ਬੰਦੀ ਸਿੰਘਾਂ ਦੀ ਰਿਹਾਈ 'ਚ ਰੁਕਾਵਟਾਂ ਨੂੰ ਲੈਕੇ ਸਿੱਖਾਂ ਨੇ ਕੌਮੀ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਕੀਤੀ ਮੁਲਾਕਾਤ

ਬੰਦੀ ਸਿੰਘਾਂ ਦੀ ਰਿਹਾਈ 'ਚ ਰੁਕਾਵਟਾਂ ਨੂੰ ਲੈਕੇ ਸਿੱਖਾਂ ਨੇ ਕੌਮੀ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 26 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਅਤੇ ਯੁਨਾਇਟੇਡ ਅਕਾਲੀ ਦਲ ਦੇ ਸਾਂਝੇ ਵਫਦ ਨੇ ਅੱਜ ਕੌਮੀ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਬੰਦੀ ਸਿੰਘਾਂ ਸਣੇ ਕਈ ਪੰਥਕ ਮਸਲਿਆਂ ਉਤੇ ਮੁਲਾਕਾਤ ਕੀਤੀ। ਲਗਭਗ 1 ਘੰਟੇ ਤੱਕ ਚੱਲੀ ਮੀਟਿੰਗ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਵਿਚ ਸਰਕਾਰੀ ਅੜਚਨਾਂ ਬਾਰੇ ਖੁੱਲ੍ਹ ਕੇ ਗੱਲਬਾਤ ਹੋਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਕਾਰਜਕਾਰੀ ਪ੍ਰਧਾਨ ਗੁਰਦੀਪ ਸਿੰਘ ਮਿੰਟੂ ਅਤੇ ਯੁਨਾਇਟੇਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਇਸ ਮੌਕੇ ਦੋਵੇਂ ਜਥੇਬੰਦੀਆਂ ਵੱਲੋਂ ਲਾਲਪੁਰਾ ਨੂੰ ਵੱਖੋ-ਵੱਖ 2 ਮੰਗ ਪੱਤਰ ਸੌਂਪੇ ਗਏ ਹਨ। ਜਿਸ ਵਿਚ ਮੁੱਖ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਵਿਚ ਕਾਨੂੰਨੀ ਅਤੇ ਸਰਕਾਰੀ ਰੁਕਾਵਟਾਂ ਬਾਰੇ ਸੀ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ  ਦੇ ਆਰੋਪੀਆਂ ਉਪਰ ਯੂ.ਏ.ਪੀ.ਏ ਕਾਨੂੰਨ ਲਗਾਉਣ ਅਤੇ ਜਲਦੀ ਮੁਕੱਦਮੇ ਦੇ ਫੈਸਲੇ ਲਈ ਸਪੈਸਲ ਅਦਾਲਤਾਂ ਬਣਾਉਣ ਸੰਬੰਧੀ ਸੂਬਾ ਸਰਕਾਰਾਂ ਨੂੰ ਆਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ। ਭਾਈ ਜਗਤਾਰ ਸਿੰਘ ਹਵਾਰਾ ਉੱਪਰ ਦਿੱਲੀ ਵਿੱਚ ਕੋਈ ਕੇਸ ਨਹੀਂ ਹੈ। ਫਿਰ ਵੀ ਸਰਕਾਰ ਨੇ ਉਨ੍ਹਾਂ ਨੂੰ ਤਿਹਾੜ ਜੇਲ ਵਿੱਚ ਗੈਰ ਕਾਨੂੰਨੀ ਰੱਖਿਆਂ ਹੋਇਆ ਹੈ। ਇਸ ਲਈ ਉਨ੍ਹਾਂ ਨੂੰ ਤੁਰੰਤ ਪੰਜਾਬ ਜੇਲ੍ਹ ਵਿਚ ਭੇਜ ਕੇ ਪੈਰੋਲ ਦੇਣ ਦੀ ਮੰਗ ਕੀਤੀ ਗਈ ਹੈ।

ਵਫਦ ਆਗੂਆਂ ਨੇ ਪਿਛਲੇ 7 ਸਾਲ ਤੋਂ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਵਿਚ ਪੰਜਾਬ ਪੁਲਿਸ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਨਜ਼ਰਬੰਦ ਕਰਕੇ ਰੱਖੇ ਗਏ ਬਾਪੂ ਸੂਰਤ ਸਿੰਘ ਖਾਲਸਾ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਜਦਕਿ ਬਾਪੂ ਸੂਰਤ ਸਿੰਘ ਖਾਲਸਾ ਦਾ ਦੋਸ਼ ਇਨ੍ਹਾਂ ਹੈ ਕਿ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ 16 ਜਨਵਰੀ 2015 ਤੋਂ ਭੁੱਖ ਹੜਤਾਲ ਕੀਤੀ ਹੋਈ ਹੈ। ਵਫਦ ਨੇ ਦਿੱਲੀ ਸਰਕਾਰ ਦੇ "ਸਜ਼ਾ ਸਮੀਖਿਆ ਬੋਰਡ" ਦੀ ਪਿਛਲੇ 7 ਮਹੀਨਿਆਂ ਤੌਂ ਮੀਟਿੰਗ ਨਹੀਂ ਹੋਣ ਵੱਲ ਇਕਬਾਲ ਸਿੰਘ ਲਾਲਪੁਰਾ ਦਾ ਧਿਆਨ ਦਿਵਾਇਆ। ਜਦਕਿ ਬੋਰਡ ਦੇ ਵਿਧਾਨ ਅਨੁਸਾਰ ਹਰ 3 ਮਹੀਨਿਆਂ ਬਾਅਦ ਮੀਟਿੰਗ ਹੋਣੀ ਲਾਜ਼ਮੀ ਹੈ। ਮਾਰਚ 2022 ਵਿਖੇ ਹੋਈ ਪਿਛਲੀ ਮੀਟਿੰਗ ਦੌਰਾਨ ਬੋਰਡ ਨੇ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੇ ਰਿਹਾਈ ਮਤੇ ਨੂੰ ਟਾਲ ਦਿੱਤਾ ਸੀ। ਉਸਦੇ ਬਾਅਦ ਤੋਂ ਦਿੱਲੀ ਦੇ ਜੇਲ੍ਹ ਮੰਤਰੀ ਅਤੇ ਇਸ ਬੋਰਡ ਦੇ ਚੇਅਰਮੈਨ ਸਤਿੰਦਰ ਜੈਨ ਖੁਦ ਤਿਹਾੜ ਜੇਲ੍ਹ ਵਿਚ ਬੰਦ ਹਨ। ਵਫਦ ਆਗੂਆਂ ਦੀ ਸਾਰਿਆਂ ਗੱਲਾਂ ਨੂੰ ਧਿਆਨ ਨਾਲ ਸੁਣਨ ਉਪਰੰਤ ਇਕਬਾਲ ਸਿੰਘ ਲਾਲਪੁਰਾ ਨੇ ਇਨ੍ਹਾਂ ਸਾਰੇ ਮਾਮਲਿਆਂ ਦੇ ਹੱਲ ਕੱਢਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਮਿਸ਼ਨ ਇਸ ਬਾਰੇ ਛੇਤੀ ਹੀ ਸੰਬੰਧਿਤ ਸਰਕਾਰਾਂ ਨੂੰ ਨੋਟਿਸ ਜਾਰੀ ਕਰੇਗਾ। ਇਸ ਮੌਕੇ ਰਿਹਾਈ ਮੋਰਚੇ ਦੇ ਕਨਵੀਨਰ ਅਵਤਾਰ ਸਿੰਘ ਕਾਲਕਾ, ਬੁਲਾਰਾ ਡਾਕਟਰ ਪਰਮਿੰਦਰ ਪਾਲ ਸਿੰਘ, ਜੁਆਇੰਟ ਸਕੱਤਰ ਜਗਜੀਤ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਿੱਲੀ ਦੇ ਪ੍ਰਧਾਨ ਅਵਤਾਰ ਸਿੰਘ ਮਾਕਨ, ਯੁਨਾਇਟੇਡ ਅਕਾਲੀ ਦਲ ਦੇ ਬਹਾਦਰ ਸਿੰਘ, ਜਸਵਿੰਦਰ ਸਿੰਘ ਸ਼ੈਲੀ, ਜਸਵਿੰਦਰ ਸਿੰਘ, ਰਛਪਾਲ ਸਿੰਘ ਅਤੇ ਗੁਰਨਾਮ ਸਿੰਘ ਸਿੱਧੂ ਮੌਜੂਦ ਸਨ।