ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੇ ਸ਼ੁਕਰਾਨੇ ਵਜੋਂ ਸਿਨਸਿਨਾਟੀ ਓਹਾਇਓ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੇ ਸ਼ੁਕਰਾਨੇ ਵਜੋਂ  ਸਿਨਸਿਨਾਟੀ ਓਹਾਇਓ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ

ਅੰਮ੍ਰਿਤਸਰ ਟਾਈਮਜ਼

ਸਿਨਸਿਨਾਟੀ (ਓਹਾਇਓ, ਅਮਰੀਕਾ): ਬੀਤੇ ਦਿਨੀਂ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਦੇ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਸੰਗਰੂਰ ਜਿਮਨੀ ਚੋਣ ਹਲਕੇ ਤੋਂ 23 ਸਾਲਾਂ ਬਾਅਦ ਪਾਰਲੀਮੈਂਟ ਦੀ ਚੋਣ ਜਿੱਤਣ ਦੇ ਸ਼ੁਕਰਾਨੇ ਵਜੋਂ, ਅਤੇ ਉਹਨਾਂ ਦੀ ਸਿਹਤਯਾਬੀ ਅਤੇ ਤੰਦਰੁਸਤੀ ਲਈ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ।


ਸੰਗਰੂਰ ਜ਼ਿਮਨੀ ਚੋਣ ਵਿਚ ਜਿੱਤ ਹਾਸਲ ਕਰਨ ’ਤੇ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੰਦਿਆਂ ਸੰਗਤ ਦੇ ਮੈਂਬਰਾਂ ਨੇ ਮਾਨ ਵੱਲੋਂ ਭਾਰਤ ਦੀ ਸੰਸਦ ਵਿਚ ਸਿੱਖ ਮਸਲੇ ਉਠਾਉਣ ਦੀ ਆਸ ਪ੍ਰਗਟ ਕੀਤੀ ਹੈ। ਵਿਦੇਸ਼ ਵਿੱਚ ਵੱਸੀਆਂ ਸਿੱਖ ਸੰਗਤਾਂ ਨੂੰ ਆਸ ਹੈ ਕਿ ਮੁੜ ਸੰਸਦ ਮੈਂਬਰ ਚੁਣੇ ਜਾਣ ‘ਤੇ ਪੰਜਾਬ ਅਤੇ ਖ਼ਾਸਕਰ ਸਿੱਖ ਕੌਮ ਨਾਲ ਸਬੰਧਤ ਮਸਲੇ ਜਿਨ੍ਹਾਂ ਪ੍ਰਤੀ ਦੇਸ਼ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਲੰਮੇ ਅਰਸੇ ਤੋਂ ਬੇਰੁਖੀ ਬਣੀ ਹੋਈ ਹੈ, ਉਨ੍ਹਾਂ ਦੇ ਹੱਲ ਲਈ ਸਿਮਰਨਜੀਤ ਸਿੰਘ ਮਾਨ ਵੱਲੋਂ ਆਵਾਜ਼ ਚੁੱਕੀ ਜਾਏਗੀ, ਜੋ ਕਿ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਦੀ ਸਾਂਝੀ ਜ਼ਿੰਮੇਵਾਰੀ ਵੀ ਹੈ। ਮੌਜੂਦਾ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਅਤਿ ਅਹਿਮ ਹੈ, ਕਿਉਂਕਿ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਸਰਕਾਰੀ ਐਲਾਨ ਦੇ ਬਾਵਜੂਦ ਜਾਣਬੁਝ ਕੇ ਰਿਹਾਅ ਨਹੀਂ ਕੀਤਾ ਜਾ ਰਿਹਾ।

ਸਹਿਜ ਪਾਠ ਦੇ ਭੋਗ ਉਪਰੰਤ, ਗੁਰਦੁਆਰਾ ਸਾਹਿਬ ਦੇ ਕੀਰਤਨੀ ਜੱਥੇ ਮੁੱਖ ਗ੍ਰੰਥੀ ਭਾਈ ਅਮਰੀਕ ਸਿੰਘ, ਭਾਈ ਜੀਤ ਸਿੰਘ, ਭਾਈ ਨਿਰਮਲ ਸਿੰਘ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕ ਕਮੇਟੀ ਨੇ ਪਾਠ ਅਤੇ ਲੰਗਰ ਦੀ ਸੇਵਾ ਕਰਨ ਲਈ ਸੇਵਾਦਾਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ।