ਕਿਸਾਨਾਂ ’ਤੇ ਤਸ਼ੱਦਦ ਕਰਕੇ ਹਰਿਆਣਾ ਸਰਕਾਰ ਨੇ ਜੱਲਿਆਂਵਾਲੇ ਬਾਗ ਦੇ ਸਾਕੇ ਦੀ ਯਾਦ ਤਾਜ਼ਾ ਕਰਵਾਈ- ਭਾਈ ਮਹਿਤਾ, ਭਾਈ ਚਾਵਲਾ

ਕਿਸਾਨਾਂ ’ਤੇ ਤਸ਼ੱਦਦ ਕਰਕੇ ਹਰਿਆਣਾ ਸਰਕਾਰ ਨੇ ਜੱਲਿਆਂਵਾਲੇ ਬਾਗ ਦੇ ਸਾਕੇ ਦੀ ਯਾਦ ਤਾਜ਼ਾ ਕਰਵਾਈ- ਭਾਈ ਮਹਿਤਾ, ਭਾਈ ਚਾਵਲਾ

ਭਗਵੰਤ ਮਾਨ ਵੀ ਕੇਜਰੀਵਾਲ ਨੂੰ ਬਚਾਉਣ ਲਈ ਕੇਂਦਰ ਦੀ ਟਾਊਟੀ ਕਰਕੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰ ਰਿਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 23 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੀ ਹੱਦ ਵਿਚ ਵੜ ਕੇ ਗੋਲੀਆਂ ਮਾਰ ਕੇ ਅਤੇ ਕਿਸਾਨ ਨੌਜਵਾਨਾਂ ਉੱਪਰ ਅੰਨ੍ਹਾਂ ਤਸ਼ੱਦਦ ਢਾਹ ਕੇ ਜੱਲਿਆਂਵਾਲੇ ਬਾਗ ਦੇ ਸਾਕੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਹਰਿਆਣਾ ਪੁਲਿਸ ਵਲੋਂ ਕਿਸਾਨਾਂ ਉੱਤੇ ਕੀਤੇ ਅੱਤਿਆਚਾਰ ਦੀ ਘਟਨਾ ‘ਤੇ ਪ੍ਰਤੀਕਿਰਿਆ ਦਿੰਦਿਆਂ ਕੀਤਾ।

ਭਾਈ ਮਹਿਤਾ ਅਤੇ ਭਾਈ ਚਾਵਲਾ ਨੇ ਆਖਿਆ ਕਿ ਪੰਜਾਬ-ਹਰਿਆਣਾ ਹੱਦ ਨੂੰ ਪਾਕਿਸਤਾਨ ਨਾਲ ਲੱਗਦੀ ਭਾਰਤੀ ਸਰਹੱਦ ਤੋਂ ਵੀ ਵੱਧ ਸਖਤੀ ਨਾਲ ਬੰਦ ਕਰਕੇ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੀ ਸ਼ਹਿ ’ਤੇ ਪੰਜਾਬ ਨੂੰ ਦੇਸ਼ ਤੋਂ ਅਲਹਿਦਗੀ ਦੇ ਰਾਹ ਤੋਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਜਵਾਨ ਦੇਸ਼ ਦੀਆਂ ਸਰਹੱਦਾਂ ’ਤੇ ਰਾਖੀ ਕਰਦਿਆਂ ਸ਼ਹੀਦੀਆਂ ਪਾ ਰਿਹਾ ਹੈ ਅਤੇ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਅੰਨਦਾਤਾ ਨੂੰ ਆਪਣੀ ਹੀ ਸਰਕਾਰ ਪੁਲਿਸ ਕੋਲੋਂ ਗੋਲੀਆਂ ਮਰਵਾ ਰਹੀ ਹੈ, ਜੋ ਕਿ ਇਕ ਲੋਕਤੰਤਰੀ ਦੇਸ਼ ਲਈ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਤੀਰਾ ਵੀ ਕੇਂਦਰ ਸਰਕਾਰ ਦੇ ਟਾਊਟ ਵਾਲਾ ਹੈ, ਜੋ ਕਿ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਈ.ਡੀ. ਦੇ ਕੇਸਾਂ ਵਿਚੋਂ ਬਚਾਉਣ ਲਈ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੇ ਹੱਕ ਮੰਗ ਰਹੇ ਹਨ ਪਰ ਸਰਕਾਰ ਉਨ੍ਹਾਂ ਨੂੰ ਜਬਰ ਨਾਲ ਦਬਾਅ ਕੇ ਹਿਟਲਰਸ਼ਾਹੀ ਤੇ ਨਾਦਰਸ਼ਾਹੀ ਰਵੱਈਆ ਅਪਨਾ ਰਹੀ ਹੈ। ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਹਮਦਰਦੀ ਦੇ ਨਾਲ ਵਿਚਾਰਨਾ ਚਾਹੀਦਾ ਸੀ। ਉਨ੍ਹਾ ਆਖਿਆ ਕਿ ਜੇਕਰ ਸਰਕਾਰ ਤਾਨਾਸ਼ਾਹੀ ’ਤੇ ਉਤਰ ਆਈ ਹੈ ਤਾਂ ਲੋਕਾਂ ਕੋਲ ਵੀ ਵੋਟ ਦੀ ਵੱਡੀ ਤਾਕਤ ਹੈ, ਸਮਾਂ ਆਉਣ ਤੇ ਲੋਕ ਵੀ ਤਖਤਾ ਪਲਟਾਉਣ ਵਿਚ ਢਿੱਲ ਨਹੀਂ ਕਰਨਗੇ।