ਮਾਇਆਵਤੀ  ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਲਾਭ ਪਹੁੰਚਾਏਗੀ

ਮਾਇਆਵਤੀ  ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਲਾਭ ਪਹੁੰਚਾਏਗੀ

ਭਾਰਤੀ ਜਨਤਾ ਪਾਰਟੀ ਇਕ ਵਾਰ ਫਿਰ ਰਾਜਨੀਤਕ ਪ੍ਰਬੰਧਾਂ ਦੀ ਉਸਤਾਦ ਸਾਬਿਤ ਹੋਈ ਹੈ।

ਉਸ ਦੇ ਉਲਟ ਵਿਰੋਧੀ ਧਿਰ ਖ਼ਾਸਕਰ ਕਾਂਗਰਸ ਪਾਰਟੀ ਰਾਜਨੀਤਕ ਬਦਇੰਤਜ਼ਾਮੀ 'ਚ ਫਸੀ ਹੋਈ ਹੈ। ਮੋਦੀ ਦਾ ਪ੍ਰਬੰਧ ਦੋ ਪੱਧਰੀ ਲੱਗ ਰਿਹਾ ਹੈ। 'ਅਤੀਤਮੁਖੀ' ਅਤੇ 'ਭਵਿੱਖਮੁਖੀ'। ਤਰ੍ਹਾਂ-ਤਰ੍ਹਾਂ ਦੀਆਂ ਲੋਕ-ਲੁਭਾਓ ਯੋਜਨਾਵਾਂ ਅਤੇ ਰਾਮ ਮੰਦਰ ਦੇ ਇਰਦ-ਗਿਰਦ ਬੁਣਿਆ ਗਿਆ ਵਿਚਾਰ ਅਤੇ ਚਲਾਈ ਗਈ ਹਵਾ ਮੁੱਖ ਤੌਰ 'ਤੇ ਇਕ ਅਸਰਦਾਰ ਪਿੱਠਵਰਤੀ ਸੰਗੀਤ ਦਾ ਕੰਮ ਕਰਨ ਵਾਲੀ ਹੈ। ਪਿੱਛੇ ਇਹ ਧੂੰਆਂਧਾਰ ਸੰਗੀਤ ਚੱਲੇਗਾ ਅਤੇ ਅੱਗੇ ਨੇਤਾਵਾਂ ਅਤੇ ਭਾਈਚਾਰਿਆਂ ਦਾ ਜ਼ੋਰਦਾਰ ਸੁਮੇਲ ਤੇ ਯੋਜਨਾਵਾਂ ਆਪੋ-ਆਪਣੀ ਭੂਮਿਕਾ ਨਿਭਾਉਣਗੇ ਅਤੇ ਵਿਰੋਧੀ ਧਿਰ ਇਕ ਵਾਰ ਫਿਰ ਉਸ ਗ਼ਲਤੀ ਦੀ ਸਜ਼ਾ ਭੋਗੇਗਾ, ਜੋ ਉਸ ਨੇ ਆਪਣੀ ਏਕਤਾ ਕਰਨ 'ਚ ਲਾਪਰਵਾਹੀ ਵਿਖਾ ਕੇ ਕੀਤੀ ਹੈ।

ਮੋਦੀ ਅਤੇ ਉਨ੍ਹਾਂ ਦੇ ਸਲਾਹਕਾਰ ਸੰਭਾਵਿਤ ਤੌਰ 'ਤੇ ਇਸ ਮਾਨਤਾ 'ਤੇ ਪਹੁੰਚ ਗਏ ਹਨ ਕਿ ਚੋਣਾਂ ਜਿੱਤਣ ਲਈ ਉਨ੍ਹਾਂ ਨੂੰ ਜਿੰਨੇ ਤਰ੍ਹਾਂ ਦੇ ਰਣਨੀਤਕ ਪ੍ਰਬੰਧ ਕਰਨੇ ਚਾਹੀਦੇ ਸਨ, ਉਨ੍ਹਾਂ ਨੇ ਉਹ ਸਫਲਤਾਪੂਰਵਕ ਕਰ ਲਏ ਹਨ ਜਾਂ ਜਲਦ ਹੀ ਕਾਮਯਾਬੀ ਨਾਲ ਕਰ ਲਏ ਜਾਣਗੇ। ਜਿੰਨੀਆਂ ਕਮਜ਼ੋਰ ਕੜੀਆਂ ਸਨ, ਉਨ੍ਹਾਂ ਦੀ ਮੁਰੰਮਤ ਕਰ ਲਈ ਗਈ ਹੈ। ਭਾਜਪਾ ਅਤੇ ਮੋਦੀ ਦਾ ਵਧਦਾ ਪ੍ਰਭਾਵ ਕਾਂਗਰਸ ਨੂੰ ਲਗਾਤਾਰ ਕਮਜ਼ੋਰ ਕਰ ਰਿਹਾ ਹੈ। ਸਥਿਤੀ ਇਹ ਹੈ ਕਿ ਜੋ ਨੇਤਾ ਅਜੇ ਕੁਝ ਦਿਨ ਪਹਿਲਾਂ ਹੀ ਕਾਂਗਰਸ ਦੀ ਅਗਵਾਈ ਕਰ ਰਹੇ ਸਨ, ਹੁਣ ਉਨ੍ਹਾਂ ਦੇ ਵੀ ਭਾਜਪਾ 'ਚ ਜਾਣ ਦੀ ਚਰਚਾ ਹੋਣ ਲੱਗੀ ਹੈ। ਅਜਿਹੇ ਨੇਤਾ ਦੋ ਤਰ੍ਹਾਂ ਦੇ ਹਨ। ਇਕ ਉਹ ਜੋ ਇਨ੍ਹਾਂ ਚਰਚਿਆਂ ਦਾ ਖੰਡਨ ਨਹੀਂ ਕਰ ਰਹੇ ਹਨ ਅਤੇ ਚੁੱਪ ਬੈਠੇ ਹਨ। ਇਨ੍ਹਾਂ ਦੀ ਚੁੱਪੀ ਰਣਨੀਤਕ ਕਿਸਮ ਦੀ ਹੈ। ਇਨ੍ਹਾਂ 'ਚ ਪ੍ਰਮੁੱਖ ਨਾਂਅ ਕਮਲਨਾਥ ਦਾ ਹੈ, ਜਿਨ੍ਹਾਂ ਨੂੰ ਕਾਂਗਰਸ ਨੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਸੀ ਅਤੇ ਜੋ ਅਕਤੂਬਰ-ਨਵੰਬਰ 'ਚ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਵਲੋਂ ਮੁੱਖ ਮੰਤਰੀ ਦੇ ਰੂਪ 'ਚ ਪੇਸ਼ ਕੀਤੇ ਜਾ ਰਹੇ ਸਨ। ਅੱਜ ਸਥਿਤੀ ਇਹ ਹੈ ਕਿ ਜਾਂ ਤਾਂ ਉਹ ਆਪਣੇ ਬੇਟੇ ਦੇ ਨਾਲ ਭਾਜਪਾ 'ਚ ਚਲੇ ਜਾਣਗੇ ਜਾਂ ਸਿਰਫ਼ ਉਨ੍ਹਾਂ ਦਾ ਬੇਟਾ ਜਾਵੇਗਾ। ਦੂਜੇ ਨੇਤਾ ਉਹ ਹਨ, ਜੋ ਖੁੱਲ੍ਹ ਕੇ ਕਾਂਗਰਸ ਛੱਡਣ ਦੀ ਪੇਸ਼ਬੰਦੀ ਕਰ ਰਹੇ ਹਨ। ਇਨ੍ਹਾਂ 'ਚ ਪ੍ਰਮੁੱਖ ਨਾਂਅ ਅਚਾਰਿਆ ਪ੍ਰਮੋਦ ਕ੍ਰਿਸ਼ਨਮ ਦਾ ਹੈ। ਉਹ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਦੇ ਪ੍ਰੋਗਰਾਮ 'ਚ ਨਾ ਜਾਣ ਦੇ ਕਾਂਗਰਸੀ ਫ਼ੈਸਲੇ ਤੋਂ ਬਾਅਦ ਖੁੱਲ੍ਹ ਕੇ ਮੋਦੀ ਦੀ ਪ੍ਰਸੰਸਾ ਕਰਨ ਲੱਗੇ ਹਨ। ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਖ਼ੁਦ ਨੂੰ ਕਾਂਗਰਸ 'ਚੋਂ ਕਢਵਾ ਵੀ ਲਿਆ ਹੈ।

ਕਮਲਨਾਥ ਅਤੇ ਪ੍ਰਮੋਦ ਕ੍ਰਿਸ਼ਨਮ ਵਰਗੀ ਹਾਲਤ ਕੁਝ ਹੋਰ ਕਾਂਗਰਸੀ ਨੇਤਾਵਾਂ ਦੀ ਵੀ ਹੋ ਸਕਦੀ ਹੈ। ਅਜਿਹੇ ਵੀ ਕੁਝ ਨੇਤਾ ਹਨ, ਜੋ ਖ਼ੁਦ ਵਿਰੋਧੀ ਧਿਰ 'ਚ ਰਹਿੰਦੇ ਹਨ ਪਰ ਆਪਣੇ ਬੇਟੇ ਜਾਂ ਪਰਿਵਾਰ ਦੇ ਕੁਝ ਲੋਕਾਂ ਨੂੰ ਭਾਜਪਾ 'ਚ ਰੱਖਦੇ ਹਨ। ਨਿਤਿਸ਼ ਕੁਮਾਰ ਦੇ ਸੱਜਾ ਹੱਥ ਸਮਝੇ ਜਾਣ ਵਾਲੇ ਕੇ.ਸੀ. ਤਿਆਗੀ ਬਹੁਚਰਚਿਤ ਪਾਲਾਬਦਲ ਤੋਂ ਪਹਿਲਾਂ ਟੀ.ਵੀ. 'ਤੇ ਭਾਜਪਾ ਨੂੰ ਕਰੜੇ ਹੱਥੀਂ ਲਿਆ ਕਰਦੇ ਸਨ। ਉਹ ਜੇ.ਪੀ. ਲੋਹੀਆ ਅਤੇ ਸਮਾਜਵਾਦੀ ਦੀ ਦੁਹਾਈ ਦੇ ਕੇ ਕਾਫੀ ਆਕਰਸ਼ਕ ਢੰਗ ਨਾਲ ਆਪਣੀਆਂ ਗੱਲਾਂ ਕਹਿੰਦੇ ਸਨ ਪਰ ਉਨ੍ਹਾਂ ਨੇ ਆਪਣੇ ਬੇਟੇ ਅਮਰੀਸ਼ ਤਿਆਗੀ ਨੂੰ ਪਹਿਲਾਂ ਤੋਂ ਹੀ ਭਾਜਪਾ 'ਚ 'ਪਾਰਕ' ਕਰ ਰੱਖਿਆ ਸੀ। ਕਾਂਗਰਸ ਅਤੇ ਵਿਰੋਧੀ ਧਿਰ ਦੇ ਆਗੂਆਂ ਦੇ ਭਾਜਪਾ ਪ੍ਰਤੀ ਝੁਕਣ ਦਾ ਇਹ ਸਿਲਸਿਲਾ ਅਗਲੇ ਕੁਝ ਦਿਨਾਂ 'ਚ ਹੋਰ ਅੱਗੇ ਵਧ ਸਕਦਾ ਹੈ।

ਇਕ ਜ਼ਮਾਨਾ ਸੀ, ਜਦੋਂ ਭਾਜਪਾ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਲਈ ਚੰਗੀ ਜਗ੍ਹਾ ਨਹੀਂ ਮੰਨੀ ਜਾਂਦੀ ਸੀ। ਹੁਣ ਹਾਲਾਤ ਬਦਲ ਚੁੱਕੇ ਹਨ। ਆਪਣੇ ਵਿਸਥਾਰ ਕਰਨ ਦੀ ਪ੍ਰਕਿਰਿਆ 'ਚ ਭਾਜਪਾ ਨੇ ਆਪਣੇ ਦਰਵਾਜ਼ੇ ਕਿਸੇ ਵੀ ਪਾਰਟੀ ਦੇ ਆਗੂਆਂ ਲਈ ਖੋਲ੍ਹ ਦਿੱਤੇ ਹਨ। ਕਾਂਗਰਸ ਤੋਂ ਆਏ ਆਗੂਆਂ ਦੀ ਤਾਂ ਭਾਜਪਾ 'ਚ ਬਹੁਤਾਤ ਹੁੰਦੀ ਜਾ ਰਹੀ ਹੈ। ਉਸ ਦੀ ਉੱਤਰ-ਪੂਰਬ ਦੀ ਰਾਜਨੀਤੀ ਤਾਂ ਮੋਟੇ ਤੌਰ 'ਤੇ ਉਨ੍ਹਾਂ 'ਤੇ ਹੀ ਟਿਕੀ ਹੋਈ ਹੈ। ਆਸਾਮ, ਤ੍ਰਿਪੁਰਾ ਅਤੇ ਮਨੀਪੁਰ ਦੇ ਤਿੰਨਾਂ ਮੁੱਖ ਮੰਤਰੀਆਂ ਦੀ ਜ਼ਿਆਦਾਤਰ ਜ਼ਿੰਦਗੀ ਕਾਂਗਰਸ 'ਚ ਹੀ ਬੀਤੀ ਹੈ। ਰਣਨੀਤਕ ਤੌਰ 'ਤੇ ਭਾਜਪਾ 'ਚ ਬਹੁਤ ਲਚੀਲਾਪਨ ਹੈ। ਇਸ ਦਾ ਲਾਭ ਉਠਾ ਕੇ ਉਸ ਨੇ ਕੁਝ ਆਗੂਆਂ ਨੂੰ ਵਿਰੋਧੀ ਧਿਰ ਕੋਲੋਂ ਖੋਹ ਲਿਆ ਹੈ (ਜਿਵੇਂ ਨਿਤਿਸ਼ ਕੁਮਾਰ ਅਤੇ ਜਯੰਤ ਚੌਧਰੀ), ਕੁਝ ਨੂੰ ਵਿਰੋਧੀ ਧਿਰ 'ਚ ਜਾਣ ਤੋਂ ਰੋਕ ਦਿੱਤਾ ਹੈ (ਜਿਵੇਂ ਮਾਇਆਵਤੀ ਅਤੇ ਚੰਦਰਬਾਬੂ ਨਾਇਡੂ), ਕੁਝ ਪਾਰਟੀਆਂ ਜੋ ਤੰਗ ਕਰ ਰਹੀਆਂ ਸਨ, ਉਨ੍ਹਾਂ ਨੂੰ ਤੋੜ ਦਿੱਤਾ ਗਿਆ ਹੈ (ਜਿਵੇਂ ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ)। ਪਹਿਲਾਂ ਕਦੇ ਸੋਚਿਆ ਵੀ ਨਹੀਂ ਗਿਆ ਸੀ ਕਿ 'ਭਾਰਤ ਰਤਨ' ਦਾ ਸਰਬਉੱਚ ਪੁਰਸਕਾਰ ਛੋਟੇ ਅਤੇ ਲੰਬੇ ਦ੍ਰਿਸ਼ਟੀਕੋਣ ਲਈ ਰਾਜਨੀਤੀ ਦੇ ਦੋਹਰੇ ਟੀਚਿਆਂ ਦੀ ਪੂਰਤੀ ਦਾ ਔਜ਼ਾਰ ਵੀ ਬਣ ਸਕਦਾ ਹੈ। ਕਰਪੂਰੀ ਠਾਕੁਰ, ਚਰਨ ਸਿੰਘ ਅਤੇ ਅਡਵਾਨੀ ਨੂੰ ਇਹ ਪੁਰਸਕਾਰ ਦੇ ਕੇ ਫੌਰੀ ਟੀਚਿਆਂ ਨੂੰ ਤਾਂ ਸਿੱਧ ਕੀਤਾ ਹੀ ਗਿਆ ਹੈ, ਕਾਂਗਰਸ ਦੀ ਰਾਜਨੀਤੀ ਨੂੰ ਸੱਟ ਮਾਰਨ 'ਚ ਇਨ੍ਹਾਂ ਸਿਖਰਲੇ ਪੁਰਸ਼ਾਂ ਦੀ ਭੂਮਿਕਾ ਵੀ ਉਜਾਗਰ ਹੋਈ। ਇਹ ਦੇਖ ਕੇ ਵੀ ਹੈਰਾਨੀ ਹੁੰਦੀ ਹੈ ਕਿ ਜਿਨ੍ਹਾਂ ਨੂੰ 'ਭਾਰਤ ਰਤਨ' ਦਿੱਤਾ ਗਿਆ ਹੈ, ਬੀਤੇ ਸਮੇਂ 'ਚ ਭਾਜਪਾ ਉਨ੍ਹਾਂ ਖ਼ਿਲਾਫ਼ ਸੰਘਰਸ਼ ਕਰਦੀ ਰਹੀ ਹੈ। ਉਨ੍ਹਾਂ ਦੇ ਨਾਲ ਸੰਘ ਅਤੇ ਪਾਰਟੀ ਦੇ ਰਿਸ਼ਤੇ ਤਲਖ਼ੀ ਵਾਲੇ ਸਨ, ਜਿਵੇਂ ਕਰਪੂਰੀ ਠਾਕੁਰ ਦੀ ਸਰਕਾਰ ਜਨਸੰਘ ਨੇ ਹੀ ਡੇਗੀ ਸੀ। ਚਰਨ ਸਿੰਘ ਨੇ ਜਨਤਾ ਪਾਰਟੀ 'ਚ ਦੋਹਰੀ ਮੈਂਬਰਸ਼ਿਪ ਦਾ ਸਵਾਲ ਚੁੱਕ ਕੇ ਜਨਸੰਘੀਆਂ ਨੂੰ ਮੁਸ਼ਕਿਲ 'ਚ ਪਾ ਦਿੱਤਾ ਸੀ।

ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ, ਪੰਜ ਸਾਲ ਪਹਿਲਾਂ 2019 ਦੀਆਂ ਚੋਣਾਂ ਤੋਂ ਪਹਿਲਾਂ ਸ਼ਾਮ ਨੂੰ ਇਸ ਸਰਕਾਰ ਨੇ ਵੀ ਆਪਣਾ ਖ਼ਜ਼ਾਨਾ ਖੋਲ੍ਹਿਆ ਸੀ। ਉਸ ਸਮੇਂ ਮੋਦੀ ਤਿੰਨ ਵਿਧਾਨ ਸਭਾਵਾਂ ਦੀਆਂ ਚੋਣਾਂ ਹਾਰ ਚੁੱਕੇ ਸਨ। ਕਾਂਗਰਸ ਮੰਨ ਰਹੀ ਸੀ ਕਿ ਉਹ ਮੋਦੀ ਨੂੰ ਹਰਾ ਸਕਦੀ ਹੈ। ਇਸ ਵਾਰ ਖੇਡ ਪਲਟ ਚੁੱਕੀ ਹੈ। ਸਹਿਯੋਗੀ ਦਲ ਕਾਂਗਰਸ ਨੂੰ ਛੱਡਣ ਬਾਰੇ ਸੋਚ ਰਹੇ ਹਨ। ਅਜਿਹੇ 'ਚ ਉਹ ਸੋਚ ਰਹੇ ਹਨ ਕਿ ਅਗਲੇ ਪੰਜ ਸਾਲਾਂ ਲਈ ਕਮਰ ਕਿਉਂ ਨਾ ਕੱਸੀ ਜਾਵੇ। ਆਖ਼ਰ ਅਗਲੇ ਪੰਜ ਸਾਲ ਸਰਕਾਰ ਇਸੇ ਸਰਕਾਰ ਦੇ ਹੱਥਾਂ 'ਚ ਹੀ ਰਹਿਣ ਵਾਲੀ ਹੈ। ਮੋਦੀ ਜਾਣਦੇ ਹਨ ਕਿ ਲੋਕ-ਲੁਭਾਊ ਯੋਜਨਾਵਾਂ ਜਾਂ ਲਾਭਪਾਤਰੀਆਂ ਦਾ ਸੰਸਾਰ ਆਪਣੇ ਆਪ ਵੋਟਾਂ 'ਚ ਨਹੀਂ ਬਦਲਦਾ। ਉਸ 'ਤੇ ਤਿੰਨ ਪੱਧਰਾਂ 'ਤੇ ਕੰਮ ਕਰਨਾ ਹੁੰਦਾ ਹੈ। ਰਾਜਾਂ ਦੇ ਪੱਧਰ 'ਤੇ ਜਿੱਥੇ ਆਪਣੀ ਸਥਿਤੀ ਲਗਾਤਾਰ ਮਜ਼ਬੂਤ ਕਰਨਾ ਜ਼ਰੂਰੀ ਹੁੰਦਾ ਹੈ, ਆਗੂਆਂ ਦੇ ਪੱਧਰ 'ਤੇ ਜੋ ਵੱਖ-ਵੱਖ ਭਾਈਚਾਰਿਆਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਭਾਈਚਾਰਿਆਂ ਦੀ ਪੱਧਰ 'ਤੇ ਜਿਨ੍ਹਾਂ ਨੂੰ ਲਗਾਤਾਰ ਪਾਰਟੀ ਦੇ ਨਾਲ ਜੋੜਨ ਦੀ ਮੁਹਿੰਮ ਚਲਾਉਣੀ ਪੈਂਦੀ ਹੈ। 2019 'ਚ ਮੋਦੀ ਇਨ੍ਹਾਂ ਤਿੰਨਾਂ ਪੱਧਰਾਂ 'ਤੇ ਪੂਰਾ ਕੰਮ ਨਹੀਂ ਕਰ ਸਕੇ ਸਨ। ਤਿੰਨ ਚੋਣਾਂ ਹਾਰਨ ਤੋਂ ਬਾਅਦ ਰਾਜਾਂ 'ਚ ਉਨ੍ਹਾਂ ਦੀ ਸਥਿਤੀ ਭਰੋਸੇਮੰਦ ਨਹੀਂ ਸੀ। ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਬਹੁਤ ਵੱਡੀ ਚੁਣੌਤੀ ਦੇ ਰੂਪ 'ਚ ਦੇਖਿਆ ਜਾ ਰਿਹਾ ਸੀ। ਕਰੀਬ ਛੇ ਮਹੀਨੇ ਪਹਿਲਾਂ ਤਕਰੀਬਨ ਭਾਜਪਾ ਇਸੇ ਤਰ੍ਹਾਂ ਦੀ ਸਥਿਤੀ ਨਾਲ ਦੋ-ਚਾਰ ਹੋ ਰਹੀ ਸੀ। ਬਿਹਾਰ, ਮਹਾਰਾਸ਼ਟਰ ਅਤੇ ਕਰਨਾਟਕ ਉਸ ਦੀਆਂ ਕਮਜ਼ੋਰ ਕੜੀਆਂ ਸਨ। ਪਰ ਜਿਵੇਂ ਹੀ ਉਨ੍ਹਾਂ ਨੇ ਤਿੰਨ ਸੂਬਿਆਂ ਦੀਆਂ ਚੋਣਾਂ ਜਿੱਤੀਆਂ, ਅਜਿਹਾ ਲੱਗਾ ਕਿ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਹੋਣ।

ਇਸ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਇਹ ਉਮੀਦ ਵੀ ਹੈ ਕਿ ਜੋ ਭਾਈਚਾਰੇ ਉਸ ਨੂੰ ਪਹਿਲਾਂ ਵੋਟਾਂ ਨਹੀਂ ਪਾਉਂਦੇ ਸਨ, ਉਨ੍ਹਾਂ ਦਾ ਇਕ ਹਿੱਸਾ ਵੀ ਉਸ ਨੂੰ ਸਮਰਥਨ ਦੇ ਸਕਦਾ ਹੈ। ਇਨ੍ਹਾਂ 'ਚ ਉੱਤਰ ਪ੍ਰਦੇਸ਼ ਦੇ ਜਾਟਵ ਭਾਈਚਾਰੇ ਦੇ ਵੋਟਰਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਇਨ੍ਹਾਂ ਵੋਟਰਾਂ ਨੇ ਪੱਛਮੀ ਉੱਤਰ ਪ੍ਰਦੇਸ਼ 'ਚ ਘੱਟ ਹੁੰਦੀਆਂ ਜਾਟਵ ਵੋਟਾਂ ਦੀ ਇਕ ਹੱਦ ਤੱਕ ਭਰਪਾਈ ਕੀਤੀ ਸੀ। ਇਸ ਵਾਰ ਭਾਜਪਾ ਦੀ ਕੋਸ਼ਿਸ਼ ਹੋਵੇਗੀ ਕਿ ਪੂਰੇ ਸੂਬੇ ਦੇ ਪੱਧਰ 'ਤੇ ਜਾਟਵ ਵੋਟਰ ਉਸ ਵੱਲ ਆਉਣ। ਮਾਇਆਵਤੀ ਨੇ ਉਸ ਦਾ ਇਹ ਕੰਮ ਸੌਖਾ ਵੀ ਕਰ ਦਿੱਤਾ ਹੈ। ਵੱਖਰੀਆਂ ਚੋਣਾਂ ਲੜ ਕੇ ਅਤੇ ਵਿਰੋਧੀ ਗੱਠਜੋੜ ਤੋਂ ਦੂਰ ਰਹਿ ਕੇ ਉਸ ਨੇ ਆਪਣੇ ਆਧਾਰ-ਵੋਟਰਾਂ ਲਈ ਵੋਟਿੰਗ ਤਰਜੀਹਾਂ 'ਤੇ ਫਿਰ ਤੋਂ ਵਿਚਾਰ ਕਰਨ ਦੀਆਂ ਸਥਿਤੀਆਂ ਪੈਦਾ ਕਰ ਦਿੱਤੀਆਂ ਹਨ। 'ਏ.ਬੀ.ਪੀ.' ਅਤੇ 'ਆਜ ਤੱਕ' ਵਰਗੇ ਚੈਨਲਾਂ 'ਤੇ ਪ੍ਰਸਾਰਿਤ ਹੋਏ ਸਰਵੇਖਣਾਂ ਨੇ ਦਿਖਾਇਆ ਹੈ ਕਿ ਮਾਇਆਵਤੀ ਦੇ ਹੱਥ ਲੋਕ ਸਭਾ ਚੋਣਾਂ 'ਚ ਕੁਝ ਲੱਗਣ ਵਾਲਾ ਨਹੀਂ ਹੈ। ਜ਼ਾਹਿਰ ਹੈ ਕਿ ਇਸ ਦਾ ਸ਼ੁੱਧ ਲਾਭ ਭਾਜਪਾ ਦੇ ਖਾਤੇ 'ਚ ਹੀ ਜਾਵੇਗਾ।

 

ਅਭੈ ਕੁਮਾਰ ਦੂਬੇ

ਪ੍ਰੋਫ਼ੈਸਰ , ਅੰਬੇਡਕਰ ਵਿਸ਼ਵ ਯੂਨੀਵਰਸਿਟੀ,