ਸਹੀ ਇਲਾਜ ਜ਼ਰੂਰੀ ਹੈ ਬੁਖਾਰ ਵਿਚ
ਬੁਖਾਰ ਤੇਜ਼ ਹੋਵੇ ਤਾਂ ਲਾਪਰਵਾਹੀ ਵਰਤਣੀ ਵੀ ਠੀਕ ਨਹੀਂ
ਬੁਖਾਰ ਤੇਜ਼ ਹੋਵੇ ਤਾਂ ਲਾਪਰਵਾਹੀ ਵਰਤਣੀ ਵੀ ਠੀਕ ਨਹੀਂ ਹੁੰਦੀ।ਵਾਇਰਲ ਬੁਖਾਰ ਹੋਣ 'ਤੇ ਕਮਜ਼ੋਰ ਲੋਕਾਂ, ਬੱਚਿਆਂ ਅਤੇ ਬਜ਼ੁਰਗਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਕਮਜ਼ੋਰ ਰੋਗ ਰੋਕੂ ਪ੍ਰਣਾਲੀ ਕਾਰਨ ਬੱਚੇ, ਬਜ਼ੁਰਗ ਛੇਤੀ ਹੀ ਬਿਮਾਰ ਪੈ ਜਾਂਦੇ ਹਨ। ਛੋਟੇ ਬੱਚਿਆਂ ਦੇ ਹੱਥ-ਪੈਰ ਬੁਖਾਰ ਹੋਣ 'ਤੇ ਠੰਢੇ ਰਹਿੰਦੇ ਹਨ ਪਰ ਪੇਟ ਅਤੇ ਮੱਥਾ ਗਰਮ ਹੁੰਦਾ ਹੈ। ਉਨ੍ਹਾਂ ਦਾ ਹਮੇਸ਼ਾ ਪੇਟ ਅਤੇ ਮੱਥਾ ਛੂਹ ਕੇ ਦੇਖੋ ਅਤੇ ਉਨ੍ਹਾਂ ਨੂੰ ਥਰਮਾਮੀਟਰ ਲਗਾਓ। ਵਾਇਰਲ ਬੁਖਾਰ ਅਕਸਰ ਤਿੰਨ, ਪੰਜ, ਸੱਤ ਦਿਨ ਤੱਕ ਰਹਿੰਦਾ ਹੈ। ਖਾਂਸੀ ਅਤੇ ਗਲਾ ਜ਼ਿਆਦਾ ਦਿਨ ਤੱਕ ਖ਼ਰਾਬ ਰਹਿੰਦਾ ਹੈ।
ਕੀ ਕਰੀਏ
* 100 ਡਿਗਰੀ ਬੁਖਾਰ ਹੋਣ 'ਤੇ ਸਾਨੂੰ ਦਵਾਈ ਜ਼ਰੂਰ ਲੈਣੀ ਚਾਹੀਦੀ ਹੈ। ਇਸ ਤੋਂ ਘੱਟ ਬੁਖਾਰ ਹੋਣ 'ਤੇ ਦਵਾਈ ਨਾ ਲਓ ਪਰ ਬੱਚਿਆਂ ਅਤੇ ਬਜ਼ੁਰਗਾਂ ਨੂੰ ਦਵਾਈ ਦੇਣੀ ਚਾਹੀਦੀ ਹੈ। ਜੇ ਬੁਖਾਰ ਵਧ ਜਾਏ ਜਾਂ ਦੋ-ਤਿੰਨ ਦਿਨ ਤੱਕ ਬੁਖਾਰ ਰਹੇ ਤਾਂ ਡਾਕਟਰ ਕੋਲ ਤੁਰੰਤ ਜਾਣਾ ਚਾਹੀਦਾ ਹੈ।
* 102 ਡਿਗਰੀ ਬੁਖਾਰ ਹੋਵੇ ਅਤੇ ਲੱਛਣ ਸਾਧਾਰਨ ਹੋਣ ਤਾਂ ਘਰੇ ਹੀ ਮਰੀਜ਼ ਦੀ ਦੇਖਭਾਲ ਕਰਨੀ ਚਾਹੀਦੀ ਹੈ। ਸਰੀਰ 'ਤੇ ਸਾਧਾਰਨ ਪਾਣੀ ਦੀਆਂ ਪੱਟੀਆਂ ਉਦੋਂ ਤੱਕ ਰੱਖਦੇ ਰਹੋ ਜਦੋਂ ਤੱਕ ਤਾਮਪਾਨ ਘੱਟ ਨਾ ਹੋ ਜਾਏ।
* ਪੈਰਾਸੀਟਾਮੋਲ ਬੁਖਾਰ ਘੱਟ ਕਰਨ ਦੀ ਸਭ ਤੋਂ ਸੁਰੱਖਿਅਤ ਦਵਾਈ ਹੈ। ਇਹ ਤੁਸੀਂ ਮਰੀਜ਼ ਨੂੰ ਹਰ ਛੇ ਘੰਟੇ ਬਾਅਦ ਦੇ ਸਕਦੇ ਹੋ। ਹੋਰ ਕੋਈ ਵੀ ਦਵਾਈ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਦਿਓ।
* ਬੱਚਿਆਂ ਨੂੰ ਦਵਾਈ ਦੀ ਮਾਤਰਾ ਉਨ੍ਹਾਂ ਦੀ ਉਮਰ ਅਤੇ ਵਜ਼ਨ ਅਨੁਸਾਰ ਹੀ ਦੇਣੀ ਚਾਹੀਦੀ ਹੈ।
* ਵਾਇਰਲ ਬੁਖਾਰ ਵਾਲੇ ਮਰੀਜ਼ਾਂ ਨੂੰ ਪੂਰਾ ਆਰਾਮ ਕਰਨ ਦਿਓ। ਉਸ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖੋ ਤਾਂ ਕਿ ਉਸ ਦੇ ਵਾਇਰਸ ਨਾਲ ਕੋਈ ਹੋਰ ਪੀੜਤ ਨਾ ਹੋ ਸਕੇ। * ਬੱਚਾ ਜੇ ਬੁਖਾਰ ਨਾਲ ਪੀੜਤ ਹੈ ਅਤੇ ਬੁਖਾਰ ਘਟ ਰਿਹਾ ਹੈ, ਉਸ ਨੂੰ ਸਕੂਲ ਨਾ ਭੇਜੋ।
ਕਦੋਂ ਜਾਈਏ ਡਾਕਟਰ ਕੋਲ
ਘੱਟ ਜਾਂ ਜ਼ਿਆਦਾ ਬੁਖਾਰ ਵਿਚ, ਉਲਟੀ, ਦਸਤ, ਚੱਕਰ, ਸਿਰ, ਅੱਖਾਂ, ਸਰੀਰ ਵਿਚ ਦਰਦ ਹੋਵੇ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।
Comments (0)