ਰਣਦੀਪ ਹੁੱਡਾ‘ਸਵਤੰਤਰ ਵੀਰ ਸਾਵਰਕਰ’ ਵਿੱਚ ਨਿਭਾਏਗਾ ਮੁੱਖ ਭੂਮਿਕਾ 

ਰਣਦੀਪ ਹੁੱਡਾ‘ਸਵਤੰਤਰ ਵੀਰ ਸਾਵਰਕਰ’ ਵਿੱਚ ਨਿਭਾਏਗਾ ਮੁੱਖ ਭੂਮਿਕਾ 

ਅੰਮ੍ਰਿਤਸਰ ਟਾਈਮਜ਼

ਮੁੰਬਈ:ਬੌਲੀਵੁੱਡ ਅਦਾਕਾਰ ਰਣਦੀਪ ਹੁੱਡਾ ਆਉਣ ਵਾਲੀ ਫ਼ਿਲਮ ‘ਸਵਤੰਤਰ ਵੀਰ ਸਾਵਰਕਰ’ ਵਿੱਚ ਵਿਨਾਇਕ ਦਾਮੋਦਰ ਸਾਵਰਕਰ ਦੀ ਭੂਮਿਕਾ ਨਿਭਾਏਗਾ। ਫ਼ਿਲਮ ਦੀ ਸ਼ੂਟਿੰਗ ਜੂਨ ਮਹੀਨੇ ਸ਼ੁਰੂ ਹੋਣੀ ਹੈ ਅਤੇ ਇਸ ਦੇ ਦ੍ਰਿਸ਼ ਲੰਡਨ (ਬਰਤਾਨੀਆ), ਮਹਾਰਾਸ਼ਟਰ, ਅਤੇ ਅੰਡੇਮਾਨ ਤੇ ਨਿਕੋਬਾਰ ਵਿੱਚ ਵੱਖ-ਵੱਖ ਥਾਵਾਂ ’ਤੇ ਫਿਲਮਾਏ ਜਾਣਗੇ। ਨਿਰਮਾਤਾਵਾਂ ਮੁਤਾਬਕ ਫ਼ਿਲਮ ਵਿੱਚ ਭਾਰਤ ਦੀ ਆਜ਼ਾਦੀ ਦੀ ਪਹਿਲੀ ਲਹਿਰ ਨੂੰ ਵੱਖ-ਵੱਖ ਪੱਖਾਂ ਤੋਂ ਉਭਾਰਿਆ ਜਾਵੇਗਾ ਅਤੇ ਇਸ ਦਾ ਨਿਰਦੇਸ਼ਨ ਮਹੇੇਸ਼ ਵੀ. ਮੰਜਰੇਕਰ ਕਰਨਗੇ। 

ਰਣਦੀਪ ਹੁੱਡਾ ਫ਼ਿਲਮ ਵਿੱਚ ਭੂਮਿਕਾ ਨਿਭਾਉਣ ਲਈ ਚੁਣੇ ਜਾਣ ’ਤੇ ਮਾਣ ਮਹਿਸੂਸ ਕਰ ਰਿਹਾ ਹੈ। ਉਸ ਨੇ ਕਿਹਾ, ‘‘ਬਹੁਤ ਸਾਰੇ ਨਾਇਕ ਹਨ, ਜਿਨ੍ਹਾਂ ਨੇ ਸਾਡੀ ਆਜ਼ਾਦੀ ਵਿੱਚ ਆਪਣੀ ਯੋਗਦਾਨ ਪਾਇਆ। ਹਾਲਾਂਕਿ, ਹਰ ਕਿਸੇ ਨੂੰ ਉਨ੍ਹਾਂ ਦਾ ਸਨਮਾਨ ਨਹੀਂ ਮਿਲਿਆ। ਇਨ੍ਹਾਂ ਗੁੰਮਨਾਮ ਨਾਇਕਾਂ ਵਿੱਚੋਂ ਵਿਨਾਇਕ ਦਾਮੋਦਰ ਸਾਵਰਕਰ ਸਭ ਤੋਂ ਵੱਧ ਗਲਤ ਸਮਝੇ ਜਾਣ ਵਾਲੇ ਅਤੇ ਪ੍ਰਭਾਵਸ਼ਾਲੀ ਵਿਅਕਤੀ ਹਨ, ਅਤੇ ਉਨ੍ਹਾਂ ਦੀ ਕਹਾਣੀ ਬਿਆਨ ਕੀਤੀ ਜਾਣੀ ਚਾਹੀਦੀ ਹੈ।’’ ਰਣਦੀਪ ਹੁੱਡਾ ਦੀ ਸੰਦੀਪ ਸਿੰਘ ਨਾਲ ਇਹ ਦੂਜੀ ਫ਼ਿਲਮ ਹੋਵੇਗੀ। ਦੋਵੇਂ ਪਹਿਲਾਂ 2016 ਵਿੱਚ ਆਈ ਬਾਇਓਪਿਕ ‘ਸਰਬਜੀਤ’ ਵਿੱਚ ਇਕੱਠਿਆਂ ਕੰਮ ਕਰ ਚੁੱਕੇ ਹਨ।  ਰਣਦੀਪ ਹੁੱਡਾ ਨੇ ਕਿਹਾ, ‘‘ਮੈਂ, ‘ਸਰਬਜੀਤ’ ਤੋਂ ਬਾਅਦ ਇੱਕ ਵਾਰ ਫਿਰ ਸੰਦੀਪ ਨਾਲ ‘ਸਵਤੰਤਰ ਵੀਰ ਸਾਵਰਕਰ’ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਹਾਂ। ਇਹ ਇੱਕ ਹੋਰ ਚੁਣੌਤੀਪੂਰਨ ਭੂਮਿਕਾ ਹੋਵੇਗੀ।’’ ਡਾਇਰੈਕਟਰ ਮਹੇਸ਼ ਵੀ. ਮੰਜਰੇਕਰ ਨੇ ਕਿਹਾ, ‘‘ਇਹ ਉਨ੍ਹਾਂ ਕਹਾਣੀਆਂ ਨੂੰ ਬਿਆਨ ਕਰਨ ਦਾ ਸਹੀ ਸਮਾਂ ਹੈ, ਜਿਨ੍ਹਾਂ ਨੂੰ ਅਸੀਂ ਨਜ਼ਰਅੰਦਾਜ਼ ਕੀਤਾ ਸੀ। ‘ਸਵਤੰਤਰ ਵੀਰ ਸਾਵਰਕਰ’ ਸਿਨੇਮਾ ਦਾ ਅਜਿਹਾ ਤਜਰਬਾ ਹੋਵੇਗਾ, ਜਿਹੜਾ ਸਾਨੂੰ ਆਪਣਾ ਇਤਿਹਾਸ ਦੁਬਾਰਾ ਦੇਖਣ ਲਈ ਮਜਬੂਰ ਕਰੇਗਾ। ਮੈਂ ਸੰਦੀਪ ਸਿੰਘ ਨਾਲ ਕੰਮ ਕਰਨਾ ਚਾਹੁੰਦਾ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਇਹ ਫ਼ਿਲਮ ਇਕੱਠਿਆਂ ਕਰ ਰਹੇ ਹਾਂ।’’