ਭਾਈ ਨਿੱਝਰ ਕਤਲਕਾਂਡ ਦੇ ਤਿੰਨ ਦੋਸ਼ੀ ਅਦਾਲਤ 'ਚ ਸਖ਼ਤ ਸੁਰੱਖਿਆ ਹੇਠ ਹੋਏ ਪੇਸ਼, ਚੌਥਾ ਵੀਡੀਓ ਕਾਨਫਰੰਸ ਰਾਹੀਂ ਪੇਸ਼

ਭਾਈ ਨਿੱਝਰ ਕਤਲਕਾਂਡ ਦੇ ਤਿੰਨ ਦੋਸ਼ੀ ਅਦਾਲਤ 'ਚ ਸਖ਼ਤ ਸੁਰੱਖਿਆ ਹੇਠ ਹੋਏ ਪੇਸ਼, ਚੌਥਾ ਵੀਡੀਓ ਕਾਨਫਰੰਸ ਰਾਹੀਂ ਪੇਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 22 ਮਈ (ਮਨਪ੍ਰੀਤ ਸਿੰਘ ਖਾਲਸਾ):-ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ੀ ਤਿੰਨ ਭਾਰਤੀ ਨਾਗਰਿਕਾਂ ਨੂੰ ਮੰਗਲਵਾਰ ਨੂੰ ਪਹਿਲੀ ਵਾਰ ਕੈਨੇਡਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜੱਜ ਨੇ ਉਨ੍ਹਾਂ ਨੂੰ ਭਾਈਚਾਰੇ ਦੇ ਲੋਕਾਂ ਨਾਲ ਸੰਪਰਕ ਨਾ ਕਰਨ ਦਾ ਹੁਕਮ ਦਿੱਤਾ। ਭਾਈ ਨਰਿੰਦਰ ਸਿੰਘ ਖਾਲਸਾ ਵਲੋਂ ਭੇਜੀ ਗਈ ਰਿਪੋਰਟ ਅਨੁਸਾਰ ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਸਰੀ ਸਥਿਤ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਕੋਰਟ ਵਿਚ ਸਰੀਰਕ ਤੌਰ 'ਤੇ ਪੇਸ਼ ਹੋਏ, ਜਦਕਿ ਅਮਨਦੀਪ ਸਿੰਘ ਵੀਡੀਓ ਕਾਨਫਰੰਸ ਰਾਹੀਂ ਅਦਾਲਤੀ ਕਾਰਵਾਈ ਵਿੱਚ ਪੇਸ਼ ਹੋਏ। ਇਨ੍ਹਾਂ ਚਾਰਾਂ ਭਾਰਤੀ ਨਾਗਰਿਕਾਂ 'ਤੇ ਪਿਛਲੇ ਸਾਲ ਹੋਏ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਭਾਰਤ ਨਾਲ ਕੈਨੇਡਾ ਦੇ ਸਬੰਧਾਂ ਨੂੰ ਵਿਗਾੜਨ ਵਾਲੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ।

ਪ੍ਰੌਸੀਕਿਊਟਰ ਮਾਰਸੇਲ ਡੇਗਲ ਨੇ ਕਿਹਾ ਕਿ ਅਗਲੀ ਸੁਣਵਾਈ ਤੱਕ ਦਾ ਸਮਾਂ ਸ਼ੱਕੀਆਂ ਦੇ ਵਕੀਲਾਂ ਨੂੰ ਆਪਣੇ ਸਪੱਸ਼ਟ ਖੁਲਾਸੇ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਇਜਾਜ਼ਤ ਦੇਵੇਗਾ। ਅਦਾਲਤ ਵਿਚ ਦਾਖਲ ਹੋਣ ਤੋਂ ਪਹਿਲਾਂ ਸੁਣਵਾਈ ਵਿਚ ਹਾਜ਼ਰ ਲੋਕਾਂ ਦੀ ਤਲਾਸ਼ੀ ਲਈ ਗਈ, ਜਦੋਂ ਕਿ ਭਾਈ ਨਿੱਝਰ ਅਤੇ ਸਿੱਖ ਰਾਜ ਦੀ ਸਥਾਪਤੀ ਦੇ ਚਲ ਰਹੇ ਅੰਦੋਲਨ ਦੇ ਸਮਰਥਕਾਂ ਨੇ ਅਦਾਲਤ ਦੇ ਬਾਹਰ ਭਾਰੀ ਗਿਣਤੀ 'ਚ ਹੱਥਾਂ ਵਿਚ ਖਾਲਸਾਈ ਝੰਡੇ ਅਤੇ ਬੈਨਰਾਂ ਫੜ ਰੈਲੀ ਕੀਤੀ। ਅਦਾਲਤ ਦੇ ਬਾਹਰ ਹਾਜਿਰ ਬੁਲਾਰਿਆ ਵਲੋਂ ਮੁੜ ਕੈਨੇਡਾ ਅੰਦਰ ਸ਼ਕੀ ਭਾਰਤੀ ਰਾਜਦੁਤਾਂ ਕੋਲੋਂ ਮਾਮਲੇ ਵਿਚ ਗਹਿਰੀ ਪੁੱਛਗਿੱਛ ਕਰਣ ਦੀ ਮੰਗ ਕੀਤੀ ਗਈ ਸੀ ।

ਚਲ ਰਹੇ ਮਾਮਲੇ ਵਿਚ ਸਰਕਾਰੀ ਧਿਰ ਵਲੋਂ ਕੇਸ ਦੇ ਪੱਖ ਪੇਸ਼ ਕਰਣ ਲਈ ਸਮਾਂ ਮੰਗਿਆ ਜਾਣ ਕਰਕੇ ਅਗਲੀ ਸੁਣਵਾਈ 25 ਜੂਨ ਨੂੰ ਸਰੀ ਦੀ ਅਦਾਲਤ ਅੰਦਰ ਹੀ ਹੋਵੇਗੀ ।