ਯੂਰਪੀ ਹਾਰਟ ਜਰਨਲ ਦੀ ਖੋਜ ਮੁਤਾਬਕ ਸਿਹਤਮੰਦ ਭੋਜਨ ਖਾਓ ,ਦਿਲ ਦੀ ਬਿਮਾਰੀ ਤੋਂ ਬਚਾਅ ਕਰੋ

ਯੂਰਪੀ ਹਾਰਟ ਜਰਨਲ ਦੀ ਖੋਜ ਮੁਤਾਬਕ ਸਿਹਤਮੰਦ ਭੋਜਨ  ਖਾਓ ,ਦਿਲ ਦੀ ਬਿਮਾਰੀ ਤੋਂ ਬਚਾਅ ਕਰੋ

ਰੋਜ਼ਾਨਾ ਛੇ ਮਹੱਤਵਪੂਰਨ ਪੋਸ਼ਕ ਤੱਤ ਫਲ, ਹਰੀਆਂ ਸਬਜ਼ੀਆਂ, ਮੇਵਾ ਤੇ ਡੇਅਰੀ ਉਤਪਾਦ ਮੱਛੀ ਤੇ ਮਾਸ ਲਵੋ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਡਨ: ਸਿਹਤਮੰਦ ਦਿਲ ਲਈ ਸਿਹਤਮੰਦ ਖਾਣਾ ਜ਼ਰੂਰੀ ਹੈ। ਇਕ ਅਧਿਐਨ ’ਚ ਪਤਾ ਲੱਗਾ ਹੈ ਕਿ ਜਿਹੜੇ ਲੋਕ ਆਪਣੇ ਹਰ ਰੋਜ਼ ਦੇ ਖਾਣੇ ’ਚ ਛੇ ਮਹੱਤਵਪੂਰਨ ਪੋਸ਼ਕ ਤੱਤਾਂ ਦੀ ਵਰਤੋਂ ਨਹੀਂ ਕਰਦੇ, ਉਨ੍ਹਾਂ ’ਚ ਦਿਲ ਦੀ ਬਿਮਾਰੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਅਧਿਐਨ ਮੁਤਾਬਕ, ਸੰਪੂਰਨ ਫੈਟ ਵਾਲੇ ਡੇਅਰੀ ਉਤਪਾਦ, ਸਮੁੰਦਰੀ ਖਾਣੇ, ਫਲੀਆਂ, ਸੁੱਕੇ ਫਲ, ਫਲ ਤੇ ਸਬਜ਼ੀਆਂ ਖਾਣ ਨਾਲ ਦਿਲ ਦੀ ਬਿਮਾਰੀ ਨੇੜੇ ਨਹੀਂ ਆਉਂਦੀ। ਇਹ ਅਧਿਐਨ ਹੈਮਿਲਟਨ ਹੈਲਥ ਸਾਈਂਸਿਜ਼ ਤੇ ਮੈਕਮਾਸਟਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਆਬਾਦੀ ਖੋਜ ਸਿਹਤ ਇੰਸਟੀਚਿਊਟ (ਪੀਐੱਚਆਰਆਈ) ਵਿਚ ਕੀਤਾ ਹੈ। ਇਸ ਅਧਿਐਨ ਵਿਚ ਪੀਐੱਚਆਰਆਈ ਦੇ ਖੋਜਕਰਤਾਵਾਂ ਨੇ 80 ਦੇਸ਼ਾਂ ਦੇ 2,45,000 ਲੋਕਾਂ ਦੇ ਹਰ ਰੋਜ਼ ਦੇ ਖਾਣੇ ਦੇ ਡਾਟੇ ਦਾ ਵਿਸ਼ਲੇਸ਼ਣ ਕੀਤਾ ਹੈ। ਖੋਜ ਦਾ ਨਤੀਜਾ ਯੂਰਪੀ ਹਾਰਟ ਜਰਨਲ ਵਿਚ ਛਪਿਆ ਹੈ। ਖੋਜਕਰਤਾਵਾਂ ਨੇ ਅਧਿਐਨ ਦੇ ਆਧਾਰ ’ਤੇ ਸਿਹਤਮੰਦ ਖਾਣੇ ਲਈ ਇਕ ਡਾਈਟ ਚਾਰਟ ਬਣਾਇਆ ਹੈ ਜਿਸ ਮੁਤਾਬਕ ਸਿਹਤਮੰਦ ਦਿਲ ਲਈ ਦਿਨ ਵਿਚ ਦੋ ਜਾਂ ਤਿੰਨ ਫਲ, ਦੋ ਤੋਂ ਤਿੰਨ ਕਟੋਰੀਆਂ ਹਰੀਆਂ ਸਬਜ਼ੀਆਂ, ਇਕ ਪਲੇਟ ਮੇਵਾ ਤੇ ਦਿਨ ਵਿਚ ਦੋ ਵਾਰੀ ਡੇਅਰੀ ਉਤਪਾਦ ਖਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਦੋ ਹਫ਼ਤਿਆਂ ਵਿਚ ਦੋ ਦਿਨ ਮੱਛੀ ਤੇ ਇਕ ਦਿਨ ਮਾਸ ਦੀ ਵਰਤੋਂ ਕਰ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ ਸਾਲ 2019 ਵਿਚ ਦਿਲ ਦੀ ਬਿਮਾਰੀ ਨਾਲ 18 ਲੱਖ ਲੋਕਾਂ ਦੀ ਮੌਤ ਹੋਈ ਸੀ।