ਪੂਰਬੀ ਕਮਾਂਡ ਦੇ ਮੁੱਖੀ ਜਰਨਲ ਕਲਿਤਾ ਵੱਲੋਂ ਇਹ ਕਹਿਣਾ ਕਿ ਚੀਨ ਨੇ ਇੰਡੀਆਂ ਦੇ ਕਿਸੇ ਖੇਤਰ ਤੇ ਕਬਜਾ ਨਹੀ ਕੀਤਾ, ਫਿਰ ਪਾਰਲੀਮੈਂਟ ਵਿਚ ਬਹਿਸ ਕਿਉਂ ਨਹੀਂ ? : ਮਾਨ

ਪੂਰਬੀ ਕਮਾਂਡ ਦੇ ਮੁੱਖੀ ਜਰਨਲ ਕਲਿਤਾ ਵੱਲੋਂ ਇਹ ਕਹਿਣਾ ਕਿ ਚੀਨ ਨੇ ਇੰਡੀਆਂ ਦੇ ਕਿਸੇ ਖੇਤਰ ਤੇ ਕਬਜਾ ਨਹੀ ਕੀਤਾ, ਫਿਰ ਪਾਰਲੀਮੈਂਟ ਵਿਚ ਬਹਿਸ ਕਿਉਂ ਨਹੀਂ ? : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 17 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- “ਜੋ ਤਰਨਤਾਰਨ ਜਿ਼ਲ੍ਹੇ ਦੇ ਸਰਹਾਲੀ ਵਿਖੇ ਕੁਝ ਦਿਨ ਪਹਿਲੇ ਥਾਣੇ ਉਪਰ ਹੈਂਡਗ੍ਰਨੇਡ ਰਾਹੀ ਹਮਲਾ ਹੋਇਆ ਸੀ ਅਤੇ ਉਸ ਤੋਂ ਪਹਿਲੇ 11 ਮਈ 2022 ਨੂੰ ਪੰਜਾਬ ਪੁਲਿਸ ਦੇ ਇੰਟੈਲੀਜੈਸ ਹੈਡਕੁਆਰਟਰ ਮੋਹਾਲੀ ਵਿਖੇ ਵੀ ਇਸੇ ਤਰ੍ਹਾਂ ਹਮਲਾ ਹੋਇਆ ਸੀ । ਇਨ੍ਹਾਂ ਹਮਲਿਆ ਨੂੰ ਹੁਕਮਰਾਨ, ਗੋਦੀ ਮੀਡੀਆ, ਖੂਫੀਆ ਵਿਭਾਗ ਸਭ ਇਹ ਕਹਿ ਰਹੇ ਸਨ ਕਿ ਇਹ ਹਮਲਾ ਆਈ.ਐਸ.ਆਈ. ਪਾਕਿਸਤਾਨ ਦੀ ਏਜੰਸੀ ਨੇ ਕਰਵਾਇਆ ਹੈ । ਹੁਕਮਰਾਨਾਂ ਦੀ ਇਹ ਰਣਨੀਤੀ ਨੂੰ ਦਰੁਸਤ ਨਹੀ ਕਿਹਾ ਜਾ ਸਕਦਾ । ਕਿਉਂਕਿ ਇੰਡੀਅਨ ਫ਼ੌਜ, ਖੂਫੀਆ ਏਜੰਸੀਆ ਦੀ ਇਹ ਤਿਕੜਮਬਾਜੀ, ਅੱਟਾ-ਸੱਟਾ ਕਦੀ ਵੀ ਨਾ ਤਾਂ ਸਹੀ ਨਤੀਜੇ ਕੱਢ ਸਕਦਾ ਹੈ ਅਤੇ ਨਾ ਹੀ ਅਜਿਹੇ ਹੋਣ ਵਾਲੇ ਹਮਲਿਆ ਜਾਂ ਹਮਲਾਵਰਾਂ ਦਾ ਕੀ ਮਕਸਦ ਹੈ ਉਸ ਬਾਰੇ ਸੱਚ ਤੋ ਜਨਤਾ ਨੂੰ ਜਾਣੂ ਕਰਵਾ ਸਕਦੇ ਹਨ । ਹੁਣ ਇੰਡੀਅਨ ਫ਼ੌਜ ਦੇ ਪੂਰਬੀ ਕਮਾਂਡ ਦੇ ਮੁੱਖੀ ਜਰਨਲ ਕਲਿਤਾ ਇਹ ਬਿਆਨਬਾਜੀ ਕਰ ਰਹੇ ਹਨ ਕਿ ਅਰੁਣਾਚਲ ਵਿਚ ਚੀਨ ਨੇ ਇੰਡੀਆ ਦੇ ਕਿਸੇ ਖੇਤਰ ਉਤੇ ਕੋਈ ਕਬਜਾ ਨਹੀ ਕੀਤਾ ਅਤੇ ਨਾ ਹੀ ਚੀਨ ਫ਼ੌਜਾਂ ਇੰਡੀਆ ਦੇ ਖੇਤਰ ਵਿਚ ਦਾਖਲ ਹੋਈਆ ਹਨ ।ਜੇਕਰ ਇਨ੍ਹਾਂ ਜਰਨੈਲਾਂ, ਖੂਫੀਆ ਏਜੰਸੀਆ ਅਤੇ ਹੁਕਮਰਾਨਾਂ ਵੱਲੋ ਹਰ ਵਾਰਦਾਤ ਸਮੇ ਪਾਕਿਸਤਾਨ ਉਤੇ ਦੋਸ਼ ਮੜਨ ਦੀਆਂ ਗੁੰਮਰਾਹਕੁੰਨ ਬਿਆਨਬਾਜੀਆਂ ਨੂੰ ਇਕ ਮਿੰਟ ਲਈ ਸੱਚ ਵੀ ਮੰਨ ਲਿਆ ਜਾਵੇ, ਫਿਰ ਹੁਕਮਰਾਨ, ਲੋਕ ਸਭਾ ਸਪੀਕਰ ਪਾਰਲੀਮੈਂਟ ਵਿਚ ਅਜਿਹੇ ਹੋਣ ਵਾਲੇ ਹਮਲਿਆ ਜਾਂ ਦੂਸਰੇ ਮੁਲਕ ਦੀਆਂ ਫ਼ੌਜਾਂ ਵੱਲੋ ਇੰਡੀਆ ਵਿਚ ਦਾਖਲ ਹੋ ਕੇ ਕਬਜੇ ਕਰਨ ਅਤੇ ਲੰਮੇ ਸਮੇ ਤੋ ਹੋਏ ਇਨ੍ਹਾਂ ਕਬਜਿਆ ਨੂੰ ਇੰਡੀਅਨ ਹੁਕਮਰਾਨ ਤੇ ਫ਼ੌਜ ਵੱਲੋ ਨਾ ਛੁਡਵਾਏ ਜਾਣ ਉਤੇ ਬਹਿਸ ਕਿਉਂ ਨਹੀਂ ਹੋਣ ਦਿੱਤੀ ਜਾ ਰਹੀ ? ਇਸਦਾ ਮਤਲਬ ਹੈ ਹੁਕਮਰਾਨ ਤੇ ਖੂਫੀਆ ਏਜੰਸੀਆ ਮੁਲਕ ਨਿਵਾਸੀਆ ਅਤੇ ਉਨ੍ਹਾਂ ਵੱਲੋ ਚੁਣੇ ਗਏ ਪਾਰਲੀਮੈਟ ਮੈਬਰਾਂ ਤੋਂ ਕੁਝ ਜ਼ਰੂਰ ਛੁਪਾਇਆ ਜਾ ਰਿਹਾ ਹੈ । ਜਦੋਕਿ ਅਜਿਹੀਆ ਕਾਰਵਾਈਆ ਦਾ ਅਸਲੀ ਸੱਚ ਕੁਝ ਹੋਰ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਰਨਤਾਰਨ ਸਰਹਾਲੀ ਵਿਖੇ ਪੁਲਿਸ ਥਾਣੇ ਉਤੇ ਹੋਏ ਹੈਂਡਗ੍ਰਨੇਡ ਹਮਲੇ ਅਤੇ ਮਈ 2022 ਨੂੰ ਮੋਹਾਲੀ ਦੇ ਇੰਟੈਲੀਜੈਸ ਵਿਭਾਗ ਦੇ ਹੈੱਡਕੁਆਰਟਰ ਤੇ ਹੋਏ ਹਮਲੇ ਅਤੇ ਜਰਨਲ ਕਲਿਤਾ ਵੱਲੋ ਮੁਲਕ ਨਿਵਾਸੀਆ ਤੋ ਸੱਚ ਨੂੰ ਛੁਪਾਉਣ ਹਿੱਤ ਕੀਤੀ ਗਈ ਇਹ ਬਿਆਨਬਾਜੀ ਕਿ ਚੀਨ ਸਾਡੇ ਇੰਡੀਆ ਦੇ ਖੇਤਰ ਵਿਚ ਦਾਖਲ ਨਹੀ ਹੋਇਆ, ਦੇ ਗੰਭੀਰ ਵਿਸਿਆ ਤੇ ਹੁਕਮਰਾਨਾਂ ਨੂੰ ਜਨਤਾ ਦੀ ਕਚਹਿਰੀ ਵਿਚ ਅਤੇ ਪਾਰਲੀਮੈਟ ਦੀ ਫਲੋਰ ਉਤੇ ਖੜ੍ਹੇ ਕਰਦੇ ਹੋਏ ਅਤੇ ਜਨਤਾ ਨੂੰ ਅਸਲੀ ਸੱਚ ਤੋ ਜਾਣੂ ਕਰਵਾਉਣ ਦੀ ਗੁਹਾਰ ਲਗਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਮੁਤੱਸਵੀ ਹੁਕਮਰਾਨ ਆਪਣੀਆ ਗੁੱਝੀਆ ਤੇ ਮੰਦਭਾਵਨਾ ਭਰੇ ਮਕਸਦਾਂ ਨੂੰ ਪੂਰਨ ਕਰਨ ਲਈ ਇਥੋ ਦੇ ਨਿਵਾਸੀਆ ਨੂੰ ਸਮੇ-ਸਮੇ ਤੇ ਗੁੰਮਰਾਹ ਕਰਨ ਦੀ ਅਸਫਲ ਕੋਸਿ਼ਸ਼ ਕਰਦੇ ਆ ਰਹੇ ਹਨ, ਫੌ਼ਜਾਂ ਦੇ ਜਰਨੈਲ ਗਲਤ ਬਿਆਨਬਾਜੀ ਕਰਕੇ ਹਕੂਮਤੀ ਕੰਮਜੋਰੀਆਂ ਉਤੇ ਪਰਦਾ ਪਾ ਰਹੇ ਹਨ ਅਤੇ ਚੁਣੇ ਹੋਏ ਲੋਕਾਂ ਦੇ ਨੁਮਾਇੰਦਿਆ ਐਮ.ਪੀਜ ਨੂੰ ਅਜਿਹੇ ਵਿਸਿਆ ਉਤੇ ਪਾਰਲੀਮੈਟ ਵਿਚ ਬੋਲਣ ਉਤੇ ਪਾਬੰਦੀ ਲਗਾਈ ਜਾ ਰਹੀ ਹੈ, ਇਹ ਸਭ ਕੁਝ ਆਪਣੇ-ਆਪ ਵਿਚ ਸੱਚ ਨੂੰ ਦਬਾਉਣ ਦੀਆਂ ਦੁੱਖਦਾਇਕ ਕਾਰਵਾਈਆ ਹੋ ਰਹੀਆ ਹਨ ਜੋ ਜਮਹੂਰੀਅਤ ਕਦਰਾਂ-ਕੀਮਤਾਂ ਦਾ ਘਾਣ ਕਰਨ ਅਤੇ ਇੰਡੀਆ ਦੇ ਸਰਹੱਦੀ ਹਾਲਾਤਾਂ ਅਤੇ ਬਾਹਰੀ ਮੁਲਕਾਂ ਦੇ ਹਾਲਾਤਾਂ ਨੂੰ ਛੁਪਾਕੇ ਗੁੰਮਰਾਹ ਕਰਨ ਵਾਲੀਆ ਕਾਰਵਾਈਆ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਉਥੇ ਅਜਿਹੀਆ ਗੰਭੀਰ ਗੱਲਾਂ ਨੂੰ ਛੁਪਾਉਣ ਹਿੱਤ ਨਿਕਲਣ ਵਾਲੇ ਮਾੜੇ ਨਤੀਜਿਆ ਤੋ ਹੁਕਮਰਾਨਾਂ ਨੂੰ ਖਬਰਦਾਰ ਵੀ ਕਰਦਾ ਹੈ ।