ਸਾਹਿਬਜਾਦਿਆਂ ਦੇ ਸ਼ਹਾਦਤ ਦਿਹਾੜੇ ਨੂੰ ਬਾਲ ਦਿਵਸ ਰੂਪੀ ਮਨਾਉਣਾ ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ : ਨਿਰਪ੍ਰੀਤ ਕੌਰ

ਸਾਹਿਬਜਾਦਿਆਂ ਦੇ ਸ਼ਹਾਦਤ ਦਿਹਾੜੇ ਨੂੰ ਬਾਲ ਦਿਵਸ ਰੂਪੀ ਮਨਾਉਣਾ ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ : ਨਿਰਪ੍ਰੀਤ ਕੌਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 28 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਅੰਦਰ ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਵਿਚ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਗੁਆ ਚੁੱਕੀ ਅਤੇ ਸੱਜਣ ਕੁਮਾਰ ਖਿਲਾਫ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਸਾਹਿਬਜਾਦਿਆਂ ਦੇ ਸ਼ਹਾਦਤ ਦਿਹਾੜੇ ਨੂੰ ਬਾਲ ਦਿਵਸ ਰੂਪੀ ਮਨਾਉਣਾ ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਾਰ ਦੇਂਦਿਆਂ ਅਖੌਤੀ ਸਿੱਖ ਨੇਤਾਵਾਂ ਤੇ ਨਿਸ਼ਾਨਾ ਵਿੰਗੀਆਂ ਹੈ । ਉਨ੍ਹਾਂ ਕਿਹਾ ਕਿ ਆਪਣੇ ਨਿਜੀ ਕੰਮਾਂ ਲਈ ਸਿੱਖ ਨੇਤਾ ਸਰਕਾਰਾਂ ਨੂੰ ਖੁਸ਼ ਕਰਕੇ ਸਿੱਖ ਕੌਮ ਦੇ ਇਤਿਹਾਸ ਨੂੰ ਵਿਗਾੜਨ ਤੇ ਲੱਗੇ ਹੋਏ ਹਨ । ਉਨ੍ਹਾਂ ਦਸਿਆ ਕਿ ਜਦੋ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਸੀ ਕਿ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਨਹੀਂ ਸ਼ਹਾਦਤ ਛੋਟੇ ਸਾਹਿਬਜਾਦੇ ਦਿਵਸ ਮਨਾਉਣਾ ਚਾਹੀਦਾ ਹੈ, ਸਿੱਖ ਨੇਤਾਵਾਂ ਨੇ ਕਿਉਂ ਨਹੀਂ ਤਖਤ ਸਾਹਿਬ ਦਾ ਆਦੇਸ਼ ਮੰਨ ਕੇ ਸਰਕਾਰ ਉਪਰ ਨਾਮ ਬਦਲੀ ਕਰਣ ਦਾ ਦਬਾਅ ਬਣਾਇਆ । ਜ਼ੇਕਰ ਇਹ ਲੋਕ ਚਾਹੁੰਦੇ ਤਾਂ ਨਾਮ ਬਦਲਿਆ ਜਾ ਸਕਦਾ ਸੀ ਪਰ ਇਨ੍ਹਾਂ ਨੇ ਬਹੁਗਿਣਤੀ ਦੇ ਹਕ ਵਿੱਚ ਭੁਗਤਦਿਆਂ ਪੰਥਕ ਇਤਿਹਾਸ ਨੂੰ ਬਦਲਣ ਦਾ ਰਾਹ ਖੋਲ ਕੇ ਬਜਰ ਗੁਨਾਹ ਕੀਤਾ ਹੈ ਜਿਸ ਲਈ ਸਿੱਖ ਪੰਥ ਇਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗਾ । ਅੰਤ ਵਿਚ ਉਨ੍ਹਾਂ ਨੇ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਪੁੱਛਿਆ ਕਿ ਇਨ੍ਹਾਂ ਕੋਲੋਂ ਸਖ਼ਤ ਤਰੀਕੇ ਨਾਲ ਸਪਸ਼ਟੀਕਰਨ ਲਿਆ ਜਾਏਗਾ ਜਾਂ ਇਸ ਮਸਲੇ ਨੂੰ ਵੀਂ ਪਿਛਲੀਆਂ ਗਲਤੀਆਂ ਵਾਂਗ ਅੱਖੋਂ ਪਰੋਖੇ ਕਰਕੇ ਕੌਮ ਦੇ ਇਤਿਹਾਸ ਨੂੰ ਬਦਲਣ ਦਾ ਰਾਹ ਖੋਲਣ ਦਾ ਇਨ੍ਹਾਂ ਖਿਲਾਫ ਕਾਰਵਾਈ ਕਰਣ ਦੀ ਥਾਂ ਹਮਾਇਤ ਕਰੋਗੇ ।