ਬਿਹਾਰ ਵਿਚ ਨਿਤਿਸ਼ ਕੁਮਾਰ ਕਿਵੇਂ ਸਾਬਤ ਕਰਨਗੇ ਬਹੁਮਤ?

ਬਿਹਾਰ ਵਿਚ ਨਿਤਿਸ਼ ਕੁਮਾਰ ਕਿਵੇਂ ਸਾਬਤ ਕਰਨਗੇ ਬਹੁਮਤ?

ਅੰਮ੍ਰਿਤਸਰ ਟਾਈਮਜ਼ ਬਿਊਰੋ

ਬਿਹਾਰ: ਬਿਹਾਰ ਵਿਚ ਨਿਤਿਸ਼ ਕੁਮਾਰ ਇਕ ਵਾਰ ਫਿਰ ਭਾਜਪਾ ਦੇ ਸਮਰਥਨ ਨਾਲ ਨਵੇਂ ਸਿਰੇ ਤੋਂ ਮੁੱਖ ਮੰਤਰੀ ਬਣ ਗਏ ਹਨ ਪਰ ਇਸ ਵਾਰ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨ ਨੂੰ ਲੈ ਕੇ ਟਕਰਾਅ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਵਿਧਾਨ ਸਭਾ ਸਪੀਕਰ ਅਵਧ ਬਿਹਾਰੀ ਚੌਧਰੀ ਰਾਸ਼ਟਰੀ ਜਨਤਾ ਦਲ ਦੇ ਨੇਤਾ ਹਨ। ਇਸ ਲਈ ਕਿਹਾ ਜਾ ਰਿਹਾ ਹੈ ਕਿ ਜੇਕਰ ਨਿਤਿਸ਼ ਦੀ ਪਾਰਟੀ ਦੇ ਕੁਝ ਵਿਧਾਇਕ ਵਿਸ਼ਵਾਸ ਮਤ ਵਿਰੁੱਧ ਵੋਟ ਦਿੰਦੇ ਹਨ ਤਾਂ ਸਪੀਕਰ ਉਨ੍ਹਾਂ ਨੂੰ ਵੱਖਰੇ ਗੁਟ ਦੀ ਮਾਨਤਾ ਦੇ ਦੇਵੇਗਾ ਅਤੇ ਉਸ ਤੋਂ ਬਾਅਦ ਅਯੋਗਤਾ ਦਾ ਮਾਮਲਾ ਲੰਮੇ ਸਮੇਂ ਤੱਕ ਚਲਦਾ ਰਹੇਗਾ। ਵਰਨਣਯੋਗ ਹੈ ਕਿ ਬਿਹਾਰ ਵਿਚ ਜਨਤਾ ਦਲ 'ਯੂ' ਅਤੇ ਭਾਜਪਾ ਦੀ ਨਵੀਂ ਸਰਕਾਰ ਕੋਲ ਸਾਧਾਰਨ ਬਹੁਮਤ ਹੋਵੇਗਾ। ਬਿਹਾਰ ਦੀ 243 ਮੈਂਬਰਾਂ ਵਾਲੀ ਵਿਧਾਨ ਸਭਾ ਵਿਚ ਭਾਜਪਾ ਦੇ 78, ਜਨਤਾ ਦਲ 'ਯੂ' ਦੇ 45 ਅਤੇ ਹਿੰਦੁਸਤਾਨ ਆਵਾਮ ਮੋਰਚਾ ਦੇ ਚਾਰ ਵਿਧਾਇਕ ਹਨ। ਸਰਕਾਰ ਨੂੰ ਇਕ ਆਜ਼ਾਦ ਵਿਧਾਇਕ ਦਾ ਸਮਰਥਨ ਹੋਵੇਗਾ। ਇਸ ਤਰ੍ਹਾਂ ਕੁੱਲ ਗਿਣਤੀ 128 ਦੀ ਬਣਦੀ ਹੈ, ਜੋ ਬਹੁਮਤ ਤੋਂ ਛੇ ਜ਼ਿਆਦਾ ਹਨ। ਦੂਜੇ ਪਾਸੇ ਰਾਸ਼ਟਰੀ ਜਨਤਾ ਦਲ 79 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਹੈ ਅਤੇ ਉਸ ਦੇ ਨਾਲ ਕਾਂਗਰਸ ਦੇ 19 ਅਤੇ ਖੱਬੇ ਪੱਖੀ ਪਾਰਟੀਆਂ ਦੇ 16 ਵਿਧਾਇਕ ਹਨ। ਅਸਦੁਦੀਨ ਓਵੈਸੀ ਦੀ ਪਾਰਟੀ ਦੇ ਇਕ ਵਿਧਾਇਕ ਦਾ ਸਮਰਥਨ ਜੋੜੀਏ ਤਾਂ ਇਨ੍ਹਾਂ ਦੀ ਗਿਣਤੀ 115 ਬਣਦੀ ਹੈ, ਸੋ, ਜੇਕਰ ਨਿਤਿਸ਼ ਕੁਮਾਰ ਦੀ ਪਾਰਟੀ ਦੇ ਸੱਤ-ਅੱਠ ਵਿਧਾਇਕ ਵਿਸ਼ਵਾਸ ਮਤ ਵਿਰੁੱਧ ਵੋਟ ਦਿੰਦੇ ਹਨ ਤਾਂ ਸਰਕਾਰ ਡਿੱਗ ਸਕਦੀ ਹੈ। ਇਸ ਦਰਮਿਆਨ ਇਹ ਵੀ ਖ਼ਬਰ ਹੈ ਕਿ ਲਾਲੂ ਪ੍ਰਸਾਦ ਨੇ ਹਿੰਦੁਸਤਾਨ ਆਵਾਮ ਮੋਰਚਾ ਦੇ ਨੇਤਾ ਜਤਿਨ ਰਾਮ ਮਾਂਝੀ ਦੇ ਬੇਟੇ ਸੰਤੋਸ਼ ਸੁਮਨ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਪ੍ਰਸਤਾਵ ਦੇ ਕੇ ਉਨ੍ਹਾਂ ਨੂੰ ਤੋੜਨ ਦਾ ਦਾਅ ਵੀ ਚੱਲਿਆ ਹੈ। ਪਰ ਦੂਜੇ ਪਾਸੇ ਕਾਂਗਰਸ ਦੇ ਵਿਧਾਇਕਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਵੀ ਸ਼ੁਰੂ ਹੋ ਗਈਆਂ ਹਨ।