ਟੈਕਸਾਸ ਵਿਚੋਂ ਬੱਸਾਂ ਰਾਹੀਂ 9000 ਦੇ ਕਰੀਬ ਪ੍ਰਵਾਸੀ ਨਿਊਯਾਰਕ ਤੇ ਵਾਸ਼ਿੰਗਟਨ ਭੇਜੇ

ਟੈਕਸਾਸ ਵਿਚੋਂ ਬੱਸਾਂ ਰਾਹੀਂ 9000 ਦੇ ਕਰੀਬ ਪ੍ਰਵਾਸੀ ਨਿਊਯਾਰਕ ਤੇ ਵਾਸ਼ਿੰਗਟਨ ਭੇਜੇ
ਕੈਪਸ਼ਨ : ਮੈਕਸੀਕੋ ਤੋਂ ਟੈਕਸਾਸ ਵਿਚ ਦਾਖਲ ਹੋਏ ਪ੍ਰਵਾਸੀ ਮੈਨਹਟਨ ਵਿਚ ਪੋਰਟ ਅਥਾਰਿਟੀ ਬੱਸ ਸਟੇਸ਼ਨ ਵਿੱਚ ਦਾਖਲ ਹੁੰਦੇ ਹੋਏ

ਗਵਰਨਰ ਗਰੇਗ ਅਬੋਟਸ ਉਪਰ ਸੰਘੀ ਅਧਿਕਾਰੀਆਂ ਨਾਲ ਸਹਿਯੋਗ ਨਾ ਕਰਨ ਦਾ ਦੋਸ਼

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ
28 ਅਗਸਤ (ਹੁਸਨ ਲੜੋਆ ਬੰਗਾ)- ਪਿਛਲੇ ਸਮੇ ਦੌਰਾਨ ਟੈਕਸਾਸ ਦੇ ਗਵਰਨਰ ਗਰੇਗ ਅਬੋਟ ਦੀਆਂ ਕੋਸ਼ਿਸ਼ਾਂ ਸਦਕਾ ਰਾਜ ਵਿਚੋਂ ਤਕਰੀਬਨ 9000 ਪ੍ਰਵਾਸੀਆਂ ਨੂੰ ਨਿਊ ਯਾਰਕ ਸ਼ਹਿਰ ਤੇ ਵਾਸ਼ਿੰਗਟਨ, ਡੀ ਸੀ ਵਿਚ ਭੇਜਿਆ ਗਿਆ ਹੈ ਜੋ ਅਮਰੀਕਾ ਵਿਚ ਸ਼ਰਨ ਦੇਣ ਦੀ ਮੰਗ ਕਰ ਰਹੇ ਹਨ। ਅਬੋਟ ਦੇ ਦਫਤਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਪ੍ਰੈਲ ਤੋਂ ਬਾਅਦ ਟੈਕਸਾਸ ਵਿਚੋਂ 7400 ਤੋਂ ਵਧ ਪ੍ਰਵਾਸੀ ਡੀ ਸੀ ਤੇ  ਇਸ ਮਹੀਨੇ 5 ਅਗਸਤ ਤੋਂ ਬਾਅਦ 1500 ਪ੍ਰਵਾਸੀ ਨਿਊ ਯਾਰਕ ਸ਼ਹਿਰ ਵਿਚ ਭੇਜੇ ਗਏ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਬੱਸ ਮਿਸ਼ਨ ਸਰਹੱਦ ਉਪਰ ਬੈਠੇ ਪ੍ਰਵਾਸੀਆਂ ਨੂੰ ਵੱਡੀ ਰਾਹਤ ਪਹੁੰਚਾ ਰਿਹਾ ਹੈ ਤੇ ਇਹ ਮਿਸ਼ਨ ਬਾਈਡਨ ਪ੍ਰਸ਼ਾਸਨ ਦੁਆਰਾ ਸਰਹੱਦ ਸੁਰੱਖਿਅਤ ਕਰਨ ਤੋਂ ਇਨਕਾਰ ਕਰਕੇ ਛੱਡੇ ਖਤਰਨਾਕ ਪਾੜਿਆਂ ਨੂੰ ਪੂਰਨ ਵਿਚ ਮੱਦਦ ਕਰੇਗਾ । ਬਾਈਡਨ ਦੀਆਂ  ਪ੍ਰਵਾਸ ਨੀਤੀਆਂ ਦੇ ਕੱਟੜ ਅਲੋਚਕ ਅਬੋਟ ਨੇ ਇਸ ਸਾਲ ਦੇ ਸ਼ੁਰੂ ਵਿਚ ਇਛੁੱਕ ਪ੍ਰਵਾਸੀਆਂ ਨੂੰ ਬੱਸਾਂ ਰਾਹੀਂ ਡੀ ਸੀ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਵਾਸੀਆਂ ਨੇ ਬੱਸ ਜਾਂ ਜਹਾਜ਼ ਰਾਹੀਂ ਜਾਣਾ ਹੈ, ਇਹ ਉਨਾਂ ਉਪਰ ਨਿਰਭਰ ਹੈ ਪਰੰਤੂ ਪ੍ਰਵਾਸੀਆਂ ਨੂੰ ਹੋਮ ਲੈਂਡ ਸਕਿਉਰਿਟੀ ਵਿਭਾਗ ਦੇ ਦਸਤਾਵੇਜ ਵਿਖਾਉਣੇ ਪੈਣਗੇ। ਮੇਅਰ ਦੇ ਇਮੀਗ੍ਰੇਸ਼ਨ ਦਫਤਰ ਦੇ ਬੁਲਾਰੇ ਨੇ ਕਿਹਾ  ਹੈ ਕਿ ਇਸ ਹਫਤੇ ਨਿਊਯਾਰਕ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀ ਭੇਜੇ ਗਏ ਹਨ ਤੇ ਅਗਲੇ ਦਿਨਾਂ ਦੌਰਾਨ ਪ੍ਰਵਾਸੀਆਂ ਨਾਲ ਭਰੀਆਂ ਹੋਰ ਬੱਸਾਂ ਨਿਊਯਾਰਕ ਲਈ ਰਵਾਨਾ ਹੋਣਗੀਆਂ। ਸ਼ਹਿਰ ਦੇ ਮੇਅਰ ਏਰਿਕ ਐਡਮਜ ਤੇ ਹੋਰ ਅਧਿਕਾਰੀਆਂ ਨੇ ਸ਼ੁਰੂ ਵਿਚ ਅਬੋਟ ਪ੍ਰਸ਼ਾਸਨ ਉਪਰ ਦੋਸ਼ ਲਾਇਆ ਸੀ ਕਿ ਉਹ ਪ੍ਰਵਾਸੀਆਂ ਨੂੰ ਜਬਰਦਸਤੀ ਬੱਸਾਂ ਰਾਹੀਂ ਨਿਊਯਾਰਕ ਭੇਜ ਰਹੇ ਹਨ ਤੇ ਉਹ ਪ੍ਰਵਾਸੀਆਂ ਦੇ ਤਬਾਦਲੇ ਸਬੰਧੀ ਸਹਿਯੋਗ ਨਹੀਂ ਕਰ ਰਿਹਾ। ਇਸੇ ਦੌਰਾਨ ਹੋਮ ਲੈਂਡ ਸਕਿਉਰਿਟੀ ਵਿਭਾਗ ਦੇ ਸਕੱਤਰ ਅਲੇਜੰਡਰੋ ਮੇਓਰਕਸ ਨੇ ਕਿਹਾ ਹੈ ਕਿ ਅਬੋਟ ਪ੍ਰਵਾਸੀਆਂ ਨੂੰ ਬੱਸਾਂ ਰਾਹੀਂ ਡੀ ਸੀ ਤੇ ਨਿਊ ਯਾਰਕ ਭੇਜ ਕੇ ਸੰਘੀ ਪ੍ਰਣਾਲੀ ਨਾਲ ਖਿਲਵਾੜ ਕਰ ਰਿਹਾ ਹੈ। ਸਕੱਤਰ ਨੇ ਸੰਘੀ ਅਧਿਕਾਰੀਆਂ ਨਾਲ ਸਹਿਯੋਗ ਨਾ ਕਰਨ ਕਰਕੇ ਅਬੋਟ ਦੀ  ਅਲੋਚਨਾ ਕੀਤੀ ਹੈ। ਸਕੱਤਰ ਅਨੁਸਾਰ ਜਦੋਂ ਅਬੋਟ ਵਾਂਗ ਕੋਈ ਅਧਿਕਾਰੀ ਇਕਤਰਫਾ ਕੰਮ ਕਰਦਾ ਹੈ ਤਾਂ ਉਹ ਦੂਸਰਿਆਂ ਲਈ ਮੁਸੀਬਤ ਖੜੀ ਕਰ ਦਿੰਦਾ ਹੈ। ਕੁਝ ਵੀ ਹੋਵੇ ਅਬੋਟ ਦੀ ਕਾਰਵਾਈ ਤੋਂ ਪ੍ਰਵਾਸੀ ਖੁਸ਼ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਇਸ ਨਾਲ ਉਨਾਂ ਲਈ ਸ਼ਰਨ ਪ੍ਰਾਪਤ ਕਰਨ ਦਾ ਰਾਹ ਸਾਫ ਹੋਵੇਗਾ।