ਭਾਰਤ ਦੀਆਂ ਚੋਣਾਂ ਦੇ ਰੌਲੇ ਵਿੱਚ ਸੰਜੀਦਾ ਮਸਲੇ ਗੁਆਚੇ

ਭਾਰਤ ਦੀਆਂ ਚੋਣਾਂ ਦੇ ਰੌਲੇ ਵਿੱਚ ਸੰਜੀਦਾ ਮਸਲੇ ਗੁਆਚੇ

ਇਨ੍ਹੀਂ ਦਿਨੀਂ ਭਾਰਤ ਅੰਦਰ ਲੋਕ ਸਭਾ ਚੋਣਾਂ ਦਾ ਰੌਲਾ-ਗੌਲਾ ਹੈ। ਕਈ ਗੇੜ ਦੀਆਂ ਵੋਟਾਂ ਪੈ ਚੁੱਕੀਆਂ ਹਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਚੋਣ ਰੌਲੇ-ਗੌਲੇ ਦੌਰਾਨ ਹਾਲੇ ਤਕ ਕਿਤੇ ਵੀ ਆਮ ਲੋਕਾਂ ਦੀ ਗੱਲ ਨਹੀਂ ਹੋਈ। ਸ਼ਾਇਦ ਇਸੇ ਕਾਰਨ ਮਤਦਾਨ ਫ਼ੀਸਦ ਵੀ ਉਮੀਦ ਨਾਲੋਂ ਕਿਤੇ ਘੱਟ ਰਿਹਾ ਹੈ। ਮੋਟੇ ਕਾਰਨਾਂ 'ਚੋਂ ਇਹ ਵੀ ਇਕ ਕਾਰਨ ਹੋ ਸਕਦਾ ਹੈ ਕਿ ਲੋਕ ਸਿਆਸੀ ਪਾਰਟੀਆਂ ਤੋਂ ਖ਼ਫ਼ਾ ਹੋਣ। ਲੋਕ ਅੱਜ ਵੀ ਰੋਜ਼ੀ-ਰੋਟੀ ਲਈ ਤਰਸ ਰਹੇ ਹਨ, ਪਹਿਨਣ ਨੂੰ ਕੱਪੜਾ ਨਹੀਂ, ਖਾਣ ਨੂੰ ਦਾਣੇ ਨਹੀਂ ਹਨ। ਰਹਿਣ ਲਈ ਘਰ ਨਹੀਂ ਹੈ। ਲੋਕਾਂ ਨੂੰ ਫੁੱਟਪਾਥਾਂ 'ਤੇ ਸੌਣਾ ਪੈ ਰਿਹਾ ਹੈ। ਫਿਰ ਅਮੀਰ ਲੋਕਾਂ ਦੀਆਂ ਸੁੱਤੇ ਪਏ ਲੋਕਾਂ 'ਤੇ ਗੱਡੀਆਂ ਚੜ੍ਹ ਜਾਂਦੀਆਂ ਹਨ। ਸਰਕਾਰਾਂ ਕਹਿੰਦੀਆਂ ਹਨ ਕਿ ਲੋਕਾਂ ਨੂੰ ਫੁੱਟਪਾਥਾਂ 'ਤੇ ਨਹੀਂ ਸੌਣਾ ਚਾਹੀਦਾ।

ਲੋਕਤੰਤਰ ਦੇ ਇਸ ਮਹਾ-ਉਤਸਵ ਦੌਰਾਨ ਸਰਕਾਰ ਅਤੇ ਵਿਰੋਧੀ ਧਿਰ ਇਕ-ਦੂਜੇ ਨੂੰ ਨੀਵਾਂ ਦਿਖਾਉਣ ਲਈ ਹੀ ਸਿਆਸਤ ਕਰ ਰਹੀ ਹੈ। ਭਾਰਤ ਅੰਦਰ ਜਿਵੇਂ ਸਿਰਫ਼ ਇਕ ਹੀ ਮੁੱਦਾ ਹੈ, ਉਹ ਹੈ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਵੇ ਜਾਂ ਕਾਂਗਰਸ ਦਾ ਪ੍ਰਧਾਨ ਰਾਹੁਲ ਗਾਂਧੀ। ਇਸ ਤੋਂ ਇਲਾਵਾ ਕੋਈ ਮੁੱਦਾ ਨਹੀਂ ਹੈ। ਲੋਕਾਂ ਕੋਲ ਪੀਣ ਲਈ ਪਾਣੀ ਵੀ ਨਹੀਂ ਹੈ। ਦਰਿਆ, ਨਦੀਆਂ-ਨਾਲੇ ਸੁੱਕ ਰਹੇ ਹਨ। ਭਾਰਤ ਅੰਦਰ ਲੋਕ ਪਹਿਲਾਂ ਮੂੰਹ-ਹੱਥ ਧੋ ਲੈਂਦੇ ਹਨ ਅਤੇ ਫਿਰ ਉਸੇ ਪਾਣੀ ਨਾਲ ਰਸੋਈ ਦਾ ਕੰਮ ਕਰਦੇ ਹਨ ਅਤੇ ਬਾਕੀ ਬਚੇ ਪਾਣੀ ਨਾਲ ਆਪਣੇ ਕੱਪੜੇ ਧੋ ਲੈਂਦੇ ਹਨ। ਭਾਰਤ ਦੇ ਕਈ ਖਿੱਤਿਆਂ 'ਚ ਲੋਕ ਕਈ-ਕਈ ਦਿਨ ਇਸ ਲਈ ਇਸ਼ਨਾਨ ਨਹੀਂ ਕਰਦੇ ਕਿਉਂਕਿ ਉਨ੍ਹਾਂ ਕੋਲ ਪਾਣੀ ਨਹੀਂ ਹੈ। ਗੁਜਰਾਤ ਦੇ ਇਕ ਕਸਬੇ ਛੋਟਾ ਉਦੇਪੁਰ ਦੇ ਪਿੰਡ ਜੰਬੂਘੋੜਾ ਦੀ ਕਹਾਣੀ ਸੁਣਨ ਨੂੰ ਮਿਲੀ ਹੈ।

ਪਿੰਡ 'ਚ ਇਕ ਕੁੜੀ ਦਾ ਵਿਆਹ ਸੀ। ਮਹਿੰਦੀ ਦੀ ਰਸਮ ਸੀ। ਰਸਮ ਸ਼ੁਰੂ ਹੋਈ ਤਾਂ ਪਤਾ ਲੱਗਾ ਕਿ ਘਰ 'ਚ ਤਾਂ ਪਾਣੀ ਖ਼ਤਮ ਹੋ ਗਿਆ ਹੈ। ਕੁੜੀ ਨੂੰ ਖ਼ੁਦ ਪਾਣੀ ਲੈਣ ਲਈ ਘਰੋਂ ਬਾਹਰ ਜਾਣਾ ਪਿਆ। ਕੁੜੀ ਨੂੰ ਬਾਹਰ ਜਾਂਦੇ ਹੋਏ ਦੇਖ ਕੇ ਵਿਆਹ 'ਚ ਆਏ ਰਿਸ਼ਤੇਦਾਰ ਵੀ ਨਾਲ ਤੁਰ ਪਏ। ਹੌਲੀ-ਹੌਲੀ ਕੁੜੀ ਨਾਲ ਪਿੰਡ ਦੀਆਂ 50 ਹੋਰ ਔਰਤਾਂ ਆ ਗਈਆਂ ਅਤੇ ਫਿਰ ਪਿੰਡ 'ਚ ਹੋਕਾ ਦੇ ਕੇ ਪਾਣੀ ਇਕੱਠਾ ਕੀਤਾ ਗਿਆ। ਇਸ ਪਿੰਡ 'ਚ ਕਾਫੀ ਸਮੇਂ ਤੋਂ ਪਾਣੀ ਨਹੀਂ ਸੀ। ਪਿੰਡ 'ਚ ਲਗਪਗ 500 ਲੋਕ ਰਹਿੰਦੇ ਹਨ। ਫਿਰ ਵੀ ਪਾਣੀ ਨੂੰ ਤਰਸਦੇ ਹਨ। ਪੰਜ ਦਰਿਆਵਾਂ ਦੇ ਨਾਮ 'ਤੇ ਹੋਂਦ ਵਿਚ ਆਏ ਸੂਬੇ ਪੰਜਾਬ ਦੇ ਲੋਕ ਵੀ ਪੀਣ ਵਾਲੇ ਸ਼ੁੱਧ ਪਾਣੀ ਨੂੰ ਤਰਸਦੇ ਹਨ। ਪੰਜਾਬ ਵਿਚ ਕਿਤੇ ਸੋਕਾ ਤੇ ਕਿਤੇ ਡੋਬਾ ਹੈ। ਧਾਨ ਜਾਂ ਜ਼ੀਰੀ ਵਰਗੀਆਂ ਫ਼ਸਲਾਂ ਬੀਜਣ ਨਾਲ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਪੰਜਾਬ ਦੇ ਕਈ ਬਲਾਕ ਤਾਂ 'ਡਾਰਕ ਜ਼ੋਨ' ਐਲਾਨੇ ਗਏ ਹਨ। ਜ਼ਹਿਰਾਂ ਦੇ ਬੇਤਹਾਸ਼ਾ ਛਿੜਕਾਅ ਨਾਲ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਗਿਆ ਹੈ ਜਿਸ ਕਾਰਨ ਕੈਂਸਰ ਦਾ ਪ੍ਰਕੋਪ ਵਧਿਆ ਹੈ।

ਇਹ ਹਨ ਭਾਰਤੀ ਰਾਜ ਪ੍ਰਣਾਲੀ ਅਧੀਨ ਜੀਅ ਰਹੇ ਖਿੱਤਿਆਂ ਦੇ ਹਾਲਾਤ। ਦੂਜੇ ਪਾਸੇ ਅਸੀਂ ਕੇਂਦਰ 'ਚ ਸਰਕਾਰ ਬਣਾਉਣ ਲਈ ਗੁਆਂਢੀ ਮੁਲਕ ਨਾਲ ਲੜਨ ਦੀਆਂ ਗੱਲਾਂ ਕਰ ਰਹੇ ਹਾਂ ਜੋ ਪਹਿਲਾਂ ਹੀ ਬਾਰੂਦ ਦੇ ਅੰਬਾਰ 'ਤੇ ਖੜ੍ਹਾ ਹੈ। ਕਿਸਾਨ ਭਾਰਤ ਅੰਦਰ ਆਤਮ-ਹੱਤਿਆਵਾਂ ਕਰ ਰਹੇ ਹਨ। ਭਾਰਤ ਦਾ ਕੋਈ ਖੂੰਜਾ ਅਜਿਹਾ ਨਹੀਂ ਹੋਣਾ ਜਿੱਥੋਂ ਦਾ ਕਿਸਾਨ ਖ਼ੁਸ਼ ਅਤੇ ਖ਼ੁਸ਼ਹਾਲ ਹੋਵੇ। ਕਿਸਾਨਾਂ ਦੇ ਸੰਘਰਸ਼ ਨੂੰ ਦਬਾ ਦਿੱਤਾ ਜਾਂਦਾ ਹੈ। ਭਾਰਤ ਦੀ ਪਾਰਲੀਮੈਂਟ ਵੀ ਕਿਸਾਨਾਂ ਦੇ ਮਸਲੇ 'ਚ ਚੁੱਪ ਕਰ ਜਾਂਦੀ ਹੈ। ਸਰਕਾਰਾਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਤੋਂ ਹੱਥ ਖੜ੍ਹੇ ਕਰ ਚੁੱਕੀਆਂ ਹਨ। ਚੋਣਾਂ ਦੇ ਇਸ ਮਹਾ-ਸੰਗਰਾਮ 'ਚ ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਪਹਿਲਾਂ ਲੋਕ 15 ਲੱਖ ਰੁਪਏ ਨੂੰ ਉਡੀਕਦੇ ਰਹੇ ਅਤੇ ਫਿਰ ਸਰਕਾਰ ਇਹ ਕਹਿ ਕੇ ਖਹਿੜਾ ਛੁਡਵਾਉਣਾ ਪਿਆ ਕਿ ਉਹ ਤਾਂ ਚੋਣਾਂ ਵੇਲੇ ਇਕ ਜੁਮਲਾ ਸੀ। ਹੁਣ ਭਾਰਤ ਦੇ ਹਰ ਨਾਗਰਿਕ ਨੂੰ ਘੱਟੋ-ਘੱਟ ਮਿਹਨਤਾਨਾ ਦੇਣ ਦਾ ਦਾਅਵਾ ਕੀਤਾ ਗਿਆ ਹੈ। ਭਾਰਤ ਅੰਦਰ ਜਿੱਥੇ ਕਿਸਾਨਾਂ ਦਾ ਬੁਰਾ ਹਾਲ ਹੈ, ਉੱਥੇ ਹੀ ਜਵਾਨੀ ਵੀ ਬਹੁਤੀ ਖ਼ੁਸ਼ ਨਹੀਂ ਹੈ।

ਇੱਥੇ ਕੋਈ ਨਹੀਂ ਰਹਿਣਾ ਚਾਹੁੰਦਾ। ਭਾਰਤ ਅੰਦਰ ਕੋਈ ਵੀ ਅਤੇ ਕਿਸੀ ਵੀ ਪਾਰਟੀ ਦੀ ਸਰਕਾਰ ਬਣੇ ਅਤੇ ਕੋਈ ਵੀ ਪ੍ਰਧਾਨ ਮੰਤਰੀ ਬਣੇ, ਇਸ ਤੋਂ ਆਮ ਲੋਕਾਂ ਨੇ ਕੀ ਲੈਣਾ? ਭਾਰਤ ਦੀ ਜਨਤਾ ਦਾ ਇਸ ਨਾਲ ਕੋਈ ਸਰੋਕਾਰ ਨਹੀਂ। ਆਮ ਲੋਕਾਂ ਦਾ ਸਰੋਕਾਰ ਤਾਂ ਅੱਜ ਵੀ ਕੁੱਲੀ, ਗੁੱਲੀ ਅਤੇ ਜੁੱਲੀ ਨਾਲ ਜੁੜਿਆ ਹੋਇਆ ਹੈ। ਅੱਜ ਹਾਲਾਤ ਇਹ ਹਨ ਕਿ ਲੋਕਾਂ ਵਿਚ ਵਿਦੇਸ਼ ਜਾਣ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ। 12 ਜਮਾਤਾਂ ਪਾਸ ਕਰ ਕੇ ਹੀ ਪੰਜਾਬ ਦੇ ਧੀਆਂ-ਪੁੱਤਰ ਵਿਦੇਸ਼ਾਂ 'ਚ ਜਾ ਰਹੇ ਹਨ। ਘਰ ਕੀ, ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵੀ ਖ਼ਾਲੀ ਹੋ ਗਈਆਂ ਹਨ।

ਜਿਹੜੇ ਬੱਚੇ ਵਿਦੇਸ਼ਾਂ 'ਚ ਪੱਕੇ ਹੋ ਗਏ ਹਨ, ਮਤਲਬ ਉਨ੍ਹਾਂ ਦਾ ਆਪਣੇ ਪਰਿਵਾਰ, ਆਪਣੇ ਪੰਜਾਬ ਨਾਲੋਂ ਜਿਸਮਾਨੀ ਨਾਤਾ ਟੁੱਟ ਗਿਆ ਹੈ, ਬਸ ਰੂਹ ਦਾ ਰਿਸ਼ਤਾ ਹੀ ਰਹਿ ਜਾਵੇਗਾ। ਰੂਹਾਂ ਦਾ ਕੀ, ਉਹ ਤਾਂ ਭਟਕਦੀਆਂ ਹੀ ਰਹਿੰਦੀਆਂ ਹਨ। ਪੰਜ ਦਰਿਆਵਾਂ ਦੀ ਧਰਤੀ ਸੁੱਕਣ ਦੇ ਕੰਢੇ ਹੈ। ਪੰਜਾਬ ਵੀ ਰੇਗਿਸਤਾਨ ਦੀਆਂ ਰਾਹਾਂ 'ਤੇ ਤੁਰ ਚੁੱਕਾ ਹੈ। ਕਿਸਾਨੀ ਤੇ ਕਿਰਸਾਨ ਤਰਸ ਦੇ ਪਾਤਰ ਬਣ ਗਏ ਹਨ। ਪਾਣੀ ਮੁੱਕ ਰਹੇ ਹਨ ਅਤੇ ਇਸ ਸਭ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ। ਲੋਕਾਂ ਨੂੰ ਜਾਗਣ ਦੀ ਲੋੜ ਹੈ। ਆਖ਼ਰ ਪੰਜ ਸਾਲ ਦੇ ਭਵਿੱਖ ਦਾ ਮਸਲਾ ਹੈ। ਅਸੀਂ ਜਾਗ ਗਏ ਤਾਂ ਨੇਤਾ ਵੀ ਜਾਗ ਜਾਣਗੇ। ਫਿਰ ਦੇਸ਼ ਅੰਦਰ ਇਕ ਨਵੀਂ ਸਵੇਰ ਹੋਵੇਗੀ। ਉਹ ਸਵੇਰ ਜਿਸ ਦੇ ਸੁਪਨੇ ਸਾਡੇ ਸ਼ਹੀਦਾਂ ਨੇ ਆਪਣਾ ਖ਼ੂਨ ਦੇ ਕੇ ਲਏ ਸਨ।

ਜਗਤਾਰ ਭੁੱਲਰ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ