ਐਗਜਿ਼ਟ ਪੋਲਾਂ ਵਿੱਚ ਭਾਜਪਾ ਗੱਠਜੋੜ ਦੀ ਵੱਡੀ ਜਿੱਤ ਦੇ ਕੀਤੇ ਦਾਅਵਿਆਂ ਦੀ ਫੂਕ ਨਿਕਲੀ

ਐਗਜਿ਼ਟ ਪੋਲਾਂ ਵਿੱਚ ਭਾਜਪਾ ਗੱਠਜੋੜ ਦੀ ਵੱਡੀ ਜਿੱਤ ਦੇ ਕੀਤੇ ਦਾਅਵਿਆਂ ਦੀ ਫੂਕ ਨਿਕਲੀ

* ਇੰਡੀਆ ਗੱਠਜੋੜ ਵੱਲੋਂ ਯੂਪੀ, ਮਹਾਰਾਸ਼ਟਰ, ਰਾਜਸਥਾਨ, ਹਰਿਆਣਾ ਤੇ ਕਰਨਾਟਕ ਵਿਚ ਸ਼ਾਨਦਾਰ ਪ੍ਰਾਪਤੀ

* ਭਾਜਪਾ ਨੂੰ ਆਂਧਰਾ ਪ੍ਰਦੇਸ਼ ਵਿਚ ਲਾਭ, ਕੇਰਲਾ ਵਿਚ ਵੀ ਖਾਤਾ ਖੁੱਲ੍ਹਿਆ ਤੇ ਉੜੀਸਾ ਵਿਚ ਵੱਡੀ ਜਿਂਤ

*ਚੋਣ ਨਤੀਜੇ ਪ੍ਰਧਾਨ ਮੰਤਰੀ ਮੋਦੀ ਦੀ ਨੈਤਿਕ ਹਾਰ-ਖੜਗੇ

*ਇੰਡੀਆ' ਨੇ ਦੇਸ਼ ਨੂੰ ਦਿੱਤਾ ਨਵਾਂ 'ਵਿਜ਼ਨ'-ਰਾਹੁਲ ਗਾਂਧੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਅਣਕਿਆਸੇ ਰੁਝਾਨ/ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਲਈ ਵੱਡਾ ਝਟਕਾ ਹਨ। ਇਨ੍ਹਾਂ ਰੁਝਾਨਾਂ ਵਿਚ ਭਾਜਪਾ 241 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਪਰ ਪ੍ਰਧਾਨ ਮੰਤਰੀ ਦੇ ‘400 ਪਾਰ’ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਤੇ ਪਾਰਟੀ (ਭਾਜਪਾ) ਆਪਣੇ ਦਮ ’ਤੇ ਸਪਸ਼ਟ ਬਹੁਮਤ ਜੁਟਾਉਣ ਵਿਚ ਵੀ ਨਾਕਾਮ ਰਹੀ।ਇਨ੍ਹਾਂ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲਾ ਐੱਨਡੀਏ ਬੇਸ਼ੱਕ ‘ਇੰਡੀਆ’ ਗੱਠਜੋੜ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਿਹਾ ਹੈ ਪਰ ਇਸ ਨੂੰ ਜ਼ੋਰਦਾਰ ਜਿੱਤ ਨਹੀਂ ਮੰਨਿਆ ਜਾ ਸਕਦਾ। ਐਗਜਿ਼ਟ ਪੋਲਾਂ (ਚੋਣ ਸਰਵੇਖਣਾਂ) ਵਿੱਚ ਵੱਡੀ ਜਿੱਤ ਦੇ ਕੀਤੇ ਦਾਅਵੇ ਅਸਲ ਵਿਚ ਕਿਤੇ ਨਜ਼ਰ ਨਹੀਂ ਆਏ; ਸੱਤਾਧਾਰੀ ਗੱਠਜੋੜ ਵੱਲੋਂ ਦਿੱਤਾ ‘ਅਬ ਕੀ ਬਾਰ 400 ਪਾਰ’ ਦਾ ਨਾਅਰਾ ਬਸ ਨਾਅਰਾ ਬਣ ਕੇ ਹੀ ਰਹਿ ਗਿਆ। ਉਧਰ ਕਾਂਗਰਸ ਦੀ ਅਗਵਾਈ ਵਾਲਾ ‘ਇੰਡੀਆ’ ਗੱਠਜੋੜ 231 ਸੀਟਾਂ ’ਤੇ ਚੜ੍ਹਤ ਬਣਾ ਕੇ ਮਜ਼ਬੂਤ ਤਾਕਤ ਵਜੋਂ ਉਭਰਿਆ ਹੈ। ਗੱਠਜੋੜ ਨੇ ਐਗਜ਼ਿਟ ਪੋਲ ਦੇ ਅਨੁਮਾਨਾਂ ਨੂੰ ਗ਼ਲਤ ਸਾਬਤ ਕਰਦਿਆਂ ਯੂਪੀ, ਮਹਾਰਾਸ਼ਟਰ, ਰਾਜਸਥਾਨ, ਹਰਿਆਣਾ ਤੇ ਕਰਨਾਟਕ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਚੋਣ ਨਤੀਜਿਆਂ ਨੂੰ 'ਜਨਤਾ ਦੇ ਨਤੀਜੇ' ਕਰਾਰ ਦਿੰਦਿਆਂ ਕਿਹਾ ਕਿ ਜਨਾਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਹੈ ਅਤੇ ਕਾਇਦੇ ਨਾਲ ਇਹ ਮੋਦੀ ਦੀ ਨੈਤਿਕ ਹਾਰ ਹੈ। ਕਾਂਗਰਸ ਪ੍ਰਧਾਨ ਖੜਗੇ ਨੇ ਕਾਂਗਰਸੀ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ, ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ , ਜਿਸ 'ਚ ਪ੍ਰਿਅੰਕਾ ਗਾਂਧੀ ਸਟੇਜ 'ਤੇ ਬੈਠਣ ਦੀ ਥਾਂ ਪਾਰਟੀ ਵਰਕਰਾਂ ਦੇ ਨਾਲ ਬੈਠੇ ਨਜ਼ਰ ਆਏ। ਕਾਂਗਰਸ ਪ੍ਰਧਾਨ ਨੇ  ਕਾਂਗਰਸ ਵਲੋਂ ਲੜੀਆਂ ਚੋਣਾਂ ਨੂੰ ਉਲਟ ਹਾਲਾਤ ਵਿਚ ਲੜੀਆਂ ਚੋਣਾਂ ਦੱਸਦਿਆਂ ਕਿਹਾ ਕਿ ਸਾਡੇ ਬੈਂਕ ਖਾਤੇ ਸੀਲ ਕਰ ਦਿੱਤੇ ਗਏ ਅਤੇ ਸਾਡੇ ਨੇਤਾਵਾਂ ਨੂੰ ਜੇਲ੍ਹ ਵਿਚ ਪਾਇਆ ਗਿਆ, ਪਰ ਆਖ਼ਿਰ ਤੱਕ ਕਾਂਗਰਸ ਵਲੋਂ ਹਾਂ ਪੱਖੀ ਚੋਣ ਪ੍ਰਚਾਰ ਮੁਹਿੰਮ ਚਲਾਈ ਗਈ, ਜਿਸ ਵਿਚ ਮਹਿੰਗਾਈ, ਰੁਜ਼ਗਾਰ ਜਿਹੇ ਲੋਕ ਪੱਖੀ ਮੁੱਦੇ ਉਠਾਏ ਗਏ। ਖੜਗੇ ਨੇ ਉਚੇਚੇ ਤੌਰ 'ਤੇ ਰਾਹੁਲ ਗਾਂਧੀ ਦੀਆਂ ਦੋਵਾਂ ਯਾਤਰਾਵਾਂ ਦਾ ਵੀ ਜ਼ਿਕਰ ਕੀਤਾ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦੀ ਇਕਜੁੱਟਤਾ ਦਰਸਾਉਂਦੇ 'ਇੰਡੀਆ' ਗੱਠਜੋੜ ਦੇ ਸਫ਼ਲ ਪ੍ਰਦਰਸ਼ਨ 'ਤੇ ਸ਼ਲਾਘਾ ਕਰਦਿਆਂ ਕਿਹਾ ਕਿ 'ਇੰਡੀਆ' ਗੱਠਜੋੜ ਨੇ ਦੇਸ਼ ਨੂੰ ਨਵਾਂ ਵਿਜ਼ਨ ਦਿੱਤਾ। 

 ਸਚਾਈ ਇਹ ਹੈ ਕਿ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਨੇ ਸੱਤਾਧਾਰੀਆਂ ਨੂੰ ਤਕੜੀ ਟੱਕਰ ਦਿੱਤੀ ਅਤੇ ਆਖਿ਼ਰਕਾਰ ਪ੍ਰਧਾਨ ਮੰਤਰੀ ਮੋਦੀ, ਬਦਲਾਓ ਦੇ ਤੌਰ ’ਤੇ ਮੁਕੰਮਲ ਰੂਪ ਵਿਚ ਓਨੇ ਸਮਰੱਥ ਨਹੀਂ ਰਹੇ, ਉਨ੍ਹਾਂ ਨੂੰ ਹੁਣ ਆਪਣੀ ਸਰਕਾਰ ਕਾਇਮ ਰੱਖਣ ਲਈ ਖੇਤਰੀ ਨੇਤਾਵਾਂ ਜਿਵੇਂ ਨਿਤੀਸ਼ ਕੁਮਾਰ ਅਤੇ ਐੱਨ ਚੰਦਰਬਾਬੂ ਨਾਇਡੂ ਦੇ ਸਹਾਰੇ ਦੀ ਲੋੜ ਪਏਗੀ।

ਦੂਜੇ ਪਾਸੇ ਚਰਚਾ ਛਿੜੀ ਹੈ ਕਿ ਇੰਡੀਆ ਗੱਠਜੋੜ ਨੇ ਵੀ ਸਰਕਾਰ ਬਣਾਉਣ ਲਈ ਜੋੜਤੋੜ ਸ਼ੁਰੂ ਕਰ ਦਿੱਤਾ ਹੈ। ਇੰਡੀਆ ਗੱਠਜੋੜ ਨੇ ਨਿਤਿਸ਼ ਕੁਮਾਰ ਨੂੰ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਅਖਲੇਸ਼ ਯਾਦਵ ਇੰਡੀਆ ਗਠਜੋੜ ਵਲੋਂ ਨਿਤਿਸ਼ ਦੇ ਸੰਪਰਕ ਵਿਚ ਹਨ।

ਭਾਜਪਾ ਨੇ ਉੜੀਸਾ ਵਿੱਚ ਬੀਜੂ ਜਨਤਾ ਦਲ ਦਾ ਗੜ੍ਹ ਤੋੜ ਕੇ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਦੱਖਣ ਵਿੱਚ ਵੀ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ ਪਰ ਉੱਤਰ ਪ੍ਰਦੇਸ਼ ਵਿੱਚ ਪਏ ਘਾਟੇ ਨੇ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਨੂੰ ਭਾਜਪਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਦੂਜੇ ਕਾਰਜਕਾਲ ਦੀ ਸਭ ਤੋਂ ਵੱਡੀ ਉਪਲਬਧੀ ਵਜੋਂ ਪੇਸ਼ ਕੀਤਾ ਸੀ ਪਰ ਇਹ ਵੱਡਾ ਕਾਰਜ ਵੀ ਭਗਵਾਂ ਪਾਰਟੀ ਲਈ ਯੂਪੀ ਵਿੱਚ ਕੋਈ ਕ੍ਰਿਸ਼ਮਾ ਨਹੀਂ ਕਰ ਸਕਿਆ ਜਦੋਂਕਿ ਚੁਣਾਵੀ ਤੇ ਸਿਆਸੀ ਸਮੀਕਰਨਾਂ ਦੇ ਪੱਖ ਤੋਂ ਇਹ ਦੇਸ਼ ਦਾ ਸਭ ਤੋਂ ਮਹੱਤਵਪੂਰਨ ਸੂਬਾ ਹੈ। ਉੱਤਰ ਪ੍ਰਦੇਸ਼ ਵਿਚ ਇੰਡੀਆ ਨੇ 80 ਸੀਟਾਂ 'ਚੋਂ 42 ਸੀਟਾਂ ਹਾਸਿਲ ਕੀਤੀਆਂ, ਜਿਸ 'ਚ ਸਮਾਜਵਾਦੀ ਪਾਰਟੀ ਨੂੰ 35 ਅਤੇ ਕਾਂਗਰਸ ਦੇ ਹਿੱਸੇ 7 ਸੀਟਾਂ ਆਈਆਂ ਹਨ, ਜਦਕਿ ਐਨ.ਡੀ.ਏ. 36 ਸੀਟਾਂ 'ਤੇ ਹਾਸਿਲ ਕਰਨ ਵਿਚ ਕਾਮਯਾਬ ਰਹੀਂ, ਜਿਨ੍ਹਾਂ 'ਵਿਚ 34 ਸਿਰਫ ਭਾਜਪਾ ਦੇ ਹਿੱਸੇ ਆਈਆਂ ਹਨ। ਤਾਮਿਲਨਾਡੂ ਵਿਚ ਇੰਡੀਆ ਗਠਜੋੜ ਨੇ 31 ਸੀਟਾਂ ਹਾਸਲ ਕੀਤੀਆਂ।ਭਾਜਪਾ ਕੋਈ ਸੀਟ ਪ੍ਰਾਪਤ ਨਹੀਂ ਕਰ ਸਕੀ।

ਲੀਹੋਂ ਲੱਥੀ ਕਾਂਗਰਸ ਜਿਸ ਦਾ ਵੱਕਾਰ ਇਨ੍ਹਾਂ ਚੋਣਾਂ ਵਿਚ ਦਾਅ ਉੱਤੇ ਲੱਗਾ ਹੋਇਆ ਸੀ, ਨੇ 2019 ਨਾਲੋਂ ਕਰੀਬ ਦੁੱਗਣੀਆਂ ਸੀਟਾਂ ਜਿੱਤ ਕੇ ਵੱਡੀ ਪ੍ਰਾਪਤੀ ਕੀਤੀ ਹੈ।

ਪੱਛਮੀ ਬੰਗਾਲ 'ਚ ਵੀ ਲੱਗਾ ਭਾਜਪਾ ਨੂੰ ਝਟਕਾ

ਪੱਛਮੀ ਬੰਗਾਲ 'ਚ ਜਿੱਥੇ ਭਾਜਪਾ ਨੇ 2019 ਦੀਆਂ ਚੋਣਾਂ ਵਿਚ 18 ਸੀਟਾਂ 'ਤੇ ਜਿੱਤੇ ਹਾਸਿਲ ਕੀਤੀ ਸੀ ਅਤੇ ਮੌਜੂਦਾ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਸੰਦੇਸ਼ਖਾਲੀ ਵਿਵਾਦ ਵਿਚ ਘਿਰੀ ਤ੍ਰਿਣਮੂਲ ਕਾਂਗਰਸ ਨੂੰ ਤਕੜਾ ਝਟਕਾ ਦੇਣ ਦੇ ਰੋਹ ਵਿਚ ਸੀ, ਪਰ ਟੀ.ਐਮ.ਸੀ. ਨੇ 42 ਲੋਕ ਸਭਾ ਸੀਟਾਂ 'ਚੋਂ 25 ਸੀਟਾਂ 'ਤੇ ਜਿੱਤ ਹਾਸਿਲ ਕੀਤੀ।

ਦਿੱਲੀ ਦੀਆਂ ਸਾਰੀਆਂ ਸੀਟਾਂ 'ਤੇ ਭਾਜਪਾ ਦਾ ਕਬਜ਼ਾ

ਦਿੱਲੀ ਵਿਚ ਸੱਤਾ ਧਿਰ ਆਪ  ਪਾਰਟੀ 'ਤੇ ਸਵਾਤੀ ਮਾਲੀਵਾਲ ਮੁੱਦਾ ਭਾਰੂ ਹੋਣ ਸਦਕਾ ਸਾਰੀਆਂ ਸੀਟਾਂ 'ਤੇ ਇਕ ਵਾਰ ਫਿਰ ਭਾਜਪਾ ਦਾ ਕਬਜ਼ਾ ਹੋ ਗਿਆ ਹੈ। ਦਿੱਲੀ ਵਿਚ ਇੰਡੀਆ ਗੱਠਜੋੜ ਦਰਮਿਆਨ ਬਣੀ ਸਹਿਮਤੀ ਮੁਤਾਬਿਕ ਆਪ ਨੇ 4 ਅਤੇ ਕਾਂਗਰਸ ਨੇ 3 ਸੀਟਾਂ 'ਤੇ ਚੋਣ ਲੜੀ ਸੀ। ਪਰ ਸਵਾਤੀ  ਨਾਲ ਮੁੱਖ ਮੰਤਰੀ ਨਿਵਾਸ 'ਤੇ  ਕੇਜਰੀਵਾਲ ਦੇ ਨਿੱਜੀ ਸਹਾਇਕ ਬਿਭਵ ਕੁਮਾਰ ਵਲੋਂ ਕੀਤੀ ਬਦਸਲੂਕੀ ਦੇ ਮਾਮਲੇ ਦੇ ਵਿਵਾਦ ਨਾਲ ਸਿਰਫ ਆਪ ਨੂੰ ਮੁਕਾਬਲੇ ਤੋਂ ਬਾਹਰ ਕਰ ਦਿੱਤਾ, ਸਗੋਂ ਆਪ ਦਾ ਸਾਥ ਕਾਂਗਰਸ ਲਈ ਵੀ ਉਹ ਮੁਹਾਵਰਾ ਸਾਰਥਕ ਕਰਦਾ ਨਜ਼ਰ ਆਇਆ।

ਕਿਹੜੀਆਂ ਅਹਿਮ ਸ਼ਖ਼ਸੀਅਤਾਂ ਨੇ ਜਿੱਤ ਕੀਤੀ ਹਾਸਿਲ

ਲੋਕ ਸਭਾ ਚੋਣਾਂ ਵਿਚ ਜਿਹੜੀਆਂ ਸਿਆਸੀ ਸ਼ਖ਼ਸੀਅਤਾਂ ਦਾ ਜਾਦੂ ਵੋਟਰਾਂ ਦੇ ਸਿਰ ਚੜ੍ਹ ਕੇ ਬੋਲਿਆ ਉਨ੍ਹਾਂ 'ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਨੇ ਵਾਰਾਨਸੀ ਤੋਂ 1, 52, 513 ਵੋਟਾਂ ਨਾਲ ਜਿੱਤ ਹਾਸਿਲ ਕੀਤੀ। ਰਾਹੁਲ ਗਾਂਧੀ ਜਿਨ੍ਹਾਂ ਨੇ ਦੋ ਲੋਕ ਸਭਾ ਸੀਟਾਂ ਕੇਰਲ ਦੀ ਵਾਯਨਾਡ ਅਤੇ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਤੋਂ ਚੋਣ ਲੜੀ ਸੀ ਅਤੇ ਦੋਹਾਂ 'ਤੇ ਜੇਤੂ ਹੋਏ, ਸ਼ਾਮਿਲ ਹਨ। ਰਾਹੁਲ ਗਾਂਧੀ ਨੇ ਵਾਯਨਾਡ ਸੀਟ 3 ਲੱਖ 64 ਹਜ਼ਾਰ ਤੋੰਂ ਵੱਧ ਵੋਟਾਂ ਨਾਲ ਅਤੇ ਰਾਏਬਰੇਲੀ ਸੀਟ 3 ਲੱਖ 90 ਹਜ਼ਾਰ ਤੋਂ ਵੱਧ ਸੀਟਾਂ ਨਾਲ ਜਿੱਤ ਹਾਸਿਲ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਗਾਂਧੀਨਗਰ ਤੋਂ 7 ਲੱਖ 44 ਹਜ਼ਾਰ ਤੋਂ ਵੱਧ ਵੋਟਾਂ ਨਾਲ ਸ਼ਾਨਦਾਰ ਜਿੱਤ ਹਾਸਿਲ ਕੀਤੀ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ ਤੋਂ ਸਵਾ ਦੋ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ। ਲਖਨਊ ਤੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਤਕਰੀਬਨ ਇਕ ਲੱਖ, ਮਥੁਰਾ ਤੋਂ ਅਦਾਕਾਰ ਹੇਮਾ ਮਾਲਿਨੀ 2 ਲੱਖ 93 ਹਜ਼ਾਰ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਵਿਦਿਸ਼ਾ ਤੋਂ 8 ਲੱਖ 21 ਹਜ਼ਾਰ ਵੋਟਾਂ ਨਾਲ ਕਾਮਯਾਬੀ ਹਾਸਿਲ ਕੀਤੀ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਕਨੌਜ ਤੋਂ 1 ਲੱਖ 70 ਹਜ਼ਾਰ ਵੋਟਾਂ ਨਾਲ, ਭਾਜਪਾ ਦੇ ਸੰਬਿਤ ਪਾਤਰਾ ਪੁਰੀ ਤੋਂ 1 ਲੱਖ 4 ਹਜ਼ਾਰ ਵੋਟਾਂ ਨਾਲ, ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਉਡੀਸ਼ਾ ਦੇ ਸੰਬਲਪੁਰ ਤੋਂ 1 ਲੱਖ 16 ਹਜ਼ਾਰ ਵੋਟਾਂ ਨਾਲ ਕੇਂਦਰੀ ਮੰਤਰੀ ਪਿਉਸ਼ ਗੋਇਲ 3 ਲੱਖ 35 ਹਜ਼ਾਰ ਵੋਟਾਂ ਨਾਲ, ਕੰਗਨਾ ਰਣੌਤ 74 ਹਜ਼ਾਰ 755 ਵੋਟਾਂ ਨਾਲ, ਜੋਤੀਰਾਦਿੱਤਿਆ ਸਿੰਧੀਆ 5 ਲੱਖ 41 ਹਜ਼ਾਰ ਵੋਟਾਂ ਨਾਲ ਅਤੇ ਉੱਤਰ ਪੂਰਬੀ ਦਿੱਲੀ ਤੋਂ ਮਨੋਜ ਤਿਵਾੜੀ ਨੇ 1 ਲੱਖ 37 ਹਜ਼ਾਰ ਵੋਟਾਂ ਨਾਲ ਜਿੱਤ ਹਾਸਿਲ ਕੀਤੀ। ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ 55,711 ਵੋਟਾਂ ਨਾਲ, ਲੋਕ ਸਭਾ ਸਪੀਕਰ ਓਮ ਬਿਰਲਾ 41,974 ਵੋਟਾਂ ਨਾਲ, ਅਨੁਰਾਗ ਠਾਕਰ 1 ਲੱਖ 82 ਹਜ਼ਾਰ, ਕੇਂਦਰੀ ਮੰਤਰੀ ਮਨਸੁਖ ਮਾਂਡਵੀਆ 3 ਲੱਖ 80 ਹਜ਼ਾਰ ਅਤੇ ਕਾਂਗਰਸ ਦੇ ਸ਼ਸ਼ੀ ਥਰੂਰ ਨੇ 16,77ਵੋਟਾਂ ਨਾਲ ਜਿੱਤ ਹਾਸਿਲ ਕੀਤੀ।

ਮਜਬੂਤ ਵਿਰੋਧੀ ਧਿਰ ਪੈਦਾ ਹੋਣਾ ਲੋਕਤੰਤਰ ਲਈ ਚੰਗੀ ਖਬਰ

ਭਾਰਤੀ ਲੋਕਤੰਤਰ ਲਈ ਚੰਗੀ ਖ਼ਬਰ ਇਹ ਹੈ ਕਿ ਦੇਸ਼ ਦੇ ‘ਵਿਰੋਧੀ ਧਿਰ ਤੋਂ ਮੁਕਤ’ ਹੋਣ ਦਾ ਹੁਣ ਕੋਈ ਖ਼ਤਰਾ ਨਹੀਂ ਹੈ। ਭਾਰਤੀ ਸੰਵਿਧਾਨ ਵਿਚ ਵੱਡੀਆਂ ਤਬਦੀਲੀਆਂ ਦੇ ਜਿਹੜੇ ਖ਼ਦਸ਼ੇ ਜ਼ਾਹਿਰ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਠੱਲ੍ਹ ਪੈ ਜਾਵੇਗੀ; ਕਹਿਣ ਦਾ ਭਾਵ ਹੁਣ ਭਾਜਪਾ ਤਾਨਾਸ਼ਾਹੀ ਵਾਲਾ ਵਿਹਾਰ ਅਖ਼ਤਿਆਰ ਨਹੀਂ ਕਰ ਸਕੇਗੀ । ਭਾਜਪਾ ਨੂੰ ਨਾ ਸਿਰਫ ਇਸ ਦੇ ਸਹਿਯੋਗੀ ਦਲ ਸਗੋਂ ਕਾਂਗਰਸ ਤੇ ਇਸ ਦੇ ਸਾਥੀ ਹੁਣ ਕਈ ਸਮਾਜਿਕ-ਆਰਥਿਕ ਮੁੱਦਿਆਂ ਉੱਤੇ ਪੱਬਾਂ ਭਾਰ ਰੱਖਣਗੇ। ਇਨ੍ਹਾਂ ਮੁੱਦਿਆਂ ਵਿਚ ਬੇਰੁਜ਼ਗਾਰੀ, ਮਹਿੰਗਾਈ ਤੇ ਵਧਦੀ ਨਾ-ਬਰਾਬਰੀ ਸ਼ਾਮਿਲ ਹਨ ਜਿਨ੍ਹਾਂ ਵੋਟਰਾਂ ਦੀ ਚੋਣ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਨਵੀਂ ਸਰਕਾਰ ਨੂੰ ਇਨ੍ਹਾਂ ਦਾ ਹੱਲ ਤਰਜੀਹੀ ਆਧਾਰ ਉੱਤੇ ਕਰਨਾ ਪਏਗਾ। ਇਸ ਦੇ ਨਾਲ ਹੀ ਹੁਣ ਕਾਂਗਰਸ ਪਾਰਟੀ ਅਤੇ ਇਸ ਦੀਆਂ ਭਾਈਵਾਲ ਪਾਰਟੀ ਲਈ ਵੀ ਅਗਾਂਹ ਕੁਝ ਕਰ ਦਿਖਾਉਣ ਦਾ ਵੇਲਾ ਹੈ। ਭਾਰਤੀ ਜਨਤਾ ਪਾਰਟੀ ਉੱਤੇ ਪਿਛਲੇ ਦਸ ਸਾਲਾਂ ਦੌਰਾਨ ਜਮਹੂਰੀਅਤ ਨੂੰ ਖੋਰਾ ਲਾਉਣ ਦੇ ਜਿਹੜੇ ਦੋਸ਼ ਲਗਦੇ ਰਹੇ ਹਨ, ਉਸ ਪ੍ਰਸੰਗ ਵਿਚ ਹੁਣ ਵਿਰੋਧੀ ਧਿਰ ਉੱਤੇ ਇਸ ਨੂੰ ਡੱਕ ਕੇ ਰੱਖਣ ਦੀ ਵੱਡੀ ਜਿ਼ੰਮੇਵਾਰੀ ਆ ਗਈ ਹੈ