ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਅਤੇ ਆਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਥਮਿੰਦਰ ਸਿੰਘ ਆਨੰਦ ਤੇ ਸਖ਼ਤ ਕਾਰਵਾਈ ਹੋਵੇ: ਹਰਦੀਪ ਸਿੰਘ ਨਿੱਝਰ

ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਅਤੇ ਆਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਥਮਿੰਦਰ ਸਿੰਘ ਆਨੰਦ ਤੇ ਸਖ਼ਤ ਕਾਰਵਾਈ ਹੋਵੇ: ਹਰਦੀਪ ਸਿੰਘ ਨਿੱਝਰ

ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਤੇ ਵੀ ਬਣਦੀ ਕਾਰਵਾਈ ਹੋਵੇ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 27 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਦੁਨੀਆ ਭਰ ਵਿਚ ਜਦੋਂ ਵੀ ਕੋਈ ਸਿੱਖ ਵਿਰੋਧੀ ਦੁਸ਼ਟ ਸਿੱਖੀ ਭੇਸ 'ਚ ਬਹਿਰੂਪੀਏ ਹਿੰਦੁਸਤਾਨੀ ਸਰਕਾਰੀ ਏਜੰਸੀਆਂ ਦੇ ਢਹੇ ਚੜ੍ਹ ਕੇ ਸ਼ਰ੍ਹੇਆਮ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਉਲੰਘਣਾ ਜਾਂ ਨਜ਼ਰਅੰਦਾਜ਼ ਕਰਦੇ ਹਨ ਤਾਂ ਸੁਭਾਵਿਕ ਹੀ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੀ ਨਜ਼ਰ ਸ੍ਰੀ ਅਕਾਲ ਤਖਤ ਸਾਹਿਬ ਤੇ ਬਿਰਾਜਮਾਨ ਜਥੇਦਾਰ ਸਾਹਿਬਾਨਾਂ ਵਲੋਂ ਲਏ ਜਾਂਦੇ ਫ਼ੈਸਲਿਆਂ ਤੇ ਜਾ ਟਿਕਦੀ ਹੈ, ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਆਪ ਜੀ ਇਸ ਸਮੇਂ ਉਸ ਮਹਾਨ ਤਖ਼ਤ ਉੱਪਰ ਬਿਰਾਜਮਾਨ ਹੋ ਜਿਸ ਅਸਥਾਨ ਤੇ ਬੈਠ ਕੇ ਤੁਸੀਂ ਕੌਮੀ ਮਸਲਿਆਂ ਨੂੰ ਗੰਭੀਰਤਾ, ਸੁਹਿਰਦਤਾ ਅਤੇ ਦਲੇਰੀ ਨਾਲ ਬਿਨਾਂ ਕਿਸੇ ਭੇਦ ਭਾਵ, ਡਰ ਭੈਅ, ਬਿਨਾਂ ਕਿਸੇ ਦੇਰੀ ਅਤੇ ਦਬਾਅ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਿਸ਼ਾਹ ਜੀ ਦੇ ਸਨਮੁਖ ਹੋ ਕੇ ਸਹੀ ਅਤੇ ਸੱਚੇ ਫ਼ੈਸਲੇ ਕਰ ਕੇ ਕੌਮ ਵਿੱਚ ਵਿਸਵਾਸ਼ ਅਤੇ ਆਪਸੀ ਏਕਤਾ ਨੂੰ ਕਾਇਮ ਕਰ ਕੇ ਇਕ ਮਾਲਾ ਵਿਚ ਪਰੋ ਕੇ ਰੱਖਣਾ ਹੁੰਦਾ ਹੈ।

ਜਲਾਵਤਨੀ ਕੱਟ ਰਹੇ ਭਾਈ ਹਰਦੀਪ ਸਿੰਘ ਨਿੱਝਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਸੰਦੇਸ਼ਾਂ ਅਤੇ ਆਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਸਿੱਖੀ ਭੇਸ ਵਿੱਚ ਵਿਚਰ ਰਹੇ ਥਮਿੰਦਰ ਸਿੰਘ ਅਨੰਦ ਵਰਗੇ ਸਿੱਖ ਵਿਰੋਧੀ ਲੋਕ ਭਾਰਤੀ ਸਰਕਾਰੀ ਏਜੰਸੀਆਂ ਦੀ ਪੈਦਾਇਸ਼ ਹਨ, ਇਹੋ ਜਿਹੇ ਲੋਕਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਵੱਲੋਂ ਛੇਤੀ ਤੋਂ ਛੇਤੀ ਬਣਦੀ ਕਾਰਵਾਈ ਕਰ ਕੇ ਨੱਥ ਪਾਉਣੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਵਿਅਕਤੀ ਦੀ ਦੁਬਾਰਾ ਗਲਤੀ ਕਰਨ ਦੀ ਹਿੰਮਤ ਨਾ ਪੈ ਸਕੇ।ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬਾਨ ਜੀ ਜਿਸ ਤਰ੍ਹਾਂ ਕੈਲੀਫੋਰਨੀਆ ਦੇ ਦੁਸ਼ਟ "ਥਮਿੰਦਰ ਆਨੰਦ" ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਾਹਿਬਾਨਾਂ ਨੂੰ ਚਾਈਨਾ ਤੋਂ ਛਪਵਾਉਣ ਅਤੇ ਨਿਰਾਦਰ ਤਬਦੀਲੀਆਂ ਕੀਤੀਆਂ ਜਾਣ ਦੇ ਸਬੰਧ ਵਿੱਚ 3 ਮਈ 2022 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਮੀਟਿੰਗ ਸੱਦੀ ਗਈ ਹੈ ਉਹ ਇਕ ਸ਼ਲਾਘਾਯੋਗ ਕਦਮ ਹੈ, ਉਥੇ ਕੈਨੇਡਾ ਦੀ ਸਿੱਖ ਸੰਗਤ ਵੱਲੋਂ ਨਿਮਰਤਾ ਸਹਿਤ ਅਪੀਲਰੂਪੀ ਬੇਨਤੀ ਹੈ ਕਿ ਉਸ ਮੀਟਿੰਗ ਵਿਚ ਪੰਥ ਵਿਰੋਧੀ ਹਿੰਦੁਸਤਾਨੀ ਸਰਕਾਰੀ ਏਜੰਸੀਆਂ ਦੇ ਢਹੇ ਚੜ੍ਹੇ ਸਿੱਖੀ ਭੇਸ ਵਿਚ ਵਿਚਰ ਰਹੇ ਕੈਨੇਡਾ ਦੇ ਰਹਿਣ ਵਾਲੇ  ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਕੈਲੀਫੋਰਨੀਆ ਦੇ ਥਮਿੰਦਰ ਅਨੰਦ ਅਤੇ ਰਿਪੁਦਮਨ ਮਲਿਕ, ਬਲਵੰਤ ਸਿੰਘ ਪੰਧੇਰ ਦੀਆਂ ਇੱਕੋ ਜਿਹੀਆਂ ਪੰਥ ਵਿਰੋਧੀ ਹਰਕਤਾਂ ਕਰਨ ਨਾਲ ਦੋਵਾਂ ਦੀ ਮਨਸ਼ਾ ਅਤੇ ਸਿੱਖ ਵਿਰੋਧੀ ਸੋਚ ਇਕੋ ਤਰ੍ਹਾਂ ਨਾਲ ਕੰਮ ਕਰਦੀ ਦਿਖਾਈ ਦੇ ਰਹੀ ਹੈ। ਇਹੋ ਜਿਹੇ ਸਿੱਖ ਵਿਰੋਧੀ ਲੋਕਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਵੱਲੋਂ ਛੇਤੀ ਤੋਂ ਛੇਤੀ ਕਾਰਵਾਈ ਕਰਨ ਨਾਲ ਹੀ ਸਿੱਖ ਸੰਗਤਾਂ ਦੇ ਅੱਲ੍ਹੇ ਜ਼ਖ਼ਮਾਂ ਤੇ ਮੱਲ੍ਹਮ ਲਗਾਈ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸਿੱਖ ਸੰਗਤ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਅਤੇ ਗੁਰਮਤਿ ਅਨੁਸਾਰ ਲਏ ਗਏ ਫ਼ੈਸਲਿਆਂ ਅੱਗੇ ਸਿਰ ਝੁਕਾਉਂਦੀ ਹੈ।