ਮੈ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾਉਣ ਲਈ ਤਿਆਰ ਹਾਂ-ਕਮਲਾ ਹੈਰਿਸ

ਮੈ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾਉਣ ਲਈ ਤਿਆਰ ਹਾਂ-ਕਮਲਾ ਹੈਰਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - 81 ਸਾਲਾ ਰਾਸ਼ਟਰਪਤੀ ਜੋ ਬਾਈਡਨ ਦੀ ਵੱਡੀ ਉਮਰ ਬਾਰੇ ਵੋਟਰਾਂ ਦੀ ਫਿਕਰ ਦੇ ਦਰਮਿਆਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਕ ਮੁਲਾਕਾਤ ਦੌਰਾਨ ਕਿਹਾ ਹੈ ਕਿ ਉਹ ਦੇਸ਼ ਦੇ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾਉਣ ਲਈ ਤਿਆਰ ਹਨ। ਵਾਲ ਸਟਰੀਟ ਨਾਲ ਗੱਲਬਾਤ ਦੌਰਾਨ ਹੈਰਿਸ ਨੇ ਕਿਹਾ ਕਿ '' ਮੈ ਦੇਸ਼ ਦੇ ਸਰਬਉੱਚ ਅਹੁੱਦੇ 'ਤੇ ਕੰਮ ਕਰਨ ਲਈ ਤਿਆਰ ਹਾਂ। ਜਿਨਾਂ ਲੋਕਾਂ ਨੇ ਮੈਨੂੰ ਉਪ ਰਾਸ਼ਟਰਪਤੀ ਵਜੋਂ ਕੰਮ ਕਰਦਿਆਂ ਵੇਖਿਆ ਹੈ ਉਹ ਦੇਸ਼ ਦੀ ਅਗਵਾਈ ਕਰਨ ਪ੍ਰਤੀ ਮੇਰੀ ਸਮਰੱਥਾ ਨੂੰ ਭਲੀਭਾਂਤ ਜਾਣਦੇ ਹਨ।'' ਉਪ ਰਾਸ਼ਟਰਪਤੀ ਦਾ ਇਹ ਬਿਆਨ ਵਿਸ਼ੇਸ਼ ਕੌਂਸਲ ਰਾਬਰਟ ਹੁਰ ਦੀ ਉਸ ਰਿਪੋਰਟ ਤੋਂ ਬਾਅਦ ਆਇਆ ਹੈ ਜਿਸ ਵਿਚ ਉਸ ਨੇ ਜੋ ਬਾਈਡਨ ਦੀ ਕਮਜੋਰ ਯਾਦਾਸ਼ਤ ਦਾ ਜਿਕਰ ਕੀਤਾ ਹੈ। ਇਸ ਰਿਪੋਰਟ ਵਿਚ ਦੋਸ਼ ਲਾਇਆ ਗਿਆ ਹੈ ਕਿ ਬਾਈਡਨ ਇਹ ਵੀ ਭੁੱਲ ਗਏ ਹਨ ਕਿ ਉਨਾਂ ਨੇ ਉਪ ਰਾਸ਼ਟਰਪਤੀ ਵਜੋਂ ਕਦੋਂ ਕੰਮ ਕੀਤਾ ਸੀ ਜਾਂ ਉਸ ਦੇ ਪੁੱਤਰ ਬੀਊ ਬਾਈਡਨ ਦੀ ਮੌਤ ਕਦੋਂ ਹੋਈ ਸੀ। ਇਸ ਰਿਪੋਰਟ ਉਪਰੰਤ ਰਾਸ਼ਟਰਪਤੀ ਨੇ ਇਨਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ''ਉਨਾਂ ਦੀ ਯਾਦਾਸ਼ਤ ਬਹੁਤ ਵਧੀਆ ਹੈ। ਰਾਸ਼ਟਰਪਤੀ ਵਜੋਂ ਜੋ ਮੈ ਕੀਤਾ ਹੈ ਉਹ ਸਭ ਦੇ ਸਾਹਮਣੇ ਹੈ।'' ਇਥੇ ਜਿਕਰਯੋਗ ਹੈ ਕਿ ਮੋਨਮਾਊਥ ਯੁਨੀਵਰਸਿਟੀ ਵੱਲੋਂ ਪਿਛਲੇ ਸਾਲ ਅਕਤੂਬਰ ਵਿਚ ਕੀਤੇ ਸਰਵੇ ਵਿਚ 76% ਵੋਟਰ ਇਸ ਗੱਲ ਨਾਲ ਸਹਿਮਤ ਹੋਏ ਹਨ ਕਿ ਬਾਈਡਨ ਦੀ ਉਮਰ ਜਿਆਦਾ ਹੈ ਤੇ ਇਹ ਉਮਰ ਦੂਸਰੀ ਵਾਰ ਪ੍ਰਭਾਵਸ਼ਾਲੀ ਢੰਗ ਨਾਲ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾਉਣ ਦੇ ਰਾਹ ਵਿਚ ਅੜਿਕਾ ਬਣ ਸਕਦੀ ਹੈ। ਇਕ ਹੋਰ ਸਰਵੇ ਵਿਚ ਵੀ 76% ਵੋਟਰਾਂ ਨੇ ਬਾਈਡਨ ਦੀ ਦਿਮਾਗੀ ਤੇ ਸਰੀਰਕ ਤੰਦਰੁਸਤੀ ਬਾਰੇ ਚਿੰਤਾ ਪ੍ਰਗਟਾਈ ਹੈ। ਇਸ ਤੋਂ ਪਹਿਲਾਂ ਇਕ ਮੁਲਾਕਾਤ ਵਿੱਚ ਹੈਰਿਸ ਨੇ ਕਿਹਾ ਸੀ ਕਿ ਜੇਕਰ ਲੋੜ ਪਈ ਤਾਂ ਉਹ 'ਕਮਾਂਡਰ ਇਨ ਚੀਫ' ਬਣਨ ਲਈ ਤਿਆਰ ਹਨ ਪਰੰਤੂ ਬਾਈਡਨ ਵਧੀਆ ਸਾਬਤ ਹੋਣਗੇ।