ਜਰਮਨੀ ਤੋਂ ਬੱਬਰਾਂ ਦੀ ਅਪੀਲ ਪੰਜਾਬੀਓ ਪੰਜਾਬ ਦੇ ਹੱਕਾਂ ਲਈ ਗੜਕਣ ਵਾਲੇ ਉਮੀਦਵਾਰਾਂ ਨੂੰ ਜਿੱਤਾ ਕੇ ਪਾਰਲੀਮੈਂਟ ਵਿੱਚ ਭੇਜਿਓ

ਜਰਮਨੀ ਤੋਂ ਬੱਬਰਾਂ ਦੀ ਅਪੀਲ ਪੰਜਾਬੀਓ ਪੰਜਾਬ ਦੇ ਹੱਕਾਂ ਲਈ ਗੜਕਣ ਵਾਲੇ ਉਮੀਦਵਾਰਾਂ ਨੂੰ ਜਿੱਤਾ ਕੇ ਪਾਰਲੀਮੈਂਟ ਵਿੱਚ ਭੇਜਿਓ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 22 ਮਈ (ਮਨਪ੍ਰੀਤ ਸਿੰਘ ਖਾਲਸਾ):-ਜਰਮਨ ਦੇ ਸਿੰਘ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਹਰਜੋਤ ਸਿੰਘ ਬੱਬਰ, ਭਾਈ ਬਿੱਧੀ ਸਿੰਘ ਬੱਬਰ, ਭਾਈ ਜਸਵੰਤ ਸਿੰਘ, ਭਾਈ ਬਲਜਿੰਦਰ ਸਿੰਘ ਅਤੇ ਭਾਈ ਰਾਜਿੰਦਰ ਸਿੰਘ ਆਦਿ ਸਿੰਘਾਂ ਨੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਕਿਹਾ ਹੈ ਕਿ ਆਪਣੀ ਕੀਮਤੀ ਵੋਟ ਦਵਾਰਾ ਉਨ੍ਹਾਂ ਉਮੀਦਵਾਰਾਂ ਨੂੰ ਜਿੱਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇ ਜੋ ਸੈਂਟਰ ਸਰਕਾਰ ਦੀ ਅੱਖ ਵਿੱਚ ਅੱਖ ਪਾ ਕੇ ਪੰਜਾਬ ਦੇ ਹੱਕਾਂ ਅਤੇ ਮਸਲਿਆਂ ਦੀ ਨਿੱਧੜਕ ਹੋ ਕੇ ਗੱਲ ਕਰ ਸਕਣ। ਭਾਵੇਂ ਕਿ ਇਹ ਕਲੀਅਰ ਹੈ ਕਿ ਸਿੱਖਾਂ ਦੇ ਮਸਲਿਆਂ ਦਾ ਹੱਲ ਸਿਰਫ ਤੇ ਸਿਰਫ ਅਜ਼ਾਦ ਦੇਸ਼ ਦੀ ਸਥਾਪਤੀ ਹੀ ਹੈ। ਫਿਰ ਵੀ ਜਦੋਂ ਤੀਕ ਅਸੀਂ ਗੁਲਾਮੀ ਤੋਂ ਛੁਟਕਾਰਾ ਪਾ ਨਹੀ ਲੈਂਦੇ ਉਦੋਂ ਤੱਕ ਸਾਡੇ ਕੋਲ ਉਹ ਸਿੱਖ ਨੁਮਾਇੰਦੇ ਪਾਰਲੀਮੈਂਟ ਵਿੱਚ ਜਾਣ ਵਾਲੇ ਚਾਹੀਦੇ ਹਨ ਜੋ ਉਥੇ ਜਾ ਕੇ ਜੁਅਰੱਤ ਨਾਲ ਪੰਜਾਬ ਦੇ ਮਸਲਿਆਂ ਅਤੇ ਭਾਰਤ ਸਰਕਾਰ ਵੱਲੋਂ ਸਿੱਖਾਂ ਸਮੇਤ ਘੱਟ ਗਿਣਤੀਆਂ ਨਾਲ ਹੋ ਰਹੇ ਵਿਤਕਰਿਆਂ ਦੀ ਗੱਲ ਕਰ ਸਕਣ। ਜਿਵੇਂ ਸ. ਸਿਮਰਨਜੀਤ ਸਿੰਘ ਮਾਨ ਨੇ ਪਿਛਲੇ ਸਮੇਂ ਪਾਰਲੀਮੈਂਟ ਅੰਦਰ ਪੰਜਾਬ ਅਤੇ ਸਿੱਖ ਮਸਲਿਆਂ ਦੇ ਨਾਲ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਦੀਪ ਸਿੱਧੂ ਅਤੇ ਸਿੱਧੂ ਮੂਸੇ ਵਾਲਾ ਦੇ ਕਤਲ ਦੀ ਗੱਲ ਅਤੇ ਸਿੱਖ ਜੁਝਾਰੂਆਂ ਭਾਈ ਪਰਮਜੀਤ ਸਿੰਘ ਪੰਜਵੜ੍ਹ, ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਹਰਦੀਪ ਸਿੰਘ ਨਿੱਝਰ ਨੂੰ ਸ਼ਹੀਦ ਕਰਨ ਦੀ ਗੱਲ ਭਾਰਤੀ ਹਾਕਮਾਂ ਦੀ ਹਿੱਕ ਤੇ ਚੜਕੇ ਕੀਤੀ। ਭਾਈ ਅਮ੍ਰਿਤਪਾਲ ਸਿੰਘ ਜਿਸ ਦੇ ਸਿੱਖ ਕੌਮ ਦੇ ਲਈ ਕੀਤੇ ਜਾ ਰਹੇ ਪ੍ਰਚਾਰ ਤੋਂ ਹੀ ਸੈਂਟਰ ਸਰਕਾਰ, ਪੰਜਾਬ ਸਰਕਾਰ ਅਤੇ ਪੰਥ ਦੋਖੀਆਂ ਨੂੰ ਕੰਬਣੀ ਛਿੜਣ ਲੱਗ ਪਈ ਸੀ। ਜਦੋਂ ਪਾਰਲੀਮੈਂਟ ਵਿੱਚ ਗਰਜੇਗਾ ਤਾਂ ਹਾਲਾਤ ਹੀ ਕੁੱਝ ਹੋਰ ਹੋਣਗੇ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸ. ਸਿਮਰਨਜੀਤ ਸਿੰਘ ਮਾਨ ਅਤੇ ਭਾਈ ਅਮ੍ਰਿਤਪਾਲ ਸਿੰਘ ਨੂੰ ਹਰਾਉਣ ਲਈ ਹਰ ਹੀਲਾ ਵਸੀਲਾ ਵਰਤਿਆ ਜਾ ਰਿਹਾ ਹੈ। ਹੁਣ ਜ਼ਿਮੇਵਾਰੀ ਹਲਕਾ ਖਡੂਰ ਸਾਹਿਬ ਅਤੇ ਹਲਕਾ ਸੰਗਰੂਰ ਵਾਲਿਆਂ ਦੀ ਹੈ ਕਿ ਅਸੀਂ ਆਪਣੇ ਯੋਧਿਆਂ ਨੂੰ ਕਿਵੇਂ ਭਾਰੀ ਗਿਣਤੀ ਵਿੱਚ ਜਿੱਤਾਕੇ ਪਾਰਲੀਮੈਂਟ ਵਿੱਚ ਭੇਜਣਾ ਹੈ। ਹਲਕਾ ਫਰੀਦਕੋਟ ਦੇ ਸੂਝਵਾਨ ਵੋਟਰਾਂ ਦਾ ਸਿਰ ਵੀ ਉਸ ਸਮੇਂ ਮਾਣ ਨਾਲ ਉੱਚਾ ਹੋਵੇਗਾ ਜਦੋਂ ਸ਼ਹੀਦ ਭਾਈ ਬੇਅੰਤ ਸਿੰਘ ਦਾ ਸਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਇੰਦਰਾ ਗਾਂਧੀ ਦੇ ਪੋਤੇ ਰਾਹੁਲ ਗਾਂਧੀ ਦੀ ਅੱਖ ਵਿੱਚ ਅੱਖ ਪਾ ਕੇ ਪਾਰਲੀਮੈਂਟ ਵਿੱਚ ਬੈਠੇਗਾ। ਫਰੀਦਕੋਟ ਵਾਲਿਓ ਬਹੁਤ ਵੱਡੀ ਕੁਰਬਾਨੀ ਹੈ ਸ਼ਹੀਦ ਭਾਈ ਬੇਅੰਤ ਸਿੰਘ ਦੀ। ਅਕਾਲ ਤਖਤ ਤੇ ਟੈਂਕਾ ਤੋਪਾਂ ਨਾਲ ਹਮਲਾ ਕਰਨ ਵਾਲੀ ਪਾਪਣ ਇੰਦਰਾ ਨੂੰ ਸੋਧਾ ਲਾ ਕੇ ਸਿੱਖ ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖੀ ਸੀ ਇਸ ਯੋਧੇ ਨੇ। ਭਾਈ ਸਰਬਜੀਤ ਸਿੰਘ ਨੂੰ ਭਾਰੀ ਬਹੁਮਤ ਨਾਲ ਜਿੱਤਾ ਕੇ ਉਸ ਪੱਗ ਦਾ ਮਾਣ ਰੱਖਣਾ ਹੈ।

ਹਲਕਾ ਬਠਿੰਡਾ ਤੋਂ ਪਾਰਲੀਮੈਂਟ ਦੀ ਚੋਣ ਲੜ ਰਹੇ ਲੱਖਾ ਸਿਧਾਣਾ ਜੋ ਕੇ ਪਹਿਲਾਂ ਹੀ ਪੰਜਾਬੀ ਬੋਲੀ ਅਤੇ ਪੰਜਾਬ ਦੇ ਮਸਲਿਆਂ ਲਈ ਹਿੱਕਤਾਣ ਕੇ ਗੱਲ ਕਰ ਰਹੇ ਹਨ ਜਿਸ ਨੇ ਸਰਕਾਰਾਂ ਅਤੇ ਪੰਜਾਬੀ ਵਿਰੋਧੀ ਪ੍ਰਾਈਵੇਟ ਸਕੂਲਾਂ ਨੂੰ ਵਖਤ ਪਾ ਰੱਖਿਆ ਹੈ ਜਦੋਂ ਇੱਕ ਐਮ. ਪੀ ਦੀ ਹੈਸੀਅਤ ਵਿੱਚ ਹੋਵੇਗਾ ਤਾਂ ਪੰਜਾਬ ਲਈ ਬਹੁਤ ਕੁੱਝ ਕਰੇਗਾ। ਬਠਿੰਡਾ ਵਾਲਿਓ ਇਹ ਫਰਜ਼ ਹੁਣ ਤੁਸੀਂ ਪਛਾਣਨਾ ਹੈ। ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾਂ ਬੀ.ਟੀ.ਐਫ ਦਾ ਉਹ ਸੂਰਮਾ ਜਿਸ ਨੇ ਖਾੜਕੂ ਲਹਿਰ ਦੌਰਾਨ ਸਰਕਾਰ ਨੂੰ ਵਖਤ ਪਾਇਆ ਹੋਇਆ ਸੀ ਪੁਲਿਸ ਦੇ ਹੱਥ ਆਉਣ ਤੇ ਇੰਟੈਰੋਗੇਸ਼ਨ ਦੌਰਾਨ ਉਸ ਸਮੇ ਦੇ ਬੁੱਚੜ ਪੁਲਿਸ ਮੁਖੀ ਕੇ.ਪੀ.ਐਸ ਗਿੱਲ ਦੇ ਮੂੰਹ ਤੇ ਥੁੱਕ ਕੇ ਲਲਕਾਰਿਆ ਸੀ ਕਿ ਤੂੰ ਜਿਹੜਾ ਜ਼ੋਰ ਲਾਉਣਾ ਹੈ ਲਾ ਲੈ, ਮੈਥੋਂ ਕੁੱਝ ਨਹੀ ਹਾਸਲ ਕਰ ਸਕਦਾ। ਭਾਵੇਂ ਕਿ ਉਸ ਦਾ ਅੰਗ ਅੰਗ ਤੋੜ ਕੇ ਸ਼ਹੀਦ ਕਰ ਦਿੱਤਾ ਪਰ ਉਹ ਝੁਕਿਆ ਨਹੀ। ਅੱਜ ਹਲਕਾ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ਤੇ ਚੋਣ ਲੜ ਰਹੇ ਉਸ ਯੋਧੇ ਦੇ ਸਪੁੱਤਰ ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ਨੂੰ ਜਿਤਾਕੇ ਬੁੱਚੜ ਬੇਅੰਤ ਦੇ ਪੋਤੇ ਰਵਨੀਤ ਬਿੱਟੂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀਏ। ਇਸੇ ਤਰ੍ਹਾਂ ਪੰਥਕ ਜਜ਼ਬਾ ਰੱਖਣ ਵਾਲੇ ਭਾਈ ਜਸਕਰਣ ਸਿੰਘ ਕਾਹਨ ਸਿੰਘ ਵਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੂਝਵਾਨ ਉਮੀਦਵਾਰ ਪ੍ਰੋ. ਮਹਿੰਦਰਪਾਲ ਸਿੰਘ ਨੂੰ ਜਿੱਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇ। ਜਦੋ ਪੰਥਕ ਹੱਕਾਂ ਅਤੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਬੁੱਢੇ ਜਰਨੈਲ ਸ. ਸਿਮਰਨਜੀਤ ਸਿੰਘ ਮਾਨ ਨਾਲ ਪੰਜ, ਛੇ ਇਹੋ ਜਿਹੇ ਉਮੀਦਵਾਰ ਪਾਰਲੀਮੈਂਟ ਵਿੱਚ ਜਾਣਗੇ ਤਾਂ ਕੁੱਝ ਵੱਖਰਾ ਹੀ ਨਜ਼ਾਰਾ ਹੋਵੇਗਾ।

ਕਿਉਂ ਕਿ ਹੁਣ ਤੱਕ ਅਕਾਲੀ ਦਲ ਬਾਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਅਤੇ ਸਿੱਖਾਂ ਪ੍ਰਤੀ ਰਵੀਆ ਅਸੀਂ ਬਹੁਤ ਚੰਗੀ ਤਰ੍ਹਾਂ ਦੇਖ ਲਿਆ ਹੈ। ਅੱਜ ਪੰਜਾਬ ਇਨ੍ਹਾਂ ਤਬਾਹੀ ਦੇ ਕੰਢੇ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇਨ੍ਹਾਂ ਆਪਣੇ ਨਿੱਜੀ ਹਿੱਤਾਂ ਲਈ ਸਿੱਖ ਕੌਮ ਅਤੇ ਪੰਜਾਬ ਦਾ ਬੇੜਾ ਗਰਕ ਕਰਨ ਲਈ ਕੋਈ ਕਸਰ ਨਹੀ ਛੱਡੀ। ਇਸ ਲਈ ਪੰਜਾਬ ਦੇ ਸੂਝਵਾਨ ਵੋਟਰੋ ਅੱਜ ਸੋਸ਼ਲ ਮੀਡੀਆ ਕਾਰਨ ਸਭ ਕੁਝ ਸਾਹਮਣੇ ਦਿੱਸ ਰਿਹਾ ਹੈ। ਆਓ ਆਪਣਾ ਫਰਜ਼ ਸਮਝਦੇ ਹੋਏ ਲਾਲਚਾਂ ਅਤੇ ਪਾਰਟੀ ਬਾਜੀ ਤੋਂ ਉਪਰ ਉਠ ਕੇ ਸੂਝਵਾਨ ਅਤੇ ਪੰਜਾਬ ਲਈ ਸੋਚਣ ਵਾਲੇ ਉਮੀਦਵਾਰਾਂ ਨੂੰ ਜਿੱਤਾ ਕੇ ਪਾਰਲੀਮੈਂਟ ਵਿੱਚ ਭੇਜੀਏ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾ ਸਕੀਏ।