂ ਬੱਚੇ ਪੰਜਾਬੀ ਭਾਸ਼ਾ ਪੜ੍ਹਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਸੀਂ ਇਸ ਮਾਮਲੇ ’ਤੇ ਅਨੇਕਾਂ ਵਾਰ ਕੇਜਰੀਵਾਲ ਸਰਕਾਰ ਨੂੰ ਚਿੱਠੀਆਂ ਲਿਖ ਚੁੱਕੇ ਹਾਂ  ਪਰ ਇਸਦਾ ਕੋਈ ਅਸਰ ਨਹੀਂ ਹੋ ਰਿਹਾ।

ਉਹਨਾਂ ਕਿਹਾ ਕਿ ਇਸੇ ਤਰੀਕੇ ਪੰਜਾਬੀ ਅਕੈਡਮੀ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਵਾਸਤੇ ਕੰਮ ਵਿਚ ਨਾਕਾਮ ਸਾਬਤ ਹੋ ਰਹੀ ਹੈ ਤੇ ਇਸਦੇ ਸਾਲਾਨਾ ਬਜਟ ਦਾ 90 ਫੀਸਦੀ ਹੋਰ ਕੰਮਾਂ ’ਤੇ ਖਰਚ ਕੀਤਾ ਜਾ ਰਿਹਾ ਹੈ। 

ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਕਰ ਕੇ ਚੁਣਿਆ ਜਾਂਦਾ ਹੈ ਕਿ ਉਹ ਲੋਕਾਂ ਦੇ ਕੰਮ ਕਰੇ। ਉਹਨਾਂ ਕਿਹਾ ਕਿ ਸਾਈਨ ਬੋਰਡ ਲੋਕਾਂ ਦੀ ਸਹੂਲਤ ਵਾਸਤੇ ਲਗਾਏ ਜਾਂਦੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਵਾਸਤੇ ਕੰਮ ਕਰਨ ਦੀ ਥਾਂ ਉਲਟਾ ਭਾਸ਼ਾ ਦਾ ਘਾਣ ਕਰਨ ਲੱਗੀ ਹੋਈ ਹੈ ਤੇ ਇਸ ਮਾਮਲੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਚੁੱਪੀ ਵੱਟੀ ਹੋਈ ਹੈ।

ਉਹਨਾਂ ਨੇ ਆਪ ਦੇ ਵਿਧਾਇਕ ਸਰਦਾਰ ਜਰਨੈਲ ਸਿੰਘ ਵੱਲੋਂ ਵੀ ਪੰਜਾਬੀ ਭਾਸ਼ਾ ਦੇ ਘਾਣ ’ਤੇ ਚੁੱਪੀ ਵੱਟਣ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਉਂਝ ਤਾਂ ਉਹ ਅਕਸਰ ਧਰਨੇ ਦੇਣ ਦੇ ਐਲਾਨ ਵੀ ਕਰ ਦਿੰਦੇ ਹਨ ਪਰ ਹੁਣ ਪੰਜਾਬੀ ਭਾਸ਼ਾ ਨਾਲ ਹੋ ਰਹੇ ਵਤੀਰੇ ਬਾਰੇ ਚੁੱਪ ਹਨ।