ਜਥੇਦਾਰ ਜੀ, ਪੰਜਾਬ ਵਾਸੀਆਂ ਨੇ ਅਕਾਲੀ ਦਲ ਨੂੰ ਨਹੀਂ ਬਾਦਲ ਦਲ ਨੂੰ ਨਕਾਰਿਆ ਹੈ : ਰਮਨਦੀਪ ਸਿੰਘ ਸੋਨੂੰ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ 12 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਅਜ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਜਾਰੀ ਕੀਤੇ ਬਿਆਨ ਕਿ ਸ਼੍ਰੋਮਣੀ ਅਕਾਲੀ ਦਲ ਦਾ ਖ਼ਤਮ ਹੋਣਾ ਦੇਸ਼ ਅਤੇ ਸਿੱਖਾਂ ਲਈ ਬਹੁਤ ਘਾਤਕ ਹੈ, ਇਸ ਤੇ ਆਪਣਾ ਪ੍ਰਤੀਕਰਮ ਕਰਦਿਆਂ ਰਮਨਦੀਪ ਸਿੰਘ ਸੋਨੂੰ ਅਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਆਪ ਜੀ ਦੀ ਜਾਣਕਾਰੀ ਲਈ ਦਸ ਰਹੇ ਹਾਂ ਕਿ ਖ਼ਾਤਮਾ ਅਕਾਲੀ ਦਲ ਦਾ ਨਹੀਂ ਬਾਦਲ ਦਲ ਦਾ ਸਿਆਸੀ ਹੋਇਆ ਹੈ, ਜਿਹੜਾ ਸਿੱਖ ਕੌਮ ਵਾਸਤੇ ਪਹਿਲਾਂ ਹੀ ਬੜਾ ਘਾਤਕ ਸਿੱਧ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਮੁੱਖੀ ਰਮਨਦੀਪ ਸਿੰਘ ਸੋਨੂੰ ਅਤੇ ਪੀ ਆਰ ਓ ਭੁਪਿੰਦਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਬਾਦਲਾਂ ਨੇ ਕੌਮ ਦਾ ਘਾਣ ਕਰਨ ‘ਚ ਕੋਈ ਕਸਰ ਨਹੀਂ ਸੀ ਛੱਡੀ। ਸਿੱਖ ਕੌਮ ਵਿਰੁੱਧ ਹਰ ਓਹ ਕੰਮ ਉਨ੍ਹਾਂ ਨੇ ਕੀਤਾ ਕਿ ਜਨਤਾ ਉਨ੍ਹਾਂ ਕੋਲੋਂ ਆਪ ਮੁਹਾਰੇ ਪਿੱਛੇ ਹਟਣੀ ਸ਼ੁਰੂ ਹੋ ਗਈ ਸੀ ।
ਬਾਦਲਾਂ ਵਲੋਂ ਕੀਤੀ ਗਏ ਪੰਥ ਵਿਰੋਧੀ ਕਾਰਵਾਈ ਦੀ ਕੁਝ ਝਾਤ:
ਸਿੱਖ ਨੌਜਵਾਨੀ ਦਾ ਘਾਣ ਕਰਨ ਵਾਲੇ ਬੁੱਚੜ ਸੁਮੇਧ ਸੈਣੀ ਨੂੰ ਡੀ ਜੀ ਪੀ ਲਾਇਆ, ਆਲਮ ਸੈਨਾ ਬਣਾ ਕੇ ਸਿੱਖ ਨੌਜਵਾਨੀ ਦਾ ਸ਼ਿਕਾਰ ਖੇਡਣ ਵਾਲੇ ਬੁੱਚੜ ਇਜ਼ਹਾਰ ਆਲਮ ਨੂੰ ਅਕਾਲੀ ਦਲ ਬਾਦਲ ਦਾ ਮੀਤ ਪ੍ਰਧਾਨ ਬਣਾਇਆ ਤੇ ਉਸਦੀ ਪਤਨੀ ਫਰਜਾਨਾ ਆਲਮ ਨੂੰ ਟਿਕਟ ਦੇ ਕੇ ਐਮ ਐਲ ਏ ਦੀ ਕੁਰਸੀ ਨਾਲ ਨਿਵਾਜਿਆ, ਨੂਰਮਹਿਲੀਏ ਆਸ਼ੂਤੋਸ਼ ਦਾ ਸ਼ਾਂਤਮਈ ਵਿਰੋਧ ਕਰ ਰਹੇ ਸਿੱਖਾਂ ਉਤੇ ਗੋਲੀ ਚਲਵਾ ਕੇ ਕਈ ਜਣਿਆ ਨੂੰ ਸ਼ਹੀਦ ਕੀਤਾ, ਗੁਰਦਾਸਪੁਰ ‘ਚ ਸਿੱਖ ਨੌਜਵਾਨ ਜਸਪਾਲ ਸਿੰਘ ਚੌੜ ਸਿੱਧਵਾਂ ਨੂੰ ਪੁਲਿਸ ਕੋਲੋਂ ਸ਼ਹੀਦ ਕਰਵਾਇਆ, ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦਾ ਇਨਸਾਫ਼ ਮੰਗ ਰਹੀ ਸੰਗਤ ਉਤੇ ਗੋਲੀ ਚਲਵਾ ਕੇ ਭਾਈ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰਵਾਇਆ । ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਸਿਆਸੀ ਮੁਫ਼ਾਦਾਂ ਖਾਤਿਰ ਸ੍ਰੀ ਅਕਾਲ ਤੱਖਤ ਸਾਹਿਬ ਦੇ ਜੱਥੇਦਾਰ ਦੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਪੰਥ ਵਿਰੋਧੀ ਸੌਦਾ ਸਾਧ ਨੂੰ ਸ੍ਰੀ ਅਕਾਲ ਤੱਖਤ ਤੋਂ ਮੁਆਫ਼ੀ ਦਿਵਾਈ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਇਹ ਕੁਝ ਕੁ ਪ੍ਰਾਪਤੀਆਂ ਦੱਸੀਆਂ ਹਨ, ਤੇ ਇਨ੍ਹਾਂ ਵਲੋਂ ਕੀਤੇ ਗਏ ਵਿਸਾਹਘਾਤ ਦੀ ਲਿਸਟ ਤਾਂ ਬਹੁਤ ਲੰਮੀ ਹੈ । ਉਨ੍ਹਾਂ ਕਿਹਾ ਕਿ ਇਹ ਦੇਖਦਿਆਂ ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ ਕਿ ਅਕਾਲੀ ਦਲ ਖ਼ਤਮ ਹੋ ਗਿਆ ਹੈ ਜਦਕਿ ਅਕਾਲੀ ਦਲ ਦੀ ਨਹੀਂ ਬਾਦਲਾਂ ਨੂੰ ਸਿਆਸੀ ਤੋਰ ਤੇ ਖ਼ਤਮ ਕਰਦਿਆਂ ਪੰਜਾਬ ਦੀ ਆਵਾਮ ਵਲੋਂ ਉਨ੍ਹਾਂ ਨੂੰ ਨਕਾਰਿਆ ਗਿਆ ਹੈ । ਅੰਤ ਵਿਚ ਉਨ੍ਹਾਂ ਕਿਹਾ ਅਕਾਲੀ ਦਲ ਸਿੱਖ ਪੰਥ ਦੀ ਸ਼ਾਨ ਸੀ, ਹੈ, ਤੇ ਰਹੇਗੀ ।
Comments (0)