ਅਖੌਤੀ ਪਾਸਟਰਾਂ ਵਲੋਂ ਪਾਖੰਡਵਾਦ ਫੈਲਾ ਕੇ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਧਰਮ ਪਰਿਵਰਤਨ

ਅਖੌਤੀ ਪਾਸਟਰਾਂ ਵਲੋਂ  ਪਾਖੰਡਵਾਦ ਫੈਲਾ ਕੇ  ਸਿੱਖਾਂ ਨੂੰ ਕਰਵਾਇਆ ਜਾ ਰਿਹਾ ਧਰਮ ਪਰਿਵਰਤਨ

  ਅਕਾਲ ਤਖਤ ਦੇ ਜਥੇਦਾਰ ਨੇ ਪੰਥ ਨੂੰ ਦਿਤਾ  ਬੰਦੀ ਛੋੜ ਦਿਵਸ  ਉਪਰ ਹੋਕਾ

  *ਦਰਬਾਰ ਸਾਹਿਬ ਵਿਖੇ ਬੰਦੀ ਛੋੜ ਦਿਵਸ  ਸ਼ਰਧਾ ਨਾਲ ਮਨਾਇਆ ,ਸੰਗਤਾਂ ਵਹੀਰਾਂ ਘੱਤਕੇ ਪਹੁੰਚੀਆਂ   

* ਪੰਥਕ ਜਥੇਬੰਦੀਆਂ ਤੇ ਆਗੂ ਆਪਣੀ ਹਊਮੈ ਦੀ ਬੰਦੀ ਤੋਂ ਆਜ਼ਾਦ ਹੋਣ ਵਾਸਤੇ ਸਿਧਾਂਤਾਂ ਦਾ ਪੱਲਾ ਫੜਨ-ਭਾਈ ਮੰਡ     

ਅੰਮ੍ਰਿਤਸਰ ਟਾਈਮਜ਼                                

ਅੰਮਿ੍ਤਸਰ-ਬੰਦੀ ਛੋੜ ਦਿਵਸ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਥਾਹ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ ।ਲੱਖਾਂ ਸ਼ਰਧਾਲੂਆਂ ਵਲੋਂ ਪਾਵਨ ਸਰੋਵਰ ਵਿਚ ਇਸ਼ਨਾਨ ਕੀਤਾ ਗਿਆ। ਇਸ ਉਪ੍ਰੰਤ ਆਤਿਸ਼ਬਾਜੀ ਵੀ ਛਡੀ ਗਈ।ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਗੁਰਮਤਿ ਸਮਾਗਮਾਂ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਜਥਿਆਂ, ਪ੍ਰਚਾਰਕਾਂ ਨੇ ਗੁਰਬਾਣੀ ਕੀਰਤਨ, ਸਿੱਖ ਇਤਿਹਾਸ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ।

ਇਸੇ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ ਗਿਆ ਕਿ ਸਿੱਖ ਨੌਜਵਾਨਾਂ 'ਵਿਚ ਵਧ ਰਿਹਾ ਪਤਿਤਪੁਣਾ, ਨਸ਼ੇ, ਭਾਰਤ ਅੰਦਰ ਘੱਟ ਰਹੀ ਸਿੱਖ ਅਬਾਦੀ ਅਤੇ ਸਿੱਖ ਨੌਜਵਾਨਾਂ 'ਵਿਚ ਪ੍ਰਵਾਸ ਦਾ ਰੁਝਾਨ ਭਵਿੱਖ ਲਈ ਸੰਕਟ ਦਾ ਸੰਕੇਤ ਹੈ, ਜਿਸ ਤੋਂ ਸੰਭਲਣ ਲਈ ਕੌਮ ਨੂੰ ਸੁਚੇਤ ਹੋਣਾ ਪਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਅਖੌਤੀ ਨਕਲੀ ਪਾਸਟਰਾਂ ਵਲੋਂ ਇਸਾਈਅਤ ਦੀ ਆੜ ਵਿਚ ਪਾਖੰਡਵਾਦ ਫੈਲਾ ਕੇ ਭੋਲੇ ਭਾਲੇ ਸਿੱਖਾਂ ਦਾ ਸਰੀਰਿਕ, ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਅਤੇ ਇਸ ਮਸਲੇ 'ਤੇ ਸਰਕਾਰਾਂ ਦੀ ਖਾਮੋਸ਼ੀ ਚਿੰਤਾ ਦਾ ਵਿਸ਼ਾ ਹੈ ।ਇਸ ਦੇ ਨਾਲ ਹੀ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਖਾਸ ਤੌਰ 'ਤੇ ਪਰਵਾਸੀ ਸਿੱਖ ਭਾਰਤ ਸਰਕਾਰ ਦੇ ਬੰਦ ਕੰਨਾਂ ਨੂੰ ਖੋਲਣ ਲਈ ਰੋਸ ਪ੍ਰਦਰਸ਼ਨਾਂ ਤੋਂ ਇਲਾਵਾ ਆਪਣੀਆਂ ਸਰਕਾਰਾਂ ਰਾਹੀਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਯਤਨ ਕਰਨ । ਉਨ੍ਹਾਂ ਕਿਹਾ ਕਿ ਪੰਥਕ ਏਕਤਾ ਦੇ ਪੱਖ ਤੋਂ ਕੇਵਲ ਰਾਜਸੀ ਏਕਤਾ ਹੀ ਮਹੱਤਵਪੂਰਨ ਨਹੀਂ ਹੈ, ਸਗੋਂ ਪੰਥ ਦੀਆਂ ਸਭ ਧਿਰਾਂ ਨੂੰ ਘੱਟੋ ਘੱਟ ਇਕ ਪ੍ਰੋਗਰਾਮ ਮਿਥ ਕੇ ਸਿੱਖ ਕੌਮ ਨੂੰ ਅੱਗੇ ਲਿਜਾਣ ਲਈ ਉਸਾਰੂ ਕਾਰਜ ਅਰੰਭਣੇ ਚਾਹੀਦੇ ਹਨ ।ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਇਕ ਦੂਜੇ 'ਤੇ ਦੂਸ਼ਣਬਾਜ਼ੀ ਨਾ ਕੀਤੀ ਜਾਵੇ, ਤਾਂ ਹੀ ਭਲੇ ਦਾ ਕੰੰਮ ਸੰਭਵ ਹੋ ਸਕਦਾ ਹੈ ।ਨਸ਼ਿਆਂ ਦੇ ਮਾਰੂ ਹਮਲਿਆਂ ਨੂੰ ਰੋਕਣ ਵਿਚ ਸਰਕਾਰਾਂ ਦੀ ਅਸਫਲਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਹੱਲ ਲਈ ਪਿੰਡ-ਪਿੰਡ ਕਮੇਟੀਆਂ ਤੇ ਜਥੇ ਬਣਾਉਣ ਦੀ ਲੋੜ ਹੈ । ਦੂਜੇ ਪਾਸੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਵੀ ਘੰਟਾ ਘਰ ਪਲਾਜ਼ਾ ਵਿਖੇ ਕੌਮ ਦੇ ਨਾਂਅ ਵੱਖਰਾ ਸੰਦੇਸ਼ ਜਾਰੀ ਕੀਤਾ ਗਿਆ । ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਇਸ ਦਿਹਾੜੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਸਿੱਖ ਪ੍ਰੰਪਰਾਵਾਂ ਅਤੇ ਰਵਾਇਤਾਂ ਦੀ ਰੋਸ਼ਨੀ ਵਿਚ ਪੰਥ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾਉਣ ਦੀ ਪ੍ਰੇਰਨਾ ਕੀਤੀ । ਇਸ ਮੌਕੇ ਸ਼ੋ੍ਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਲਬੀਰ ਸਿੰਘ 96 ਕਰੋੜੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ ।ਇਸ ਉਪ੍ਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਜੇ ਗੁਰਮਤਿ ਸਮਾਗਮ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਪਰਦਾਵਾਂ ਦੇ ਮੁਖੀਆਂ ਅਤੇ ਹੋਰ ਨੁਮਾਇੰਦਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿਰੋਪਾਉ ਤੇ ਦੁਸ਼ਾਲੇ ਭੇਟ ਕਰਕੇ ਸਨਮਾਨਤ ਕੀਤਾ ਗਿਆ । ਇਨ੍ਹਾਂ ਨਿਹੰਗ ਸਿੰਘ ਮੁਖੀਆਂ ਵਿਚ ਬੁੱਢਾ ਦਲ ਦੇ ਮੁਖੀ ਜਥੇਦਾਰ ਬਲਬੀਰ ਸਿੰਘ 96 ਕਰੋੜੀ, ਬਾਬਾ ਅਵਤਾਰ ਸਿੰਘ ਦਲ ਬਾਬਾ ਬਿਧੀ ਚੰਦ ਸੁਰ ਸਿੰਘ, ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਵਲੋਂ ਬਾਬਾ ਨੋਰੰਗ ਸਿੰਘ, ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਸਨ । ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵਲੋਂ ਮੁੱਖ ਬੁਲਾਰੇ ਗਿਆਨੀ ਸੁਖਦੇਵ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਨੌਰੰਗ ਸਿੰਘ ਆਦਿ ਵੀ ਹਾਜ਼ਰ ਸਨ ।

 ਭਾਈ ਮੰਡ ਵਲੋਂ ਜਾਰੀ ਕੀਤਾ ਗਿਆ ਸੰਦੇਸ਼ 

 ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਭਾਈ ਧਿਆਨ ਸਿੰਘ ਮੰਡ ਵਲੋੋਂ ਬੰਦੀ ਛੋੜ ਦਿਵਸ ਮੌਕੇ ਸਿੱਖ ਕੌਮ ਦੇ ਨਾਂਅ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ਾ ਵਿਖੇ ਸੰਦੇਸ਼ ਜਾਰੀ ਕੀਤਾ ਗਿਆ ।ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਅਸੀਂ ਬੰਦੀ ਛੋੜ ਦਿਵਸ ਵਰਗੇ ਮਹਾਨ ਦਿਹਾੜਿਆਂ ਦੀ ਯਾਦ ਮਨਾਉਣ ਤੱਕ ਹੀ ਸੀਮਿਤ ਹੋ ਗਏ ਹਾਂ । ਇਨ੍ਹਾਂ ਮਹਾਨ ਦਿਨਾਂ ਦੇ ਮਕਸਦ ਅਤੇ ਮਹਾਨਤਾ ਵਲੋਂ ਅਵੇਸਲੇ ਹੋ ਚੁੱਕੇ ਹਾਂ ਅੱਜ ਸਾਰਾ ਸਿੱਖ ਜਗਤ ਬਿਪਰਵਾਦੀ ਜਹਾਂਗੀਰ ਦੀ ਕੈਦ ਵਿਚ ਹੈ |।ਕੌਮ ਧੜਿਆਂ ਵਿਚ ਵੰਡੀ ਹੋਈ ਹੈ । ਥਾਂ-ਥਾਂ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਵਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਨਜ਼ਰਬੰਦੀ ਕਾਰਨ ਕਾਰਜਕਾਰੀ ਜਥੇਦਾਰ ਦੀ ਸੇਵਾ ਨਿਭਾਉਂਦਿਆਂ, ਅੱਜ ਦੇ ਪਵਿੱਤਰ ਦਿਹਾੜੇ 'ਤੇ ਖਾਲਸਾ ਪੰਥ ਨੂੰ ਸੁਚੇਤ ਕਰਦਿਆਂ ਅਪੀਲ ਕਰਦੇ ਹਾਂ ਕਿ ਵੱਖ-ਵੱਖ ਖੇਤਰਾਂ ਵਿਚ ਵਿਚਰ ਰਹੀਆਂ ਪੰਥਕ ਜਥੇਬੰਦੀਆਂ ਅਤੇ ਆਗੂ ਆਪਣੀ ਹਾਉਮੈ ਦੀ ਬੰਦੀ ਤੋਂ ਆਜ਼ਾਦ ਹੋਣ ਵਾਸਤੇ ਸਿਧਾਂਤਾਂ ਦਾ ਪੱਲਾ ਫੜਨ ।ਬੰਦੀ ਛੋੜ ਦਿਵਸ ਨੂੰ ਸਮਰਪਿਤ 

ਗੁਰੂ ਨਗਰੀ 'ਚ ਮਹੱਲਾ ਸਜਾਇਆ 

ਨਿਹੰਗ ਸਿੰਘ ਦਲ ਪੰਥਾਂ ਵਲੋਂ ਛੇਵੇਂ ਪਾਤਸ਼ਾਹ ਦੇ ਬੰਦੀ ਛੋੜ ਦਿਵਸ ਨੂੰ ਸਮਰਪਿਤ  ਗੁਰੂ ਨਗਰੀ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਦੀ ਅਗਵਾਈ ਵਿਚ ਮਹੱਲਾ ਖਾਲਸਾਈ ਜਾਹੋ ਜਲਾਲ ਨਾਲ ਸਜਾਇਆ ਗਿਆ । ਮਹੱਲੇ ਦੀ ਅਰੰਭਤਾ ਗੁਰਦੁਆਰਾ ਪਾਤਸ਼ਾਹੀ ਛੇਵੀਂ ਮੱਲ ਅਖਾੜਾ ਸਾਹਿਬ, ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਅਰਦਾਸ ਨਾਲ ਹੋਈ ਤੇ ਇਸ ਵਿਚ ਨਿਹੰਗ ਸਿੰਘ ਦਲਾਂ ਦੇ ਮੁਖੀ ਤੇ ਵੱਡੀ ਗਿਣਤੀ ਵਿਚ ਨਿਹੰਗ ਸਿੰਘਾਂ ਨੇ ਹਾਥੀ, ਘੋੜਿਆਂ 'ਤੇ ਸਵਾਰ ਹੋ ਕੇ ਤੇ ਪੈਦਲ ਚੱਲਦਿਆਂ ਸੁੰਦਰ ਦੁਮਾਲਿਆਂ ਤੇ ਚੱਕਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗਨਖਾ ਸਜਾਈ, ਛੋਟੀਆਂ ਵੱਡੀਆਂ ਸ੍ਰੀ ਸਾਹਿਬਾਂ ਪਹਿਨੀ ਤੇ ਲੱਕ ਪਿੱਛੇ ਢਾਲਾਂ ਸਜਾਏ ਹੱਥਾਂ ਵਿਚ ਨੇਜੇ, ਖੰਡੇ ਫੜੀ, ਨੀਲਿਆਂ ਤੇ ਕੇਸਰੀ ਬਾਣਿਆਂ ਵਿਚ ਤਿਆਰ-ਬਰ-ਤਿਆਰ ਤੇ ਸ਼ਸਤਰਧਾਰੀ ਹੋ ਕੇ ਜੰਗੀ ਮਾਹੌਲ ਦਾ ਦਿ੍ਸ਼ ਪੇਸ਼ ਕਰਦਿਆਂ ਸ਼ਮੂਲੀਅਤ ਕੀਤੀ । ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਨਿਹੰਗ ਸਿੰਘਾਂ ਦਾ ਇੱਕ ਵਿਸ਼ਾਲ ਕਾਫਲਾ ਸ਼ੇਰਾਂ ਵਾਲਾ ਗੇਟ, ਮਹਾਂ ਸਿੰਘ ਗੇਟ, ਕਿਲ੍ਹਾ ਲੋਹਗੜ ਤੋਂ ਹੁੰਦਾ ਹੋਇਆ ਬੀ-ਬਲਾਕ ਗਰਾਂਉਡ ਵਿਖੇ ਪੁੱਜਾ ।ਜਿਥੇ ਘੋੜ ਦੌੜ ਨੇਜਾਬਾਜ਼ੀ ਤੇ ਨਿਹੰੰਗ ਸਿੰਘ ਦੇ ਜੰਗੀ ਕਰਤੱਬ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ । ਇਸ ਤੋਂ ਪਹਿਲਾਂ ਗੁਰਦੁਆਰਾ ਮੱਲ ਅਖਾੜਾ ਵਿਖੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣ ਤੇ ਗੁਰਮਤਿ ਸਮਾਗਮ ਸਜਾਏ ਜਾਣ ਉਪ੍ਰੰਤ ਜਥੇਦਾਰ 96 ਕਰੋੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸੰਘਰਸ਼ ਪੂਰਨ ਅਤੇ ਸ਼ਾਨਾਂਮਤਾ ਹੈ | ਉਨ੍ਹਾਂ ਕਿਹਾ ਕਿ ਹਰ ਸਿੱਖ ਨੂੰ ਹਰ ਸਮੇਂ ਚੜਦੀ ਕਲਾ 'ਵਿਚ ਰਹਿੰਦਿਆਂ ਕੌਮ ਦੀ ਬੇਹਤਰੀ ਲਈ ਤੱਤਪਰ ਰਹਿਣਾ ਚਾਹੀਦਾ ਹੈ । ਇਸ ਮਹੱਲੇ ਵਿਚ ਜਥੇਦਾਰ 96 ਕਰੋੜੀ ਤੋਂ ਇਲਾਵਾ ਜਥੇਦਾਰ ਬਾਬਾ ਗੱਜਣ ਸਿੰਘ ਮੁਖੀ ਸ਼ਹੀਦ ਮਿਸਲ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਜਥੇਦਾਰ ਦਲ ਪੰਥ ਬਾਬਾ ਬਿਧੀ ਚੰਦ ਤਰਨਾ ਦਲ ਸੁਰਸਿੰਘ, ਜਥੇਦਾਰ ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਵਲੋਂ ਬਾਬਾ ਨਾਗਰ ਸਿੰਘ, ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲੇ, ਬਾਬਾ ਜਸਵਿੰਦਰ ਸਿੰਘ ਜੱਸੀ ਅਮਰੀਕਾ ਵਾਲੇ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾ ਵਾਲੇ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਕਰਮਜੀਤ ਸਿੰਘ ਯਮੁਨਾ ਨਗਰ ।                                                 

 ਭਾਈ ਹਵਾਰਾ ਵਲੋਂ ਬੰਦੀ ਛੋੜ ਦਿਵਸ ਮੌਕੇ ਤਿਹਾੜ੍ਹ ਜੇਲ 'ਵਿਚੋਂ ਕੌਮ ਦੇ ਨਾਂਅ  ਸੰਦੇਸ਼ ਜਾਰੀ

ਦੀ ਤਿਹਾੜ ਜੇਲ੍ਹ 'ਵਿਚ ਨਜ਼ਰਬੰਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਦਿਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਪੰਥਕ ਮਸਲਿਆਂ ਪ੍ਰਤੀ ਚੱਲ ਰਹੇ ਵੱਖੋ ਵੱਖਰੇ ਸੰਘਰਸ਼ ਬੰਦ ਕਰਕੇ ਇਕ ਪਲੇਟਫਾਰਮ ਤੋਂ ਅਕਾਲ ਤਖ਼ਤ ਦੀ ਛਤਰ ਛਾਇਆ ਹੇਠ ਧਰਮ ਯੁੱਧ ਮੋਰਚੇ ਦੀ ਤਰਜ 'ਤੇ ਸੰਘਰਸ਼ ਵਿੱਢਣ ਦੀ ਅਪੀਲ ਕੀਤੀ ਹੈ । ਭਾਈ ਹਵਾਰਾ ਕਮੇਟੀ ਵਲੋਂ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਇਥੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਪ੍ਰੋ: ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਭਾਈ ਹਵਾਰਾ ਦਾ ਹੱਥ ਲਿਖਤ ਸੰਦੇਸ਼ ਜਾਰੀ ਕੀਤਾ ।ਇਸ ਮੌਕੇ ਬੇਅੰਤ ਸਿੰਘ ਭਰਾਤਾ ,ਜਨਰਲ ਸ਼ੁਬੇਗ ਸਿੰਘ, ਦਿਲਸ਼ੇਰ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਬਲਦੇਵ ਸਿੰਘ ਵਡਾਲਾ ਸਿੱਖ ਸਦਭਾਵਨਾ ਦਲ, ਭਾਈ ਪਾਲ ਸਿੰਘ ਫਰਾਂਸ, ਬੀਬੀ ਕੁਲਬੀਰ ਕੌਰ ਜਥੇਬੰਦੀ ਵਾਰਸ ਪੰਜਾਬ, ਜਥੇਦਾਰ ਰਾਜਾ ਰਾਜ ਸਿੰਘ ਨਿਹੰਗ ਸਿੰਘ, ਭਾਈ ਬਲਬੀਰ ਸਿੰਘ ਮੁੱਛਲ,  ਸਮੇਤ ਹੋਰ ਹਾਜ਼ਰ ਸਨ ।