ਗੋਦੀ ਮੀਡੀਆ ਦੇ 14 ਐਂਕਰਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਨਹੀਂ ਲਵੇਗਾ ਇੰਡੀਆ’ ਗਠਜੋੜ

ਗੋਦੀ ਮੀਡੀਆ ਦੇ 14 ਐਂਕਰਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ  ਨਹੀਂ ਲਵੇਗਾ ਇੰਡੀਆ’ ਗਠਜੋੜ

ਇੰਡੀਆ’ ਗਠਜੋੜ ਹੇਠ 11 ਰਾਜ ਸਰਕਾਰਾਂ ਫੈਸਲਾ ਲੈ ਸਕਦੀਆਂ ਨੇ ਕਿ ਅਜਿਹੇ ਚੈਨਲਾਂ ਨੂੰ ਸਰਕਾਰੀ ਇਸ਼ਤਿਹਾਰ ਨਾ ਦਿਤੇ ਜਾਣ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਮੁੰਬਈ-‘ਇੰਡੀਆ’ ਗਠਜੋੜ ਨੇ ਆਪਣੀ ਮੀਟਿੰਗ ਵਿੱਚ ਗੋਦੀ ਮੀਡੀਆ ਦੇ 14 ਐਂਕਰਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਨਾ ਲੈਣ ਦਾ ਫ਼ੈਸਲਾ ਕਰਕੇ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਤਾਨਾਸ਼ਾਹੀ ਹਾਕਮਾਂ ਵਿਰੁੱਧ ਹਰ ਮੋਰਚੇ ਉੱਤੇ ਲੜਨ ਲਈ ਤਿਆਰ ਹੈ। ‘ਇੰਡੀਆ’ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਸ਼ਾਮਲ ਵੱਖ-ਵੱਖ ਚੈਨਲਾਂ ਦੇ ਇਹ ਪੱਤਰਕਾਰ ਕਾਫ਼ੀ ਮਸ਼ਹੂਰ ਹਨ। ‘ਇੰਡੀਆ’ ਗਠਜੋੜ ਨਾਲ ਜੁੜੇ ਵਿਰੋਧੀ ਦਲਾਂ ਦਾ ਦੋਸ਼ ਹੈ ਕਿ ਇਹ ਐਂਕਰ ਆਪਣੇ ਪ੍ਰੋਗਰਾਮਾਂ ਵਿੱਚ ਪੱਖਪਾਤ ਦੇ ਨਾਲ-ਨਾਲ ਨਫ਼ਰਤ ਫੈਲਾਉਣ ਦਾ ਕੰਮ ਕਰਦੇ ਹਨ। ਇਸ ਲਈ ਅੱਗੇ ਤੋਂ ਗਠਜੋੜ ਨਾਲ ਜੁੜੀਆਂ ਪਾਰਟੀਆਂ ਇਨ੍ਹਾਂ ਐਂਕਰਾਂ ਦੇ ਪ੍ਰੋਗਰਾਮਾਂ ਵਿੱਚ ਆਪਣਾ ਕੋਈ ਨੁਮਾਇੰਦਾ ਨਹੀਂ ਭੇਜਣਗੀਆਂ। ਇਸ ਫੈਸਲੇ ਬਾਰੇ ਕਾਂਗਰਸ ਆਗੂ ਪਵਨ ਖੇੜਾ ਨੇ ਕਿਹਾ, ‘ਰੋਜ਼ ਸ਼ਾਮ ਪੰਜ ਵਜੇ ਕੁਝ ਚੈਨਲਾਂ ਉੱਤੇ ਨਫ਼ਰਤ ਦੀਆਂ ਦੁਕਾਨਾਂ ਸਜ ਜਾਂਦੀਆਂ ਹਨ। ਅਸੀਂ ਹੁਣ ਨਫ਼ਰਤ ਦੇ ਬਜ਼ਾਰ ਦੇ ਗਾਹਕ ਨਹੀਂ ਬਣਾਂਗੇ। ਬਹੁਤ ਭਾਰੀ ਮਨ ਨਾਲ ਇਹ ਫੈਸਲਾ ਲਿਆ ਗਿਆ ਹੈ।’ ਪਿਛਲੇ ਲੰਮੇ ਸਮੇਂ ਤੋਂ ਚਲ ਰਹੀ ਇਸ ਸਮੱਸਿਆ ਦੀ ਗਠਜੋੜ ਨੇ ਨਿਸ਼ਾਨਦੇਹੀ ਕਰਕੇ ਇਸ ਨੂੰ ਜਨਤਾ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ ਹੈ। ਹੁਣ ਜਨਤਾ ਦਾ ਕੰਮ ਹੈ ਕਿ ਉਹ ਇਸ ਬਾਰੇ ਕੀ ਨਿਰਣਾ ਲੈਂਦੀ ਹੈ।

ਅਸਲ ਵਿੱਚ ਇਨ੍ਹਾਂ ਪੱਤਰਕਾਰਾਂ ਦਾ ਵਿਰੋਧ ਕਰਨਾ ਫਿਰਕੂ ਨਫ਼ਰਤ ਦਾ ਵਿਰੋਧ ਕਰਨਾ ਹੈ। ਪੱਤਰਕਾਰਾਂ ਨੂੰ ਭਾਜਪਾ ਦੀ ਫਿਰਕੂ ਧਰੁਵੀਕਰਨ ਦੀ ਸਿਆਸਤ ਲਈ ਵਰਤਣਾ 2014 ਤੋਂ ਤੁਰੰਤ ਬਾਅਦ ਹੀ ਸ਼ੁਰੂ ਹੋ ਗਿਆ ਸੀ। ਜਿਹੜੇ ਪੱਤਰਕਾਰ ਇਸ ਨੀਤੀ ’ਤੇ ਨਹੀਂ ਚੱਲੇ, ਉਨ੍ਹਾਂ ਨੂੰ ਨੌਕਰੀਆਂ ਤੋਂ ਕਢਾ ਦਿੱਤਾ ਗਿਆ। ਇਸ ਮੁਹਿੰਮ ਦੇ ਸਿੱਟੇ ਲਗਾਤਾਰ ਸਾਹਮਣੇ ਆਉਂਦੇ ਰਹੇ ਹਨ। ਇਸ ਮੁਹਿੰਮ ਦੀ ਸ਼ੁਰੂਆਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਖ਼ਿਲਾਫ਼ ਟੀ ਵੀ ਚੈਨਲਾਂ ਵੱਲੋਂ ਨਫ਼ਰਤ ਫੈਲਾਉਣ ਨਾਲ ਕੀਤੀ ਗਈ ਸੀ। ਇਨ੍ਹਾਂ ਗੋਦੀ ਐਂਕਰਾਂ ਨੇ ਹੀ ਉਮਰ ਖਾਲਿਦ ਤੇ ਕਨਈਆ ਕੁਮਾਰ ਨੂੰ ਦੇਸ਼ਧੋ੍ਹੀ ਬਣਾ ਕੇ ਉਨ੍ਹਾਂ ਨਾਲ ਘਿ੍ਰਣਾ ਕਰਨ ਵਾਲੇ ਹਜ਼ਾਰਾਂ ਲੋਕ ਤਿਆਰ ਕੀਤੇ ਸਨ। ਇਹੋ ਲੋਕ ਸਨ ਜਿਨ੍ਹਾਂ ਕਨੱਈਆ ਕੁਮਾਰ ’ਤੇ ਅਦਾਲਤ ਵਿੱਚ ਹਮਲਾ ਕੀਤਾ ਸੀ। ਇਨ੍ਹਾਂ ਐਂਕਰਾਂ ਦੇ ਪ੍ਰਚਾਰ ਨੇ ਹੀ ਹਰਿਆਣੇ ਦੇ ਉਨ੍ਹਾਂ ਦੋ ਵਿਅਕਤੀਆਂ ਨੂੰ ਤਿਆਰ ਕੀਤਾ, ਜਿਨ੍ਹਾਂ ਉਮਰ ਖਾਲਿਦ ਨੂੰ ਗੋਲੀ ਨਾਲ ਉਡਾ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਸ ਹਮਲੇ ਵਿੱਚ ਉਮਰ ਖਾਲਿਦ ਇਸ ਲਈ ਬਚ ਗਏ ਕਿਉਂਕਿ ਰਿਵਾਲਵਰ ਜਾਮ ਹੋ ਗਿਆ ਸੀ। ਇਸ ਹਮਲੇ ਤੋਂ ਬਾਅਦ ਉਮਰ ਖਾਲਿਦ ਨੇ ਕਿਹਾ ਸੀ ਕਿ ਉਹ ਇਸ ਹਮਲੇ ਲਈ ਟੀ ਵੀ ਚੈਨਲਾਂ ਨੂੰ ਜ਼ਿੰਮੇਵਾਰ ਸਮਝਦੇ ਹਨ, ਕਿਉਂਕਿ ਇਨ੍ਹਾਂ ਦੇ ਪ੍ਰਚਾਰ ਕਾਰਨ ਹੀ ਦਰਸ਼ਕਾਂ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਉਮਰ ਖਾਲਿਦ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਕਰ ਰਿਹਾ ਹੈ।

ਕੋਰੋਨਾ ਮਹਾਂਮਾਰੀ ਦੌਰਾਨ ਇਨ੍ਹਾਂ ਐਂਕਰਾਂ ਨੇ ਹੀ ਮਹਾਂਮਾਰੀ ਫੈਲਣ ਲਈ ਤਬਲੀਗੀ ਜਮਾਤ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਪਿਛਲੇ 9-10 ਸਾਲਾਂ ਵਿੱਚ ਇਨ੍ਹਾਂ ਟੀ ਵੀ ਐਂਕਰਾਂ ਨੇ ਹਿੰਦੂ ਤਬਕੇ ਵਿੱਚ ਅਜਿਹੀ ਨਫ਼ਰਤ ਭਰ ਦਿੱਤੀ ਹੈ, ਜਿਸ ਨੂੰ ਦੂਰ ਕਰਨ ਲਈ ਲੰਮਾ ਸਮਾਂ ਲੱਗੇਗਾ। ਇਨ੍ਹਾਂ ਟੀ ਵੀ ਚੈਨਲਾਂ ਦੇ ਨਿਸ਼ਾਨੇ ’ਤੇ ਸਿਰਫ਼ ਸਿਖ ਤੇ ਮੁਸਲਮਾਨ ਹੀ ਨਹੀਂ, ਉਹ ਹਰ ਨਾਗਰਿਕ ਹੈ, ਜਿਹੜਾ ਮੌਜੂਦਾ ਹਾਕਮਾਂ ਦੀ ਨੁਕਤਾਚੀਨੀ ਕਰਦਾ ਹੈ। ਇਨ੍ਹਾਂ ਐਂਕਰਾਂ ਨੇ ਦੇਸ਼ ਦੇ ਮੁਸਲਮਾਨਾਂ, ਬੁੱਧੀਜੀਵੀਆਂ ਤੇ ਸਰਕਾਰ ਦੀ ਅਲੋਚਨਾ ਕਰਨ ਵਾਲੇ ਨਾਗਰਿਕਾਂ ਦਾ ਜੀਵਨ ਅਸੁਰੱਖਿਅਤ ਬਣਾ ਦਿੱਤਾ ਹੈ। ਇਹ ਬਹੁਤ ਹੀ ਘਿਨੌਣਾ ਅਪਰਾਧ ਹੈ, ਜਿਸ ਦੇ ਮੁਕਾਬਲੇ ਇਨ੍ਹਾਂ ਦੇ ਬਾਈਕਾਟ ਦੀ ਸਜ਼ਾ ਬਹੁਤ ਘੱਟ ਹੈ।

ਵਿਰੋਧੀ ਦਲਾਂ ਦੇ ਗਠਜੋੜ ‘ਇੰਡੀਆ’ ਨੇ ਇਨ੍ਹਾਂ ਐਂਕਰਾਂ ਦੇ ਪ੍ਰੋਗਰਾਮ ਵਿੱਚ ਨਾ ਜਾਣ ਦਾ ਫੈਸਲਾ ਕਰਕੇ ਇਹ ਸੰਕੇਤ ਦਿੱਤਾ ਹੈ ਕਿ ਉਹ ਫਿਰਕੂ ਨਫ਼ਰਤੀ ਮੁਹਿੰਮ ਨੂੰ ਨਾਮਨਜ਼ੂਰ ਕਰਦੇ ਹਨ। ‘ਇੰਡੀਆ’ ਗਠਜੋੜ ਹੇਠ 11 ਰਾਜ ਸਰਕਾਰਾਂ ਹਨ। ਇਹ ਕਿਸੇ ਵੀ ਸਮੇਂ ਇਹ ਫੈਸਲਾ ਲੈ ਸਕਦੀਆਂ ਹਨ ਕਿ ਨਫ਼ਰਤੀ ਮੁਹਿੰਮ ਵਿੱਚ ਸ਼ਾਮਲ ਟੀ ਵੀ ਚੈਨਲਾਂ ਨੂੰ ਸਰਕਾਰੀ ਇਸ਼ਤਿਹਾਰ ਨਹੀਂ ਦਿੱਤੇ ਜਾਣਗੇ।

-ਇਹ ਹਨ ਨਿਊਜ਼ ਐਂਕਰਾਂ ਦੇ ਨਾਂਅ

-ਅਦਿਤੀ ਤਿਆਗੀ

-ਅਮਨ ਚੋਪੜਾ

-ਅਮੀਸ਼ ਦੇਵਗਨ

-ਆਨੰਦ ਨਰਸਿਮ੍ਹਾ

-ਅਰਨਬ ਗੋਸਵਾਮੀ

-ਅਸ਼ੋਕ ਸ਼੍ਰੀਵਾਸਤਵ

-ਚਿੱਤਰਾ ਤ੍ਰਿਪਾਠੀ

-ਗੌਰਵ ਸਾਵੰਤ

-ਨਵਿਕਾ ਕੁਮਾਰ

-ਪ੍ਰਾਚੀ ਪਰਾਸ਼ਰ

-ਰੁਬੀਕਾ ਲਿਆਕਤ

-ਸ਼ਿਵ ਅਰੂਰ

ਸੁਧੀਰ ਚੌਧਰੀ

-ਸੁਸ਼ਾਂਤ ਸਿਨਹਾ