ਹਿੰਦੂ ਰਾਸ਼ਟਰਵਾਦ ਅਤੇ ਅਖੰਡ ਭਾਰਤ ਹਿੰਦੂ ਰਾਸ਼ਟਰਵਾਦੀਆਂ ਦੀ ਮਿਥ

ਹਿੰਦੂ ਰਾਸ਼ਟਰਵਾਦ ਅਤੇ ਅਖੰਡ ਭਾਰਤ ਹਿੰਦੂ ਰਾਸ਼ਟਰਵਾਦੀਆਂ ਦੀ ਮਿਥ

ਕੀ ਦੇਸ਼ਾਂ ਦੀਆਂ ਸਰਹੱਦਾਂ ਹਮੇਸ਼ਾ ਇੱਕੋ ਜਿਹੀਆਂ ਰਹਿੰਦੀਆਂ ਹਨ?

ਜਾਂ ਕੀ ਇਹ ਸਮੇਂ ਦੇ ਨਾਲ ਬਦਲਦੀਆਂ ਹਨ? ਕਈ ਮੌਕਿਆਂ 'ਤੇ ਸਾਮਰਾਜਾਂ ,ਰਾਜਿਆਂ ਅਤੇ ਆਧੁਨਿਕ ਨੇਸ਼ਨ ਸਟੇਟ ਦੀਆਂ ਹੱਦਾਂ ਵਿਚਾਲੇ ਅੰਤਰ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ।

ਅਕਸਰ ਕਿਹਾ ਜਾਂਦਾ ਹੈ ਕਿ 'ਅਸੀਂ' ਇੱਥੇ ਰਾਜ ਕਰਦੇ ਸੀ ਜਾਂ 'ਸਾਡਾ' ਰਾਜ ਇੱਥੋਂ ਤੱਕ ਫੈਲਿਆ ਹੋਇਆ ਸੀ। ਅਸਲ ਵਿੱਚ, 'ਇਸ' ਸ਼ਬਦ ਦਾ ਪ੍ਰਯੋਗ ਸਮਾਜਿਕ ਵਿਕਾਸ ਦੇ ਕਿਸੇ ਵੀ ਪੜਾਅ ਵਿਚ ਲੋਕਾਂ ਲਈ ਕੀਤਾ ਜਾ ਸਕਦਾ ਹੈ, ਭਾਵੇਂ ਉਹ ਸਾਮਰਾਜੀਆਂ ਦੇ ਅਧੀਨ ਹੋਣ ਜਾਂ ਆਧੁਨਿਕ ਨੇਸ਼ਨ ਸਟੇਟ ਦੇ ਨਾਗਰਿਕ ਹੋਣ। ਸਾਡਾ ਸਮਾਜਿਕ ਸਰੂਪ ਵੀ ਬਦਲ ਰਿਹਾ ਹੈ। ਜਦੋਂ ਮਨੁੱਖ ਪਹਿਲਾਂ ਜਾਨਵਰਾਂ ਦਾ ਸ਼ਿਕਾਰ ਕਰਕੇ ਅਤੇ ਕੰਦ ਮੂਲ ਇਕੱਠਾ ਕਰਕੇ ਅਤੇ ਉਸ ਤੋਂ ਬਾਅਦ ਪਸ਼ੂ ਪਾਲਣ ਨਾਲ ਗੁਜ਼ਾਰਾ ਕਰਦੇ ਸਨ, ਤਾਂ ਉਨ੍ਹਾਂ ਨੂੰ ਸ਼ਾਇਦ ਹੀ ਪਤਾ ਸੀ ਕਿ ਉਹ ਕਿਸ ਖੇਤਰ ਵਿੱਚ ਰਹਿ ਰਹੇ ਹਨ। ਪੇਂਡੂ ਸਮਾਜਾਂ ਅਤੇ ਕਬਾਇਲੀ ਸਮੂਹਾਂ ਵਿੱਚ, ਲੋਕਾਂ ਦੀ ਆਪਣੇ ਨਿਵਾਸ ਦੇ ਖੇਤਰ ਦੇ ਸੰਬੰਧ ਵਿਚ ਧਾਰਨਾ ਬਹੁਤ ਅਸਪਸ਼ਟ ਹੁੰਦੀ ਸੀ। ਜਦ ਮਨੁੱਖਾਂ ਨੇ ਖੇਤੀ ਸ਼ੁਰੂ ਕੀਤੀ ਉਸ ਤੋਂ ਬਾਅਦ ਰਾਜ ਉਸਾਰੇ ਗਏ ,ਹੱਦਾਂ ਤੇ ਸਰਹੱਦਾਂ ਨਿਸ਼ਚਿਤ ਕੀਤੀਆਂ ਗਈਆਂ।

ਸਾਮਰਾਜ ਦੀਆਂ ਹੱਦਾਂ ਹਮੇਸ਼ਾ ਬਦਲਦੀਆਂ ਰਹੀਆਂ। ਚੋਲ ਸਾਮਰਾਜ ਅਤੇ ਇਸਦੇ ਵਿਰੋਧੀ ਰਾਜਾਂ ਨੇ ਧਰਤੀ ਦੇ ਇਸ ਹਿੱਸੇ ਉੱਤੇ ਰਾਜ ਕੀਤਾ। ਰਾਜਿੰਦਰ ਚੋਲ ਦੇ ਸਮੇਂ ਭਾਵੇਂ ਚੋਲ ਸਾਮਰਾਜ ਬਹੁਤ ਵਿਸ਼ਾਲ ਹੋ ਗਿਆ ਸੀ ਪਰ ਫਿਰ ਵੀ ਇਹ ਦੇਸ਼ ਦੇ ਦੱਖਣ ਤੱਕ ਸੀਮਤ ਸੀ। ਅਹੋਮ ਉੱਤਰ-ਪੂਰਬ ਵਿੱਚ ਰਾਜ ਕਰਦੇ ਸਨ ਅਤੇ ਉਨ੍ਹਾਂ ਦੇ ਸਾਮਰਾਜ ਦੀਆਂ ਹੱਦਾਂ ਦਾ ਬਹੁਤ ਸਪੱਸ਼ਟ ਵੇਰਵਾ ਮੌਜੂਦ ਨਹੀਂ ਹੈ। ਇਹ ਜ਼ਰੂਰ ਪਤਾ ਹੈ ਕਿ ਸਮੇਂ ਦੇ ਨਾਲ ਇਨ੍ਹਾਂ ਰਿਆਸਤਾਂ ਦੀਆਂ ਸੀਮਾਵਾਂ ਬਦਲਦੀਆਂ ਰਹੀਆਂ ਅਤੇ ਕਿਸੇ ਰਾਜੇ ਦੇ ਵਾਰਿਸ ਨੂੰ ਉਸ ਦੇ ਪੂਰਵਜਾਂ ਵਾਂਗ ਰਾਜ ਕਰਨ ਦਾ ਮੌਕਾ ਨਹੀਂ ਮਿਲਦਾ ਸੀ। ਮੌਰੀਆ ਸਾਮਰਾਜ ਖੇਤਰ ਦੇ ਲਿਹਾਜ਼ ਨਾਲ ਪ੍ਰਾਚੀਨ ਸਾਮਰਾਜਾਂ ਵਿੱਚੋਂ ਸਭ ਤੋਂ ਵੱਡਾ ਸਮਰਾਜ ਸੀ, ਅਤੇ ਇਸ ਤੋਂ ਬਾਅਦ ਸ਼ੁੰਗ ਵੰਸ਼ ਜਿਸਨੇ ਇਸ ਦੇ ਬਾਅਦ ਰਾਜ ਕੀਤਾ । ਇਸ ਦਾ ਰਾਜ ਖੇਤਰ ਇਸ ਤੋਂ ਬਹੁਤ ਵੱਖਰਾ ਸੀ। ਇੱਥੋਂ ਤੱਕ ਕਿ 'ਵਿਦੇਸ਼ੀ' ਮੁਗਲ ਸਾਮਰਾਜ ਬਾਰੇ ਬਹੁਤ ਚਰਚਾ ਕੀਤੀ ਜਾਂਦੀ ਹੈ, ਉਹ ਖੇਤਰੀ ਤੌਰ 'ਤੇ ਸਥਿਰ ਨਹੀਂ ਸੀ। ਔਰੰਗਜ਼ੇਬ ਦੇ ਸਮੇਂ ਦੌਰਾਨ ਇਹ ਸਭ ਤੋਂ ਵੱਡਾ ਸੀ ਤੇ ਇਹ ਦੱਖਣੀ ਭਾਰਤ ਤੱਕ ਫੈਲਿਆ ਹੋਇਆ ਸੀ।ਅੰਗਰੇਜ਼ਾਂ ਦੇ ਆਉਣ ਨਾਲ, ਭਾਰਤ ਦੀਆਂ ਹੱਦਾਂ ਹੋਰ ਸਪੱਸ਼ਟ ਤੌਰ 'ਤੇ ਪਰਿਭਾਸ਼ਿਤ ਕੀਤੀਆਂ ਗਈਆਂ ਸਨ । ਇੱਥੋਂ ਤੱਕ ਕਿ ਉਹ ਰਿਆਸਤਾਂ ਆਪਣਾ ਵਾਜੂਦ ਬਚਾ ਸਕੀਆਂ ਜੋ ਅੰਗਰੇਜ਼ਾਂ ਦੇ ਰਹਿਮ 'ਤੇ ਸਨ। ਉਸਨੇ ਬ੍ਰਿਟਿਸ਼ ਸੱਤਾ ਨਾਲ ਮਿਲੀਭੁਗਤ ਕਰਕੇ ਰਾਜ ਕੀਤਾ। ਇਨ੍ਹਾਂ ਰਿਆਸਤਾਂ ਕੋਲ ਸਿਰਫ਼ ਰਸਮੀ ਪ੍ਰਭੂਸੱਤਾ ਸੀ।

ਬ੍ਰਿਟਿਸ਼ ਨੇ ਮਿਆਂਮਾਰ 'ਤੇ ਵੀ ਰਾਜ ਕੀਤਾ, ਜੋ ਉਨ੍ਹਾਂ ਦੇ ਸਾਮਰਾਜ ਦਾ ਹਿੱਸਾ ਸੀ ਅਤੇ ਬਾਅਦ ਵਿੱਚ ਇੱਕ ਸੁਤੰਤਰ ਰਾਸ਼ਟਰ ਬਣ ਗਿਆ। ਇਹੀ ਹਾਲ ਸੀਲੋਨ ਦਾ ਸੀ ਜਿਸਨੂੰ ਅੱਜ ਸ਼੍ਰੀਲੰਕਾ ਕਿਹਾ ਜਾਂਦਾ ਹੈ। ਭਗਤ ਸਿੰਘ, ਅੰਡੇਮਾਨ ਜੇਲ੍ਹ ਜਾਣ ਤੋਂ ਪਹਿਲਾਂ ਸਾਵਰਕਰ ਅਤੇ ਨੇਤਾਜੀ ਸੁਭਾਸ਼ ਦੀ ਆਜ਼ਾਦ ਹਿੰਦ ਫ਼ੌਜ , ਕਾਂਗਰਸ ਅਤੇ ਰਾਸ਼ਟਰਵਾਦੀ ਜਥੇਬੰਦੀਆਂ ਦੁਆਰਾ ਬਸਤੀਵਾਦੀ ਸ਼ਕਤੀ ਦਾ ਵਿਰੋਧ ਕੀਤਾ ਗਿਆ ਸੀ।ਅੰਗਰੇਜ਼ਾਂ ਨੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾਈ ਜਿਸ ਨੇ ਫਿਰਕੂ ਸ਼ਕਤੀਆਂ ਨੂੰ ਜਨਮ ਦਿੱਤਾ ਜੋ ਸਮਾਜ ਵਿਚ ਫੁਟ ਪਾਕੇ ਅੰਗਰੇਜ਼ ਸਰਕਾਰ ਨੂੰ ਤਾਕਤ ਦੇ ਰਹੀਆਂ ਸਨ। ਗਾਂਧੀ ਜੀ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਤਾਕਤਾਂ ਨੇ ਇੱਕ ਅਖੰਡ ਭਾਰਤ ਦਾ ਸੁਪਨਾ ਲਿਆ ਸੀ, ਜਿਸ ਵਿਚ ਅੱਜ ਦਾ ਪਾਕਿਸਤਾਨ, ਬੰਗਲਾਦੇਸ਼ ਅਤੇ ਭਾਰਤ ਦਾ ਖੇਤਰ ਸ਼ਾਮਲ ਸੀ। ਵੰਡ ਦੇ ਦੁਖਾਂਤ ਨੇ ਰਾਸ਼ਟਰਵਾਦੀ ਤਾਕਤਾਂ ਦਾ ਸੁਪਨਾ ਚੂਰ ਚੂਰ ਕਰ ਦਿੱਤਾ ਅਤੇ ਅੰਗਰੇਜ਼ਾਂ ਦੀ ਦੇਸ਼ ਨੂੰ ਵੰਡਣ ਦੀ ਸਾਜ਼ਿਸ਼ ਸਫਲ ਹੋ ਗਈ। ਮੁਸਲਿਮ ਫਿਰਕੂ ਤਾਕਤਾਂ ਨੇ ਮੁਸਲਿਮ ਬਹੁਗਿਣਤੀ ਵਾਲੇ ਇਲਾਕਿਆਂ ਨੂੰ ਪਾਕਿਸਤਾਨ ਵਿੱਚ ਮਿਲਾ ਦੇਣ ਦੀ ਮੰਗ ਕੀਤੀ ਅਤੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਨੇ ਇੱਕ ਅਖੰਡ ਭਾਰਤ ਦੀ ਮੰਗ ਕੀਤੀ, ਜੋ ਉਨ੍ਹਾਂ ਅਨੁਸਾਰ ਪੁਰਾਣੇ ਸਮੇਂ ਤੋਂ ਇੱਕ ਹਿੰਦੂ ਰਾਸ਼ਟਰ ਸੀ!

ਜਦੋਂ ਕਿ ਹਿੰਦੂ ਅਤੇ ਮੁਸਲਿਮ ਰਾਸ਼ਟਰਵਾਦੀਆਂ ਨੇ ਧਰਮ ਦਾ ਸਹਾਰਾ ਲਿਆ ਅਤੇ 'ਦੂਜੇ' ਭਾਈਚਾਰੇ ਦੇ ਲੋਕਾਂ ਵਿਰੁੱਧ ਨਫ਼ਰਤ ਫੈਲਾਈ, ਰਾਸ਼ਟਰਵਾਦੀ ਤਾਕਤਾਂ ਨੂੰ ਉਹ ਭਾਰਤ ਸਵੀਕਾਰ ਕਰਨਾ ਪਿਆ ਜਿਸ ਦੀਆਂ ਸੀਮਾਵਾਂ ਰੈੱਡਕਲਿਫ ਦੁਆਰਾ ਨਿਰਧਾਰਤ ਕੀਤੀਆਂ ਗਈਆਂ ਸਨ।

ਭਾਰਤ ਧਰਮ ਨਿਰਪੱਖਤਾ ਦੇ ਰਾਹ 'ਤੇ ਤੁਰਿਆ। ਸਮਾਜ ਪੂਰੀ ਤਰ੍ਹਾਂ ਧਰਮ ਨਿਰਪੱਖ ਨਾ ਹੋਣ ਕਾਰਨ ਧਰਮ ਨਿਰਪੱਖਤਾ ਦੇ ਰਾਹ ਵਿਚ ਕਈ ਔਕੜਾਂ ਸਨ ਅਤੇ ਸੱਤਾਧਾਰੀ ਕਾਂਗਰਸ ਵਿਚ ਕਈ ਹਿੰਦੂ ਫਿਰਕਾਪ੍ਰਸਤ ਤੱਤ ਸਨ। ਨਹਿਰੂ ਨੇ ਪਾਰਟੀ ਦੇ ਅੰਦਰ ਫਿਰਕੂ ਤਾਕਤਾਂ ਦੀ ਵਧ ਰਹੀ ਤਾਕਤ ਬਾਰੇ ਚੇਤਾਵਨੀ ਦਿੱਤੀ ਸੀ, ਪਰ ਬਹੁਤ ਕੁਝ ਨਹੀਂ ਕੀਤਾ ਜਾ ਸਕਿਆ ।ਉਸ ਸਮੇਂ ਹਿੰਦੂ ਫਿਰਕਾਪ੍ਰਸਤ ਲੋਕਾਂ ਨੇ, ਆਰਐਸਐਸ ਦੀਆਂ ਸ਼ਾਖਾਵਾਂ ਵਿੱਚ ਸਿਖਲਾਈ ਪ੍ਰਾਪਤ ਕਰਕੇ, ਸਮਾਜ ਅਤੇ ਰਾਜਨੀਤੀ ਵਿੱਚ ਪ੍ਰਭਾਵ ਪਾਇਆ, ਜਿਸ ਦੇ ਫਲਸਰੂਪ ਅੱਜ ਦੇ ਹਾਲਾਤ ਬਣ ਗਏ।ਇਨ੍ਹਾਂ ਫਿਰਕੂ ਤਾਕਤਾਂ ਨੇ ਨਾ ਸਿਰਫ਼ ਮੁਸਲਮਾਨਾਂ ਅਤੇ ਈਸਾਈਆਂ ਨੂੰ ਹਾਸ਼ੀਏ 'ਤੇ ਪਹੁੰਚਾਇਆ ਹੈ, ਸਗੋਂ ਉਹ ਭਾਰਤੀ ਸੰਵਿਧਾਨ ਵਿਰੁੱਧ ਵੀ ਪ੍ਰਚਾਰ ਕਰ ਰਹੇ ਹਨ ਅਤੇ ਆਪਣੀ ਫਿਰਕੂ ਸੋਚ ਦਾ ਪ੍ਰਦਰਸ਼ਨ ਕਰ ਰਹੇ ਹਨ। ਇਹ ਗੱਲ ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਵੀ ਜ਼ਾਹਿਰ ਹੁੰਦੀ ਹੈ ਜਿੱਥੇ ਅਖੰਡ ਭਾਰਤ ਦਾ ਨਕਸ਼ਾ ਲਗਾਇਆ ਹੈ।ਇਹ ਨਕਸ਼ਾ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਭੂਟਾਨ ਅਤੇ ਸ਼੍ਰੀਲੰਕਾ ਨੂੰ ਭਾਰਤ ਦੇ ਹਿੱਸੇ ਵਜੋਂ ਦਰਸਾਉਂਦਾ ਹੈ। ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਟਵੀਟ ਕੀਤਾ: "ਸਾਡਾ ਸਪੱਸ਼ਟ ਸੰਕਲਪ ਅਖੰਡ ਭਾਰਤ ਹੈ"। ਜੋਸ਼ੀ ਨੇ ਕਿਹਾ, “ਅਖੰਡ ਭਾਰਤ ਦਾ ਸੰਕਲਪ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਤੋਂ ਆਇਆ ਹੈ। ਨਵੀਂ ਸੰਸਦ ਦੀ ਇਮਾਰਤ ਭਾਰਤੀ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀ ਹੈ, ਜੋ ਭਾਰਤ ਦੇ ਵੱਖ-ਵੱਖ ਖੇਤਰਾਂ ਦੀ ਪ੍ਰਤੀਨਿਧਤਾ ਕਰਦੀ ਹੈ। ਇੱਕ ਹੋਰ ਭਾਜਪਾ ਨੇਤਾ ਮਨੋਜ ਕੋਟਕ ਨੇ ਟਵੀਟ ਕੀਤਾ, "ਨਵੇਂ ਸੰਸਦ ਭਵਨ ਵਿੱਚ ਦਰਸਾਇਆ ਗਿਆ ਅਖੰਡ ਭਾਰਤ ਇੱਕ ਸ਼ਕਤੀਸ਼ਾਲੀ ਅਤੇ ਸਵੈ-ਨਿਰਭਰ ਦੇਸ ਹੈ"।

ਭਾਰਤ ਸਰਕਾਰ ਦੇ ਸਰਕਾਰੀ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, "ਚਿਤਰ ਵਿਚ ਅਸ਼ੋਕ ਦੇ ਸਾਮਰਾਜ ਨੂੰ ਦਿਖਾਇਆ ਗਿਆ ਹੈ ਜੋ (ਅਸ਼ੋਕ) ਦੁਆਰਾ ਅਪਣਾਏ ਗਏ ਲੋਕ-ਮੁਖੀ ਸ਼ਾਸਨ ਦੇ ਸੰਕਲਪ ਨੂੰ ਦਰਸਾਉਂਦਾ ਹੈ।"

ਪਾਕਿਸਤਾਨ ਅਤੇ ਨੇਪਾਲ ਦੀਆਂ ਸਰਕਾਰਾਂ ਨੇ 'ਅਖੰਡ ਭਾਰਤ' ਦੀ ਗੱਲ ਕਰਨ ਵਾਲੇ ਭਾਜਪਾ ਆਗੂਆਂ 'ਤੇ ਚਿੰਤਾ ਪ੍ਰਗਟਾਈ ਹੈ। ਵਰਨਣਯੋਗ ਹੈ ਕਿ ਅਖੰਡ ਭਾਰਤ ਦੇ ਦਮਗਜੇ ਮਾਰਨ ਵਾਲੇ ਭਾਰਤ ਦੇ ਆਗੂ ਚੀਨ ਵੱਲੋਂ ਭਾਰਤੀ ਜ਼ਮੀਨ ਦੇ ਵੱਡੇ ਹਿੱਸੇ 'ਤੇ ਕੀਤੇ ਗਏ ਕਬਜ਼ੇ 'ਤੇ ਚੁੱਪ ਹਨ। 

ਅਖੰਡ ਭਾਰਤ ਦਾ ਪ੍ਰੋਜੈਕਟ ਸੰਘ ਦੇ ਦਿਮਾਗ ਦੀ ਉਪਜ ਹੈ। ਮਹਾਤਮਾ ਗਾਂਧੀ ਨੇ ਸਪੱਸ਼ਟ ਕੀਤਾ ਸੀ ਕਿ ਬਰਮਾ ਅਤੇ ਸ੍ਰੀਲੰਕਾ ਵਰਗੇ ਦੇਸ਼ਾਂ ਦੇ ਸਬੰਧ ਵਿੱਚ ਭਾਰਤ ਦੀਆਂ ਕੋਈ ਸਾਮਰਾਜਵਾਦੀ ਇੱਛਾਵਾਂ ਨਹੀਂ ਹਨ। ਭਾਰਤ ਨੇ ਆਪਣੀਆਂ ਸਰਹੱਦਾਂ ਨੂੰ ਸਵੀਕਾਰ ਕੀਤਾ ਅਤੇ ਆਪਣੇ ਗੁਆਂਢੀ ਦੇਸ਼ਾਂ ਨਾਲ ਕੂਟਨੀਤਕ ਸਬੰਧ ਸਥਾਪਿਤ ਕੀਤੇ ਹਨ। ਇਸ ਦਿਸ਼ਾ ਵਿੱਚ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਘ (SAARC) ਦੀ ਸਥਾਪਨਾ ਕੀਤੀ ਗਈ ਅਤੇ ਭਾਰਤ ਨੇ ਇਸ ਦੀਆਂ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਸਾਰਕ ਦੇ ਕਾਰਨ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਸੱਭਿਆਚਾਰ, ਸਿੱਖਿਆ ਅਤੇ ਸਿਹਤ ਵਰਗੇ ਖੇਤਰਾਂ ਵਿੱਚ ਆਪਸੀ ਸਹਿਯੋਗ ਵਧਿਆ ਅਤੇ ਅੰਦਰੂਨੀ ਸੈਰ-ਸਪਾਟਾ ਵੀ ਵਧਿਆ। ਸਾਰਕ ਦੀਆਂ ਗਤੀਵਿਧੀਆਂ ਪਿਛਲੇ ਕੁਝ ਸਾਲਾਂ ਤੋਂ ਠੱਪ ਹਨ।

ਕੀ ਅਖੰਡ ਭਾਰਤ ਦਾ ਮਤਲਬ ਇਹ ਹੈ ਕਿ ਭਾਰਤ ਇਨ੍ਹਾਂ ਦੇਸ਼ਾਂ ਉਪਰ ਕਬਜ਼ਾ ਕਰ ਲਵੇਗਾ ਅਤੇ ਫਿਰ ਦਿੱਲੀ ਵਿਚ ਬੈਠਾ ਬਾਦਸ਼ਾਹ ਮੋਦੀ(ਜੋ ਪਹਿਲਾਂ ਹੀ ਬਾਦਸ਼ਾਹ ਵਾਂਗ ਵਿਵਹਾਰ ਕਰ ਰਿਹਾ ਹੈ) ਇਨ੍ਹਾਂ 'ਤੇ ਰਾਜ ਕਰੇਗਾ? ਇਸ ਤਰ੍ਹਾਂ ਦਾ ਵਿਸਤਾਰਵਾਦ ਸਿਰਫ਼ ਫਾਸ਼ੀਵਾਦੀ ਰਾਸ਼ਟਰਵਾਦ 'ਤੇ ਆਧਾਰਿਤ ਦੇਸ਼ਾਂ ਨੂੰ ਹੀ ਸ਼ੋਭਾ ਦਿੰਦਾ ਹੈ। ਹਿਟਲਰ ਦੇ ਅਧੀਨ ਜਰਮਨੀ ਇਸ ਦੀ ਇੱਕ ਉਦਾਹਰਣ ਹੈ। ਰਾਮ ਮਨੋਹਰ ਲੋਹੀਆ ਅਤੇ ਹੋਰਨਾਂ ਨੇ ਭਾਰਤ ਅਤੇ ਪਾਕਿਸਤਾਨ ਦੀ ਫੈਡਰੇਸ਼ਨ ਬਣਾਉਣ ਦੀ ਗੱਲ ਕਹੀ। ਇਸ ਸੰਦਰਭ ਵਿੱਚ ਸਾਰਕ ਦਾ ਤਜਰਬਾ ਬਹੁਤ ਸਕਾਰਾਤਮਕ ਰਿਹਾ, ਪਰ ਭਾਰਤ ਵਿੱਚ ਵਧਦੀ ਫਿਰਕਾਪ੍ਰਸਤੀ ਅਤੇ ਪਾਕਿਸਤਾਨ, ਸ੍ਰੀਲੰਕਾ ਅਤੇ ਮਿਆਂਮਾਰ ਵਰਗੇ ਦੇਸ਼ਾਂ ਵਿੱਚ ਕੱਟੜਪੰਥੀ ਤਾਕਤਾਂ ਦੇ ਵਧਦੇ ਪ੍ਰਭਾਵ ਕਾਰਨ ਸਾਰਕ ਠੱਪ ਹੋ ਗਈ ਹੈ।

 ਜੇਕਰ ਅਸੀਂ ਇਕਜੁੱਟ ਹੋਣਾ ਹੈ ਤਾਂ ਖੇਤਰੀ ਸਹਿਯੋਗ ਹੀ ਇੱਕੋ ਇੱਕ ਰਸਤਾ ਹੈ। ਸਾਨੂੰ ਸਰਹੱਦਾਂ ਨੂੰ ਪੁਲ ਬਣਾਉਣਾ ਹੋਵੇਗਾ। ਇਹ ਇੱਕ ਸੁਪਨੇ ਵਰਗਾ ਲੱਗ ਸਕਦਾ ਹੈ, ਪਰ ਯੂਰਪੀਅਨ ਯੂਨੀਅਨ ਇਸ ਗੱਲ ਦੀ ਇੱਕ ਉਦਾਹਰਣ ਹੈ ਕਿ ਲੰਬੇ ਸਮੇਂ ਤੋਂ ਇੱਕ ਦੂਜੇ ਨਾਲ ਲੜ ਰਹੇ ਦੇਸ਼ ਕਿਵੇਂ ਇੱਕਜੁੱਟ ਹੋ ਸਕਦੇ ਹਨ। ਅੱਜ ਸਾਰੇ ਯੂਰਪ ਵਿੱਚ ਇੱਕ ਮੁਦਰਾ ਅਤੇ ਇੱਕ ਵੀਜ਼ਾ ਹੈ। ਦੇਸ਼ਾਂ ਦੀਆਂ ਸਰਹੱਦਾਂ ਖੁੱਲ੍ਹੀਆਂ ਹਨ ਅਤੇ ਸਿੱਖਿਆ, ਸਿਹਤ, ਸੈਰ-ਸਪਾਟਾ ਅਤੇ ਲਗਭਗ ਹਰ ਹੋਰ ਖੇਤਰ ਵਿੱਚ ਯੂਰਪ ਦੇ ਦੇਸ਼ ਮਿਲ ਕੇ ਕੰਮ ਕਰ ਰਹੇ ਹਨ ਅਤੇ ਇੱਕ ਬਿਹਤਰ ਯੂਰਪ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਂ, ਪਿਛਲੇ ਕੁਝ ਸਮੇਂ ਤੋਂ ਕੁਝ ਮਹਾਂਸ਼ਕਤੀਆਂ ਦੀਆਂ ਖਾਹਿਸ਼ਾਂ ਕਾਰਨ ਸੰਸਾਰ ਵਿੱਚ ਉਥਲ-ਪੁਥਲ ਜ਼ਰੂਰ ਮਚੀ ਹੋਈ ਹੈ।

ਸਾਨੂੰ ਅਖੰਡ ਭਾਰਤ ਦੀ ਲੋੜ ਨਹੀਂ। ਸਾਨੂੰ ਖੇਤਰੀ ਸਹਿਯੋਗ ਦੀ ਲੋੜ ਹੈ ਤਾਂ ਜੋ ਦੱਖਣੀ ਏਸ਼ੀਆ ਦੇ ਦੇਸ਼ ਆਪੋ-ਆਪਣੀਆਂ ਸਰਕਾਰਾਂ ਨੂੰ ਏਕਾਧਿਕਾਰਵਾਦੀ ਰੁਝਾਨਾਂ ਤੋਂ ਮੁਕਤ ਕਰਵਾ ਕੇ ਆਮ ਆਦਮੀ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਸਕਣ। ਪਾਰਲੀਮੈਂਟ ਵਿਚ ਲਗੇ ਨਕਸ਼ੇ ਨੂੰ ਅਸ਼ੋਕ ਦੇ ਸਾਮਰਾਜ ਦੀਆਂ ਉੱਚੀਆਂ ਕਦਰਾਂ-ਕੀਮਤਾਂ ਦਾ ਪ੍ਰਤੀਨਿਧ ਮੰਨਿਆ ਜਾਣਾ ਚਾਹੀਦਾ ਹੈ। ਅਸ਼ੋਕ ਦਾ ਸਾਮਰਾਜ ਲੋਕ ਭਲਾਈ ਵਾਲਾ ਸੀ, ਵਿਸਤਾਰਵਾਦੀ ਨਹੀਂ ਸੀ। ਪਸਾਰਵਾਦੀ ਫਿਰਕੂ ਤਾਨਾਸ਼ਾਹਾਂ ਨੇ ਆਪਣੇ ਆਪ ਨੂੰ ਅਤੇ ਆਪਣੇ ਆਲੇ-ਦੁਆਲੇ ਦੇ ਦੇਸ਼ਾਂ ਨੂੰ ਬਰਬਾਦ ਕਰਨ ਅਤੇ ਲੱਖਾਂ ਲੋਕਾਂ ਦਾ ਖੂਨ ਵਹਾਉਣ ਤੋਂ ਇਲਾਵਾ ਕੁਝ ਵੀ ਹਾਸਲ ਨਹੀਂ ਕੀਤਾ।

 

ਰਾਮ ਪੁਨਿਆਨੀ