ਐਸਜੀਪੀਸੀ ਆਪਣਾ ਅਧਿਕਾਰ ਖੇਤਰ ਛੱਡ ਕੇ ਦਿੱਲੀ ਵਿੱਚ ਬਾਦਲ ਪਰਿਵਾਰ ਨੂੰ ਰਾਜਨੀਤਿਕ ਫ਼ਾਇਦਾ ਪਹੁੰਚਾਉਣ ਲਈ ਕਰ ਰਹੀ ਉਪਰਾਲੇ : ਹਰਪ੍ਰੀਤ ਸਿੰਘ ਬੰਨੀ ਜੋਲੀ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ 26 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਸ. ਹਰਪ੍ਰੀਤ ਸਿੰਘ ਬੰਨੀ ਜੋਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ( ਐਸਜੀਪੀਸੀ) ਵੱਲੋਂ ਬਾਦਲ ਦਲ ਨੂੰ ਸਿਆਸੀ ਲਾਹਾ ਪਹੁੰਚਾਉਣ ਲਈ ਦਿੱਲੀ ਵਿੱਚ ਲੰਗਰ ਆਦਿ ਵੰਡਣ ਦੇ ਸ਼ੁਰੂ ਕੀਤੇ ਗਏ ਕੰਮਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇੱਥੇ ਜਾਰੀ ਬਿਆਨ ਵਿੱਚ ਸ. ਹਰਪ੍ਰੀਤ ਸਿੰਘ ਬੰਨੀ ਜੋਲੀ ਨੇ ਕਿਹਾ ਕਿ ਐਸਜੀਪੀਸੀ ਆਪਣਾ ਅਧਿਕਾਰ ਖੇਤਰ ਛੱਡ ਕੇ ਦਿੱਲੀ ਵਿੱਚ ਬਾਦਲ ਪਰਿਵਾਰ ਨੂੰ ਰਾਜਨੀਤਿਕ ਫ਼ਾਇਦਾ ਪਹੁੰਚਾਉਣ ਲਈ ਅਜਿਹੇ ਕਾਰਜ ਕਰ ਰਹੀ ਹੈ। ਉਹਨਾਂ ਕਿਹਾ ਕਿ ਦਿੱਲੀ ਵਿੱਚ ਸਿੱਖ ਪੰਥ ਦੇ ਮਸਲਿਆਂ ਤੇ ਫ਼ੈਸਲੇ ਕਰਨ ਦੀ ਜ਼ਿੰਮੇਵਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਅਤੇ ਐਸਜੀਪੀਸੀ ਦਿੱਲੀ ਵਿੱਚ ਦਖ਼ਲਅੰਦਾਜ਼ੀ ਕਰਕੇ ਪੰਥਕ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ।
ਬੰਨੀ ਜੋਲੀ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਬਾਦਲ ਪਰਿਵਾਰ ਐਸਜੀਪੀਸੀ ਦੀ ਦੁਰਵਰਤੋਂ ਕਰ ਰਿਹਾ ਹੈ ਇਸ ਤੋਂ ਪਹਿਲਾ ਵੀ ਅਨੇਕਾਂ ਵਾਰ ਬਾਦਲਾਂ ਵੱਲੋਂ ਐਸਜੀਪੀਸੀ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਜਾਂਦਾ ਰਿਹਾ ਹੈ। ਉਹਨਾਂ ਐਸਜੀਪੀਸੀ ਤੇ ਤੰਜ ਕੱਸਦਿਆਂ ਕਿਹਾ ਕਿ ਉਂਝ ਤਾਂ ਐਸਜੀਪੀਸੀ ਵੱਲੋਂ ਆਪਣੇ ਮੁਲਜ਼ਮਾਂ ਦੀ ਤਨਖ਼ਾਹਾਂ ਅਤੇ ਹੋਰ ਖਰਚਿਆਂ ਲਈ ਪੈਸੇ ਦੀ ਘਾਟ ਦਾ ਦਿਖਾਵਾ ਕੀਤਾ ਜਾਂਦਾ ਹੈ ਪਰ ਦਿੱਲੀ ਵਿੱਚ ਐਸਜੀਪੀਸੀ ਆਪਣੇ
ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਖਰਚੇ ਕਰ ਰਹੀ ਹੈ। ਸ .ਬੰਨੀ ਜੋਲੀ ਨੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਤੁਰੰਤ ਦਿੱਲੀ ਵਿੱਚ ਐਸਜੀਪੀਸੀ ਦੀ ਦਖ਼ਲਅੰਦਾਜ਼ੀ ਬੰਦ ਕਰਨ ਦੀ ਹਦਾਇਤ ਦਿੱਤੀ ਹੈ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਦੀ ਸ਼ਹਿ ਤੇ ਐਸਜੀਪੀਸੀ ਦੀ ਕੀਤੀ ਜਾ ਰਹੀ ਦੁਰਵਰਤੋਂ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ।
Comments (0)