ਸਰਦਾਰ ਹਰੀ ਸਿੰਘ ਨਲੂਏ ਦੀ ਦਸਤਾਰ ਦਾ 'ਸਰਪੇਚ' 3 ਲੱਖ 50 ਹਜ਼ਾਰ ਪੌਂਡ ਵਿੱਚ ਨਿਲਾਮ ਹੋਇਆ

ਸਰਦਾਰ ਹਰੀ ਸਿੰਘ ਨਲੂਏ ਦੀ ਦਸਤਾਰ ਦਾ 'ਸਰਪੇਚ' 3 ਲੱਖ 50 ਹਜ਼ਾਰ ਪੌਂਡ ਵਿੱਚ ਨਿਲਾਮ ਹੋਇਆ
ਸਰਦਾਰ ਹਰੀ ਸਿੰਘ ਨਲੂਆ ਦੇ ਸਰਪੇਚ ਦੀ ਤਸਵੀਰ

ਲੰਡਨ: ਸਿੱਖ ਰਾਜ ਦੀਆਂ ਚੜ੍ਹਦੀਆਂ ਕਲਾਂ ਦਾ ਇਤਿਹਾਸ ਗਵਾਹ ਹੈ ਜਦੋਂ ਗੁਰੂ ਨਾਨਕ ਦੇ ਪੈਰੋਕਾਰਾਂ ਨੇ ਦੱਖਣੀ ਏਸ਼ੀਆ ਦੇ ਖਿੱਤੇ ਵਿੱਚ ਅਹਿਮ ਥਾਂ ਰੱਖਦੀ ਆਪਣੀ ਜਨਮ ਭੋਇੰ ਪੰਜਾਬ ਦੀ ਧਰਤੀ 'ਤੇ ਘੱਟਗਿਣਤੀ ਕੌਮ ਹੋਣ ਦੇ ਬਾਵਜੂਦ ਅਜ਼ਾਦ ਸਿੱਖ ਰਾਜ ਸਥਾਪਿਤ ਕੀਤਾ ਅਤੇ ਜ਼ੁਲਮੀ ਰਾਜ ਨੂੰ ਠੱਲ ਪਾਈ। ਸਿੱਖਾਂ ਦੀ ਰਾਜਸੀ ਚੜ੍ਹਤ ਭਾਵੇਂ ਅੱਜ ਦੁਨੀਆ ਦੇ ਨਕਸ਼ੇ 'ਤੇ ਨਹੀਂ ਦਿਖਦੀ ਪਰ ਸਿੱਖ ਰਾਜ ਦੀਆਂ ਚੜ੍ਹਦੀਕਲਾ ਦੀਆਂ ਨਿਸ਼ਾਨੀਆਂ ਅੱਜ ਵੀ ਆਪਣੇ ਨਿਸ਼ਾਨ ਕਾਇਮ ਰੱਖ ਰਹੀਆਂ ਹਨ। 


ਸਰਪੇਚ ਦੇ ਅੰਦਰੂਨੀ ਭਾਗ ਵਿੱਚ ਕੀਤੀ ਗਈ ਖੂਬਸੂਰਤ ਮੀਨਾਕਾਰੀ

ਲੰਡਨ ਵਿੱਚ ਸੋਥੇਬੀ ਨਿਲਾਮ ਘਰ (Sotheby’s Auction House) ਵੱਲੋਂ ਬੀਤੇ ਕੱਲ੍ਹ "ਇਸਲਾਮੀ ਸੰਸਾਰ ਦੀਆਂ ਕਲਾਵਾਂ ਦੀ ਨਿਲਾਮੀ" ਅਧੀਨ ਕਰਵਾਈ ਗਈ ਵਸਤਾਂ ਦੀ ਨਿਲਾਮੀ ਵਿੱਚ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਵੱਲੋਂ ਆਪਣੀ ਦਸਤਾਰ 'ਤੇ ਸਜਾਏ ਜਾਂਦੇ 'ਸਰਪੇਚ' ਨੂੰ ਵੀ ਨਿਲਾਮ ਕੀਤਾ ਗਿਆ। ਇਸ ਸਰਪੇਚ ਦੀ ਨਿਲਾਮੀ ਦੀ ਅੰਦਾਜਨ ਕੀਮਤ 1 ਲੱਖ 80 ਹਜ਼ਾਰ ਪੌਂਡ ਰੱਖੀ ਗਈ ਸੀ, ਪਰ ਇਹ ਸਰਪੇਚ ਇਸ ਤੋਂ ਦੁੱਗਣੀ ਦੇ ਕਰੀਬ ਕੀਮਤ 3 ਲੱਖ 50 ਹਜ਼ਾਰ ਪੌਂਡ ਵਿੱਚ ਨਿਲਾਮ ਹੋਇਆ। 



ਸਰਦਾਰ ਹਰੀ ਸਿੰਘ ਨਲੂਆ ਦੇ ਸਰਪੇਚ ਦੀ ਤਸਵੀਰ

ਸੋਥੇਬੀ ਨਿਲਾਮ ਘਰ ਦੀ ਵੈਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਸਰਪੇਚ ਸਰਦਾਰ ਹਰੀ ਸਿੰਘ ਨਲੂਏ ਦੇ ਪਰਿਵਾਰ ਕੋਲੋਂ ਪ੍ਰਾਪਤ ਕੀਤਾ ਗਿਆ ਹੈ। ਇਸ ਸਰਪੇਚ ਦੇ ਅੰਦਰੂਨੀ ਭਾਗ ਵਿੱਚ ਬੇਹੱਦ ਖੂਬਸੂਰਤ ਮੀਨਾਕਾਰੀ ਕੀਤੀ ਗਈ ਹੈ। ਇਸ ਵਿੱਚ ਬੇਸ਼ਕੀਮਤੀ ਹੀਰੇ ਜੜੇ ਹਨ। ਇਸ ਤੋਂ ਇਲਾਵਾ ਕੇਂਦਰ ਵਿੱਚ ਇੱਕ ਵੱਡਾ ਹਰਾ ਪੱਥਰ ਅਤੇ ਚਾਰ ਛੋਟੇ ਪੱਥਰ ਜੜੇ ਹਨ, ਜੋ ਕਿ ਹੀਰਿਆਂ ਵਾਂਗ ਬਹੁਤ ਬੇਸ਼ਕੀਮਤੀ ਹਨ। ਇਸ ਦੇ ਸਿਖਰ 'ਤੇ ਕਲਗੀਨੁਮਾ ਜਿਗ੍ਹਾ ਬਣਿਆ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ