ਲਾਚਾਰੀ ਤੇ ਬੇਰੁਜ਼ਗਾਰੀ ਤੋਂ ਬੇਵੱਸ ਹੋ ਕੇ ਵਿਦੇਸ਼ ਵੱਲ  ਵਹੀਰਾਂ ਘੱਤਣ ਦਾ ਨਾਮ ਹੈ ਪ੍ਰਵਾਸ

ਲਾਚਾਰੀ ਤੇ ਬੇਰੁਜ਼ਗਾਰੀ ਤੋਂ ਬੇਵੱਸ ਹੋ ਕੇ ਵਿਦੇਸ਼ ਵੱਲ  ਵਹੀਰਾਂ ਘੱਤਣ ਦਾ ਨਾਮ ਹੈ ਪ੍ਰਵਾਸ

ਸੁਫ਼ਨਾ ਆਉਂਦਾ ਹੈ। ਆਪਣੇ ਪਿਆਰੇ ਪੰਜਾਬ ਤੋਂ ਅਮਰੀਕਾ ਨੂੰ ਜਾਣ ਦੀ ਕਾਹਲ ਹੈ। ਦਿੱਲੀ ਦੇ ਏਅਰਪੋਰਟ ’ਤੇ ਇਮੀਗ੍ਰੇਸ਼ਨ ਅਧਿਕਾਰੀ ਪਾਸਪੋਰਟ ਵੱਲ ਦੇਖਦਾ ਹੈ। ਫਿਰ ਮੇਰੇ ਵੰਨੀਂ ਦੇਖਦਾ ਹੈ। ਉਹ ਪੁੱਛਦਾ ਹੈ, ‘‘ਵਿਦੇਸ਼ ਨੂੰ ਜਾ ਰਿਹਾ ਏਂ? ਕੀ ਲੈ ਕੇ ਜਾ ਰਿਹਾ ਏਂ?’’

ਮੈਂ ਆਲੇ-ਦੁਆਲੇ ਦੇਖਦਾ ਹੋਇਆ ਕਹਿੰਦਾ ਹਾਂ ਕਿ ਕੁਝ ਵੀ ਗ਼ੈਰਕਾਨੂੰਨੀ ਨਹੀਂ। ਸਿਰਫ਼ ਲੋੜ ਦੀਆਂ ਵਸਤਾਂ ਹੀ ਲੈ ਕੇ ਜਾ ਰਿਹਾ ਹਾਂ ਜੋ ਲਿਜਾ ਸਕਦਾ ਹਾਂ। ਉਹ ਬਹੁਤ ਹੀ ਸੰਜੀਦਗੀ ਨਾਲ ਮੇਰੇ ਵੰਨੀਂ ਦੇਖਦਾ ਹੋਇਆ ਕਹਿੰਦਾ ਹੈ, ‘‘ਤੂੰ ਬਹੁਤ ਕੁਝ ਲੈ ਕੇ ਜਾ ਰਿਹਾ ਏਂ ਮਿੱਤਰ ਪਿਆਰੇ। ਸ਼ਾਇਦ ਤੈਨੂੰ ਪਤਾ ਨਾ ਹੋਵੇ ਜਾਂ ਕਿਆਸ ਨਾ ਹੋਵੇ। ਬਹੁਤ ਕੁਝ ਤੇਰੇ ਨਾਲ ਜਾ ਰਿਹਾ ਏ। ਇਸ ਦਾ ਸਿਰਫ਼ ਕੁਝ ਕੁ ਲੋਕਾਂ ਨੂੰ ਹੀ ਅਹਿਸਾਸ ਏ ਜੋ ਸੁਚੇਤ ਨੇ, ਚਿੰਤਕ ਨੇ ਤੇ ਫ਼ਿਕਰਮੰਦ ਨੇ। ਇਸ ਫ਼ਿਕਰਮੰਦੀ ਕਾਰਨ ਹੀ ਉਨ੍ਹਾਂ ਦੀ ਚੇਤਨਾ, ਉਨ੍ਹਾਂ ਨੂੰ ਬਹੁਤ ਕੁਰੇਦਦੀ ਏ।”

ਅਫ਼ਸਰ ਕਹਿੰਦਾ ਏ, ‘‘ਤੂੰ ਜਾ ਰਿਹਾ ਏਂ ਤਾਂ ਆਪਣੇ ਨਾਲ ਆਪਣੀ ਦਿੱਖ, ਦਿੱਬ-ਦ੍ਰਿਸ਼ਟੀ ਅਤੇ ਸਮੁੱਚ ਨੂੰ ਲੈ ਕੇ ਜਾ ਰਿਹਾ ਏਂ। ਤੇਰੀ ਦਸਤਾਰ ਵੀ ਬਾਹਰ ਜਾ ਰਹੀ ਏ, ਦਾੜ੍ਹੀ ਵੀ, ਦਰਿਆਦਿਲੀ ਅਤੇ ਦਰਦਵੰਤਾ ਵੀ ਤੇਰੇ ਨਾਲ ਹੀ ਵਿਰਾਸਤੀ ਰੂਪ ਵਿੱਚ ਬਾਹਰ ਨੂੰ ਤੁਰ ਪਈ ਏ। ਜਦ ਤੂੰ ਆਪਣੇ ਪਹਿਰਾਵੇ, ਸੂਰਤ ਅਤੇ ਰੋਅਬ-ਦਾਅਬ ਵਿੱਚੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪਛਾਣ ਨਵੀਂ ਧਰਤੀ ’ਤੇ ਸਿਰਜੇਂਗਾ ਤਾਂ ਪੰਜਾਬ ਨੂੰ ਬਹੁਤ ਹਿਰਖ਼ ਹੋਵੇਗਾ ਕਿਉਂਕਿ ਕਿਸੇ ਹੋਰ ਦੇਸ਼ ਦਾ ਹਾਸਲ ਪੰਜਾਬ ਲਈ ਤਾਂ ਵੱਡਾ ਘਾਟਾ ਹੋਵੇਗਾ ਹੀ।”

‘‘ਤੂੰ ਜਾ ਰਿਹਾ ਏਂ ਤਾਂ ਆਪਣੇ ਨਾਲ ਪੰਜਾਬੀਅਤ ਰੰਗੀ ਸੱਭਿਆਚਾਰਕ ਦਿੱਖ ਵੀ ਲੈ ਕੇ ਜਾ ਰਿਹਾ ਏਂ। ਪੰਜਾਬ ਦੀ ਧਰਤੀ ਨੂੰ ਨਕਾਰਿਆ ਤੇ ਦੁਰਕਾਰਿਆ ਜਾ ਰਿਹਾ ਏ। ਜਦ ਪੰਜਾਬੀ ਹੀ ਇਸ ਦੀ ਅਣਦੇਖੀ ਕਰਨ ਲੱਗ ਪੈਣਗੇ ਜਾਂ ਇਸ ਦੀ ਉੱਚਤਮਤਾ ’ਤੇ ਪ੍ਰਸ਼ਨ ਉੱਗ ਪੈਣ ਤਾਂ ਸਿਰਫ਼ ਕੁਝ ਹੀ ਫ਼ਿਕਰਮੰਦ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਪੰਜਾਬੀਅਤ ਨਾਲ ਮੋਹ ਹੁੰਦਾ ਹੈ। ਉਹ ਮੋਹ ਵੀ ਤੂੰ ਆਪਣੇ ਨਾਲ ਤਾਂ ਲੈ ਕੇ ਜਾ ਰਿਹਾ ਏਂ।”

‘‘ਤੂੰ ਬਾਹਰ ਜਾ ਰਿਹਾ ਏਂ ਤਾਂ ਤੂੰ ਆਪਣੇ ਨਾਲ ਆਪਣਾ ਬਚਪਨਾ ਵੀ ਲੁਕਾ ਕੇ ਲਿਜਾ ਰਿਹਾ ਏਂ। ਪੁਰਾਣੀਆਂ ਸਾਂਝਾਂ, ਯਾਰੀਆਂ ਅਤੇ ਦੋਸਤੀਆਂ ਦੀ ਮਹਿਕੀਲੀ ਯਾਦ ਨੂੰ ਆਪਣੇ ਸੀਨੇ ਵਿੱਚ ਛਿਪਾ ਕੇ ਤਾਂ ਲੈ ਜਾ ਰਿਹਾ ਏਂ। ਇਸ ਤੋਂ ਤੂੰ ਕਿਵੇਂ ਮੁੱਕਰ ਸਕਦੈਂ? ਤੇਰੇ ਨਾਲ ਹੀ ਜਾ ਰਿਹਾ ਏ ਉਹ ਪਿੰਡ, ਉਸ ਦੀ ਮਿੱਟੀ ਦੀ ਮਹਿਕ, ਗਲੀਆਂ ਵਿੱਚ ਫਿਰਨ ਦਾ ਚਾਅ ਅਤੇ ਭੱਠੀ ’ਤੇ ਦਾਣੇ ਭਨਾਉਣ ਦਾ ਸ਼ੌਂਕ। ਪੁਰਾਣੇ ਸਕੂਲ ਦੀਆਂ ਕੰਧਾਂ ’ਤੇ ਉਕਰੀਆਂ ਇਬਾਰਤਾਂ ਜਿਨ੍ਹਾਂ ਨੇ ਤੈਨੂੰ ਸੁਪਨੇ ਦਿੱਤੇ ਸਨ। ਲੈ ਕੇ ਜਾ ਰਿਹਾ ਏਂ ਪੁਰਾਣਾ ਘਰ, ਹਵੇਲੀ, ਖੂਹ, ਮੋਟਰਾਂ ਅਤੇ ਉਨ੍ਹਾਂ ਦੀਆਂ ਨਿਆਮਤਾਂ ਵਿੱਚੋਂ ਪੁੰਗਰ ਕੇ ਪ੍ਰਵਾਨ ਚੜ੍ਹੀ ਉਸ ਸੋਚ ਨੂੰ ਜੋ ਪਿੰਡ, ਪਰਿਵਾਰ ਅਤੇ ਪ੍ਰਕਿਰਤੀ ਦਾ ਹਾਸਲ ਸੀ।”

‘‘ਤੂੰ ਜਾ ਰਿਹਾ ਏਂ ਤਾਂ ਆਪਣੇ ਨਾਲ ਉਹ ਸਾਰਾ ਗਿਆਨ ਵੀ ਲੈ ਕੇ ਜਾ ਰਿਹਾ ਏਂ ਜੋ ਤੂੰ ਆਪਣੇ ਬਜ਼ੁਰਗਾਂ, ਅਧਿਆਪਕਾਂ, ਵਿਦਿਅਕ ਅਦਾਰਿਆਂ, ਵਡੇਰਿਆਂ ਅਤੇ ਚੰਗੇ ਬੰਦਿਆਂ ਦੀ ਸੰਗਤ ਵਿੱਚੋਂ ਸਿੱਖਿਆ ਸੀ। ਗਿਆਨ ਜਿਸ ਨੇ ਤੈਨੂੰ ਇਨਸਾਨੀਅਤ ਦੇ ਰਾਹ ਤੋਰਿਆ ਸੀ। ਤੇਰਾ ਜਾਣਾ ਸਿਰਫ਼ ਬਰੇਨ-ਡਰੇਨ ਹੀ ਨਹੀਂ ਹੈ। ਇਹ ਤਾਂ ਨੌਜਵਾਨੀ ਦੀ ਲਾਚਾਰੀ, ਬੇਜ਼ਾਰੀ ਤੇ ਬੇਰੁਜ਼ਗਾਰੀ ਤੋਂ ਬੇਵੱਸ ਹੋ ਕੇ ਵਿਦੇਸ਼ ਵੱਲ ਨੂੰ ਵਹੀਰਾਂ ਘੱਤਣ ਦਾ ਨਾਮ ਹੈ। ਤੂੰ ਤਾਂ 40 ਸਾਲ ਤੀਕ ਆਪਣੇ ਦੇਸ਼ ਅਤੇ ਲੋਕਾਂ ਲਈ ਕੰਮ ਕਰਨਾ ਸੀ। ਇਸ ਦੀ ਭਲਾਈ ਅਤੇ ਚੰਗਿਆਈ ਨੂੰ ਚਾਰ ਚੰਨ ਲਾਉਣੇ ਸਨ। ਮਾਤਭੂਮੀ ਲਈ ਸਪੂਤ ਹੋਣਾ ਸਾਬਤ ਕਰਨਾ ਸੀ। ਤੇਰੇ ਜਾਣ ਸਮੇਂ, ਤੇਰੇ ਬਾਪ-ਦਾਦੇ ਦੀ ਜ਼ਮੀਨ, ਬਜ਼ੁਰਗੀ ਘਰ ਅਤੇ ਖੇਤ-ਬੰਨਿਆਂ ’ਤੇ ਖੜ੍ਹੀਆਂ ਟਾਹਲੀਆਂ, ਤੂਤ, ਅੰਬਾਂ ਅਤੇ ਪਿੱਪਲਾਂ ਦੀ ਵਿਕਰੀ ਵੀ ਤੇਰੀ ਚੇਤਨਾ ਵਿੱਚ ਬੈਠੀ ਹੈ ਜੋ ਤੂੰ ਆਪਣੇ ਨਾਲ ਲੈ ਕੇ ਜਾ ਰਿਹਾ ਏਂ।”

‘‘ਤੂੰ ਜਾਂਦੇ ਸਮੇਂ ਆਪਣੇ ਨਾਲ ਮਾਂ ਦੇ ਚਰਖੇ ਦੀ ਹੂਕ ਅਤੇ ਸੰਦੂਕ ਵਿੱਚ ਪਈਆਂ ਦਰੀਆਂ ਦੀਆਂ ਘੁੱਗੀਆਂ ਅਤੇ ਤੋਤਿਆਂ ਨੂੰ ਮਨ-ਜੂਹ ਵਿੱਚ ਧਰ ਕੇ ਲੈ ਜਾ ਰਿਹਾ ਏਂ। ਤੇਰੀ ਸੋਚ ਵਿੱਚ ਓਟੇ ਦੀਆਂ ਚਿੜੀਆਂ ਵੀ ਚੁੱਪ ਨੇ। ਤੇਰੇ ਨੈਣਾਂ ਵਿੱਚ ਛਹਿ ਕੇ ਬੈਠੀ ਹੈ ਚੁੱਲ੍ਹੇ ’ਤੇ ਤੌੜੀ ਵਿੱਚ ਰਿੱਝਦੀ ਮਾਂਹ ਦੀ ਦਾਲ, ਤਵੇ ’ਤੇ ਪਾਈ ਰੋਟੀ ਅਤੇ ਆਲੇ-ਦੁਆਲੇ ਵਿੱਚ ਘੁਲੀ ਹੋਈ ਪਰਿਵਾਰਕ ਮਹਿਕ। ਇਹ ਸਭ ਕੁਝ ਤਾਂ ਨਾਲ ਹੀ ਲੈ ਕੇ ਜਾ ਰਿਹਾ ਏਂ ਅਤੇ ਤੂੰ ਕਹਿਨਾ ਏਂ ਕਿ ਕੁਝ ਵੀ ਨਹੀਂ ਲੈ ਕੇ ਜਾ ਰਿਹਾ?’’

‘‘ਮੇਰੇ ਦੋਸਤ ਤੂੰ ਤਾਂ ਆਪਣੇ ਨਾਲ ਉਨ੍ਹਾਂ ਤਲਖ਼ੀਆਂ ਨੂੰ ਆਪਣੀ ਮਨ-ਚੇਤਨਾ ਵਿੱਚ ਧਰ ਕੇ ਲਿਜਾ ਰਿਹਾ ਏਂ ਜਿਸ ਕਰਕੇ ਤੈਨੂੰ ਇਸ ਸਿਸਟਮ ਨਾਲ ਨਫ਼ਰਤ ਹੋਈ ਸੀ। ਇਸ ਨਾਕਸ ਰਾਜਸੀ, ਸਮਾਜਿਕ ਅਤੇ ਪਰਿਵਾਰਕ ਸਿਸਟਮ ਨੇ ਬਹੁਤ ਲੋਕਾਂ ਨੂੰ ਆਪਣੇ ਨਾਲੋਂ ਤੋੜਿਆ ਏ ਅਤੇ ਤੂੰ ਉਨ੍ਹਾਂ ਵਿੱਚੋਂ ਇੱਕ ਏਂ। ਤੇਰੀ ਰੂਹ ਵਿੱਚ ਪਿੰਡੇ ਹੰਢਾਈਆਂ ਤੰਗੀਆਂ ਦੀਆਂ ਲਾਸਾਂ ਦੀ ਚਸਕ, ਭੁੱਖੇ ਰਹਿਣ ਦੀ ਪੀੜਾ ਅਤੇ ਆਪਣੇ ਪੈਰਾਂ ਨੂੰ ਖੁਦਕੁਸ਼ੀ ਤੋਂ ਵਰਜਣ ਦੀ ਹਿੰਮਤ ਅਤੇ ਇਸ ਦੀ ਕਰੂਰ ਯਾਦ ਨੂੰ ਸੀਨੇ ਵਿੱਚ ਸਦਾ ਲਈ ਵਸਾਉਣ ਲਈ ਤੂੰ ਇਸ ਨੂੰ ਵੀ ਲਿਜਾ ਰਿਹਾ ਏਂ।”

‘‘ਤੂੰ ਜਾ ਰਿਹਾ ਏਂ ਤਾਂ ਆਪਣੀਆਂ ਪੁਰਾਣੀਆਂ ਕਿਤਾਬਾਂ ਅਤੇ ਕਾਪੀਆਂ ਵਿੱਚ ਰੱਖੇ ਹੋਏ ਮੋਰਪੰਖ, ਡਾਇਰੀ ਦੇ ਮੋੜੇ ਹੋਏ ਵਰਕਿਆਂ ਅਤੇ ਲਾਈਆਂ ਨਿਸ਼ਾਨੀਆਂ ਦੇ ਚਿੱਤਰਪੱਟ ਰੂਪੀ ਯਾਦ ਵਿੱਚ ਬਹੁਤ ਕੁਝ ਛਿਪਾ ਕੇ ਲਿਜਾ ਰਿਹਾ ਏ।”

‘‘ਤੂੰ ਜਾ ਰਿਹਾ ਏਂ ਤਾਂ ਆਪਣੇ ਨਾਲ ਉਹ ਗਿਆਨ-ਬੋਧ ਅਤੇ ਅੱਖਰ-ਜੋਤ ਨੂੰ ਆਪਣੇ ਮਸਤਕ ਵਿੱਚ ਧਰ ਕੇ ਨਾਲ ਹੀ ਲਿਜਾ ਰਿਹਾ ਏਂ। ਆਪਣੀਆਂ ਕੀਰਤੀਆਂ ਦੀ ਉਡਾਣ ਨੂੰ ਨਵੇਂ ਅੰਬਰਾਂ ਦੇ ਨਾਵੇਂ ਕਰਨ ਦੀ ਚਾਹਨਾ ਵੀ ਤੇਰੇ ਮਨ ਵਿੱਚ ਬੈਠੀ ਹੋਈ ਹੈ।”

‘‘ਤੇਰੇ ਜਾਣ ਵੇਲੇ ਬਹੁਤ ਕੁਝ ਤੇਰੇ ਮਨ ਵਿੱਚ ਹੈ ਜੋ ਨਾ ਚਾਹੁੰਦਿਆਂ ਵੀ ਤੇਰੇ ਨਾਲ ਹੀ ਜਾਵੇਗਾ। ਬਹੁਤ ਕੁਝ ਹੈ ਤੇਰੇ ਦਿਲ ਦੇ ਡੂੰਘੇ ਖੂਹ ਵਿੱਚ ਜਿਸ ਦੀ ਹਾਥ ਕੋਈ ਵਿਰਲਾ ਹੀ ਲੈ ਸਕਦਾ ਅਤੇ ਇਹ ਸਭ ਕੁਝ ਤੇਰੇ ਨਾਲ ਹੀ ਉਡਾਣ ਭਰਨ ਲਈ ਕਾਹਲਾ ਹੈ। ਬਹੁਤ ਕੁਝ ਹੈ ਤੇਰੀ ਮਸਤਕ-ਕੈਨਵਸ ’ਤੇ ਉਕਰੇ ਜਾਣ ਲਈ ਕਾਹਲਾ ਜਿਸ ਦੀਆਂ ਰੇਖਾਵਾਂ ਨੇ ਤੈਨੂੰ ਤਕਦੀਰ ਤੇ ਤਦਬੀਰ ਦੇਣੀ ਏ। ਇਹ ਵੀ ਤਾਂ ਨਾਲ ਹੀ ਜਾ ਰਿਹਾ ਏ ਨਾ।”

‘‘ਜਾਣ ਵਾਲਿਆ! ਬਹੁਤ ਕੁਝ ਹੈ ਤੇਰੀ ਅਰਧ-ਚੇਤਨਾ ਵਿੱਚ ਜੋ ਤੂੰ ਜਾਣੇ-ਅਣਜਾਣੇ ਨਾਲ ਹੀ ਲੈ ਜਾ ਰਿਹਾ ਏਂ। ਬਹੁਤ ਮਹੀਨ, ਡੂੰਘੀਆਂ ਅਤੇ ਅਥਾਹ ਹੁੰਦੀਆਂ ਨੇ ਇਸ ਦੀਆਂ ਪਰਤਾਂ। ਬਹੁਤ ਕੁਝ ਹੁੰਦਾ ਅਵਚੇਤਨ ਵਿੱਚ ਬੈਠਾ ਜੋ ਤੁਹਾਡੇ ਸੁਪਨਿਆਂ ਵਿੱਚ ਆਉਂਦਾ ਹੈ। ਤੁਹਾਨੂੰ ਬੀਤੇ ਨਾਲ ਜੋੜਦਾ ਹੈ। ਸ਼ਾਇਦ ਤੈਨੂੰ ਪਤਾ ਹੀ ਹੋਣਾ ਕਿ ਬੰਦਾ ਕਿਧਰੇ ਵੀ ਚਲਾ ਜਾਵੇ, ਉਸ ਨੂੰ ਸੁਫ਼ਨੇ ਸਿਰਫ਼ ਉਸ ਦੇ ਪਿੰਡ, ਸਕੂਲ, ਖੇਤਾਂ, ਪੁਰਾਣੇ ਸਾਥੀਆਂ, ਬਚਪਨੀ ਘਟਨਾਵਾਂ ਦੇ ਹੀ ਆਉਂਦੇ ਹਨ ਕਿਉਂਕਿ ਇਹ ਉਸ ਦੇ ਅਵਚੇਤਨ ਦਾ ਅਣਮੁੱਲਾ ਹਿੱਸਾ ਹੁੰਦੇ ਹਨ। ਸੋ ਉਹ ਸਭ ਕੁਝ ਤਾਂ ਲੈ ਕੇ ਹੀ ਜਾ ਰਿਹਾ ਏਂ।”

‘‘ਪ੍ਰਦੇਸ ਜਾਣ ਵਾਲਿਆ! ਤੈਨੂੰ ਤਾਂ ਸ਼ਾਇਦ ਚੇਤਾ ਨਾ ਹੋਵੇ ਪਰ ਤੂੰ ਜਾਣ ਵੇਲੇ ਆਪਣੇ ਮਾਪਿਆਂ ਤੋਂ ਦੂਰ ਜਾਣ ਦਾ ਦਰਦ, ਭੈਣ-ਭਰਾਵਾਂ ਤੋਂ ਵਿੱਛੜਣ ਦੀ ਪੀੜਾ, ਸੰਗੀਆਂ-ਸਾਥੀਆਂ ਦੀ ਸੰਗਤ ਨੂੰ ਮਾਣਨ ਤੋਂ ਵਿਰਵੇ ਹੋਣ ਦੀ ਚੀਸ ਅਤੇ ਮਾਣੇ ਹੋਏ ਚੌਗਿਰਦੇ ਦੀ ਘਾਟ ਵੀ ਆਪਣੇ ਨਾਲ ਹੀ ਲੈ ਕੇ ਜਾ ਰਿਹਾ ਏਂ। ਇਸ ਨੇ ਤੈਨੂੰ ਦੇਰ-ਸਵੇਰ ਤੇ ਗਾਹੇ-ਬਗਾਹੇ ਸਤਾਉਂਦੇ ਰਹਿਣਾ ਹੈ ਅਤੇ ਤੇਰੇ ਮਨ ਵਿੱਚ ਵਾਪਸ ਪਰਤਣ ਦਾ ਖ਼ਿਆਲ ਉਪਜਾਉਂਦੇ ਰਹਿਣਾ ਏ।”

‘‘ਮਿੱਤਰ ਯਾਦ ਰੱਖਣਾ, ਜਦ ਕੋਈ ਬਾਹਰ ਨੂੰ ਪੈਰ ਪੁੱਟਦਾ ਏ ਤਾਂ ਉਹ ਬਹੁਤ ਕੁਝ ਦਿਸਦਾ ਅਤੇ ਅਣਦਿਸਦਾ ਵੀ ਆਪਣੇ ਨਾਲ ਲਈ ਫਿਰਦਾ ਏ। ਇਸ ਨੇ ਸਦਾ ਉਸ ਦੇ ਨਾਲ ਹੀ ਰਹਿਣਾ ਹੁੰਦਾ ਹੈ ਭਾਵੇਂ ਉਹ ਸਮਝੇ ਜਾਂ ਨਾ-ਸਮਝੇ। ਇਸ ਤੋਂ ਤੂੰ ਕਿਵੇਂ ਅਣਜਾਣ ਹੋ ਸਕਦੈਂ?’’

‘‘ਮਿੱਤਰਾ ਤੂੰ ਬਹੁਤ ਕੁਝ ਤਾਂ ਲੈ ਕੇ ਜਾ ਰਿਹਾ ਹੈ ਪਰ ਜ਼ਰਾ ਇਹ ਵੀ ਦੱਸੀਂ ਕਿ ਆਪਣੇ ਬਜ਼ੁਰਗਾਂ, ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਰੁਲਣ ਲਈ ਕਿਉਂ ਛੱਡ ਕੇ ਜਾ ਰਿਹਾ ਏਂ? ਕੌਣ ਬਣੇਗਾ ਉਨ੍ਹਾਂ ਦੀ ਡੰਗੋਰੀ ਜਿਨ੍ਹਾਂ ਦੇ ਆਪਣੇ ਪ੍ਰਦੇਸੀਂ ਉਡਾਰੀ ਮਾਰਨ ਲਈ ਕਾਹਲੇ ਨੇ? ਕਿਸ ਨੇ ਉਨ੍ਹਾਂ ਨੂੰ ਬਿਮਾਰੀ ਦੀ ਹਾਲਤ ਵਿੱਚ ਪਾਣੀ ਦੀ ਘੁੱਟ ਪਿਆਣੀ ਏ? ਕਿਸ ਨੇ ਭਰਨਾ ਏ ਹੂੰਗਰ ਦਾ ਹੁੰਗਾਰਾ? ਕੌਣ ਲਵੇਗਾ ਉਨ੍ਹਾਂ ਦੀ ਸਾਰ? ਕੌਣ ਉਨ੍ਹਾਂ ਦੀ ਉਡੀਕ ਨੂੰ ਆਸ ਦੇ ਪਰ ਲਾਵੇਗਾ? ਕੌਣ ਸੁੰਨੇ ਘਰ ਵਿੱਚ ਰੌਣਕ ਬਣ ਕੇ ਇਸ ਨੂੰ ਚਹਿਕਣ ਦਾ ਵਰਦਾਨ ਦੇਵੇਗਾ? ਕੌਣ ਰੋਂਦੇ ਖੇਤਾਂ ਨੂੰ ਪਲੋਸੇਗਾ ਜੋ ਬਜ਼ੁਰਗੀ ਛੋਹ ਤੋਂ ਵਿਰਵੇ ਹੋ ਰੋਣ ਹਾਕੇ ਹੋ ਜਾਣਗੇ? ਕਿਸ ਨੇ ਬੁਝੇ ਚੁੱਲ੍ਹੇ ਵਿੱਚ ਅੱਗ ਬਾਲਣੀ ਅਤੇ ਘਰ ਨੂੰ ਘਰ ਬਣਾਉਣਾ ਹੈ? ਬਹੁਤ ਕੁਝ ਛੱਡ ਕੇ ਜਾ ਰਿਹਾ ਏਂ। ਇਸ ਨੂੰ ਵੀ ਆਪਣੇ ਨਾਲ ਹੀ ਲੈ ਜਾਂਦਾ ਤਾਂ ਚੰਗਾ ਹੋਣਾ ਸੀ।”

‘‘ਦੋਸਤ ਤੂੰ ਤਾਂ ਆਪਣੀਆਂ ਪੈੜਾਂ ਦੇ ਨਿਸ਼ਾਨ ਵੀ ਛੱਡ ਕੇ ਜਾ ਰਿਹਾ ਏਂ। ਖੇਤਾਂ ਵਿੱਚ ਚੋਏ ਮੁੜਕੇ ਤੇ ਰਾਤਾਂ ਦੀ ਹੰਘਾਲੀ ਨੀਂਦ ਦੀਆਂ ਮਿੱਠੀਆਂ ਯਾਦਾਂ ਅਤੇ ਨੰਗੇ ਪੈਰੀਂ ਗਾਹੀਆਂ ਰਾਹਾਂ-ਥਾਵਾਂ ਦੇ ਨਿਸ਼ਾਨ ਛੱਡ ਕੇ ਜਾ ਰਿਹਾ ਏਂ। ਤੂੰ ਕਦ ਪਰਤ ਕੇ ਉਨ੍ਹਾਂ ਨਾਲ ਬੀਤੇ ਦੀਆਂ ਬਾਤਾਂ ਪਾਵੇਂਗਾ?

‘‘ਦੋਸਤ ਸ਼ਾਇਦ ਤੂੰ ਜਾਣਦਾ ਹੀ ਨਹੀਂ ਕਿ ਇੱਕ ਹੋਰ ਬਹੁਤ ਜ਼ਰੂਰੀ ਅਤੇ ਮਹੱਤਵਪੂਰਨ ਵਸਤ ਤੂੰ ਆਪਣੇ ਨਾਲ ਕਦੇ ਨਹੀਂ ਲਿਜਾ ਸਕੇਂਗਾ। ਉਹ ਹੈ ਗੁਰੂਆਂ ਪੀਰਾਂ ਦੀ ਛੋਹ ਮਾਣਨ ਵਾਲੀ ਮਿੱਟੀ ਦੀ ਮਹਿਕ, ਉਨ੍ਹਾਂ ਨਾਲ ਵਰਸੋਏ ਅਸਥਾਨ, ਅਕੀਦਤੀ ਵਿਰਾਸਤ। ਤੂੰ ਨਹੀਂ ਲੈ ਕੇ ਜਾ ਸਕਦਾ ਜਲ੍ਹਿਆਂਵਾਲਾ ਬਾਗ਼, ਭਗਤ ਸਿੰਘ ਦੀ ਸਮਾਧ, ਅੰਮ੍ਰਿਤਸਰ ਵਿੱਚ ਸੁਸ਼ੋਭਿਤ ਹਰਿਮੰਦਰ ਸਾਹਿਬ ਅਤੇ ਖਾਲਸਾ ਸਿਰਜਣ ਵਾਲੀ ਭੂਮੀ ਆਨੰਦਪੁਰ ਸਾਹਿਬ ਆਦਿ। ਤੂੰ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ, ਸਮਾਧਾਂ ਜਾਂ ਸਿਵਿਆਂ, ਪੀਰਾਂ ਦੀਆਂ ਥਾਵਾਂ ਨੂੰ ਕਿੰਝ ਲੈ ਕੇ ਜਾਵੇਂਗਾ?’’

‘‘ਮੇਰੇ ਪਿਆਰੇ ਤੂੰ ਚਾਹੁੰਦਾ ਹੋਇਆ ਵੀ ਆਪਣੇ ਪੁਰਾਣੇ ਮਿੱਤਰਾਂ, ਅਧਿਆਪਕਾਂ, ਰਾਹ-ਦਸੇਰਿਆਂ ਜਾਂ ਜਿਨ੍ਹਾਂ ਨਾਲ ਤੇਰੀ ਰੂਹ ਜੁੜੀ ਹੋਈ ਏ, ਉਨ੍ਹਾਂ ਨੂੰ ਨਾਲ ਨਹੀਂ ਲਿਜਾ ਸਕਦਾ। ਇਨ੍ਹਾਂ ਦੀ ਯਾਦ ਹੀ ਤੇਰੇ ਜੀਵਨ ਦਾ ਸਰਮਾਇਆ ਬਣ ਜਾਵੇਗੀ।”

‘‘ਪ੍ਰਦੇਸੀ ਹੋਣ ਵਾਲਿਆ! ਪ੍ਰਦੇਸ ਵਿੱਚ ਤੈਨੂੰ ਬਹੁਤ ਕੁਝ ਮਿਲੇਗਾ ਜਿਸਦੀ ਚਾਹਨਾ ਤੂੰ ਮਨ ਵਿੱਚ ਪਾਲੀ ਏ। ਸਮੂਹ ਸੁੱਖ-ਸਹੂਲਤਾਂ ਅਤੇ ਜੀਵਨ ਪ੍ਰਾਪਤੀਆਂ ਤੇਰਾ ਹਾਸਲ ਹੋਣਗੀਆਂ ਪਰ ਤੇਰੇ ਮਨ ਵਿੱਚ ਇੱਕ ਚਸਕ ਜ਼ਰੂਰ ਰਹੇਗੀ।”

‘‘ਮਿੱਤਰ, ਤੂੰ ਸਿਰਫ਼ ਅੱਧਾ-ਪਚੱਧਾ ਹੀ ਜਾ ਰਿਹਾ ਏਂ, ਪੂਰਨ ਨਹੀਂ। ਤੂੰ ਚਾਹੁੰਦਾ ਹੋਇਆ ਵੀ ਆਪਣੇ ਵਿੱਚੋਂ ਆਪਣਾ ਪਿੰਡ, ਘਰ, ਖੇਤ ਅਤੇ ਮਾਣੀਆਂ ਨਿਆਮਤਾਂ ਨੂੰ ਨਹੀਂ ਕੱਢ ਸਕਦਾ। ਫਿਰ ਕਿਵੇਂ ਕਹਿਨਾ ਏਂ ਕੁਝ ਨਹੀਂ ਲੈ ਕੇ ਜਾ ਰਿਹਾ?’’

‘‘ਮੈਨੂੰ ਤਾਂ ਇਹ ਵੀ ਪਤਾ ਹੈ ਕਿ ਤੇਰੇ ਦਿਲ ਦੇ ਕਿਸੇ ਕੋਨੇ ਵਿੱਚ ਉਨ੍ਹਾਂ ਯਾਦਾਂ ਦਾ ਸਰਮਾਇਆ ਵੀ ਪਿਆ ਹੈ ਜਿਹੜੀਆਂ ਤੇਰੇ ਦਿਲ ਦੇ ਬਹੁਤ ਕਰੀਬ ਨੇ। ਜਿਨ੍ਹਾਂ ਵਿੱਚੋਂ ਤੂੰ ਆਪਣੇ ਨਕਸ਼ ਨਿਹਾਰੇ ਸਨ। ਖ਼ੁਦ ਨੂੰ ਆਪਣੇ ਨੈਣਾਂ ਵਿੱਚ ਦੇਖਿਆ ਸੀ। ਆਪਣੇ ਰਾਹਾਂ ਨੂੰ ਮੁੜ ਤੋਂ ਨਿਹਾਰਿਆ ਸੀ। ਯਾਦ-ਜੂਹ ਵਿੱਚੋਂ ਬਹੁਤ ਕੁਝ ਤੇਰਾ ਨਸੀਬ ਬਣ ਕੇ ਤੇਰੀ ਵਿਰਾਸਤ ਦਾ ਮਾਣ ਏ।”

‘‘ਤੂੰ ਦੱਸ ਤੇ ਭਾਵੇਂ ਨਾ ਦੱਸ, ਬਹੁਤ ਕੁਝ ਤੇਰੇ ਮਨ ਵਿੱਚ ਮਚਲਦਾ ਤੂਫ਼ਾਨ ਬਣ ਕੇ ਨਾਲ ਜਾਣ ਲਈ ਕਾਹਲਾ ਏ ਕਿਉਂਕਿ ਸੋਚਾਂ ਦੀਆਂ ਘੁੰਮਣਘੇਰੀਆਂ ਕਦੋਂ ਬੰਦੇ ਵਿੱਚੋਂ ਮਨਫ਼ੀ ਹੁੰਦੀਆਂ ਨੇ? ਮਨ ਵਿੱਚ ਕਦੋਂ ਮਿਟਦੀ ਹੈ ਤਿੜਕੇ ਸੁਫ਼ਨਿਆਂ ਦੀ ਟੀਸ? ਕਦੋਂ ਨਿਕਲਦੀ ਹੈ ਉਨ੍ਹਾਂ ਪਲਾਂ ਦੀ ਰਹਿਨੁਮਾਈ ਜਿਨ੍ਹਾਂ ਵਿੱਚ ਜੀਵਨ ਨੂੰ ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ ਮਿਲੀ ਸੀ। ਉਹ ਵੀ ਤਾਂ ਨਾਲ ਹੀ ਲੈ ਕੇ ਜਾ ਰਿਹਾ ਏਂ।”

‘‘ਮਿੱਤਰ ਤੂੰ ਮੁਨਕਰ ਨਾ ਹੋ ਅਤੇ ਜੋ ਚਾਹੁੰਨਾ ਏਂ ਲੈ ਜਾ ਪਰ ਆਪਣਾ ਕੁਝ ਕੁ ਅਜਿਹਾ ਛੱਡ ਜਾਵੀਂ ਕਿ ਤੇਰਾ ਆਉਣਾ-ਜਾਣਾ ਬਣਿਆ ਰਹੇ। ਤੂੰ ਕਦੇ ਕਦਾਈਂ ਆਪਣੀ ਮਾਂ ਦੇ ਸਿਵੇ ਦੀ ਪਰਿਕਰਮਾ ਕਰਨ, ਖੇਤਾਂ ਵਿੱਚ ਉੱਗਦੀ ਖਾਮੋਸ਼ੀ ਨੂੰ ਮੁਖਾਤਬ ਹੋਣ ਜਾਂ ਰਿਸ਼ਤਿਆਂ ਵਿੱਚ ਪਸਰ ਰਹੀ ਮਾਤਮੀ ਚੁੱਪ ਦਾ ਹੁੰਗਾਰਾ ਭਾਲਣ ਲਈ ਆਪਣੀ ਮਿੱਟੀ ਵੰਨੀਂ ਪਰਤਦਾ ਰਹੀਂ। ਬਹੁਤ ਕਠਿਨ ਹੁੰਦਾ ਏ ਆਪਣੇ ਆਪ ਤੋਂ ਦੂਰ ਹੋਣਾ। ਉਨ੍ਹਾਂ ਨਿਸ਼ਾਨੀਆਂ ਅਤੇ ਵਸਤਾਂ ਤੋਂ ਦੂਰੀ ਬਣਾਉਣਾ ਜਿਨ੍ਹਾਂ ਨੇ ਤੁਹਾਡੇ ਜੀਵਨ ਨੂੰ ਜਿਊਣ-ਜੋਗਾ ਕੀਤਾ ਹੋਵੇ। ਜਿਸ ’ਚੋਂ ਤੁਸੀਂ ਸੁਪਨਕਾਰੀ ਕੀਤੀ ਅਤੇ ਅੰਬਰ ਦਾ ਤਾਰਾ ਬਣਨ ਦੀ ਤਮੰਨਾ ਨੂੰ ਪੂਰਾ ਕੀਤਾ।”

‘‘ਮਿੱਤਰ ਪ੍ਰਦੇਸ ਵਿੱਚ ਜਾ ਅਤੇ ਸੁਖੀ ਵੱਸੀਂ। ਬਹੁਤ ਕੁਝ ਖੁੱਸ ਰਿਹਾ ਏ। ਮੇਰੇ ਮਨ ਵਿੱਚ ਬਹੁਤ ਵਿਗੋਚਾ ਹੈ ਤੇਰੇ ਜਾਣ ਦਾ ਪਰ ਮੈਂ ਕੁਝ ਨਹੀਂ ਕਰ ਸਕਦਾ। ਪਰਵਾਸ ਦੀ ਹਨੇਰੀ ਵਿੱਚ ਗਵਾਚ ਰਹੀ ਇਨਸਾਨੀਅਤ, ਜੀਵਨ ਸਾਰਥਿਕਤਾ ਅਤੇ ਟੁੱਟੇ ਰਿਸ਼ਤਿਆਂ ਦੀ ਸਾਰ ਲੈਣ ਦਾ ਹੀਆ ਕੌਣ ਕਰੇਗਾ? ਵਕਤ ਹੀ ਭਲੀ ਕਰੇ!”

ਤੇ ਮੇਰਾ ਸੁਫ਼ਨਾ ਟੁੱਟ ਜਾਂਦਾ ਏ। ਤ੍ਰਭਕ ਕੇ ਅੱਭੜਵਾਹੇ ਉੱਠਦਾ ਹਾਂ ਤੇ ਸੋਚਦਾ ਹਾਂ ਕਿ ਇਹ ਸੁਫ਼ਨਾ ਹੀ ਨਹੀਂ ਸਗੋਂ ਇਹੀ ਤਾਂ ਸੱਚ ਏ ਜੋ ਅਜੋਕੇ ਸਮੇਂ ਵਿੱਚ ਵਾਪਰ ਰਿਹਾ ਏ। ਸੋਚਦਾ ਹਾਂ ਕਿ ਜੇ ਇਸ ਸੰਵੇਦਨਸ਼ੀਲ ਅਫ਼ਸਰ ਨੂੰ ਸਭ ਪਤਾ ਹੈ ਤਾਂ ਕੀ ਇਹ ਸਭ ਕੁਝ ਸਮਾਜਿਕ, ਰਾਜਨੀਤਕ ਜਾਂ ਧਾਰਮਿਕ ਰਹਿਨੁਮਾਵਾਂ ਨੂੰ ਨਹੀਂ ਪਤਾ? ਕੀ ਉਹ ਜਾਣਬੁੱਝ ਕੇ ਇਹ ਸਭ ਕੁਝ ਵਾਪਰਨ ਵਿੱਚ ਭਿਆਲ ਨੇ?

ਕਲਮ ਕੂਕਣ ਲੱਗ ਪਈ

ਪੈਰ ਪੁੱਟਿਆ ਜਾ ਦਰੋਂ

ਬੜਾ ਅੰਦਰੋਂ ਸੀ ਰੋਇਆ।

ਬਾਹਰੋਂ ਸਾਬਤ-ਸਬੂਤਾ

ਗਿਆ ਵਿੱਚੋ-ਵਿੱਚ ਕੋਹਿਆ।ਘੁਲੀ ਸਾਹਾਂ ਵਿੱਚ ਮਹਿਕ ਨੇ

ਕੇਹੀਆਂ ਦਿੱਤੀਆਂ ਸਜ਼ਾਵਾਂ।

ਵੱਸੇ ਸੋਚੀਂ ਬੁੱਢੇ ਘਰ ਨੂੰ

ਭੁਲਾ ਵੀ ਨਾ ਪਾਵਾਂ।

ਕਦੇ ਦੀਦਿਆਂ ’ਚ ਉੱਗਿਆ

ਸੁਪਨਾ ਨਿਹਾਰਾਂ।ਇਹਦੇ ਮੁੱਢ ਹੇਠ ਬਹਿ ਕੇ

ਭਾਵ-ਆਰਤੀ ਉਤਾਰਾਂ।

ਇਹਦੀ ਜੂਹੇ ਉੱਗੇ ਸੂਰਜਾਂ ਨੂੰ

ਮੁੱਖ ’ਤੇ ਸਜਾਵਾਂ।

ਤਦ ਬੜਾ ਚੇਤੇ ਆਉਂਦੀਆਂ

ਮਾਂ ਦੀਆਂ ਦੁਆਵਾਂ।ਕਦੇ ਮੈਟਰੋ ’ਚੋਂ ਦਿਸਦਾ ਏ

ਛੋਟਾ ਜੇਹਾ ਪਿੰਡ।

ਕਦੇ ਹਾਈਵੇ ’ਚੋਂ ਝਾਕਦਾ ਏ

ਫਿਰਨੀ ਦਾ ਬਿੰਬ।

ਜਦ ਬੀਤਿਆ ਫਰੋਲਾਂ

ਤਾਂ ਬੜਾ ਮਨ ਸਮਝਾਵਾਂ।ਕਿ ਮੁੜ ਨਾ ਥਿਆਉਂਦੀਆਂ

ਜੋ ਲੰਘ ਆਏ ਰਾਹਵਾਂ।

ਕਦੇ ਸਾਈਕਲ ਸਵਾਰੀ

ਮੇਟੀ ਮੰਜ਼ਲਾਂ ਦੀ ਵਾਟ।ਹੁਣ ਜਹਾਜ਼ ’ਚ ਬੈਠਿਆਂ ਵੀ

ਬਣ ਜਾਈਏ ਆਹਟ।

ਪਾਕ ਸਾਂਝਾਂ ਦੀ ਦੁਹਾਈ

ਕੀਹਦੇ ਕੋਲ ਪਾਵਾਂ।ਤਾਂ ਹੀ ’ਕੱਲਾ ਬਹਿ ਕੇ

ਹਰਫ਼ਾਂ ਨੂੰ ਦੁੱਖੜਾ ਸੁਣਾਵਾਂ।

ਤੇ ਕਈ ਦਿਨ ਇਸ ਸੁਫ਼ਨੇ ਨੇ ਮੈਨੂੰ ਸੌਣ ਹੀ ਨਹੀਂ ਦਿੱਤਾ। ਸ਼ਾਇਦ ਸਾਰਿਆਂ ਨਾਲ ਅਕਸਰ ਅਜਿਹਾ ਹੀ ਵਾਪਰਦਾ ਹੋਵੇ। ਕੀ ਤੁਹਾਡੇ ਨਾਲ ਵੀ ਕਦੇ ਅਜਿਹਾ ਵਾਪਰਿਆ ਏ? ਦੱਸਣਾ ਜ਼ਰੂਰ।

 

ਡਾ. ਗੁਰਬਖ਼ਸ਼ ਸਿੰਘ ਭੰਡਾਲ