ਲਾਲ ਕਿਲ੍ਹੇ ’ਤੇ ਮਨਾਏ ਜਾ ਰਹੇ ਦਿੱਲੀ ਫਤਿਹ ਦਿਵਸ ਸਮਾਗਮਾਂ ਦੇ ਜਥੇਦਾਰ ਅਕਾਲ ਤਖਤ, ਸ਼੍ਰੋਮਣੀ ਕਮੇਟੀ ਤੇ ਹੋਰ ਪੰਥਕ ਸ਼ਖਸੀਅਤਾਂ ਨੂੰ ਦਿੱਲੀ ਕਮੇਟੀ ਵਲੋਂ ਦਿੱਤੇ ਗਏ ਸੱਦਾ ਪੱਤਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 13 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ ਨੇ 8 ਅਤੇ 9 ਅਪ੍ਰੈਲ ਨੂੰ ਲਾਲ ਕਿਲ੍ਹੇ ’ਤੇ ਮਨਾਏ ਜਾ ਰਹੇ ਦਿੱਲੀ ਫਤਿਹ ਦਿਵਸ ਸਮਾਗਮਾਂ ਦੇ ਸੱਦਾ ਪੱਤਰ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਤੇ ਹੋਰ ਪੰਥਕ ਸ਼ਖਸੀਅਤਾਂ ਨੂੰ ਦਿੱਤੇ।
ਇਸ ਮੌਕੇ ਇਸ ਟੀਮ ਨੇ ਬੁੱਢਾ ਦਲ ਵੱਲੋਂ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਜੀ ਵਿਖੇ ਕਰਵਾਏ ਸਮਾਗਮ ਵਿਚ ਵੀ ਸ਼ਮੂਲੀਅਤ ਕੀਤੀ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਿੱਖ ਕੌਮ ਦੁਨੀਆਂ ਵਿਚ ਇਕਲੌਤੀ ਕੌਮ ਹੈ ਜਿਸਨੂੰ ਆਪਣੇ ਗੁਰੂ ਸਾਹਿਬਾਨ,ਮਹਾਨ ਜਰਨੈਲਾਂ ਤੇ ਸੂਰਬੀਰਾਂ ਦੇ ਦਿਹਾੜੇ ਮਨਾਉਣ ਦਾ ਮਾਣ ਹਾਸਲ ਹੈ। ਉਹਨਾਂ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਬਾਬਾ ਬਲਬੀਰ ਸਿੰਘ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।
ਉਹਨਾਂ ਇਸ ਮੌਕੇ ਦੱਸਿਆ ਕਿ ਇਸ ਵਾਰ ਲਾਲ ਕਿਲ੍ਹੇ ’ਤੇ 8 ਅਤੇ 9 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਦਿੱਲੀ ਫਤਿਹ ਦਿਵਸ ਵੀ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਅਤੇ ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ ਜਿਸਦਾ 6 ਅਪ੍ਰੈਲ ਦੀ ਰਾਤ ਨੂੰ ਅੰਬਾਲਾ ਵਿਚ ਗੁਰਦੁਆਰਾ ਮੰਜੀ ਸਾਹਿਬ ਵਿਖੇ ਠਹਿਰਾਅ ਹੋਵੇਗਾ ਤੇ ਇਹ ਨਗਰ ਕੀਰਤਨ ਅਗਲੇ ਦਿਨ 7 ਅਪ੍ਰੈਲ ਨੂੰ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਆ ਕੇ ਸਮਾਪਤ ਹੋਵੇਗਾ।
ਉਹਨਾਂ ਦੱਸਿਆ ਕਿ 8 ਅਪ੍ਰੈਲ ਨੂੰ ਕੀਰਤਨ ਦਰਬਾਰ ਹੋਵੇਗਾ ਤੇ 9 ਅਪ੍ਰੈਲ ਨੂੰ ਖਾਲਸਾ ਮਾਰਚ ਸਜਾਇਆ ਜਾਵੇਗਾ ਜਿਸ ਵਿਚ ਨਿਹੰਗ ਸਿੰਘ ਜਥੇਬੰਦੀਆਂ, ਵੱਖ-ਵੱਖ ਸਿੱਖ ਸੰਪਰਦਾਵਾਂ ਦੇ ਨੁਮਾਇਦੇ ਹੋਰ ਪੰਥਕ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਉਹਨਾਂ ਦੱਸਿਆ ਕਿ ਇਹਨਾਂ ਪ੍ਰੋਗਰਾਮਾਂ ਵਾਸਤੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਗਰੇਵਾਲ ਸਮੇਤ ਹੋਰ ਪੰਥਕ ਸ਼ਖਸੀਅਤਾਂ ਨੂੰ ਸੱਦਾ ਪੱਤਰ ਦਿੱਤੇ ਹਨ।
ਇਸ ਮੌਕੇ ਇਹ ਟੀਮ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਨਤਮਸਤਕ ਹੋਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।
ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਵਿਚ ਸਰਦਾਰ ਹਰਜੀਤ ਸਿੰਘ ਪੱਪਾ, ਸਰਦਾਰ ਭੁਪਿੰਦਰ ਸਿੰਘ ਭੁੱਲਰ, ਸਰਦਾਰ ਗੁਰਮੀਤ ਸਿੰਘ ਭਾਟੀਆ ਅਤੇ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।
Comments (0)