ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਪੰਜਾਬ ਡੇਅ ਸਮਾਗਮ ਮੌਕੇ ਪੰਜਾਬ ਪੈਵਿਲੀਅਨ ਦਾ ਉਦਘਾਟਨ
ਕਿਹਾ, ਪੰਜਾਬ ਨੂੰ ਸੈਰ-ਸਪਾਟਾ ਹੱਬ ਵਜੋਂ ਕੀਤਾ ਜਾਵੇਗਾ ਵਿਕਸਿਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ,ਨਵੰਬਰ 26 (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ ਅਤੇ ਸ਼ਿਕਾਇਤ ਨਿਵਾਰਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਬੀਤੇ ਦਿਨੀਂ ਦਿੱਲੀ ਦੇ ਪ੍ਰਗਤੀ ਮੈਦਾਨ 'ਚ ਚੱਲ ਰਹੇ 41ਵੇਂ ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲਾ-2022 ਵਿਖੇ 'ਪੰਜਾਬ ਡੇਅ' ਸਮਾਗਮ ਮੌਕੇ ਪੰਜਾਬ ਪੈਵਿਲੀਅਨ ਦਾ ਉਦਘਾਟਨ ਕੀਤਾ । ਇਸ ਮੌਕੇ ਬੋਲਦਿਆ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਦੇ ਸੈਰ-ਸਪਾਟਾ ਖੇਤਰ ਨੂੰ ਹੋਰ ਵਿਕਸਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਤਾਂ ਜੋ ਸੂਬੇ ਨੂੰ ਦੇਸ਼ ਦੁਨਿਆਂ ਲਈ ਸੈਰ-ਸਪਾਟਾ ਹੱਬ ਵਜੋਂ ਵਿਕਸਿਤ ਕੀਤਾ ਜਾ ਸਕੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੇ ਟੂਰਿਜ਼ਮ ਖੇਤਰ ਨੂੰ ਪੂਰੀਆਂ ਸੰਭਾਵਨਾਵਾਂ ਨਾਲ ਉਜਾਗਰ ਕਰਨ ਲਈ ਟੈਕਨਾਲੌਜੀ ਦੀ ਵਿਆਪਕ ਵਰਤੋ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੈਰ ਸਪਾਟੇ ਨੂੰ ਹੋਰ ਵਿਕਸਤ ਕਰਨ ਲਈ ਇੱਕ ਵਿਸ਼ੇਸ਼ ਐਪ ਤਿਆਰ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਇਤਿਹਾਸਕ ਤੇ ਸਭਿਆਚਾਰਕ ਇਮਾਰਤਾਂ ਨੂੰ ਹੋਰ ਵਿਕਸਿਤ ਕਰਨ ਅਤੇ ਸੈਲਾਨੀਆਂ ਦੀ ਸਹੂਲਤ ਲਈ ਟੂਰਿਜ਼ਮ ਟ੍ਰਾਂਸਪੋਰਟ ਨੂੰ ਮਜਬੂਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲੇ ਦੌਰਾਨ ਪੰਜਾਬ ਦੇ ਉਤਪਾਦਾਂ ਨੂੰ ਵੱਡਾ ਹੁੰਗਾਰਾ ਮਿਲਿਆ ਹੈ ਅਤੇ ਪੰਜਾਬ ਦੇ ਉਤਪਾਦਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਸੰਜੀਦੀਗੀ ਨਾਲ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਖਰੀ ਉਤਰੇਗੀ।
ਇਸ ਉਪਰੰਤ ਮੰਤਰੀ ਵੱਲੋਂ ਪੰਜਾਬ ਪੈਵਿਲੀਅਨ ਵਿੱਚ ਵੱਖ ਵੱਖ ਵਿਭਾਗਾਂ ਅਤੇ ਸੰਸਥਾਨਾਂ ਜਿਵੇਂ ਮਾਰਕਫੈਡ, ਵੇਰਕਾ, ਪੀਐਸਆਈਈਸੀ,ਇਨਵੈਸਟ ਪੰਜਾਬ, ਪੰਜਾਬ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਸਾਇੰਸ ਟੈਕਨਾਲੋਜੀ ਤੇ ਵਾਤਾਵਰਣ ਵਿਭਾਗ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਸਥਾਪਤ ਸਟਾਲਾਂ ਦਾ ਦੌਰਾ ਕੀਤਾ ਗਿਆ। ਪੰਜਾਬ ਡੇਅ ਸਮਾਗਮ ਮੌਕੇ ਨੂਰਾਂ ਸਿਸਟਰਜ਼ ਵੱਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਮੌਕੇ ਪ੍ਰਮੁੱਖ ਸਕੱਤਰ ਇੰਡਸਟੀਰੀਜ਼ ਅਤੇ ਕਮਰਸ ਸ੍ਰੀ ਦਿਲੀਪ ਕੁਮਾਰ, ਸਕੱਤਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਸ੍ਰੀ ਗੁਰਕਿਰਤ ਕਿਰਪਾਲ ਸਿੰਘ, ਏ.ਐਮ.ਡੀ ਪੀਐਸਆਈਈਸੀ ਸ੍ਰੀ ਰੁਪਿੰਦਰ ਜੀਤ ਸਿੰਘ ਬਰਾੜ ਦੁਆਰਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਪੀਐਸਆਈਈਸੀ ਦੇ ਚੇਅਰਮੈਨ ਸ੍ਰੀ ਦਲਵੀਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੰਜਾਬ ਪੈਵਿਲੀਅਨ ਦੇ ਪ੍ਰਸ਼ਾਸਕ ਜੇ.ਐਸ.ਭਾਟੀਆ, ਉਪ ਪ੍ਰਸ਼ਾਸਕ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।
Comments (0)