ਅਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਸੰਬੰਧੀ ਪੰਜਾਬ ਨੇ ਅਵੇਸਲਾ ਰਵੱਈਆ ਅਖ਼ਤਿਆਰ ਕੀਤਾ -ਲਾਲਪੁਰਾ

ਅਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਸੰਬੰਧੀ ਪੰਜਾਬ ਨੇ ਅਵੇਸਲਾ ਰਵੱਈਆ ਅਖ਼ਤਿਆਰ ਕੀਤਾ -ਲਾਲਪੁਰਾ

*ਸੂਬਾ ਸਰਕਾਰ ਵਲੋਂ ਹਾਲੇ ਤੱਕ ਆਨੰਦ ਮੈਰਿਜ ਐਕਟ ਤਹਿਤ ਸਿੱਖਾਂ ਦੇ ਵਿਆਹ ਨੂੰ ਰਜਿਸਟਰ ਕਰਨ ਲਈ ਕੋਈ ਨੇਮ ਨਹੀਂ ਬਣਾਏ

ਅੰਮ੍ਰਿਤਸਰ ਟਾਈਮਜ਼ ਬਿਊਰੋ

 

ਨਵੀਂ ਦਿੱਲੀ-'ਸਿੱਖਾਂ ਦੀ ਬਹੁਤਾਤ ਵਾਲੇ ਭਾਰਤ ਦੇ ਇਕਲੌਤੇ ਸੂਬੇ ਪੰਜਾਬ ਨੇ ਹੀ ਰਾਜ 'ਵਿਚ ਅਨੰਦ ਮੈਰਿਜ ਐਕਟ ਲਾਗੂ ਕਰਨ 'ਚ ਅਵੇਸਲਾ ਰਵੱਈਆ ਅਖ਼ਤਿਆਰ ਕੀਤਾ ਹੈ । ਸੂਬਾ ਸਰਕਾਰ ਵਲੋਂ ਹਾਲੇ ਤੱਕ ਆਨੰਦ ਮੈਰਿਜ ਐਕਟ ਤਹਿਤ ਸਿੱਖਾਂ ਦੇ ਵਿਆਹ ਨੂੰ ਰਜਿਸਟਰ ਕਰਨ ਲਈ ਕੋਈ ਨੇਮ ਨਹੀਂ ਬਣਾਏ ਗਏ ਹਨ ।ਇਸ ਸੰਬੰਧੀ ਘੱਟ ਗਿਣਤੀਆਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਅਨੰਦ ਮੈਰਿਜ ਐਕਟ ਨੂੰ ਲੈ ਕੇ ਪੰਜਾਬ ਦੇ ਢਿੱਲੇ-ਮੱਠੇ ਰਵੱਈਏ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਮਿਸ਼ਨ ਦਫ਼ਤਰ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਵਿਚ ਲਾਲਪੁਰਾ ਨੇ ਕਿਹਾ ਕਿ ਕਮਿਸ਼ਨ ਵਲੋਂ ਸਾਰੀਆਂ ਸੂਬਾ ਸਰਕਾਰਾਂ ਨੂੰ ਅਨੰਦ ਮੈਰਿਜ ਐਕਟ ਲਾਗੂ ਕਰਨ ਲਈ ਅਪੀਲ ਕੀਤੀ ਗਈ ਤਾਂ ਜੋ ਸਿੱਖਾਂ ਨੂੰ ਆਪਣਾ ਵਿਆਹ ਰਜਿਸਟਰ ਕਰਨ ਲਈ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਏ । ਲਾਲਪੁਰਾ ਨੇ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਹਾਲੇ ਤੱਕ ਸਿਰਫ਼ ਤਿੰਨ ਸੂਬਿਆਂ ਕੇਰਲ, ਦਿੱਲੀ ਅਤੇ ਮੱਧ ਪ੍ਰਦੇਸ਼ 'ਵਿਚ ਇਹ ਕਾਨੂੰਨ ਲਾਗੂ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਕੇਰਲ, ਜਿਥੇ ਸਿੱਖਾਂ ਦੀ ਨਿਗੁਣੀ ਗਿਣਤੀ ਹੈ, ਦੇਸ਼ 'ਚ ਇਹ ਕਾਨੂੰਨ ਲਾਗੂ ਕਰਨ ਵਾਲਾ ਪਹਿਲਾ ਰਾਜ ਸੀ |।ਲਾਲਪੁਰਾ ਨੇ ਕਿਹਾ ਕਿ ਪੰਜਾਬ, ਜਿਥੇ ਸਿੱਖਾਂ ਦੀ ਬਹੁਤਾਤ ਹੈ, 'ਚ ਮੈਰਿਜ ਸਰਟੀਫਿਕੇਟ ਜਾਰੀ ਕਰਨ ਲਈ ਸਿਰਫ਼ ਇਕ ਪ੍ਰੋਫਾਰਮਾ ਹੀ ਭੇਜਿਆ ਗਿਆ ।ਜ਼ਿਕਰਯੋਗ ਹੈ ਕਿ ਕਮਿਸ਼ਨ ਵਲੋਂ 14 ਦਸੰਬਰ ਨੂੰ ਸਾਰੀਆਂ ਸੂਬਾ ਸਰਕਾਰਾਂ ਨੂੰ ਆਪੋ-ਆਪਣੇ ਰਾਜ 'ਚ ਅਨੰਦ ਮੈਰਿਜ ਐਕਟ ਨੂੰ ਨੋਟੀਫਾਈ ਕਰਨ ਦੀ ਅਪੀਲ ਕੀਤੀ ਸੀ | ਜਿਸ 'ਚ ਪੰਜਾਬ ਵਲੋਂ ਉਸ ਨੂੰ ਖਾਸਾ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ | ਜਦਕਿ ਹਰਿਆਣਾ ਅਤੇ ਉਤਰਾਖੰਡ ਸਰਕਾਰ ਨੇ ਛੇਤੀ ਹੀ ਇਹ ਕਾਨੂੰਨ ਲਾਗੂ ਕਰਨ ਦਾ ਭਰੋਸਾ ਦੁਆਇਆ ਹੈ ।