ਕੋਰੋਨਾਵਾਇਰਸ ਦੀ ਆਫਤ ਮੌਕੇ ਗੁਰੂ ਦਾ ਸਿੱਖਾਂ ਨੂੰ ਹੁਕਮ

ਕੋਰੋਨਾਵਾਇਰਸ ਦੀ ਆਫਤ ਮੌਕੇ ਗੁਰੂ ਦਾ ਸਿੱਖਾਂ ਨੂੰ ਹੁਕਮ

ਕੋਰੋਨਾਵਾਇਰਸ ਨਾਮੀਂ ਬਿਮਾਰੀ ਪੂਰੀ ਦੁਨੀਆ ਵਿਚ ਮਨੁੱਖਾਂ ਨੂੰ ਆਪਣੇ ਪ੍ਰਕੋਪ ਵਿਚ ਲੈ ਰਹੀ ਹੈ। ਵਿਸ਼ਵ ਸਿਹਤ ਸੰਸਥਾ ਇਸ ਨੂੰ ਮਹਾਂਮਾਰੀ ਐਲਾਨ ਚੁੱਕੀ ਹੈ ਅਤੇ ਕਦੇ ਨਾ ਖੜ੍ਹਨ ਵਾਲੀ ਪ੍ਰਤੀਤ ਹੁੰਦੀ ਵਿਗਿਆਨ ਆਸਰੇ ਚਲਦੀ ਦੁਨੀਆ ਡਰੀ ਹੋਈ ਖੜ੍ਹੋ ਗਈ ਹੈ। ਦੁਨੀਆ ਦੇ ਬਹੁਤੇ ਮੁਲਕਾਂ ਨੇ ਤੋਰੇ ਫੇਰੇ 'ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਅਜਿਹੇ ਹਾਲਾਤਾਂ ਵਿਚ ਦੋ ਆਸਰਿਆਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਇਕ ਅਧਿਆਤਮ ਨਾਲ ਮਨ ਦੀ ਪੱਕਿਆਈ ਦੂਜਾ ਰੋਗੀ ਸ਼ਰੀਰਾਂ ਨੂੰ ਅਰੋਗ ਸ਼ਰੀਰਾਂ ਦਾ ਆਸਰਾ। ਪਰ ਇਹ ਬਿਮਾਰੀ ਅਜਿਹੀ ਹੈ ਜਿੱਥੇ ਅਰੋਗ ਸ਼ਰੀਰ ਰੋਗੀਆਂ ਤੋਂ ਦੂਰੀ ਬਣਾ ਰਹੇ ਹਨ ਅਤੇ ਮਨ ਦੀ ਪਕਿਆਈ ਲਈ ਮਨੁੱਖ ਅਧਿਆਤਮ ਤੋਂ ਸੱਖਣਾ ਹੋਇਆ ਪਿਆ ਹੈ। ਅਜਿਹੇ ਬਿਖੜੇ ਸਮੇਂ ਇਸ ਮਨੁੱਖਾ ਜਾਤੀ ਲਈ ਗੁਰੂ ਕੇ ਸਿੱਖਾਂ ਨੂੰ ਗੁਰੂ ਪਾਤਸ਼ਾਹ ਨੇ ਸੇਵਾ ਦਾ ਵੱਡਾ ਹੁਕਮ ਬਖਸ਼ਿਆ ਹੈ। ਸੇਵਾ ਕਰਦਿਆਂ ਆਪਣਾ ਆਪ ਤੱਕ ਕੁਰਬਾਨ ਕਰਨ ਦਾ ਹੁਕਮ ਹੈ। ਅੱਜ ਲੋੜ ਹੈ ਸਮੁੱਚਾ ਸਿੱਖ ਜਗਤ ਆਪਣੀ ਸੁਰਤ ਨੂੰ ਦਿੱਲੀ ਵਿਚ ਲੈ ਕੇ ਜਾਵੇ ਜਦੋਂ ਅੱਠਵੇਂ ਨਾਨਕ ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਬ ਜੀ ਦਿੱਲੀ ਵਿਚ ਗਏ ਸਨ ਤੇ ਉੱਥੇ ਚੇਚਕ ਦੀ ਮਹਾਂਮਾਰੀ ਫੈਲ ਗਈ ਸੀ। ਗੁਰੂ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਇਸ ਮਹਾਂਮਾਰੀ ਦੇ ਪੀੜਤਾਂ ਦੀ ਸੇਵਾ ਕੀਤੀ ਤੇ ਅਕਾਲ ਦੀ ਅੰਸ਼ ਇਸ ਮਨੁੱਖਾ ਜਾਤੀ ਦੀ ਸੇਵਾ ਕਰਦਿਆਂ ਖੁਦ ਚੇਚਕ ਦਾ ਭਾਰ ਆਪਣੇ ਸ਼ਰੀਰ 'ਤੇ ਲੈ ਜੋਤੀ ਜੋਤ ਸਮਾ ਗਏ। ਗੁਰੂ ਕਾਲ ਤੋਂ ਰਹਿਤ ਹੈ, ਪਰ ਗੁਰੂ ਪਾਤਸ਼ਾਹ ਨੇ ਦਸ ਜਾਮਿਆਂ ਵਿਚ ਸ਼ਰੀਰਕ ਕਰਮਾਂ ਰਾਹੀਂ ਆਪਣੇ ਸਿੱਖਾਂ ਲਈ ਜ਼ਿੰਦਗੀ ਜ਼ਿਉਣ ਦੀ ਰਹਿਤ ਸਥਾਪਤ ਕੀਤੀ। ਗੁਰੂ ਪਾਤਸ਼ਾਹ ਨੇ ਹਰ ਇਕ ਵਰਤਾਰੇ ਦਾ ਸਿਖਰ ਪ੍ਰਗਟ ਕੀਤਾ। ਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਉਸ ਚੋਜ ਰਾਹੀਂ ਹੁਕਮ ਕੀਤਾ ਕਿ ਰੋਗੀਆਂ ਦੀ ਸੇਵਾ ਕਰਨ ਤੋਂ ਜ਼ਿੰਦਗੀ ਲਾਉਣ ਦੀ ਹੱਦ ਤਕ ਜਾਂਦਿਆਂ ਵੀ ਨਹੀਂ ਝਿਜਕਣਾ। ਜ਼ਿੰਦਗੀ-ਮੌਤ ਅਕਾਲ ਦੇ ਭਾਣੇ ਵਿਚ ਹੈ, ਮਨੁੱਖ ਦਾ ਕਰਮ ਸੇਵਾ ਕਰਨ ਦਾ ਹੈ। ਸਿੱਖ ਸੇਵਾ ਤੋਂ ਮੁਨਕਰ ਨਾ ਹੋਵੇ। ਇਸ ਸੇਵਾ ਦੇ ਸੰਕਲਪ ਦੇ ਹੋਰ ਬਹੁਤ ਝਲਕਾਰੇ ਗੁਰੂ ਕੇ ਸਿੱਖਾਂ ਦੇ ਜੀਵਨ ਵਿਚੋਂ ਵੀ ਮਿਲਦੇ ਹਨ ਜਿਹਨਾਂ ਵਿਚੋਂ ਭਾਈ ਕਨਹੀਆ ਜੀ ਦੀ ਸੇਵਾ ਨੂੰ ਵੀ ਗੁਰੂ ਨੇ ਭਾਗ ਲਾਏ ਹਨ। ਤਾਂ ਸਿੱਖਾਂ ਨੂੰ ਅੱਜ ਇਸ ਬਿਖੜੇ ਸਮੇਂ ਗੁਰੂ ਦੇ ਹੁਕਮ ਨੂੰ ਮੰਨਦਿਆਂ ਪੂਰੀ ਦੁਨੀਆ ਵਿਚ ਫੈਲ ਰਹੀ ਨਕਾਰਾਤਮਿਕਤਾ ਨੂੰ ਤੋੜਦਿਆਂ ਚੜ੍ਹਦੀਕਲਾ ਨਾਲ ਪੀੜਤਾਂ ਦੀ ਸੇਵਾ ਦੇ ਮੈਦਾਨ ਵਿਚ ਆਉਣਾ ਚਾਹੀਦਾ ਹੈ। ਗੱਲ ਭਾਵਨਾ ਲਿਆਉਣ ਦੀ ਹੈ, ਸੇਵਾ ਲਈ ਰਾਹ ਤੁਹਾਨੂੰ ਗੁਰੂ ਪਾਤਸ਼ਾਹ ਆਪ ਦਿਖਾਉਣਗੇ। 
ਸੁਖਵਿੰਦਰ ਸਿੰਘ