ਬੁਫਾਲੋ ਦੇ ਇਕ ਘਰ ਨੂੰ ਲੱਗੀ ਅੱਗ ਵਿਚ ਸੜ ਕੇ 3 ਬੱਚੀਆਂ ਦੀ ਮੌਤ, ਦਾਦੀ ਸਮੇਤ 4 ਹੋਰ ਬੱਚੇ ਗੰਭੀਰ ਜ਼ਖਮੀ

ਬੁਫਾਲੋ ਦੇ ਇਕ ਘਰ ਨੂੰ ਲੱਗੀ ਅੱਗ ਵਿਚ ਸੜ ਕੇ 3 ਬੱਚੀਆਂ ਦੀ ਮੌਤ, ਦਾਦੀ ਸਮੇਤ 4 ਹੋਰ ਬੱਚੇ ਗੰਭੀਰ ਜ਼ਖਮੀ
ਕੈਪਸ਼ਨ: ਬੁਫਾਲੋ ਵਿਚ ਉਸ ਘਰ ਦੇ ਬਾਹਰ ਨਜਰ ਆ ਰਹੇ ਅੱਗ ਬੁਝਾਊ ਅਮਲੇ ਦੇ ਮੈਂਬਰ ਜਿਥੇ 3 ਬੱਚੀਆਂ ਦੀ ਅੱਗ ਵਿਚ ਸੜ ਕੇ ਮੌਤ ਹੋ ਗਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 2 ਜਨਵਰੀ (ਹੁਸਨ ਲੜੋਆ ਬੰਗਾ)- ਬੁਫਾਲੋ (ਨਿਊਯਾਰਕ) ਦੇ ਇਕ ਘਰ ਵਿਚ ਲੱਗੀ ਅੱਗ ਵਿੱਚ ਸੜ ਕੇ 7,8 ਤੇ 9 ਸਾਲ ਦੀਆਂ 3 ਬੱਚੀਆਂ ਦੀ ਮੌਤ ਹੋ ਗਈ ਤੇ ਦਾਦੀ ਸਮੇਤ 3 ਹੋਰ ਬੱਚੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੁਫਾਲੋ ਫਾਇਰ ਕਰਮਿਸ਼ਨਰ ਵਿਲੀਅਮ ਰੇਨਾਲਡੋ ਨੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਅੱਗ ਦਰਮਾਊਥ ਐਵਨਿਊ ਦੇ 200 ਬਲਾਕ ਵਿਚ ਸਵੇਰੇ 7.30 ਵਜੇ ਦੇ ਆਸ ਪਾਸ ਲੱਗੀ। ਹਸਪਤਾਲ ਦਾਖਲ ਕਰਵਾਏ ਗਈ ਇਕ ਲੜਕੀ ਤੇ ਇਕ ਲੜਕੇ ਦੀ ਹਾਲਤ ਗੰਭੀਰ ਹੈ ਜਦ ਕਿ ਇਕ ਹੋਰ 7 ਸਾਲਾ ਲੜਕੀ ਦੀ ਹਾਲਤ ਸਥਿੱਰ ਹੈ। 63 ਸਾਲਾ ਦਾਦੀ ਦੀ ਹਾਲਤ ਵੀ ਗੰਭੀਰ ਹੈ ਜਿਸ ਨੂੰ ਏਰੀ ਕਾਊਂਟੀ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਰੇਨਾਲਡੋ ਅਨੁਸਾਰ ਬੱਚਿਆਂ ਦਾ ਪਾਲਣ ਪੋਸਣ ਦਾਦਾ-ਦਾਦੀ ਵੱਲੋਂ ਕੀਤਾ ਗਿਆ ਸੀ ਤੇ ਅੱਗ ਲੱਗਣ ਸਮੇ ਦਾਦਾ ਘਰ ਵਿਚ ਨਹੀਂ ਸੀ। ਅੱਗ ਲੱਗਣ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਇਥੇ ਜਿਕਰਯੋਗ ਹੈ ਕਿ ਪਿਛਲੇ ਹਫਤੇ ਬੁਫਾਲੋ ਨੂੰ ਬਰਫ਼ੀਲੇ ਤੂਫਾਨ ਤੇ ਬਰਫ਼ਬਾਰੀ ਨੇ ਬੁਰੀ ਤਰਾਂ ਝੰਬ ਸੁੱਟਿਆ ਹੈ ਜਿਸ ਦੌਰਾਨ 39 ਲੋਕ ਮਾਰੇ ਗਏ। ਅਜਿਹੇ ਹਾਲਾਤ ਵਿਚ ਘਰ ਨੂੰ ਅੱਗ ਲੱਗਣ ਦੀ ਘਟਨਾ ਕਾਰਨ ਖੇਤਰ ਵਿਚ ਰਹਿੰਦੇ ਲੋਕਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।