ਪਹਿਲੀ ਵਾਰ ਸੁਪਰੀਮ ਕੋਰਟ 'ਚ 3 ਦਲਿਤ ਜੱਜ ਹੋਣਗੇ

ਪਹਿਲੀ ਵਾਰ ਸੁਪਰੀਮ ਕੋਰਟ 'ਚ 3 ਦਲਿਤ ਜੱਜ ਹੋਣਗੇ

ਕੌਲਿਜੀਅਮ ਨੇ ਜਸਟਿਸ ਵਰਾਲੇ ਦੀ ਨਿਯੁਕਤੀ ਦੀ ਕੀਤੀ ਸਿਫਾਰਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਦਿੱਲੀ: ਪਿਛਲੇ ਕੁਝ ਸਮੇਂ ਤੋਂ ਉੱਚ ਨਿਆਂਪਾਲਿਕਾ ਵਿੱਚ ਦਬੇ ਕੁਚਲੇ ਵਰਗਾਂ ਦੀ ਯੋਗ ਸ਼ਮੂਲੀਅਤ ਨਾ ਹੋਣ ਦੇ ਦੋਸ਼ ਲੱਗਦੇ ਰਹੇ ਹਨ। ਕੌਲਿਜੀਅਮ ਪ੍ਰਣਾਲੀ ਦੀ ਇਸ ਲਈ ਵੀ ਆਲੋਚਨਾ ਕੀਤੀ ਗਈ ਹੈ, ਕਿਉਂਕਿ ਇਸ ਦੁਆਰਾ ਚੁਣੇ ਗਏ ਜੱਜਾਂ ਵਿੱਚ ਉੱਚ ਜਾਤੀ ਜਾਂ ਇੱਥੋਂ ਤੱਕ ਕਿ ਇੱਕ ਵਿਸ਼ੇਸ਼ ਜਾਤੀ ਦੇ ਜੱਜਾਂ ਦੀ ਬਹੁਗਿਣਤੀ ਹੈ। ਹੁਣ ਸੁਪਰੀਮ ਕੋਰਟ ਨੂੰ ਇੱਕ ਹੋਰ ਜੱਜ ਮਿਲੇਗਾ। ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਸਿਫਾਰਸ਼ ਭੇਜੀ ਹੈ।ਕਰਨਾਟਕ ਹਾਈ ਕੋਰਟ ਦੇ ਚੀਫ਼ ਜਸਟਿਸ ਪ੍ਰਸੰਨਾ ਬੀ ਵਰਾਲੇ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਨਿਯੁਕਤੀ ਤੋਂ ਬਾਅਦ ਜਸਟਿਸ ਵਰਲੇ ਸੁਪਰੀਮ ਕੋਰਟ ਦੇ ਤੀਜੇ ਦਲਿਤ ਜੱਜ ਹੋਣਗੇ। ਨਾਲ ਹੀ, ਇਸ ਨਿਯੁਕਤੀ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਸੁਪਰੀਮ ਕੋਰਟ ਵਿੱਚ ਤਿੰਨ ਜੱਜ ਦਲਿਤ ਭਾਈਚਾਰੇ ਤੋਂ ਹੋਣਗੇ।

ਇਹ ਫੈਸਲਾ ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਸੰਜੀਵ ਖੰਨਾ, ਜਸਟਿਸ ਬੀਆਰ ਗਵਈ, ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਅਨਿਰੁਧ ਬੋਸ ਦੇ ਕੌਲਿਜੀਅਮ ਦਾ ਹੈ। ਇਸ ਨਿਯੁਕਤੀ ਤੋਂ ਬਾਅਦ ਸੁਪਰੀਮ ਕੋਰਟ 'ਚ ਜੱਜਾਂ ਦੀ ਪੂਰੀ ਗਿਣਤੀ 34 ਹੋ ਜਾਵੇਗੀ।

ਮੌਜੂਦਾ ਸਮੇਂ ਵਿੱਚ ਸੁਪਰੀਮ ਕੋਰਟ ਵਿੱਚ ਜਸਟਿਸ ਬੀਆਰ ਗਵਈ ਅਤੇ ਜਸਟਿਸ ਸੀਟੀ ਰਵੀਕੁਮਾਰ ਦਲਿਤ ਹਨ। ਜਸਟਿਸ ਗਵਈ ਦੇਸ਼ ਦੇ ਚੀਫ਼ ਜਸਟਿਸ ਵੀ ਬਣਨਗੇ। ਜਸਟਿਸ ਬੀਆਰ ਗਵਈ ਮਈ ਤੋਂ ਨਵੰਬਰ 2025 ਤੱਕ ਚੀਫ਼ ਜਸਟਿਸ ਹੋਣਗੇ।ਜਸਟਿਸ ਵਰੇਲਾ, 61, ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਡਾਕਟਰ ਬਾਬਾ ਸਾਹਿਬ ਅੰਬੇਡਕਰ ਮਰਾਠਵਾੜਾ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ। ਅਕਤੂਬਰ 2022 ਵਿੱਚ, ਉਸਨੇ ਕਰਨਾਟਕ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ ਸੀ।