ਉੱਤਰਾਖੰਡ ਦੇ ਹਲਦਵਾਨੀ 'ਚ 4,000 ਤੋਂ ਵੱਧ ਪਰਿਵਾਰਾਂ ਨੂੰ ਬੇਦਖਲੀ ਨੋਟਿਸ ਜਾਰੀ ਕੀਤਾ ਗਿਆ

ਉੱਤਰਾਖੰਡ ਦੇ ਹਲਦਵਾਨੀ 'ਚ 4,000 ਤੋਂ ਵੱਧ ਪਰਿਵਾਰਾਂ ਨੂੰ ਬੇਦਖਲੀ ਨੋਟਿਸ ਜਾਰੀ  ਕੀਤਾ ਗਿਆ

ਵਿਰੋਧੀ ਆਦੇਸ਼ ਨੇ ਰੇਲਵੇ ਖੇਤਰ ਦੇ ਨਿਵਾਸੀਆਂ ਨੂੰ ਠੰਡ ਸਮੇਂ ਪਾਇਆ ਮੁਸ਼ਕਲ ਸਥਿਤੀ ਵਿੱਚ

ਅੰਮ੍ਰਿਤਸਰ ਟਾਈਮਜ਼ ਬਿਊਰੋ

ਉੱਤਰਾਖੰਡ: ਉੱਤਰਾਖੰਡ ਦੇ ਹਲਦਵਾਨੀ ਵਿੱਚ ਰੇਲਵੇ ਅਧਿਕਾਰੀਆਂ ਨਾਲ ਸਬੰਧਤ ਖੇਤਰ ਵਿੱਚ ਰਹਿਣ ਵਾਲੇ 4,000 ਤੋਂ ਵੱਧ ਪਰਿਵਾਰਾਂ ਨੂੰ ਬੇਦਖ਼ਲੀ ਨੋਟਿਸ ਦਿੱਤੇ ਜਾਣ ਤੋਂ ਬਾਅਦ ਹਜ਼ਾਰਾਂ ਲੋਕ ਆਪਣੇ ਘਰਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਸੜਕਾਂ 'ਤੇ ਉਤਰ ਆਏ ਹਨ। ਬੇਦਖਲੀ ਦੇ ਨੋਟਿਸ ਹਲਦਵਾਨੀ ਵਿੱਚ ਰੇਲਵੇ ਦੀ ਜ਼ਮੀਨ 'ਤੇ ਰਹਿ ਰਹੇ ਪਰਿਵਾਰਾਂ ਨੂੰ ਦਿੱਤੇ ਗਏ ਸਨ, ਜੋ ਕਥਿਤ ਤੌਰ 'ਤੇ ਪਿਛਲੇ ਦਹਾਕੇ ਤੋਂ ਅਣਅਧਿਕਾਰਤ ਕਾਲੋਨੀਆਂ ਵਿੱਚ ਰਹਿ ਰਹੇ ਹਨ। ਉੱਤਰਾਖੰਡ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਗ਼ੈਰਕਾਨੂੰਨੀ ਵਸਨੀਕਾਂ ਨੂੰ ਸੱਤ ਦਿਨਾਂ ਵਿੱਚ ਇਮਾਰਤ ਖਾਲੀ ਕਰਨੀ ਪਵੇਗੀ।

ਮੀਡੀਆ ਅਨੁਸਾਰ, ਨੈਨੀਤਾਲ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਖੇਤਰ ਵਿੱਚੋਂ ਕੁੱਲ 4,365 ਕਬਜ਼ੇ ਹਟਾਏ ਜਾਣਗੇ, ਜੋ ਕਿ ਰੇਲਵੇ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਤੌਰ 'ਤੇ ਬਣਾਏ ਗਏ ਸਨ। ਅਦਾਲਤ ਦੇ ਹੁਕਮਾਂ ਤੋਂ ਤੁਰੰਤ ਬਾਅਦ ਇਲਾਕਾ ਨਿਵਾਸੀ ਇਸ ਫੈਸਲੇ ਦੇ ਖਿਲਾਫ ਸੜਕਾਂ 'ਤੇ ਉਤਰ ਆਏ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਰੇਲਵੇ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਤੌਰ 'ਤੇ ਬਣਾਏ ਗਏ ਕਈ ਛੋਟੇ ਘਰਾਂ ਨੂੰ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਕਬਜ਼ਾਧਾਰਕਾਂ ਨੂੰ ਜਗ੍ਹਾ ਖਾਲੀ ਕਰਨ ਲਈ ਸੱਤ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਨਹੀਂ ਤਾਂ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਜਾਵੇਗੀ।ਜਦੋਂ ਕਿ ਅਹਾਤੇ ਦੇ ਵਸਨੀਕਾਂ ਦਾ ਦਾਅਵਾ ਹੈ ਕਿ ਇਹ ਜ਼ਮੀਨ ਲਗਭਗ ਇੱਕ ਦਹਾਕੇ ਤੋਂ ਉਨ੍ਹਾਂ ਦੀ ਹੈ, ਰੇਲਵੇ ਨੇ ਅਦਾਲਤ ਨੂੰ ਕਿਹਾ ਕਿ ਕੋਈ ਵੀ ਕਬਜ਼ਾ ਕਰਨ ਵਾਲੇ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ ਕਿ ਇਹ ਉਨ੍ਹਾਂ ਦੀ ਜਾਇਦਾਦ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਵੀ ਰੇਲਵੇ ਦੇ ਫੈਸਲੇ ਵਿਚ ਦਖਲ ਨਾ ਦੇਣ ਦਾ ਫੈਸਲਾ ਕੀਤਾ ਹੈ।

ਰਜਿੰਦਰ ਸਿੰਘ, ਰੇਲਵੇ ਪੀਆਰਓ, ਇਜਤ ਨਗਰ ਨੇ ਮੀਡੀਆ ਪੱਤਰਕਾਰਾਂ ਨੂੰ ਦੱਸਿਆ, "ਲਗਭਗ 10 ਦਿਨ ਪਹਿਲਾਂ, ਹਾਈ ਕੋਰਟ ਦਾ ਫੈਸਲਾ ਹਲਦਵਾਨੀ ਵਿੱਚ ਰੇਲਵੇ ਦੀ ਜ਼ਮੀਨ 'ਤੇ ਸਾਰੇ ਕਬਜ਼ੇ ਹਟਾਉਣ ਲਈ ਆਇਆ ਸੀ। ਇੱਥੇ 4,365 ਕਬਜ਼ੇ ਹਨ ਅਤੇ ਸਥਾਨਕ ਅਖ਼ਬਾਰਾਂ ਰਾਹੀਂ ਉਨ੍ਹਾਂ ਨੂੰ ਨੋਟਿਸ ਭੇਜਾਂਗੇ। ਰਹਿਣ ਵਾਲਿਆਂ ਨੂੰ ਸ਼ਿਫਟ ਕਰਨ ਲਈ ਸੱਤ ਦਿਨਾਂ ਦਾ ਸਮਾਂ ਦਿੱਤਾ ਜਾਵੇਗਾ; ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ।"

ਤਬਾਹੀ ਦਾ ਸਾਹਮਣਾ ਕਰ ਰਹੇ ਹਲਦਵਾਨੀ ਖੇਤਰ ਵਿੱਚ ਰਹਿਣ ਵਾਲੇ ਪਰਿਵਾਰਾਂ ਨੇ ਦਾਅਵਾ ਕੀਤਾ ਹੈ ਕਿ ਉਹ ਉੱਥੇ 40 ਸਾਲਾਂ ਤੋਂ ਰਹਿ ਰਹੇ ਹਨ, ਅਤੇ ਜੇਕਰ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਬਾਹਰ ਕੱਢਿਆ ਗਿਆ ਤਾਂ ਉਹ ਬੇਘਰ ਹੋ ਜਾਣਗੇ। ਅਦਾਲਤ ਦੇ ਹੁਕਮਾਂ ਖ਼ਿਲਾਫ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਮੋਮਬੱਤੀ ਮਾਰਚ ਵੀ ਕੱਢਿਆ।ਇਸ ਦੌਰਾਨ ਰੇਲਵੇ ਅਧਿਕਾਰੀਆਂ ਵੱਲੋਂ ਡਰੋਨ ਸਰਵੇਖਣ ਕੀਤਾ ਗਿਆ ਜੋ ਕੁਝ ਦਿਨਾਂ ਵਿੱਚ ਆਪਣੀ ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਢਾਹੁਣ ਦੀ ਯੋਜਨਾ ਬਣਾ ਰਹੇ ਹਨ। ਅਧਿਕਾਰੀਆਂ ਮੁਤਾਬਕ ਉੱਤਰਾਖੰਡ ਦੇ ਹਲਦਵਾਨੀ 'ਚ ਰੇਲਵੇ ਦੀ ਜ਼ਮੀਨ 'ਤੇ ਕਬਜ਼ੇ ਵਾਲੇ ਖੇਤਰ ਦੀ ਨਿਸ਼ਾਨਦੇਹੀ ਕਰਨ ਲਈ ਡਰੋਨ ਸਰਵੇਖਣ ਕੀਤਾ ਗਿਆ ਸੀ।