ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੇ ਹਟਾਏ ਗਏ ਬੁੱਤ ਅਤੇ ਹੋਰ ਸਿੱਖ ਮਸਲਿਆਂ ’ਤੇ ਹਾਈ ਕਮਿਸ਼ਨ ਨੂੰ ਮਿਲਿਆ ਦਿੱਲੀ ਕਮੇਟੀ ਦਾ ਵਫ਼ਦ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): - ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਕਮੇਟੀ ਦੇ ਵਫਦ ਨੇ ਪਾਕਿਸਤਾਨ ਹਾਈ ਕਮਿਸ਼ਨ ਜਨਾਬ ਅਫਤਾਬ ਹਸਨ ਖਾਨ ਨਾਲ ਮੁਲਾਕਾਤ ਕੀਤੀ ਅਤੇ ਸਿੱਖ ਮਸਲੇ ਚੁੱਕੇ।ਕਾਲਕਾ ਨੇ ਇਹ ਦੱਸਿਆ ਕਿ ਦੁਨੀਆ ਭਰ ਦੇ ਸਿੱਖਾਂ ਦੇ ਵਿਚ ਰੋਸ ਹੈ ਕਿ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਜੀ ਦਾ ਬੁੱਤ ਬੀਤੇ ਦਿਨੀਂ ਪਾਕਿਸਤਾਨ ਦੀ ਲੋਕਲ ਪ੍ਰਸ਼ਾਸਨ ਵਲੋਂ ਹਟਾ ਦਿੱਤਾ ਗਿਆ ਹੈ ਜੋ ਕਿ ਬੜੀ ਮੰਦਭਾਗੀ ਘਟਨਾ ਹੈ ਅਤੇ ਵਫਦ ਨੇ ਮੰਗ ਕੀਤੀ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਹਰੀ ਸਿੰਘ ਨਲਵੇ ਦਾ ਬੁੱਤ ਉਸੀ ਥਾਂ ’ਤੇ ਸਥਾਪਿਤ ਕੀਤਾ ਜਾਵੇ ਅਤੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਦਾ ਵੀ ਸਨਮਾਨ ਕੀਤਾ ਜਾਵੇ ਅਤੇ ਅੱਗੇ ਲਈ ਸਿੱਖ ਵਿਰਾਸਤਾਂ ਜੋ ਕਿ ਪਾਕਿਸਤਾਨ ਵਿਚ ਹਨ ਉਨ੍ਹਾਂ ਦੀ ਹਿਫ਼ਾਜ਼ਤ ਕੀਤੀ ਜਾਵੇ।
ਕਮੇਟੀ ਪ੍ਰਧਾਨ ਹਰਮੀਤ ਕਾਹਲੋਂ ਨੇ ਦੱਸਿਆ ਕਿ ਅਸੀ ਇਹ ਵੀ ਮੰਗ ਕੀਤੀ ਹੈ ਕਿ ਜਰਨੈਲ ਹਰੀ ਸਿੰਘ ਨਲਵਾ ਜੀ ਦੀ ਪੁਰਾਤਨ ਹਵੇਲੀ ਜੋ ਕਿ ਪਾਕਿਸਤਾਨ ਵਿਚ ਹੈ ਉਸਦੀ ਵੀ ਹਾਲਤ ਬਹੁਤ ਮਾੜੀ ਹੈ ਉਸ ਦੀ ਤੁਰੰਤ ਮੁਰੱਮਤ ਕਰਵਾਈ ਜਾਵੇ ਅਤੇ ਸਿੱਖ ਕੌਮ ਦੀ ਇਸ ਵਿਰਾਸਤ ਨੂੰ ਸੰਭਾਲਿਆ ਜਾਵੇ।ਕਾਲਕਾ ਅਤੇ ਕਾਹਲੋਂ ਨੇ ਦੱਸਿਆ ਕਿ ਅਸੀਂ ਪਾਕਿਸਤਾਨ ਹਾਈ ਕਮਿਸ਼ਨ ਨੂੰ ਇਕ ਹੋਰ ਮੰਗ ਪੱਤਰ ਸੋਪਿਆ ਹੈ ਜਿਸ ਵਿਚ ਅਸੀਂ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਕਰਤਾਰਪੁਰ ਲਾਂਘੇ ਦੀ 20 ਡਾਲਰ ਦੀ ਫੀਸ ਨੂੰ ਘਟਾ ਕੇ 10 ਡਾਲਰ ਕਰਨ ਤਾਂਕਿ ਦੇਸ਼ ਦੇ ਦੂਰ ਦੁਰਾਡੇ ਥਾਵਾਂ ਤੋਂ ਗਰੀਬ ਪਰਿਵਾਰ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਸਕਣ।ਪਾਕਿਸਤਾਨ ਹਾਈ ਕਮਿਸ਼ਨ ਨੇ ਦਿੱਲੀ ਕਮੇਟੀ ਦੇ ਵਫਦ ਨੂੰ ਵਿਸ਼ਵਾਸ ਦੁਆਇਆ ਕਿ ਉਹ ਇਹ ਸਾਰੇ ਮਸਲੇ ਪਾਕਿਸਤਾਨ ਸਰਕਾਰ ਦੇ ਧਿਆਨ ਵਿਚ ਲਿਆਉਣ ਅਤੇ ਯੋਗ ਕਾਰਵਾਈ ਕਰਵਾਉਣਗੇ। ਦਿੱਲੀ ਕਮੇਟੀ ਦੇ ਇਸ ਵਫਦ ਵਿਚ ਹਰਵਿੰਦਰ ਸਿੰਘ ਕੇ.ਪੀ., ਜਸਮੇਨ ਸਿੰਘ ਨੋਨੀ, ਭੁਪਿੰਦਰ ਸਿੰਘ ਭੁੱਲਰ, ਵਿਕਰਮ ਸਿੰਘ ਰੋਹਿਨੀ, ਹਰਜੀਤ ਸਿੰਘ ਪੱਪਾ, ਸਰਵਜੀਤ ਸਿੰਘ ਵਿਰਕ, ਅਮਰਜੀਤ ਸਿੰਘ ਪਿੰਕੀ, ਗੁਰਦੇਵ ਸਿੰਘ, ਪਰਵਿੰਦਰ ਸਿੰਘ ਲੱਕੀ, ਗੁਰਪੀ੍ਰਤ ਸਿੰਘ ਜੱਸਾ, ਰਮਨਜੋਤ ਸਿੰਘ ਮੀਤਾ, ਭੁਪਿੰਦਰ ਸਿੰਘ ਗਿੰਨੀ, ਸੁਖਬੀਰ ਸਿੰਘ ਕਾਲੜਾ, ਸੁਰਜੀਤ ਸਿੰਘ ਜਿੱਤੀ ਅਤੇ ਪਰਮਜੀਤ ਸਿੰਘ ਚੰਢੋਕ (ਚੀਫ਼ ਅਡਵਾਇਜ਼ਰ, ਦਿੱਲੀ ਕਮੇਟੀ) ਸ਼ਾਮਿਲ ਸਨ।
Comments (0)