ਸਰਗੁਣ ਵੱਧ ਤੋਂ ਵੱਧ ਬਾਲੀਵੁੱਡ ਫ਼ਿਲਮਾਂ ਵਿਚ ਨਾਇਕਾ ਬਣਨ ਦੀ ਚਾਹਵਾਨ
ਟੈਲੀਵਿਜ਼ਨ ਹੋਸਟ ਅਤੇ ਪੰਜਾਬੀ ਫ਼ਿਲਮਾਂ ਦੀ ਨਾਇਕਾ ਸਰਗੁਣ ਮਹਿਤਾ ਹੁਣੇ ਹੀ ਅਕਸ਼ੈ ਕੁਮਾਰ ਨਾਲ 'ਕਠਪੁਤਲੀ' (2022) 'ਵਿਚ ਨਜ਼ਰ ਆਈ ਸੀ ਜੋ ਕਿ ਉਸ ਦੀ ਬਾਲੀਵੁੱਡ ਦੀ ਪਹਿਲੀ ਫ਼ਿਲਮ ਸੀ, ਪਰ ਰਣਜੀਤ ਤਿਵਾੜੀ ਦੇ ਨਿਰਦੇਸ਼ਨ ਵਿਚ ਬਣੀ ਇਹ ਫ਼ਿਲਮ ਬਾਕਸ ਆਫਿਸ 'ਤੇ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀ। ਸਰਗੁਣ ਦਾ ਜਨਮ 6 ਸਤੰਬਰ, 1988 ਨੂੰ ਚੰਡੀਗੜ੍ਹ ਵਿਚ ਹੋਇਆ ਸੀ। ਉਸ ਦੀ ਸ਼ੁਰੂਆਤੀ ਪੜ੍ਹਾਈ ਸੇਂਟ ਕਾਰਮਲ ਕਾਨਵੈਂਟ ਸਕੂਲ, ਚੰਡੀਗੜ੍ਹ ਵਿਚ ਹੋਈ। ਉਸ ਤੋਂ ਬਾਅਦ ਦਿੱਲੀ ਦੇ ਕਰੋੜੀਮਲ ਕਾਲਜ ਵਿਚ ਉਸ ਨੇ ਬੀ.ਕਾਮ ਕੀਤੀ। ਉਸ ਨੇ ਐਮ.ਬੀ.ਏ. ਵਿਚ ਦਾਖਲਾ ਵੀ ਲਿਆ ਪਰ ਉਸ ਤੋਂ ਪਹਿਲਾਂ ਹੀ ਉਸ ਨੂੰ 2009 ਵਿਚ ਜ਼ੀ ਟੀ.ਵੀ. ਦੇ ਟੀ.ਵੀ. ਸ਼ੋਅ '12/24 ਕਰੋਲ ਬਾਗ' ਵਿਚ ਕੰਮ ਕਰਨ ਦਾ ਮੌਕਾ ਮਿਲ ਗਿਆ ਅਤੇ ਉਹ ਮੁੰਬਈ ਆ ਗਈ। '12/24 ਕਰੋਲ ਬਾਗ' ਵਿਚ ਸਰਗੁਣ ਨੇ ਕੋ-ਸਟਾਰ ਰਵੀ ਦੂਬੇ ਦੀ ਪਤਨੀ ਦਾ ਰੋਲ ਅਦਾ ਕੀਤਾ ਸੀ। ਸ਼ੂਟਿੰਗ ਦੌਰਾਨ ਦੋਵਾਂ ਵਿਚ ਡੇਟਿੰਗ ਸ਼ੁਰੂ ਹੋ ਗਈ। 2013 ਵਿਚ 'ਨੱਚ ਬੱਲੀਏ ਸ਼ੋਅ' ਦੇ ਸੈਟ 'ਤੇ ਰਵੀ ਦੂਬੇ ਨੇ ਸਰਗੁਣ ਨੂੰ ਪ੍ਰਪੋਜ਼ ਕੀਤਾ ਅਤੇ ਦਸੰਬਰ 2013 ਵਿਚ ਦੋਵਾਂ ਨੇ ਵਿਆਹ ਕਰ ਲਿਆ।
ਵਿਆਹ ਤੋਂ ਪਹਿਲਾਂ ਸਰਗੁਣ 'ਅਪਨੋਂ ਕੇ ਲਇਏ ਗੀਤਾ ਕਾ ਧਰਮਯੁੱਧ', 'ਫੁਲਵਾ', 'ਹਮਨੇ ਲੀ ਹੈ ਸ਼ਪਥ', 'ਤੇਰੀ ਮੇਰੀ ਲਵ ਸਟੋਰੀ', 'ਕਾਮੇਡੀ ਸਰਕਸ ਕੇ ਅਜੂਬੇ', 'ਕਯਾ ਹੂਆ ਤੇਰਾ ਵਾਦਾ', 'ਨੱਚ ਬੱਲੀਏ-5', 'ਨੱਚ ਬੱਲੀਏ-6', 'ਨੱਚ ਬੱਲੀਏ ਸ੍ਰੀਮਾਨ ਵਰਸਿਸ ਸ੍ਰੀਮਤੀ, 'ਬਾਲਿਕਾ ਵਧੂ' ਅਤੇ 'ਬੂਗੀ-ਬੂਗੀ ਕਿਡਸ ਚੈਂਪੀਅਨਸ਼ਿਪ' ਜਿਹੇ ਟੀ.ਵੀ. ਸ਼ੋਆਂ ਵਿਚ ਕੰਮ ਕਰਦੇ ਹੋਏ ਧੂਮ ਮਚਾ ਚੁੱਕੀ ਸੀ। ਉਹ ਕ੍ਰਾਈਮ ਪੈਟਰੋਲ ਦੇ ਕੁਝ ਐਪੀਸੋਡਜ਼ ਵਿਚ ਵੀ ਨਜ਼ਰ ਆਈ ਸੀ। ਸਧੇ ਹੋਏ ਕਦਮਾਂ ਨਾਲ ਛੋਟੇ ਪਰਦੇ ਤੋਂ ਹੌਲੀ-ਹੌਲੀ ਅੱਗੇ ਵਧਦੇ ਹੋਏ ਸਰਗੁਣ ਨੇ 'ਅੰਗ੍ਰੇਜ਼ (2015) ਦੇ ਰਾਹੀਂ ਪੰਜਾਬੀ ਫ਼ਿਲਮਾਂ ਵਿਚ ਦਾਖਲਾ ਲਿਆ। ਉਹ ਉਸ ਦੀ ਸਾਲ ਦੀ ਦੂਜੀ ਸਭ ਤੋਂ ਵੱਧ ਕਮਾਈ ਵਾਲੀ ਪੰਜਾਬੀ ਫ਼ਿਲਮ ਬਣੀ। ਇਸ ਵਿਚ ਉਸ ਨੇ ਧੰਨ ਕੌਰ ਦਾ ਰੋਲ ਅਦਾ ਕੀਤਾ ਸੀ। 'ਅੰਗ੍ਰੇਜ਼ (2015) ਤੋਂ ਬਾਅਦ ਕਈ ਹਿਟ ਪੰਜਾਬੀ ਫ਼ਿਲਮਾਂ ਕਰਦਿਆਂ ਸਰਗੁਣ ਨੇ ਪੰਜਾਬੀ ਫ਼ਿਲਮਾਂ ਵਿਚ ਖੁਦ ਲਈ ਜਗ੍ਹਾ ਪੱਕੀ ਕਰ ਲਈ। ਅੱਜ ਉਹ ਪੰਜਾਬੀ ਫ਼ਿਲਮਾਂ ਵਿਚ ਬਿਹਤਰੀਨ ਅਭਿਨੇਤਰੀਆਂ ਦੀ ਸੂਚੀ ਵਿਚ ਹੈ। ਸਰਗੁਣ ਹੁਣ ਤੱਕ 31 ਸੀਰੀਅਲ, ਇਕ ਦਰਜਨ ਪੰਜਾਬੀ ਫ਼ਿਲਮਾਂ, ਇਕ ਬਾਲੀਵੁੱਡ ਅਤੇ 7 ਮਿਊਜ਼ਿਕ ਵੀਡੀਓਜ਼ ਕਰ ਚੁੱਕੀ ਹੈ। ਉਸ ਨੂੰ ਹਰ ਰੰਗ, ਹਰ ਰੂਪ ਵਿਚ ਕਾਫੀ ਪ੍ਰਸੰਸਾ ਮਿਲੀ ਹੈ। ਸਰਗੁਣ ਮਹਿਤਾ ਨੂੰ ਪੀ.ਟੀ.ਸੀ. ਪੰਜਾਬੀ ਫ਼ਿਲਮ ਐਵਾਰਡ ਅਤੇ ਪੰਜਾਬੀ ਫ਼ਿਲਮਾਂ ਲਈ ਦੋ ਫ਼ਿਲਮ ਫੇਅਰ ਐਵਾਰਡ ਮਿਲ ਚੁਕੇ ਹਨ। ਸਰਗੁਣ ਫ਼ਿਲਮ 'ਬਾਬੇ ਭੰਗੜਾ ਪਾਉਂਦੇ ਨੇ' ਕਰ ਰਹੀ ਹੈ। ਸਰਗੁਣ ਚਾਹੁੰਦੀ ਹੈ ਕਿ ਉਹ ਵੱਧ ਤੋਂ ਵੱਧ ਬਾਲੀਵੁੱਡ ਫ਼ਿਲਮਾਂ ਕਰੇ ਪਰ ਫਿਲਹਾਲ 'ਕਠਪੁਤਲੀ' ਦੇ ਫਲਾਪ ਹੋਣ ਤੋਂ ਬਾਅਦ ਉਸ ਨੂੰ ਅਗਲੀ ਫ਼ਿਲਮ ਦੀ ਪੇਸ਼ਕਸ਼ ਨਹੀਂ ਮਿਲੀ।
Comments (0)