ਜੋੜ ਮੇਲਿਆਂ ਦੀ ਪ੍ਰੰਪਰਾ ਅਤੇ ਬੰਦੀ ਛੋੜ ਦਿਵਸ

ਜੋੜ ਮੇਲਿਆਂ ਦੀ ਪ੍ਰੰਪਰਾ ਅਤੇ ਬੰਦੀ ਛੋੜ ਦਿਵਸ

ਦੀਵਾਲੀ ਬਾਰੇ ਸਿੱਖ ਇਤਿਹਾਸ ਵਿੱਚ ਜਿਕਰ ਆਉਂਦਾ...

ਕਿ ਇਸ ਦਿਨ ਹੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਦੀ ਕੈਦ ਵਿਚੋਂ ਮੁਗਲ ਬਾਦਸ਼ਾਹ ਵਲੋਂ ਹਿੰਦੁਸਤਾਨ ਦੇ ਦੂਰ-ਦੂਰ ਦੇ ਇਲਾਕਿਆਂ ਵਿਚੋ ਬੰਦੀ ਬਣਾਏ ੫੨ ਰਾਜਿਆਂ ਸਮੇਤ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ। ਇਸ ਤੋਂ ਬਾਅਦ ਪਾਤਸ਼ਾਹ ਜੀ ‘ਬੰਦੀ ਛੋੜ ਸਤਿਗੁਰੂ’ ਅਖਵਾਏ। ਦੀਵਾਲੀ ਦੇ ਦਿਨ ਸਿੱਖ ਸੰਗਤ ਦੂਰ ਦੁਰਾਡੇ ਤੋਂ ਦਰਬਾਰ ਸਾਹਿਬ ਹਾਜ਼ਰੀ ਭਰਦੀ ਰਹੀ ਹੈ, ਸਿੱਖ ਮਿਸਲਾਂ ਇਸ ਦਿਨ ਉਪਰ ਇਕੱਤ੍ਰਤਾ ਕਰਕੇ ਗੁਰਮਤੇ ਸੋਧਿਆ ਕਰਦੀਆਂ ਸਨ। 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਨੂੰ ਚੱਕ੍ਰਵਰਤੀ, ਸਦਾ ਚੱਲਦੇ ਰਹਿਣ ਦੀ ਬਿਰਤੀ ਵਿਚ ਪਾਇਆ ਹੈ। ਭਾਵ ਕਦੇ ਵੀ ਟਿਕ ਕੇ ਨਾ ਬੈਠਣਾ ਅਤੇ ਧਰਮ ਹਿੱਤ ਕਾਰਜਾਂ ਲਈ ਸਦਾ ਯਤਨਸ਼ੀਲ ਅਤੇ ਗਤੀਸ਼ੀਲ ਰਹਿਣਾ। ਗੁਰੂ ਖਾਲਸਾ ਪੰਥ ਉਨ੍ਹਾਂ ਪੁਰਾਣੇ ਵੇਲਿਆਂ ਤੋਂ ਹੀ ਸਦਾ ਸੰਘਰਸ਼ਾਂ/ਮੁਹਿੰਮਾਂ ਵਿਚ ਰਿਹਾ। ਵੱਖੋ-ਵੱਖਰੀਆਂ ਮਿਸਲਾਂ ਆਪਣੇ ਇਲਾਕਿਆਂ ਵਿਚ ਸਰਗਰਮ ਰਹਿੰਦੀਆਂ ਪਰ ਮਿਸਲਾਂ ਨੇ ਇਕੱਠੇ ਬੈਠਣ ਲਈ ਸਾਲ ਵਿਚ ਕੁਝ ਦਿਨ ਅਤੇ ਸਥਾਨ ਮੁਕਰਰ ਕੀਤੇ ਹੁੰਦੇ ਸਨ ਜਿਥੇ ਮੌਜੂਦਾ ਹਲਾਤਾਂ ਉਪਰ ਵਿਚਾਰ ਚਰਚਾਵਾਂ ਹੁੰਦੀਆਂ ਸਨ ਤੇ ਗੁਰੂ ਖਾਲਸਾ ਪੰਥ ਦੇ ਸਾਂਝੇ ਫੈਸਲੇ (ਗੁਰਮਤੇ) ਸੋਧੇ ਜਾਂਦੇ ਸਨ। ਪੁਰਾਣੇ ਸਮਿਆਂ ਦੇ ਜਿਕਰ ਵਿੱਚ ਮਿਲਦਾ ਹੈ ਕਿ ਹੋਲੇ-ਮਹੱਲੇ ਵੇਲੇ ਅਨੰਦਪੁਰ ਸਾਹਿਬ, ਵਿਸਾਖੀ ਵੇਲੇ ਦਮਦਮਾ ਸਾਹਿਬ, ਦੁਸ਼ਹਿਰੇ ਵੇਲੇ ਹਜੂਰ ਸਾਹਿਬ, ਮਾਘੀ ਵੇਲੇ ਸ੍ਰੀ ਮੁਕਤਸਰ ਸਾਹਿਬ ਅਤੇ ਦੀਵਾਲੀ ਵੇਲੇ ਗੁਰੂ ਖਾਲਸਾ ਪੰਥ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਠਾ ਹੁੰਦਾ ਸੀ। ਹੁਣ ਵੀ ਸਿੱਖ ਸੰਗਤ ਇਨ੍ਹਾਂ ਅਸਥਾਨਾਂ ਉਪਰ ਇਸੇ ਦਿਨ ਹਾਜ਼ਰੀ ਭਰਦੀਆਂ ਅਤੇ ਵੱਡੀ ਗਿਣਤੀ ਵਿਚ ਜੁੜਦੀਆਂ ਹਨ, ਪਰ ਇਨ੍ਹਾਂ ਜੋੜ ਮੇਲਿਆਂ ਵਿਚ ਰਵਾਇਤ ਮੁਤਾਬਿਕ ਜੁੜਨ ਵਿੱਚ ਵੱਡਾ ਫਰਕ ਪਿਆ ਹੈ। ਇਨ੍ਹਾਂ ਜੋੜ ਮੇਲਿਆਂ ਵਿੱਚ ਰਵਾਇਤ ਮੁਤਾਬਿਕ ਧਾਰਮਿਕ ਦੀਵਾਨ ਵੀ ਸਜਦੇ ਸਨ ਅਤੇ ਸਿੱਖਾਂ ਦੇ ਜਥੇ ਇਕੱਠੇ ਹੋ ਕੇ ਰਾਜਨੀਤਕ ਅਤੇ ਕੂਟਨੀਤਕ ਪੱਖ ਤੋਂ ‘ਗੁਰਮਤੇ’ ਵੀ ਸੋਧਦੇ ਸਨ। ਇਹਨਾਂ ਫੈਸਲਿਆਂ ਕਰਕੇ ਹੀ ਸਿੱਖ ਮਿਸਲਾਂ ਜਾਲਮ ਮੁਗਲ ਹਕੂਮਤ ਅਤੇ ਨਾਦਰ ਸ਼ਾਹ/ਅਬਦਾਲੀ ਵਰਗੇ ਧਾੜਵੀਆਂ ਦੇ ਪੈਰ ਉਖੇੜ ਸਕੀਆਂ ਸਨ। ਹੁਣ ਵੀ ਲੋੜ ਹੈ ਕਿ ਸਿੱਖ ਜਥੇ ਗੁਰੂ ਖਾਲਸਾ ਪੰਥ ਨੂੰ ਦਰਪੇਸ਼ ਤਮਾਮ ਚੁਣੌਤੀਆਂ ਦੇ ਹੱਲ ਲਈ ਇਨ੍ਹਾਂ ਜੋੜ ਮੇਲਿਆਂ ਉਪਰ ਗੁਰਮਤੇ ਕਰਨ ਦੀ ਰਵਾਇਤ ਨੂੰ ਮੁੜ ਸੁਰਜੀਤ ਕਰਨ ਵੱਲ ਕਦਮ ਵਧਾਉਣ।  

ਨਸਲਕੁਸ਼ੀ ਦੇ 39 ਸਾਲ ਬਾਅਦ ਸਿੱਖ ਕਿਥੇ ਖੜੇ? 

ਬੀਤੇ ਸਮੇਂ ਵਿਚ ਨਵੰਬਰ ੧੯੮੪ ਬਾਰੇ ਬਹੁਤ ਸਾਰੀਆਂ ਕਿਤਾਬਾਂ ਅਤੇ ਦਸਤਾਵੇਜ ਸਾਹਮਣੇ ਆਏ ਹਨ। ਜਿਸ ਵਿਚ ਇੰਡੀਆਂ ਪੱਧਰ ’ਤੇ ਸਿੱਖ ਨਸਲਕੁਸ਼ੀ ਦੀ ਵਿਆਪਕਤਾ ਦਾ ਪਤਾ ਚੱਲਦਾ ਹੈ। ਪਿਛਲੇ ਦਹਾਕਿਆਂ ਤੋਂ ਇੰਡੀਆਂ ਦੇ ਪ੍ਰਮੁੱਖ ਵੱਡੇ ਨਗਰਾਂ ਦਿੱਲੀ, ਕਾਨਪੁਰ ਅਤੇ ਬੋਕਾਰੋ ਵਿੱਚ ਹੀ ਸਿੱਖਾਂ ਦੇ ਕਤਲੇਆਮ ਬਾਰੇ ਲੋਕਾਂ ਨੂੰ ਪਤਾ ਸੀ। ਮੀਡੀਆ ਵੀ ਆਪਣੀ ਗੱਲ ਨੂੰ ਇਹਨਾਂ ਨਗਰਾਂ ਤੱਕ ਘਟਾ ਕੇ ਹੀ ਦਰਸਾਉਂਦਾ ਸੀ। ਸਿੱਖ ਹਮੇਸ਼ਾ ਤੋਂ ਹੀ ਟੁੱਟਵੇਂ ਤੌਰ ’ਤੇ ਭਾਰਤ ਦੇ ਹਰ ਹਿੱਸੇ ਵਿਚ ਕਤਲੇਆਮ ਦੀ ਗੱਲ ਸੁਣਾਉਂਦੇ ਰਹਿੰਦੇ ਸਨ ਪਰ ਹੁਣ ਇਹ ਗੱਲ ਗਵਾਹਾਂ ਅਤੇ ਸਬੂਤਾਂ ਸਮੇਤ ਸਿੱਖਾਂ ਵਲੋਂ ਲਿਆਂਦੀ ਗਈ ਹੈ ਕਿ ਇਹ ਨਸਲਕੁਸ਼ੀ ਭਾਰਤ ਦੇ ਹਰ ਸੂਬੇ ਵਿਚ ਕਰਨ ਦੀ ਕੋਸ਼ਿਸ ਕੀਤੀ ਗਈ, ਉਹ ਗੱਲ ਵੱਖਰੀ ਹੈ ਕਿ ਬਿਪਰ ਕਿਤੇ ਵੱਧ ਅਤੇ ਕਿਤੇ ਘੱਟ ਨੁਕਸਾਨ ਕਰਨ ਵਿਚ ਸਫਲ ਹੋਇਆ। 

ਬੀਤੇ ਦਿਨੀਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਨਾਲ ਸਬੰਧਤ ਕੁਝ ਪਰਿਵਾਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮਿਲੇ ਜਿਸ ਦੌਰਾਨ ਉਨ੍ਹਾਂ ਨੇ ਸਰਕਾਰੀ ਨੌਕਰੀਆਂ ਵਿੱਚ ਕੁਝ ਹਿੱਸਾ ਰਾਖਵਾਂਕਰਨ, ਪੈਨਸ਼ਨਾਂ ਅਤੇ ਦੋਸ਼ੀਆਂ ਨੂੰ ਸਜਵਾਂ ਦੇਣ ਲਈ ਸਰਕਾਰ ਨੂੰ ਕਹਿਣ ਸਬੰਧੀ ਮੰਗ ਪੱਤਰ ਦਿੱਤਾ। ਪਿਛਲੇ ਦਹਾਕਿਆਂ ਤੋਂ ਸਿੱਖਾਂ ਦਾ ਇੱਕ ਹਿੱਸਾ ਇਸ ਨਸਲਕੁਸ਼ੀ ਨੂੰ ਜਖ਼ਮ ਦੇ ਤੌਰ ’ਤੇ ਗਿਣਦਾ ਰਿਹਾ ਹੈ ਅਤੇ ਖੁਦ ਨੂੰ ਪੀੜਤ ਵਜੋਂ ਜਣਾਉਣ ਦੀ ਕੋਸ਼ਿਸ ਕਰਦਾ ਰਿਹਾ ਹੈ ਤਾਂ ਕਿ ਭਾਰਤੀ ਅਦਾਲਤਾਂ ਰਾਹੀਂ ਇਨਸਾਫ ਹਾਸਲ ਕੀਤਾ ਜਾ ਸਕੇ। ਸਿੱਖਾਂ ਦਾ ਇਹ ਭਰਮ ਵੀ ਹੁਣ ਦੂਰ ਹੋ ਜਾਣਾ ਚਾਹੀਦਾ ਹੈ ਕਿ ਕਿ ਇਥੇ ਸਿੱਖਾਂ ਨੂੰ ਇਨਸਾਫ ਮਿਲ ਸਕੇਗਾ, ਬਹੁਤੀਆਂ ਦਾ ਇਹ ਭੁਲੇਖਾ ਦੂਰ ਹੋਇਆ ਵੀ ਹੈ, ਇਸ ਲਈ ਵੱਡਾ ਹਿੱਸਾ ਹੁਣ ਸਿੱਖ ਨਸਲਕੁਸ਼ੀ ਦੇ ਇਨਸਾਫ ਦੀ ਗੱਲ ਕਰਦਾ ਹੀ ਨਹੀਂ। ਨਿਆਂ ਦੇ ਨੁਕਤੇ ਤੋਂ ਬੁਨਿਆਦੀ ਤੌਰ ’ਤੇ ਹੀ ਇਹ ਗੱਲ ਗ਼ਲਤ ਸੀ ਕਿ ਜਿਸ ਧਿਰ ਨੇ ਕਤਲੇਆਮ ਕੀਤਾ ਹੋਵੇ, ਉਸੇ ਤੋਂ ਹੀ ਇਨਸਾਫ ਦੀ ਆਸ ਰੱਖੀ ਜਾਵੇ। ਜਿੱਥੇ ਬਹੁਤ ਸਿੱਖਾਂ ਵਲੋਂ ਇਹ ਗੱਲ ਸਾਹਮਣੇ ਆਈ ਹੈ ਕਿ ਨਵੰਬਰ 1984 ਦੇ ਬਾਅਦ ਉਨ੍ਹਾਂ ਦਾ ਦਿੱਲੀ ਵਿਚ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ, ਉਨ੍ਹਾਂ ਨੂੰ ਆਪਣੇ ਘਰ ਦੇ ਜੀਅ ਗਵਾ ਕੇ ਵੀ ਨਿੱਤ ਲੋਕਾਂ ਵਲੋਂ ਮਿਹਣੇ ਸੁਣਨ ਨੂੰ ਮਿਲਦੇ ਸਨ, ਸਿੱਖਾਂ ਦੀ ਬਹਾਦਰੀ ਅਤੇ ਇਤਿਹਾਸ ਉਪਰ ਹਿੰਦੂ ਉਂਗਲਾਂ ਉਠਾਉਣ ਲੱਗੇ ਸਨ। ਇਸ ਕਤਲੇਆਮ ਦੇ ਇਨਸਾਫ ਵਜੋਂ ਸਿੱਖਾਂ ਨੂੰ ਆਪਣੇ ਉਨ੍ਹਾਂ ਨਾਇਕਾਂ ਦੀ ਮਿਹਨਤ ਨੂੰ ਯਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਦੇ ਆਸਰੇ ਉਹ ਦਿੱਲੀ, ਕਾਨਪੁਰ ਵਰਗੇ ਇੰਡੀਆ ਦੇ ਮਹਾਨਗਰਾਂ ਵਿਚ ਸਿਰ ਉਚਾ ਕਰਕੇ ਤੁਰ ਰਹੇ ਹਨ। ਜਿਨ੍ਹਾਂ ਨੇ ਉਸ ਵੇਲੇ ਹੀ ਇੰਡੀਆ ਦੇ ਪੱਖਪਾਤੀ ਕਾਨੂੰਨ ਨੂੰ ਸਮਝਦਿਆਂ ਦੋਸ਼ੀਆਂ ਨੂੰ ਸਜਾ ਦੇ ਕੇ ਨਰਕਾਂ ਨੂੰ ਤੋਰ ਦਿੱਤਾ ਸੀ ਅਤੇ ਬਾਕੀਆਂ ਨੂੰ ਦੱਸ ਦਿੱਤਾ ਸੀ ਕਿ ਸਤਿਗੁਰਾਂ ਦੇ ਬਚਨ ਮੁਤਾਬਿਕ ਜਦੋ ਬਾਕੀ ਨਿਆਂ ਦੇ ਦਰਵਾਜੇ ਬੰਦ ਹੋ ਜਾਂਦੇ ਹਨ, ਫੇਰ ਸਿਰਫ ਖੜਗ ਹੀ ਇਨਸਾਫ ਦੇ ਸਕਦੀ ਹੈ। 

ਇਸ ਨਸਲਕੁਸ਼ੀ ਦੇ ਜਖਮ ਅਤੇ ਪਸਾਰ ਸਿੱਖ ਮਨਾਂ ਵਿਚ ਬਹੁਤ ਗਹਿਰੇ ਹਨ। ਕਤਲੇਆਮ ਦੇ ਪੱਖ ਤੋਂ ਜੋ ਦਰਿੰਦਗੀ ਹੋਈ, ਉਸਦਾ ਬਹੁਤਾ ਵਰਨਣ ਠੀਕ ਨਹੀਂ। ਕਿਸੇ ਧਿਰ ਦੇ ਔਗੁਣ ਚਿਤਾਰਣ ਨਾਲੋਂ ਸਿੱਖਾਂ ਨੂੰ ਆਪਣੇ ਉਨ੍ਹਾਂ ਗੁਣਾਂ ਦੀ ਗੱਲ ਕਰਨੀ ਚਾਹੀਦੀ ਹੈ, ਜਿਸ ਦੀ ਬਦੌਲਤ ਉਹ ਅਜਿਹੀਆਂ ਭਿਆਨਕ ਨਸਲਕੁਸ਼ੀਆਂ ਦੇ ਵਰਤਾਰੇ ਵਿਚੋਂ ਬਚ ਨਿਕਲੇ। ਕਤਲੇਆਮ ਦੀ ਗੱਲ ਸੁਚੇਤਤਾ ਦੇ ਪੱਖ ਤੋਂ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਇੱਕ ਕੌਮ ਉਪਰ ਦੂਸਰੇ ਹਮਲਾਵਰ ਹੋ ਸਕਦੇ ਹਨ, ਭਾਵੇਂ ਆਮ ਹਲਾਤਾਂ ਵਿਚ ਅਜਿਹੀ ਕੋਈ ਗੱਲ ਸੋਚੀ ਵੀ ਨਹੀਂ ਜਾ ਸਕਦੀ। ਅਜਿਹੇ ਵਰਤਾਰੇ ਕੌਮਾਂ ਲਈ ਵੱਡੀ ਜਾਇਦਾਤ ਹੁੰਦੇ ਹਨ, ਜਿਥੇ ਇਹ ਦੇਖਣ ਨਾਲੋਂ ਕਿ ਦੂਸਰੇ ਨੇ ਸਾਡੇ ਨਾਲ ਕੀ ਕੀਤਾ, ਇਹ ਦੇਖਣਾ ਅਹਿਮ ਹੁੰਦਾ ਹੈ ਕਿ ਉਦੋਂ ਅਸੀਂ ਕੀ ਸਹੀ ਕੀਤਾ ਅਤੇ ਕੀ ਸਹੀ ਨਹੀਂ ਕੀਤਾ ਤੇ ਭਵਿੱਖ ਲਈ ਸਾਡੀ ਕੀ ਤਿਆਰੀ ਚਾਹੀਦੀ ਹੈ। 

 

ਸੰਪਾਦਕ