ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਅੰਤਿਮ ਸੰਸਕਾਰ ਵਿੱਚ ਹਜ਼ਾਰਾਂ ਸੰਗਤਾਂ ਨੇ ਸਰੀ, ਬੀ ਸੀ ਵਿੱਚ ਕੀਤੀ ਸ਼ਿਰਕਤ

ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਅੰਤਿਮ ਸੰਸਕਾਰ ਵਿੱਚ ਹਜ਼ਾਰਾਂ ਸੰਗਤਾਂ ਨੇ ਸਰੀ, ਬੀ ਸੀ ਵਿੱਚ ਕੀਤੀ ਸ਼ਿਰਕਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 26 ਜੂਨ (ਮਨਪ੍ਰੀਤ ਸਿੰਘ ਖਾਲਸਾ):- ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਗੁਰੂ ਨਾਨਕ ਗੁਰਦੁਆਰੇ, ਸਰੀ, ਬੀ.ਸੀ. ਵਿਖੇ ਐਤਵਾਰ ਨੂੰ ਹੋਏ ਅੰਤਿਮ ਸੰਸਕਾਰ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਦੀ ਬੀਤੀ 18 ਜੂਨ ਨੂੰ ਜਦੋ ਓਹ ਗੁਰੂਘਰ ਤੋਂ ਬਾਹਰ ਆ ਕੇ ਆਪਣੀ ਗੱਡੀ ਵਿਚ ਬੈਠ ਗਏ ਸਨ, ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਸ਼ਹੀਦੀ ਜਾਮਾ ਪੀ ਗਏ ਸਿੱਖ ਆਗੂ ਲਈ ਗੁਰਦੁਆਰਾ ਲਾਅਨ ਵਿੱਚ ਇੱਕ ਜਨਤਕ ਦਰਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਹਜ਼ਾਰਾਂ ਲੋਕਾਂ ਨੇ ਹਾਜ਼ਿਰੀ ਭਰ ਕੇ ਆਪਣੀ ਸ਼ਰਧਾਂਜਲੀ ਦਿੱਤੀ। ਅੰਤਿਮ ਦਰਸ਼ਨ ਮੌਕੇ ਅਖੰਡ ਕੀਰਤਨੀ ਜੱਥੇ ਦੇ ਕੀਰਤਨੀ ਭਾਈ ਅਨੰਤਵੀਰ ਸਿੰਘ ਯੂਐਸ ਸਮੇਤ ਵੱਖ ਵੱਖ ਰਾਗੀ ਸਿੰਘਾਂ ਨੇ ਹਾਜ਼ਿਰੀ ਭਰੀ ਸੀ । ਉਨ੍ਹਾਂ ਦੀ ਦੇਹ ਨੂੰ ਅੰਤਿਮ ਸੰਸਕਾਰ ਘਰ ਲੈ ਕੇ ਕਾਸਕੇਟ ਦੇ ਨਾਲ 5 ਕਿਲੋਮੀਟਰ ਪੈਦਲ ਲੰਮਾ ਕਾਫਲਾ ਚੱਲਿਆ ਸੀ, ਤੇ ਚਲ ਰਹੀਆਂ ਸੰਗਤਾਂ ਦੇ ਹੱਥਾਂ ਵਿਚ ਖਾਲਿਸਤਾਨੀ ਕੇਸਰੀ ਨਿਸ਼ਾਨ ਝੁਲਣ ਦੇ ਨਾਲ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲੱਗ ਰਹੇ ਸਨ ।

ਅੰਤਿਮ ਸੰਸਕਾਰ ਵਿੱਚ ਮੌਜੂਦ ਸਿੱਖ ਭਾਈਚਾਰੇ ਦੇ ਮੈਂਬਰਾਂ ਦਾ ਮੰਨਣਾ ਸੀ ਕਿ ਭਾਈ ਨਿੱਝਰ ਦੀ ਹੱਤਿਆ ਕੈਨੇਡਾ ਵਿੱਚ ਭਾਰਤ ਦੀ ਦਖਲਅੰਦਾਜ਼ੀ ਦਾ ਸਿੱਧਾ ਨਤੀਜਾ ਹੈ, ਉਨ੍ਹਾਂ ਨੇ ਕੈਨੇਡਾ ਸਰਕਾਰ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਣ ਲਈ ਕਿਹਾ ।

ਧਿਆਨਦੇਣ ਯੋਗ ਹੈ ਕਿ ਭਾਈ ਨਿੱਝਰ ਸਰੀ ਦੇ ਗੁਰਦੁਆਰੇ ਦੇ ਪ੍ਰਧਾਨ ਅਤੇ ਗਲੋਬਲ ਖਾਲਿਸਤਾਨ ਰੈਫਰੈਂਡਮ ਦੇ ਕੈਨੇਡੀਅਨ ਚੈਪਟਰ ਦੇ ਮੁੱਖ ਕੋਆਰਡੀਨੇਟਰ ਸਨ । ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਸਿੱਖ ਕਮਿਊਨਿਟੀ ਨੂੰ ਆਪਣੇ ਆਖਰੀ ਸੰਬੋਧਨ ਵਿੱਚ, ਲੋਕਾਂ ਨੂੰ ਚੱਲ ਰਹੀ ਖਾਲਿਸਤਾਨ ਰੈਫਰੈਂਡਮ ਮੁਹਿੰਮ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ, ਭਾਰਤ ਸਰਕਾਰ ਦੇ ਹੱਥੋਂ ਆਪਣੀ ਜਾਨ ਨੂੰ ਖਤਰੇ ਬਾਰੇ ਵੀ ਗੱਲ ਕੀਤੀ ਜੋ ਉਸਦੀ ਖਾਲਿਸਤਾਨੀ ਸਰਗਰਮੀ ਲਈ ਉਸਨੂੰ ਖਤਮ ਕਰਨ ਲਈ ਤਿਆਰ ਸਨ । ਭਾਈ ਨਿੱਝਰ ਨੇ ਆਪਣੀ ਜਾਨ ਨੂੰ ਖਤਰੇ ਵਿਚ ਹੋਣ ਦੇ ਬਾਵਜੂਦ ਖਾਲਿਸਤਾਨ ਲਈ ਸਰਗਰਮੀ ਅਤੇ ਕੁਰਬਾਨੀ ਦਾ ਸਨਮਾਨ ਕਰਦੇ ਹੋਏ ਮੁਹਿੰਮ ਆਖਰੀ ਸਾਹ ਤੱਕ ਜਾਰੀ ਰੱਖੀ ਸੀ ।

ਸਰੀ ਵਿੱਚ 10 ਸਤੰਬਰ ਨੂੰ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਵੋਟਿੰਗ ਸੈਂਟਰ ਦਾ ਨਾਮ “ਹਰਦੀਪ ਸਿੰਘ ਨਿੱਝਰ ਖਾਲਿਸਤਾਨ ਰੈਫਰੈਂਡਮ ਵੋਟਿੰਗ ਸੈਂਟਰ, ਸਰੀ, ਬੀ ਸੀ” ਰੱਖਣ ਦਾ ਐਲਾਨ ਕੀਤਾ ਗਿਆ ਹੈ ।