ਪੰਜਾਬ ਦੇ ਅਸਲ ਨਾਇਕਾਂ ਉਪਰ ਬਣੀਆਂ ਫਿਲਮਾਂ

ਪੰਜਾਬ ਦੇ ਅਸਲ ਨਾਇਕਾਂ ਉਪਰ ਬਣੀਆਂ ਫਿਲਮਾਂ

ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਸੂਬੇ ਦੇ ਲੋਕ ਨਾਇਕਾਂ ਨੇ  ਹੀ ਦਿੱਤੀਆਂ

 

 ਇਨ੍ਹਾਂ ਨਾਇਕਾਂ ਦੇ ਜੀਵਨ ਨੂੰ ਸਿਨੇਮਾ ਉਤੇ ਦੇਖਣ ਦਾ ਅਨੁਭਵ ਸੱਚੀ ਅਨੌਖਾ ਸੀ । 1999 ਵਿਚ ਆਈ ਰਾਜ ਬੱਬਰ ਦੀ ਫਿਲਮ ਸ਼ਹੀਦ ਊਧਮ ਸਿੰਘ ਚਿੱਤਰਾਰਥ ਵੱਲੋਂ ਨਿਰਦੇਸ਼ਤ ਕੀਤੀ ਗਈ ਸੀ। ਇਸ ਵਿਚ ਗੁਰਦਾਸ ਮਾਨ, ਅਮਰੀਸ਼ ਪੁਰੀ,ਸ਼ਤਰੂਘਨ ਸਿਨਹਾ ਤੇ ਹੋਰ ਕਈ ਸਟਾਰਾਂ ਨੇ ਕੰਮ ਕੀਤਾ । ਫਿਲਮ ਵਿਚ 1919 ਦੇ ਅੰਮਿ੍ਤਸਰ ਦੇ ਕਤਲੇਆਮ ਦਾ ਬਦਲਾ ਲੈਣ ਵਾਲੇ ਸ਼ਹੀਦ ਊੁਧਮ ਸਿੰਘ ਦੇ ਜੀਵਨ ਦੇ ਸੰਘਰਸ਼ ਨੂੰ ਪੇਸ਼ ਕੀਤਾ ਗਿਆ। ਇਸ ਤਰ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਉਤੇ ਬਣੀ ਫਿਲਮ ਸਰਾਭਾ : ਕਰਾਈ ਫਾਰ ਫਰੀਡਮ ਦਾ ਨਿਰਦੇਸ਼ਨ ਕਵੀ ਰਾਜ਼ ਨੇ ਕੀਤਾ । ਇਸ ਵਿਚ ਕਵੀ ਰਾਜ਼,ਅੰਕੁਰ ਰਾਤੀ, ਪੁਨੀਤ ਆਦਿ ਸਟਾਰਾਂ ਨੇ ਕੰਮ ਕੀਤਾ। ਗ਼ਦਰ ਲਹਿਰ ਤੇ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਸਰਾਭਾ ਦੇ ਜੀਵਨ ਦੇ ਆਲੇ-ਦੁਆਲੇ ਘੁੰਮਦੀ ਇਹ ਪੀਰੀਅਡ ਡਰਾਮਾ ਫਿਲਮ ਗਦਰ ਲਹਿਰ ਦੇ ਇਤਿਹਾਸ ਦੇ ਪੰਨਿਆਂ ਨੂੰ ਖੋਲ੍ਹਦੀ ਹੈ। ਓਮੀ ਬੇਦੀ ਦੀ ਫਿਲਮ ਅਮਰ ਸ਼ਹੀਦ ਭਗਤ ਸਿੰਘ ਵੀ ਇਸ ਸ਼੍ਹੇਣੀ ਵਿਚ ਆਉਂਦੀ ਹੈ। ਜਿਸ ਵਿਚ ਰਜਨੀ ਬਾਲਾ,ਸੋਮ ਦੱਤ,ਦਾਰਾ ਸਿੰਘ ਰੰਧਾਵਾ ਵਰਗੇ ਸਟਾਰ ਸਨ। ਇਸ ਵਿਚ ਸ਼ਹੀਦ ਭਗਤ ਸਿੰਘ ਜੀਵਨ, ਆ਼ਜ਼ਾਦੀ ਦੇ ਸੰਘਰਸ਼ ਤੇ ਸ਼ਹਾਦਤ ਨੂੰ ਪੇਸ਼ ਕੀਤਾ ਗਿਆ। ਇਨ੍ਹਾਂ ਫਿਲਮਾਂ ਤੋਂ ਇਲਾਵਾ ਲਾਲਾ ਲਾਜਪਾਤ ਰਾਏ, ਮਦਨ ਲਾਲ ਢੀਗਰਾ ਤੇ ਗਦਰੀ ਬਾਬਿਆਂ ਦੇ ਜੀਵਨ ਉਤੇ ਕਈ ਲਘੂ ਫਿਲਮਾਂ ਦਾ ਨਿਰਮਾਣ ਵੀ ਹੋਇਆ।

 ਖਿਡਾਰੀ ਨਾਇਕ

ਜਗਦੀਪ ਸਿੱਧੂ ਦੀ ਲਿਖੀ ਤੇ ਵਿਜੇ ਕੁਮਾਰ ਅਰੋੜਾ ਦੀ ਨਿਰਦੇਸ਼ਤ ਕੀਤੀ ਫਿਲਮ ਹਰਜੀਤਾ ਪੰਜਾਬੀ ਨੌਜਵਾਨਾਂ ਵਿਚ ਖੇਡਾਂ ਦੇ ਪ੍ਰਤੀ ਪਿਆਰ ਨੂੰ ਬਹੁਤ ਸੁੰਦਰ ਢੰਗ ਨਾਲ ਪੇਸ਼ ਕਰਦੀ ਹੈ। ਇਸ ਵਿੱਚ ਐਮੀ ਵਿਰਕ, ਸਾਵਨ ਰੂਪੋਵਾਲੀ, ਸਮੀਪ ਰਣੌਤ, ਅਤੇ ਪੰਕਜ ਤ੍ਰਿਪਾਠੀ ਨੇ ਅਦਾਕਾਰੀ ਕੀਤੀ । ਫਿਲਮ ਹਾਕੀ ਖਿਡਾਰੀ ਹਰਜੀਤ ਸਿੰਘ ਦੇ ਜੀਵਨ ਉਤੇ ਆਧਾਰਿਤ ਹੈ। ਜੋ ਕਿ ਗਰੀਬ ਪਰਿਵਾਰ ਤੋਂ ਉੱਠ ਕੇ ਜੂਨੀਅਰ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰਦਾ ਹੈ। ਇਸ ਫਿਲਮ ਵਿਚ ਬਾਲ ਕਲਾਕਾਰ ਵਜੋਂ ਸਮੀਪ ਰਣੌਤ ਨੇ ਸ਼ਾਨਦਾਰ ਅਦਾਕਾਰੀ ਕੀਤੀ, ਜਿਸ ਨੂੰ ਸਰਵੋਤਮ ਬਾਲ ਅਦਾਕਾਰ ਦੇ ਰਾਸ਼ਟਰੀ ਫਿਲਮ ਐਵਾਰਡ ਨਾਲ ਨਿਵਾਜ਼ਿਆ ਗਿਆ। ਫਿਲਮ ਨੂੰ ਸਰਵੋਤਮ ਪੰਜਾਬੀ ਫਿਲਮ ਦਾ ਐਵਾਰਡ ਵੀ ਮਿਲਿਆ। ਇਕ ਖਿ਼ਡਾਰੀ ਦੇ ਸੁਪਨੇ ਨੂੰ ਪੂਰਾ ਕਰਨ ਦੀ ਕਹਾਣੀ ਹਰਜੀਤਾ ਦਰਸ਼ਕਾਂ ਨੂੰ ਨਾਲ ਲੈ ਕੇ ਚੱਲਦੀ ਹੈ। ਫਿਲਮ ਲਈ ਐਮੀ ਵਿਰਕ ਨੇ ਕਾਫੀ ਮਿਹਨਤ ਕੀਤੀ। ਸੁਯਸ਼ ਤ੍ਰਿਵੇਦੀ ਦੀ ਲਿਖੀ ਤੇ ਸ਼ਾਦ ਅਲੀ ਦੀ ਨਿਰਦੇਸ਼ਿਤ ਕੀਤੀ ਫਿਲਮ ਸੂਰਮਾ ਵੀ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ। ਫਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਦਿਲਜੀਤ ਦੋਸਾਂਝ, ਅੰਗਦ ਬੇਦੀ ਅਤੇ ਤਾਪਸੀ ਪੰਨੂ ਮੁੱਖ ਭੂਮਿਕਾ ਵਿਚ ਹਨ। ਇਹ ਭਾਰਤੀ ਹਾਕੀ ਵਿੱਚ ਫਲਿੱਕਰ ਸਿੰਘ ਵਜੋਂ ਮਸ਼ਹੂਰ ਸੰਦੀਪ ਸਿੰਘ ਦੀ ਕਹਾਣੀ ਹੈ। ਇਸ ਵਿਚ ਸੰਦੀਪ ਸਿੰਘ ਦੀ ਨਿਮਾਣੀ ਸ਼ੁਰੂਆਤ ਤੋਂ ਲੈ ਕੇ ਹਰਿਆਣਾ ਦੇ ਖੇਡ ਮੰਤਰੀ ਦਾ ਅਹੁਦਾ ਸੰਭਾਲਣ ਤੱਕ ਦੇ ਸਫ਼ਰ ਨੂੰ ਪੇਸ਼ ਕੀਤਾ ਗਿਆ ਹੈ। ਅਸਲ ਵਿਚ ਸੂਰਮਾ ਇਕ ਅਜਿਹੇ ਖਿਡਾਰੀ ਦੀ ਕਹਾਣੀ ਹੈ ਜੋ ਪੂਰੇ ਦ੍ਰਿੜ ਇਰਾਦੇ, ਸਖ਼ਤ ਮਿਹਨਤ ਤੇ ਖੇਡ ਦੇ ਅਣਥੱਕ ਜਨੂੰਨ ਨਾਲ ਮੌਤ ਨੂੰ ਨੇੜੇ ਤੋਂ ਅਨੁਭਵ ਕਰ ਕੇ ਮੈਦਾਨ ਵਿਚ ਚਮਤਕਾਰੀ ਵਾਪਸੀ ਕਰਦਾ ਹੈ।

ਮਨੁੱਖਤਾ ਦੇ ਨਾਇਕ ਭਗਤ ਪੂਰਨ ਸਿੰਘ

ਹਰਜੀਤ ਸਿੰਘ ਵੱਲੋਂ ਨਿਰਦੇਸ਼ਤ ਤੇ ਤੇਜਿੰਦਰ ਦੀ ਲ਼ਿਖੀ ਏਹ ਜਨਮ ਤੁਮ੍ਹਾਰੇ ਲੇਖੇ ਫਿਲਮ ਪੰਜਾਬੀ ਸਿਨੇਮਾ ਦੀ ਇਕ ਸ਼ਾਨਦਾਰ ਪੇਸ਼ਕਾਰੀ ਹੈ। ਇਸ ਵਿਚ ਭਗਤ ਪੂਰਨ ਸਿੰਘ ਜੀ ਦੇ ਜੀਵਨ ਨੂੰ ਦਰਸ਼ਕਾਂ ਦੇ ਅੱਗੇ ਪੇਸ਼ ਕੀਤਾ ਗਿਆ। ਇਹ ਫਿਲਮ ਭਗਤ ਪੂਰਨ ਸਿੰਘ ਦੀ ਯਾਤਰਾ ਹੈ। ਜਿਨ੍ਹਾਂ ਨੇ ਅਜਿਹਾ ਸਫ਼ਰ ਤਹਿ ਕੀਤਾ ਜੋ ਇਨਸਾਨੀ ਨੂੰ ਇਕ ਨਵੀਂ ਸੇਧ ਦੇ ਗਿਆ। ਨੈਤਿਕ ਕਦਰਾਂ-ਕੀਮਤਾਂ ਜੋ ਉਨ੍ਹਾਂ ਨੇ ਆਪਣੀ ਮਾਂ ਤੋਂ ਪ੍ਰਾਪਤ ਕੀਤੀਆਂ ਤੇ ਹਿੰਮਤ, ਦ੍ਰਿਸ਼ਟੀ ਤੇ ਦ੍ਰਿੜਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ। ਉਨ੍ਹਾਂ ਦੇ ਦਿਲ ਵਿਚ ਸੇਵਾ ਦੀ ਜੋ ਊਰਜਾ ਸੀ, ਉਸ ਨੇ ਕਈ ਬੇਸਹਾਰਾ ਨੂੰ ਘਰ ਦੇ ਨਾਲ-ਨਾਲ ਸਮਾਜ ਵਿਚ ਖੜ੍ਹੇ ਹੋਣ ਦਾ ਬਲ ਬਖ਼ਸ਼ਿਆ । ਉਨ੍ਹਾਂ ਨੇ ਕਈ ਸਾਲਾਂ ਤੱਕ ਕਈ ਬੇਸਹਾਰਾ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਤੇ ਇਸ ਦੌਰਾਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਇਹ ਇੱਕ ਮਨੁੱਖ ਦੀ ਪ੍ਰੇਰਨਾਦਾਇਕ ਯਾਤਰਾ ਹੈ ਜੋ ਮਨੁੱਖਤਾ ਦੀ ਸੇਵਾ ਤੇ ਵਾਤਾਵਰਨ ਦੀ ਸੰਭਾਲ ਲਈ ਜੀਵਨ ਭਰ ਸੰਘਰਸ਼ ਕਰਦਾ ਰਿਹਾ। ਫਿਲਮ ਵਿਚ ਪਵਨ ਮਲਹੋਤਰਾ ਨੇ ਭਗਤ ਜੀ ਦਾ ਕਿਰਦਾਰ ਬਹੁਤ ਹੀ ਖੂਬਸੂਰਤੀ ਨਾਲ ਨਿਭਾਇਆ ਹੈ। ਫਿਲਮ ਵਿਚ ਅਰਜੁਨ ਭੱਲਾ, ਸੁਧਾਂਸ਼ੂ ਅਗਰਵਾਲ, ਅਰਵਿੰਦਰ ਭੱਟੀ, ਅਵਰਿੰਦਰ ਕੌਰ ਆਦਿ ਨੇ ਅਦਾਕਾਰੀ ਕੀਤੀ।

ਫੌਜੀ ਨਾਇਕ

ਗੁਰਪ੍ਰੀਤ ਸਿੰਘ ਪਲਹੇੜੀ ਦੀ ਲਿਖੀ ਤੇ ਪੰਕਜ ਬੱਤਰਾ ਦੀ ਡਾਇਰਕੈਟਰ ਕੀਤੀ ਫਿਲਮ ਸੱਜਣ ਸਿੰਘ ਰੰਗਰੂਟ ਪਹਿਲੇ ਵਿਸ਼ਵ ਯੁੱਧ ਦੌਰਾਨ ਲੜ ਰਹੇ ਬ੍ਰਿਟਿਸ਼ ਭਾਰਤੀ ਫੌਜ ਦੇ ਸਿੱਖ ਸਿਪਾਹੀਆਂ ਦੇ ਤਜ਼ਰਬਿਆਂ ਦੀ ਸੱਚੀ ਕਹਾਣੀ 'ਤੇ ਆਧਾਰਿਤ ਹੈ। ਫਿਲਮ ਸੱਜਣ ਸਿੰਘ ਰੰਗਰੂਟ ਦੇ ਆਲੇ-ਦੁਆਲੇ ਘੁੰਮਦੀ ਹੈ,ਜੋ ਅੰਦਰ ਦੇਸ਼ ਭਗਤੀ ਦੇ ਜਜ਼ਬਾ ਹੈ ਪਰ ਕਿਸੇ ਕਾਰਨ ਉਸ ਨੂੰ ਪਹਿਲੇ ਵਿਸ਼ਵ ਯੁੱਧ ਵਿਚ ਬ੍ਰਿਟਿਸ਼ ਸਰਕਾਰ ਵੱਲੋਂ ਲੜ ਲਈ ਭੇਜਿਆ ਜਾਂਦਾ ਹੈ। ਫਿਲਮ ਵਿਚ ਸਿੱਖ ਰੈਜੀਮੈਂਟ ਨਾਲ ਵਿਦੇਸ਼ ਵਿਚ ਹੋਣ ਵਾਲੇ ਭੈੜੇ ਸਲੂਕ ਨੂੰ ਦਿਖਾਇਆ ਗਿਆ ਹੈ ਕਿ ਕਿਵੇ ਗੁਲਾਮੀ ਦੀਆਂ ਜੰਜੀਰਾਂ ਹਰ ਸਮੇਂ ਭਾਰਤੀਆਂ ਦੇ ਪੈਰਾਂ ਵਿਚ ਹਨ। ਪਹਿਲੇ ਵਿਸ਼ਵ ਯੁੱਧ ਵਿਚ ਸਿੱਖ ਰੈਜੀਮੈਂਟ ਨੇ ਜੋ ਬਹਾਦਰੀ ਦਿਖਾਈ ਉਸ ਦੀ ਯਾਦ ਭਾਰਤ ਦੇ ਹੀ ਨਹੀਂ ਸਗੋਂ ਵਿਸ਼ਵ ਦੇ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਰਹੇਗੀ। ਇਸ ਫਿਲਮ ਵਿਚ ਦਲਜੀਤ ਦੌਸਾਂਝ, ਸੁਨੰਦਾ ਸ਼ਰਮਾ, ਜਗਜੀਤ ਸੰਧੂ ਤੇ ਯੋਗਰਾਜ ਸਿੰਘ ਨੇ ਅਦਾਕਾਰੀ ਕੀਤੀ।

ਸਿਮਰਜੀਤ ਸਿੰਘ ਦੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਵੀ ਇਸ ਸ਼੍ਰੇਣੀ ਵਿਚ ਹੀ ਆਉ੍ਂਦੀ ਹੈ। ਜਿਸ ਵਿਚ ਭਾਰਤੀ ਸਿਪਾਹੀ ਜੋਗਿੰਦਰ ਸਿੰਘ ਦੇ ਜੀਵਨ ਨੂੰ ਵਿਸ਼ਾ ਬਣਾਇਆ ਗਿਆ। ਜੋ 1962 ਦੀ ਚੀਨ-ਭਾਰਤ ਜੰਗ ਵਿੱਚ ਸ਼ਹੀਦ ਹੋਇਆ ਸੀ ਤੇ ਉਨ੍ਹਾਂ ਦੀ ਸ਼ਹਾਦਤ ਉਪਰੰਤ ਸਰਕਾਰ ਵੱਲ ਪਰਮਵੀਰ ਚੱਕਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਇਸ ਫਿਲਮ ਵਿੱਚ ਕਈ ਲੰਮੀ ਸਟਾਰਕਾਸਟ ਸੀ। ਜਿਵੇਂ ਗਿੱਪੀ ਗਰੇਵਾਲ,ਅਦਿਤੀ ਸ਼ਰਮਾ,ਗੁੱਗੂ ਗਿੱਲ, ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ,ਲਵਲੀਨ ਕੌਰ, ਰਾਜਵੀਰ ਜਵੰਦਾ,ਸਰਦਾਰ ਸੋਹੀ ਨੇ ਅਦਾਕਾਰੀ ਕੀਤੀ ।

ਅਕਸ਼ੈ ਕੁਮਾਰ ਤੇ ਪਰਣੀਤੀ ਚੋਪੜਾ ਦੀ ਫਿਲਮ ਕੇਸਰੀ ਦਾ ਨਿਰਦੇਸ਼ਕ ਅਨੁਰਾਗ ਸਿੰਘ ਨੇ ਕੀਤਾ। ਫਿਲਮ ਵਿਚ ਸਾਰਾਗੜ੍ਹੀ ਦੀ ਲੜਾਈ ਦੀ ਇੱਕ ਅਦੁੱਤੀ ਸੱਚੀ ਕਹਾਣੀ 'ਤੇ ਆਧਾਰਿਤ ਹੈ। ਜਿਸ ਵਿੱਚ 21 ਸਿੱਖਾਂ ਦੀ ਫੌਜ ਨੇ 1897 ਵਿੱਚ 10,000 ਅਫਗਾਨਾਂ ਲਈ ਲੜਾਈ ਕੀਤੀ ਸੀ। ਅਫਗਾਨਾਂ ਦੇ ਸਾਰਾਗੜ੍ਹੀ ਦੀ ਚੌਕੀ ਦੀ ਪੋਸਟ 'ਤੇ ਕਬਜ਼ਾ ਕਰਨ ਲਈ ਹਮਲਾ ਕਰ ਦਿੱਤਾ ਸੀ । ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਵਿਚ 21 ਸਿਪਾਹੀਆਂ ਨੇ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਹਾਦਤ ਆਉਣ ਤਕ ਦੁਸ਼ਮਣਾਂ ਨਾਲ ਲੜਦੇ ਰਹੇ। ਇਨ੍ਹਾਂ 21 ਸਿਪਾਹੀਆਂ ਨੂੰ ਸ਼ਹੀਦੀ ਉਪਰੰਤ ਇੰਡੀਅਨ ਆਰਡਰ ਆਫ਼ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਕਿ ਉਸ ਸਮੇਂ ਇੱਕ ਭਾਰਤੀ ਸਿਪਾਹੀ ਨੂੰ ਪ੍ਰਾਪਤ ਹੋਣ ਵਾਲਾ ਸਭ ਤੋਂ ਉੱਚਾ ਬਹਾਦਰੀ ਪੁਰਸਕਾਰ ਸੀ।

ਅਮਰ ਪ੍ਰੇਮ ਕਹਾਣੀਆਂ ਨੇ ਜਿੱਤਿਆ ਦਿਲ

ਪੰਜਾਬ ਵਿਚ ਕਈ ਪ੍ਰੇਮ ਕਹਾਣੀਆਂ ਲੋਕਾਂ ਦੇ ਦਿਲ ਵਿਚ ਅੱਜ ਵੀ ਜ਼ਿੰਦਾ ਹੈ ਜਿਨ੍ਹਾਂ ਵਿਚੋਂ ਹੀਰ-ਰਾਂਝਾ, ਸੱਸੀ ਪੰਨੂ, ਮਿਰਜ਼ਾ-ਸਾਹਿਬਾ,ਯੂਸਫ ਜੁਲੇਖਾ, ਸੋਹਣੀ-ਮਾਹੀਵਾਲ ਆਦਿ ਵਰਣਨਯੋਗ ਹੈ। ਇਨ੍ਹਾਂ ਦੀਆਂ ਪ੍ਰੇਮ ਕਹਾਣੀਆਂ ਨੂੰ ਸਿਨੇਮਾ ਉਤੇ ਵ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ । 1932 ਵਿਚ ਪੰਜਾਬੀ ਫਿਲਮ ਹੀਰ-ਰਾਂਝਾ ਦਾ ਨਿਰਦੇਸ਼ਨ ਏ.ਆਰ. ਕਰਦਾਰ ਨੇ ਕੀਤਾ। ਜਿਸ ਵਿਚ ਅਨਵਰੀ ਬੇਗਮ ਅਤੇ ਰਫੀਕ ਗਜ਼ਨਵੀ ਨੇ ਅਦਾਕਾਰੀ ਕੀਤੀ। ਇਸ ਤੋਂ ਇਲਾਵਾ 1970 ਵਿਚ ਵੀ ਪਾਕਿਸਤਾਨੀ ਪੰਜਾਬੀ ਫਿਲਮ ਹੀਰ ਰਾਂਝਾ ਬਣੀ। ਫਿਰ ਇਸੇ ਪ੍ਰੇਮ ਕਹਾਣੀ ਨੂੰ ਵਿਸ਼ਾ ਬਣਾ ਕੇ ਹਰਜੀਤ ਸਿੰਘ ਦੇ ਨਿਰਦੇਸ਼ਨ ਵਿਚ ਹਰਭਜਨ ਮਾਨ ਤੇ ਨੀਰੂ ਬਾਜਵਾ ਦੀ ਅਦਾਕਾਰੀ ਵਾਲੀ ਫਿਲਮ ਹੀਰ-ਰਾਂਝਾ 2009 ਵਿਚ ਆਈ । 1983 ਵਿਚ ਸਤੀਸ਼ ਭਾਖੜੀ ਦੇ ਨਿਰਦੇਸ਼ਨ ਵਿਚ ਬਣੀ ਫਿਲਮ ਸੱਸੀ ਪੰਨੂੰ ਆਈ। ਜਿਸ ਵਿਚ ਸਤੀਸ਼ ਕੌਲ ਤੇ ਭਾਵਨਾ ਭੱਟ ਨੇ ਕੰਮ ਕੀਤਾ। ਇਸ ਫਿਲਮ ਦੇ ਸੰਗੀਤ ਨੇ ਲੋਕਾਂ ਉਤੇ ਡੂੰਘੀ ਛਾਪ ਛੱਡੀ । 1992 ਵਿਚ ਆਈ ਫਿਲਮ ਮਿਰਜ਼ਾ ਜੱਟ ਵਿਚ ਮਿਰਜ਼ਾ ਸਾਹਿਬਾ ਦੀ ਪ੍ਰੇਮ ਕਹਾਣੀ ਨੂੰ ਵਿਸ਼ਾ ਬਣਾਇਆ ਗਿਆ। ਇਸ ਫਿਲਮ ਦੇ ਡਾਇਰੈਕਟਰ ਰਵਿੰਦਰ ਰਵੀ ਸਨ ਤੇ ਗੁੱਗੂ ਗਿੱਲ ਤੇ ਮਨਜੀਤ ਕੁਲਾਰ ਨੇ ਅਦਾਕਾਰੀ ਕੀਤੀ। ਇਸ ਤੋਂ ਇਲਾਵਾ ਕੰਵਲ ਦੇ ਨਿਰਦੇਸ਼ਨ ਵਿਚ ਬਣੀ ਫਿਲਮ ਸੋਹਣੀ ਮਾਹੀਵਾਲ ਵਿਚ ਦਲਜੀਤ ਕੌਰ, ਅਰੁਣ ਚੋਪੜਾ ਤੇ ਮੇਹਰ ਮਿੱਤਲ ਨੇ ਕੰਮ ਕੀਤਾ।

ਮਨੋਜ ਪੁੰਜ ਨੇ ਪੇਸ਼ ਕੀਤੀ ਵਾਰਿਸ ਸ਼ਾਹ ਦੀ ਹੀਰ

2006 ਵਿਚ ਨਿਰਦੇਸ਼ਕ ਮਨੋਜ ਪੁੰਜ ਦੀ ਫਿਲਮ ਵਾਰਿਸ ਸ਼ਾਹ : ਇਸ਼ਕ ਦਾ ਵਾਰਿਸ ਨੇ ਮਹਾਨ ਕਿੱਸਾਕਾਰ ਵਾਰਿਸ ਸ਼ਾਹ ਦੇ ਜੀਵਨ ਨੂੰ ਦਰਸ਼ਕ ਅੱਗੇ ਪੇਸ਼ ਕੀਤਾ। ਇਹ ਫਿਲਮ ਵਾਰਿਸ ਸ਼ਾਹ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਪਣੇ ਗੁਰੂ ਸ਼ਾਹ ਮਖਦੂਮ ਦੇ ਪ੍ਰਭਾਵ ਹੇਠਾਂ ਆ ਕੇ ਹੀਰ-ਰਾਂਝਾ ਦਾ ਕਿੱਸਾ ਲਿਖਣਾ ਸ਼ੁਰੂ ਕਰਦਾ ਹੈ। ਇਸ ਦੌਰਾਨ ਮੁਗਲ ਬਾਦਸ਼ਾਹ ਔਰੰਗਜੇਬ ਵੱਲੋਂ ਲਗਾਈ ਗਈ ਸੰਗੀਤ ਉਤੇ ਪਾਬੰਦੀ ਉਸ ਦੇ ਰਾਹ ਵਿਚ ਰੁਕਾਵਟਾਂ ਪੈਦਾ ਕਰਦੀ ਹੈ। ਵਾਰਿਸ ਸ਼ਾਹ ਆਪਣੇ ਉਤੇ ਇਸ਼ਕ ਦੀ ਲੋਅ ਹੰਢਾ ਕੇ ਇਕ ਅਜਿਹੇ ਕਿੱਸੇ ਦਾ ਨਿਰਮਾਣ ਕਰਦਾ ਹੈ ਜੋ ਪੰਜਾਬੀ ਸਾਹਿਤ ਵਿਚ ਇਕ ਨਵਾਂ ਬੋਹੜ ਲਗਾਉ੍ਂਦਾ ਹੈ। ਇਸ ਫਿਲਮ ਵਿਚ ਗੁਰਦਾਸ ਮਾਨ, ਜੂਹੀ ਚਾਵਲਾ ਅਤੇ ਦਿਵਿਆ ਦੱਤਾ ਨੇ ਸ਼ਾਨਦਾਰ ਅਦਾਕਾਰੀ ਕੀਤੀ। ਇਸ ਫਿਲਮ ਦੀ ਅੰਤਰਰਾਸ਼ਟਰੀ ਪੱਧਰ 'ਤੇ ਕਾਫੀ ਪ੍ਰਸ਼ੰਸਾ ਹੋਈ ਤੇ 54ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਇਸ ਫਿਲਮ ਨੇ ਚਾਰ ਪੁਰਸਕਾਰ ਜਿੱਤੇ।

ਜੱਟ ਜਿਊਣਾ ਮੌੜ ਤੇ ਸੁੱਚੇ ਸੂਰਮੇ ਦੀ ਕਹਾਣੀ

ਰਵਿੰਦਰ ਰਵੀ ਦੇ ਨਿਰਦੇਸ਼ਨ ਵਿਚ ਬਣੀ ਫਿਲਮ ਜੱਟ ਜਿਊਣਾ ਮੌੜ ਵਿਚ ਗੁੱਗੂ ਗਿੱਲ, ਗੁਰਕੀਰਤਨ, ਮਨਜੀਤ ਕੁਲਾਰ, ਮੁਹੰਮਦ ਸਦੀਕ ਤੇ ਸੁਰਿੰਦਰ ਸ਼ਿੰਦਾ ਨੇ ਅਦਾਕਾਰੀ ਕੀਤੀ। ਫਿਲਮ ਡਾਕੂ ਜੱਟ ਜਿਊਣਾ ਮੌੜ ਦੇ ਆਲੇ-ਦੁਆਲੇ ਘੁੰਮਦੀ ਹੈ। ਜੋ ਆਪਣੇ ਭਰਾ ਦਾ ਬਦਲਾ ਲੈਣ ਲਈ ਭਰਾ ਦੇ ਦੋਸਤ ਟੋਗਰ ਤੇ ਬ੍ਰਿਟਿਸ਼ ਸਰਕਾਰ ਨਾਲ ਟਕਰਾ ਲੈਂਦਾ ਹੈ । ਫਿਲਮ ਦਾ ਨਾਇਕ ਲੋਕਾਂ ਦਾ ਮਸੀਹਾ ਹੈ ਜੋ ਅਮੀਰਾਂ ਤੋਂ ਲੁੱਟ ਕੇ ਗਰੀਬ ਪਰਿਵਾਰਾਂ ਦੀ ਮਦਦ ਕਰਦਾ ਹੈ। ਡਾਕੂ ਹੋਣ ਦੇ ਨਾਲ-ਨਾਲ ਮਾਤਾ ਰਾਣੀ ਦਾ ਸੱਚਾ ਭਗਤ ਹੈ । ਜੱਟ ਜਿਊਣਾ ਮੌੜ ਦੀ ਕਬਰ ਹਿਮਾਚਲ ਵਿੱਚ ਨੈਣਾ ਦੇਵੀ ਮੰਦਿਰ ਦੇ ਨੇੜੇ ਸਥਿਤ ਹੈ ।

1981 ਵਿਚ ਆਈ ਵਰਿੰਦਰ ਦੀ ਫਿਲਮ ਬਲਵੀਰੋ ਭਾਬੀ ਫਿਲਮ ਦੀ ਕਹਾਣੀ ਸੁੱਚਾ ਸੂਰਮਾ ਦੀ ਕਹਾਣੀ ਉਤੇ ਆਧਾਰਿਤ ਹੈ। ਫਿਲਮ ਦੀ ਕਹਾਣੀ ਤੇ ਅਸਲ ਕਹਾਣੀ ਵਿਚ ਕਾਫ਼ੀ ਫਿਕਰ ਨ਼ਜ਼ਰ ਆਉ੍ਂਦਾ ਹੈ। ਸੁੱਚੇ ਦਾ ਜਨਮ 1875, ਪਿੰਡ ਸਮਾਓਂ, ਮਾਨਸਾ ਵਿਖੇ ਸੁੰਦਰ ਸਿੰਘ ਤੇ ਮਾਤਾ ਭਾਗ ਕੌਰ ਦੇ ਘਰ ਹੋਇਆ ਸੀ । ਸੁੱਚੇ ਨੇ ਆਪਣੀ ਅਣਖ ਤੇ ਇੱਜਤ ਨੂੰ ਬਚਾਅ ਲਈ ਆਪਣੀ ਵੱਡੇ ਭਰਾ ਨਰੈਣ ਦੀ ਚਿੱਠੀ ਪੜ੍ਹ ਕੇ ਫੌਜੀ ਵਿਚੋਂ ਛੁੱਟੀ ਲੈ ਕੇ ਬਲਵੀਰੋ ਭਾਬੀ ਤੇ ਆਪਣੇ ਦੋਸਤ ਘੁੱਕਰ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਸੁੱਚੇ ਨੇ ਇਕ ਔਰਤ ਦੀ ਪੁਕਾਰ ਉਤੇ ਗਊਆਂ ਮਾਰਨ ਵਾਲੇ ਪੰਜ ਜਾਂ ਸੱਤ ਬੱਛੜਾਂ ਦਾ ਕਤਲ ਕੀਤਾ ਤੇ ਲੋਕ ਉਸ ਨੂੰ ਸੁੱਚਾ ਸੂਰਮਾ ਕਹਿਣ ਲੱਗੇ। ਇਸ ਤੋਂ ਬਾਅਦ ਉਸ ਨੇ ਰਾਜ ਕੌਰ ਤੇ ਗੱਜਣ ਵੈਲੀ ਦਾ ਸੰਬੰਧਾਂ ਦੇ ਚੱਲਦੇ ਕਤਲ ਕਰ ਦਿੱਤਾ। ਜਿਸ ਦੇ ਦੋਸ਼ ਵਿਚ ਬ੍ਰਿਟਿਸ਼ ਸਰਕਾਰ ਨੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ।

ਪੰਜਾਬ ਦੇ ਆਖ਼ਰੀ ਮਹਾਰਾਜੇ ਦੀ ਕਹਾਣੀ ਦ ਬਲੈਕ ਪ੍ਰਿੰਸ

ਨਿਰਦੇਸ਼ਕ ਕਵੀ ਰਾਜ਼ ਦੀ ਫਿਲਮ ਦ ਬਲੈਕ ਪ੍ਰਿੰਸ ਰਾਹੀ ਸਤਿੰਦਰ ਸਰਤਾਜ ਦੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਹ ਸਿੱਖ ਸਾਮਰਾਜ ਤੇ ਪੰਜਾਬ ਖੇਤਰ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਕਹਾਣੀ ਹੈ । ਕਹਾਣੀ ਨੌਜਵਾਨ ਰਾਜਕੁਮਾਰ ਦੀ ਹੈ , ਜਿਸ ਨੂੰ ਬ੍ਰਿਟਿਸ਼ ਸਰਕਾਰ ਸਾਜ਼ਿਸ਼ ਤਹਿਤ ਜਨਮ ਭੂਮੀ ਤੋਂ ਕਾਫੀ ਦੂਰ ਲੈ ਗਈ ਤੇ ਉਹ ਆਪਣੀ ਗੱਦੀ ਨੂੰ ਮੁੜ ਹਾਸਲ ਕਰਨ ਲਈ ਦੋ ਸਭਿਆਚਾਰਾਂ ਨਾਲ ਆਪਣੇ ਆਪ ਨੂੰ ਮੇਲ ਕੇ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਦ ਬਲੈਕ ਪ੍ਰਿੰਸ' ਮਹਾਰਾਣੀ ਵਿਕਟੋਰੀਆ ਤੇ ਪੰਜਾਬ ਦੇ ਆਖ਼ਰੀ ਰਾਜੇ ਮਹਾਰਾਜਾ ਦਲੀਪ ਸਿੰਘ ਦੀ ਕਹਾਣੀ ਹੈ। ਮਹਾਰਾਣੀ ਅੰਗਰੇਜ਼ੀ ਸਭਿਆਚਾਰ ਤੇ ਮਹਾਰਾਜਾ ਦਲੀਪ ਸਿੰਘ ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਕਰਦਾ ਹੈ । ਬਲੈਕ ਪ੍ਰਿੰਸ ਨੇ ਆਪਣਾ ਰਾਜ ਹਾਸਲ ਕਰਨ ਲਈ ਜੋ ਸੰਘਰਸ਼ ਕੀਤਾ, ਉਹ ਉਸ ਨੂੰ ਅਸਾਧਾਰਨ ਯਾਤਰਾ 'ਤੇ ਲੈ ਗਿਆ।

 

ਲਖਵਿੰਦਰ ਸੰਧੂ