ਇੱਕ ਹੋਰ ਅਦਾਲਤੀ ਫੈਂਸਲੇ ਨੇ ਲਾਈ ਪੰਜਾਬ ਵਿੱਚ ਚੱਲੇ ਸਰਕਾਰੀ ਅੱਤਵਾਦ 'ਤੇ ਮੋਹਰ ਪਰ ਇਨਸਾਫ ਨਾਲ ਹੋਈ ਬੇਇਨਸਾਫੀ

ਇੱਕ ਹੋਰ ਅਦਾਲਤੀ ਫੈਂਸਲੇ ਨੇ ਲਾਈ ਪੰਜਾਬ ਵਿੱਚ ਚੱਲੇ ਸਰਕਾਰੀ ਅੱਤਵਾਦ 'ਤੇ ਮੋਹਰ ਪਰ ਇਨਸਾਫ ਨਾਲ ਹੋਈ ਬੇਇਨਸਾਫੀ
ਗੁਰਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਦੀਆਂ ਤਸਵੀਰਾਂ ਵਿਖਾਉਂਦੀ ਹੋਈ ਨਿਰਮਲ ਕੌਰ

ਐਸ.ਏ.ਐਸ ਨਗਰ (ਮੁਹਾਲੀ): ਪੰਜਾਬ ਅੰਦਰ ਚੱਲੀ ਸਰਕਾਰੀ ਅੱਤਵਾਦ ਦੀ ਹਨੇਰੀ ਵਿੱਚ ਪੰਜਾਬ ਪੁਲਿਸ ਵੱਲੋਂ ਅਗਵਾ ਕਰਕੇ ਖਪਾ ਦਿੱਤੇ ਗਏ ਦੋ ਸਕੇ ਭਰਾਵਾਂ ਦੇ ਮਾਮਲੇ 'ਚ ਫੈਂਸਲਾ ਸੁਣਾਉਂਦਿਆਂ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇੰਸਪੈਕਟਰ (ਸੇਵਾਮੁਕਤ) ਜੋਗਿੰਦਰ ਸਿੰਘ ਅਤੇ ਸਿਪਾਹੀ (ਸੇਵਾਮੁਕਤ) ਜਗਜੀਤ ਸਿੰਘ ਨੂੰ ਦੋਸ਼ੀ ਐਲਾਨਦਿਆਂ ਸਾਬਕਾ ਇੰਸਪੈਕਟਰ ਨੂੰ 6 ਸਾਲ ਅਤੇ ਸਾਬਕਾ ਸਿਪਾਹੀ ਨੂੰ 1 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਹੈ। 

ਪੁਲਿਸ ਨੇ ਉਜਾੜਿਆ ਘਰ
ਜਿੱਥੇ ਪੰਜਾਬ ਦੇ ਹਜ਼ਾਰਾਂ ਘਰ ਭਾਰਤੀ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਿਸ ਵੱਲੋਂ ਚਲਾਏ ਅੱਤਵਾਦ ਦਾ ਸ਼ਿਕਾਰ ਹੋਏ, ਉਹਨਾਂ ਵਿੱਚ ਇਹ ਪਰਿਵਾਰ ਵੀ ਸ਼ਾਮਿਲ ਹੈ। ਧਰਮ ਸਿੰਘ ਫੌਜ ਤੋਂ ਸੇਵਾਮੁਕਤ ਫੌਜੀ ਸੀ ਤੇ ਆਪਣੇ ਪਰਿਵਾਰ ਨਾਲ ਪਟਿਆਲੇ ਵਿੱਚ ਰਹਿੰਦਾ ਸੀ। ਧਰਮ ਸਿੰਘ ਦਾ ਇੱਕ ਪੁੱਤਰ ਗੁਰਿੰਦਰ ਸਿੰਘ ਪੁਲਿਸ ਵਿੱਚ ਸਿਪਾਹੀ ਸੀ ਤੇ ਦੂਜਾ ਪੁੱਤਰ ਬਲਵਿੰਦਰ ਸਿੰਘ ਵਿਆਹਿਆ ਹੋਇਆ ਸੀ ਜਿਸਦੇ ਇੱਕ ਬੱਚੀ ਸੀ। 

ਸੀਬੀਆਈ ਦੀ ਚਾਰਜਸ਼ੀਟ ਮੁਤਾਬਿਕ 26 ਮਾਰਚ, 1993 ਨੂੰ ਇੰਸਪੈਕਟਰ ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਏਐੱਸਆਈ ਸ਼ਾਮ ਲਾਲ ਅਤੇ ਹਜ਼ੂਰ ਸਿੰਘ ਨੇ ਧਰਮ ਸਿੰਘ ਦੇ ਘਰ ਛਾਪਾ ਮਾਰ ਕੇ ਉਹਨਾਂ ਦੇ ਪੁੱਤਰ ਬਲਵਿੰਦਰ ਸਿੰਘ ਨੂੰ ਚੁੱਕ ਲਿਆ। 2 ਅਪ੍ਰੈਲ ਨੂੰ ਪੁਲਿਸ ਦੁਬਾਰਾ ਫੇਰ ਧਰਮ ਸਿੰਘ ਦੇ ਘਰ ਆਈ ਅਤੇ ਉਸਨੂੰ ਕਿਹਾ ਕਿ ਆਪਣੇ ਪੁੱਤ ਗੁਰਿੰਦਰ ਨੂੰ ਪੁਲਿਸ ਕੋਲ ਪੇਸ਼ ਕਰੇ ਜੇ ਉਹ ਆਪਣੇ ਵੱਡੇ ਪੁੱਤ ਬਲਵਿੰਦਰ ਨੂੰ ਛਡਵਾਉਣਾ ਚਾਹੁੰਦਾ ਹੈ। ਇਸ ਤੋਂ ਅਗਲੇ ਦਿਨ ਗੁਰਿੰਦਰ ਪੁਲਿਸ ਕੋਲ ਪੇਸ਼ ਹੋ ਗਿਆ ਤੇ ਉਸਨੂੰ ਹਿਰਾਸਤ ਵਿੱਚ ਕਰ ਲਿਆ ਗਿਆ।

22 ਅਪ੍ਰੈਲ ਨੂੰ ਗੁਰਿੰਦਰ ਨੂੰ ਅਸਲੇ ਦੀ ਬਰਾਮਦਗੀ ਲਈ ਹਵਾਲਾਤ ਵਿੱਚੋਂ ਬਾਹਰ ਲਿਜਾਇਆ ਗਿਆ ਤੇ ਇਸ ਤੋਂ ਬਾਅਦ ਪੁਲਿਸ ਨੇ ਦਾਅਵਾ ਕਰ ਦਿੱਤਾ ਕਿ ਉਸ ਰਾਤ ਗੁਰਿੰਦਰ ਪੁਲਿਸ ਹਿਰਾਸਤ ਵਿੱਚੋਂ ਭੱਜ ਗਿਆ। 

ਅਜਿਹੀਆਂ ਹਜ਼ਾਰਾਂ ਕਹਾਣੀਆਂ ਜੁੜੀਆਂ ਨੇ ਝੂਠੇ ਮੁਕਾਬਲਿਆਂ ਨਾਲ
ਜਿਸ ਤਰ੍ਹਾਂ ਦੀ ਕਹਾਣੀ ਪੁਲਿਸ ਨੇ ਗੁਰਿੰਦਰ ਬਾਰੇ ਘੜੀ, ਅਜਿਹੀਆਂ ਕਹਾਣੀਆਂ ਨੂੰ ਢਾਲ ਬਣਾ ਕੇ ਪੁਲਿਸ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ। ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਕੇ ਸਿੱਖ ਨੌਜਵਾਨਾਂ ਨੂੰ ਖਪਾ ਦਿੱਤਾ ਜਾਂਦਾ ਸੀ ਤੇ ਪੁਲਿਸ ਇਹ ਦਾਅਵਾ ਕਰ ਦਿੰਦੀ ਸੀ ਕਿ ਉਕਤ ਨੌਜਵਾਨ ਪੁਲਿਸ ਕੋਲੋਂ ਫਰਾਰ ਹੋ ਗਿਆ। 

ਅਸਲ ਮਾਮਲਾ ਕੀ ਹੈ
ਪ੍ਰਾਪਤ ਜਾਣਕਾਰੀ ਮੁਤਾਬਿਕ ਫਰਵਰੀ 1993 ਵਿੱਚ ਪੰਜਾਬ ਪੁਲਿਸ ਨੇ ਦੋ ਸਕੇ ਭਰਾਵਾਂ ਬਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਘਰ ਵਿੱਚੋਂ ਚੁੱਕ ਲਿਆ ਸੀ। ਇਹਨਾਂ ਨੌਜਵਾਨਾਂ ਬਾਰੇ ਮਗਰੋਂ ਕੋਈ ਸੁਰਾਗ ਨਹੀਂ ਮਿਲਿਆ। ਫੌਜੀ ਪਿਉ ਨੇ ਉਨ੍ਹਾਂ ਸਮਿਆਂ 'ਚ ਪੁੱਤਾਂ ਨੂੰ ਛਡਵਾਉਣ ਲਈ ਦਸ ਹਜ਼ਾਰ ਵੱਢੀ ਵੀ ਪੁਲਿਸ ਨੂੰ ਦਿੱਤੀ। ਪਰ ਗੁਰਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਕਦੇ ਵਾਪਸ ਘਰ ਨਾ ਮੁੜੇ। ਡੇਢ ਸਾਲ ਪਹਿਲਾਂ ਫੌਜੀ ਪਿਉ ਧਰਮ ਸਿੰਘ ਜਹਾਨ ਤੋਂ ਤੁਰ ਗਿਆ। ਤਿੰਨ ਮਹੀਨੇ ਪਹਿਲਾਂ ਧਰਮ ਸਿੰਘ ਦੀ ਸਿੰਘਣੀ ਵੀ ਨਹੀਂ ਰਹੀ। ਦਾਦਾ ਦਾਦੀ ਕੋਲ ਨਹੀਂ ਰਹੇ। 26 ਸਾਲ ਬਾਅਦ ਧੀ ਹਾਲੇ ਵੀ ਪਿਉ ਅਤੇ ਚਾਚੇ ਨੂੰ ਉਡੀਕਦੀ ਹੋਈ ਇਨਸਾਫ ਦੀ ਲੜਾਈ ਲੜ ਰਹੀ ਹੈ। 

ਇਨਸਾਫ ਜਾਂ ਇਨਸਾਫ ਦਾ ਕਤਲ?
ਸੀਬੀਆਈ ਅਦਾਲਤ ਵਿੱਚ ਕਤਲ ਦੇ ਦੋਸ਼ ਸਾਬਤ ਨਾ ਕਰ ਸਕੀ ਤੇ ਅਦਾਲਤ ਨੇ ਸਿਰਫ ਅਗਵਾ ਦੀ ਧਾਰਾ 365 ਅਧੀਨ ਦੋਸ਼ੀ ਪੁਲਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ। ਅਦਾਲਤ ਨੇ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਅਗਵਾ ਕਰਨ ਦੀ ਧਾਰਾ 365 ਅਧੀਨ 6 ਸਾਲ ਦੀ ਕੈਦ ਤੇ 20 ਹਜ਼ਾਰ ਰੁਪਏ ਜ਼ੁਰਮਾਨਾ, ਨਜ਼ਾਇਜ਼ ਹਿਰਾਸਤ ਵਿੱਚ ਰੱਖਣ ਦੇ ਦੋਸ਼ ਦੀ ਧਾਰਾ 344 ਤਹਿਤ 2 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜ਼ੁਰਮਾਨਾ ਸੁਣਾਇਆ ਜਦਕਿ ਸਿਪਾਹੀ ਜਗਜੀਤ ਸਿੰਘ ਨੂੰ ਇੱਕ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਿਪਾਹੀ ਜਗਜੀਤ ਸਿੰਘ ਨੂੰ ਸਜ਼ਾ ਸੁਣਾਉਣ ਬਾਅਦ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। 

ਇਸ ਮਾਮਲੇ ਵਿੱਚ ਹੋਰ ਦੋ ਦੋਸ਼ੀ ਪੁਲਿਸ ਵਾਲਿਆਂ ਇੰਸਪੈਕਟਰ ਗੁਰਨਾਮ ਸਿੰਘ ਅਤੇ ਸਬ-ਇੰਸਪੈਕਟਰ ਹਰਭਜਨ ਸਿੰਘ ਦੀ ਮੌਤ ਹੋ ਚੁੱਕੀ ਹੈ। 

ਪੀੜਤ ਪਰਿਵਾਰ ਦੇ ਵਕੀਲਾਂ ਦਾ ਕਹਿਣਾ ਹੈ ਕਿ ਧਾਰਾ 365 ਵਿਚ ਦੋਸ਼ੀਆਂ ਨੂੰ ਘੱਟੋ-ਘੱਟ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਅਦਾਲਤ ਨੇ ਦੋਸ਼ੀਆਂ ਨੂੰ ਬਹੁਤ ਘੱਟ ਸਜ਼ਾ ਦਿੱਤੀ ਹੈ। ਅਦਾਲਤ ਦੇ ਹੁਕਮਾਂ ਦੀ ਕਾਪੀ ਹਾਸਲ ਕਰਨ ਮਗਰੋਂ ਉੱਚ ਅਦਾਲਤ ਵਿੱਚ ਪਹੁੰਚ ਕਰਨਗੇ।