ਸੌ ਕਰੋੜ ਰੁਪਏ ਕਮਾਉਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣੀ ‘ਕੈਰੀ ਆਨ ਜੱਟਾ 3’

ਸੌ ਕਰੋੜ ਰੁਪਏ ਕਮਾਉਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣੀ ‘ਕੈਰੀ ਆਨ ਜੱਟਾ 3’

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ: ਫਿਲਮ ‘ਕੈਰੀ ਆਨ ਜੱਟਾ 3’ ਬਾਕਸ ਆਫਿਸ ’ਤੇ 100 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣ ਗਈ ਹੈ। ਸਮੀਪ ਕੰਗ ਦੇ ਨਿਰਦੇਸ਼ਨ ਹੇਠ ਬਣੀ ਅਦਾਕਾਰ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਇਹ ਫਿਲਮ 29 ਜੂਨ ਨੂੰ ਦੇਸ਼ ਭਰ ਵਿਚ 560 ਸਕਰੀਨਾਂ ਤੋਂ ਇਲਾਵਾ 30 ਹੋਰ ਦੇਸ਼ਾਂ ਵਿੱਚ 560 ਥਾਈਂ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗਿੱਪੀ ਗਰੇਵਾਲ ਨੇ ਕਿਹਾ, ‘‘100 ਕਰੋੜ ਰੁਪਏ ਦਾ ਅੰਕੜਾ ਛੂਹਣ ਨਾਲ ਸਾਨੂੰ ਆਉਣ ਵਾਲੀਆਂ ਫਿਲਮਾਂ ਲਈ ਵੀ ਉਤਸ਼ਾਹ ਮਿਲਿਆ ਹੈ।’’ ਜ਼ਿਕਰਯੋਗ ਹੈ ਕਿ 2012 ਵਿੱਚ ਰਿਲੀਜ਼ ਹੋਈ ਫਿਲਮ ‘ਕੈਰੀ ਆਨ ਜੱਟਾ’ ਨੇ 18 ਕਰੋੜ ਰੁਪਏ ਅਤੇ 2018 ਵਿੱਚ ਰਿਲੀਜ਼ ਹੋਈ ਫਿਲਮ ‘ਕੈਰੀ ਆਨ ਜੱਟਾ 2’ ਨੇ 60 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ‘ਕੈਰੀ ਆਨ ਜੱਟਾ 3’ ਵਿੱਚ ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀਐੱਨ ਸ਼ਰਮਾ, ਕਵਿਤਾ ਕੌਸ਼ਿਕ, ਰੁਪਿੰਦਰ ਰੂਪੀ, ਨਾਸਿਰ ਚਨਿਓਟੀ ਅਤੇ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।