ਸਿੱਖਾਂ ਵਿਰੁੱਧ ਸਥਾਪਤ ਬਿਰਤਾਂਤ ਤੋੜਣਾ ਵੀ ਸਾਡਾ ਮੁੱਖ ਮਨੋਰਥ - ਸਿੱਖ ਪੰਚਾਇਤ

ਸਿੱਖਾਂ ਵਿਰੁੱਧ ਸਥਾਪਤ ਬਿਰਤਾਂਤ ਤੋੜਣਾ ਵੀ ਸਾਡਾ ਮੁੱਖ ਮਨੋਰਥ - ਸਿੱਖ ਪੰਚਾਇਤ

 ਸਿੱਖ ਪੰਚਾਇਤ ਦੀ ਗੁਰਦੂਆਰਾ ਸਾਹਿਬ ਫਰੀਮਾਂਟ ਦੀਆਂ ਚੋਣਾਂ ਵਿੱਚ ਵੱਡੀ ਜਿੱਤ

ਅੰਮ੍ਰਿਤਸਰ ਟਾਈਮਜ਼ ਬਿਊਰੋ
ਫਰੀਮਾਂਟ:
ਗੁਰਦੂਆਰਾ ਸਾਹਿਬ ਫਰੀਮਾਂਟ ਦੀਆਂ ਚੋਣਾਂ ਵਿੱਚ ਇਸ ਵਾਰ ਫੇਰ ਸਿੱਖ ਪੰਚਾਇਤ ਵੱਡੇ ਫਰਕ ਨਾਲ ਸੰਗਤ ਦਾ ਫ਼ਤਵਾ ਲੈਣ ਵਿੱਚ ਕਾਮਯਾਬ ਰਹੀ ਹੈ, ਉਹਨਾਂ ਨੂੰ 2825 ਅਤੇ ਸਿੱਖ ਸੰਗਤ ਬੇਏਰੀਆ ਨੂੰ 1499 ਵੋਟਾਂ ਪਈਆਂ ਹਨ। ਸਿੱਖ ਪੰਚਾਇਤ ਦੇ ਭਾਈ ਕਸ਼ਮੀਰ ਸਿੰਘ ਅਤੇ ਹਰਿੰਦਰਪਾਲ ਸਿੰਘ ਨੇ ਸੰਗਤ ਨੂੰ ਵਧਾਈ ਦਿੰਦੇ ਹੋਏ ਧੰਨਵਾਦ ਵੀ ਕੀਤਾ ਹੈ ਅਤੇ ਕਿਹਾ ਕਿ ਸਾਡੇ ਵੱਲੋਂ ਸਿੱਖ ਪੰਚਾਇਤ ਬਨਣ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਲਏ ਫੈਸਲਿਆਂ ਦੀ ਲਗਾਤਾਰ ਜਿੱਤ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸੰਗਤ ਨੇ ਚੋਣਾਂ ਵਿੱਚ ਭੰਡੀ ਪ੍ਰਚਾਰ ਦੀ ਨੀਤੀ ਨੂੰ ਨਕਾਰ ਕੇ ਸੇਵਾ ਭਾਵਨਾ ਅਤੇ ਸਿਧਾਂਤ ਨੂੰ ਮੁੱਖ ਰੱਖਿਆ ਹੈ। 

ਸਿੱਖ ਪੰਚਾਇਤ ਦੀ ਸਥਾਪਨਾ ਦਾ ਮੁੱਖ ਉਦੇਸ਼ ਸੇਵਾ ਦੇ ਨਾਲ ਨਾਲ ਸਿੱਖਾਂ ਵਿਰੁੱਧ ਚੱਲ ਰਹੇ ਬਿਰਤਾਂਤ ਤੋੜਨਾ ਵੀ ਹੈ ਜਿਸ ਵਿੱਚ ਉਹ ਕਾਮਯਾਬ ਹੋ ਰਹੀ ਹੈ। ਸਿੱਖ ਵਿਰੋਧੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਸਿੱਖ ਕਦੇ ਇਕੱਠੇ ਨਹੀਂ ਹੋ ਸਕਦੇ, ਗੁਰਦੂਆਰਿਆਂ ਵਿੱਚ ਚੌਧਰ ਤੇ ਗੋਲਕ ਦੀ ਲੜਾਈ ਹੈ। ਸੱਭ ਤੋਂ ਪਹਿਲਾਂ ਤਾਂ ਸਿੱਖ ਪੰਚਾਇਤ ਨੇ ਵਿਰੋਧੀ ਧੜੇ ਇਕੱਠੇ ਕਰਕੇ ਸਿੱਖ ਸਿਧਾਂਤ ਦੀ ਕਸਵੱਟੀ ਤੇ ਖਰਾ ਉਤਰਦਾ ਆਪਸ ਵਿੱਚ ਇਕਰਾਰਨਾਮਾ ਕੀਤਾ ਜਿਸ ਵਿੱਚ ਪੱਛਮੀ ਤਰਜ਼ ਤੇ ਉਸਰੇ ਪ੍ਰਧਾਨ-ਸੈਕਟਰੀ ਵਾਲਾ ਢਾਂਚਾ ਠੰਡੇ ਬਸਤੇ ਵਿੱਚ ਪਾ ਕੇ ਪੰਜ ਪਿਆਰਿਆਂ ਦੇ ਸਿਧਾਂਤ ਅਨੁਸਾਰ ਹੀ ਪ੍ਰਬੰਧਕੀ ਬਣਤਰ ਬਣਾਈ। ਇਸ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਸਹਿਮਤੀ ਕਰਕੇ ਕੁੱਝ ਸਮੇਂ ਬਾਅਦ ਗੁਰਮੀਤ ਸਿੰਘ ਦਾ ਧੜਾ ਵੱਖ ਹੋ ਗਿਆ। ਗੁਰਮੀਤ ਸਿੰਘ ਨੇ ਆਪਣੇ ਧੜੇ ਦੀ ਵਾਗਡੋਰ ਹਰਜੀਤ ਸਿੰਘ ਨੂੰ ਸੰਭਾਲ਼ ਦਿੱਤੀ ਜਿਸਦੀਆਂ ਨੀਤੀਆਂ ਨੇ ਉਸਨੂੰ ਬਹੁਤ ਵੱਡਾ ਖੋਰਾ ਲਾਇਆ ਹੈ। 

ਇਸ ਧੜੇ ਦੇ ਹਰਜੀਤ ਸਿੰਘ ਨੇ ਕਚਿਹਰੀ ਵਿੱਚ ਪੰਜ ਪਿਆਰਿਆਂ ਦੇ ਸਿਧਾਂਤ ਨੂੰ ਸਿਰਫ ਧਾਰਮਿਕ ਸੇਧ ਦੇਣ ਲਈ ਤੇ ਪੱਛਮੀ ਬੋਰਡ ਆਫ ਡਾਇਰੈਕਟਰ ਦੀ ਬਣਤਰ ਨੂੰ ਪ੍ਰਬੰਧਕੀ ਕੰਮਾਂ ਲਈ ਸਥਾਪਤ ਕਰਣ ਦੀ ਕੋਸ਼ਿਸ਼ ਕੀਤੀ। ਉਸਨੇ ਪੰਜ ਪਿਆਰਿਆਂ ਦੇ ਸਿਧਾਂਤ ਦੀ ਕਾਰਜਸ਼ੈਲੀ ਅਨੁਸਾਰ ਪੰਥ ਨੂੰ ਸੇਧ ਦੇਣ ਦੀ ਬਜਾਏ ਨਗਰ ਕੀਰਤਨਾਂ ਜਾਂ ਅੰਮ੍ਰਿਤ ਛਕਾਉਣ ਤੱਕ ਸੀਮਤ ਕਰ ਦਿੱਤਾ। ਕੇਸ ਸਿੱਖ ਪੰਚਾਇਤ ਜਿੱਤਣ ਵਿੱਚ ਕਾਮਯਾਬ ਰਹੀ ਤੇ ਅਮਰੀਕਾ ਦੀ ਕਚਿਹਰੀ ਨੇ ਸਰਬ-ਸੰਮਤੀ ਵਾਲੇ ਪੰਜ ਪਿਆਰਿਆਂ ਦੇ ਸਿਧਾਂਤ ਅਨੁਸਾਰ ਗੁਰਦੂਆਰਾ ਚਲਾਉਣ ਦੇ ਢਾਂਚੇ ਤੇ ਮੋਹਰ ਲਾਈ ਜਿਸ ਨਾਲ ਚੌਧਰ ਵਾਲੇ ਬਿਰਤਾਂਤ ਨੂੰ ਠੱਲ੍ਹ ਪਈ ਅਤੇ ਪੱਛਮੀ ਪ੍ਰਧਾਨ-ਸੈਕਟਰੀ ਵਾਲੇ ਬਿਰਤਾਂਤ ਨੂੰ ਤੋੜਣ ਵਿੱਚ ਸਿੱਖ ਪੰਚਾਇਤ ਕਾਮਯਾਬ ਰਹੀ। 

ਗੁਰਦੂਆਰਿਆਂ ਵਿੱਚ ਗੋਲਕ ਦੀ ਲੜਾਈ ਕਾਮਰੇਡਾਂ ਵੱਲੋਂ ਸਿਰਜਿਆ ਬਿਰਤਾਂਤ ਹੈ ਜਿਸਨੂੰ ਸਿੱਖ ਸਹਿਜੇ ਹੀ ਅਪਣਾਈ ਬੈਠੇ ਹਨ। ਉਸ ਲਈ ਸਿੱਖ ਪੰਚਾਇਤ ਇਸ ਵਾਰ ਸੰਵਿਧਾਨ ਵਿੱਚ ਇੱਕ ਸੋਧ ਲੈ ਕੇ ਆਈ, ਕਿ ਗੁਰਦੂਆਰਾ ਕਿਸੇ ਕੋਰਟ ਵਿੱਚ ਖ਼ਰਚਾ ਅਦਾ ਨਹੀਂ ਕਰੇਗਾ ਜੋ ਸੰਗਤ ਨੇ 97% ਵੋਟਾਂ ਪਾ ਕੇ ਕਾਮਯਾਬ ਕੀਤਾ। ਵਿਰੋਧੀ ਧਿਰ ਨੇ ਇਸਤੇ ਆਪਣੀ ਵੋਟ ਪਾਉਣ ਤੋਂ ਗੁਰੇਜ਼ ਹੀ ਰੱਖਿਆ ਜਿਸਦਾ ਸਿੱਧਾ ਮਤਲਬ ਹੈ ਕਿ ਉਹ ਇਸ ਨਾਲ ਸਹਿਮਤ ਨਹੀਂ। ਇਹ ਇੱਕ ਅਜਿਹੀ ਸੰਵਿਧਾਨਿਕ ਧਾਰਾ ਹੈ ਜਿਸ ਨਾਲ ਅੱਗੇ ਤੋਂ ਲੋਕਾਂ ਦੇ ਮੂੰਹ ਬੰਦ ਅਤੇ ਗੁਰਦੂਆਰਾ ਸਾਹਿਬ ਦੀ ਕਾਬਜ਼ ਧਿਰ ਗੋਲਕ ਦੀ ਮਾਇਆ ਵਰਤ ਕੇ ਆਪਣਾ ਕਬਜ਼ਾ ਬਣਾਈ ਨਹੀਂ ਰੱਖ ਸਕੇਗੀ। ਵਿਰੋਧੀ ਧਿਰ ਵੱਲੋਂ ਪਾਏ ਕੋਰਟ ਕੇਸ ਵਿੱਚ ਸਿੱਖ ਪੰਚਾਇਤ ਗੁਰਦੂਆਰੇ ਤੋਂ ਪੈਸੇ ਵਰਤ ਸਕਦੀ ਸੀ ਪਰ ਇਸਦੇ ਸੇਵਾਦਾਰਾਂ ਨੇ ਆਪਣੀਆਂ ਜੇਬਾਂ ਵਿੱਚੋਂ ਪੈਸਾ ਖਰਚ ਕੇ ਕੇਸ ਜਿੱਤਿਆ ਹੈ। ਦੂਜੇ ਪਾਸੇ ਵਿਰੋਧੀ ਧਿਰ ਕਚਿਹਰੀ ਤੋਂ ਕਈ ਵਾਰ ਗੁਰਦੂਆਰਾ ਸਾਹਿਬ ਤੋਂ ਪੈਸੇ ਲੈਣ ਲਈ ਮੰਗ ਕਰਦੀ ਰਹੀ ਹੈ ਤੇ ਗੁਰਦੂਆਰੇ ਦੀ ਬੀਮਾ ਕੰਪਨੀ ਤੋਂ ਵੀ ਉਹਨਾਂ ਦੇ ਵਕੀਲ ਦਾ ਬਿੱਲ ਅਦਾ ਕਰਨ ਲਈ ਕਲੇਮ ਪਾ ਚੁੱਕੀ ਸੀ। ਸਿੱਖ ਪੰਚਾਇਤ ਨੇ ਸਮੂਹ ਸੰਗਤ ਦਾ ਧੰਨਵਾਦ ਕਰਦੇ ਕਿਹਾ ਹੈ ਕਿ ਇਹ ਸੋਧ ਨਾਲ ਸਿੱਖ ਵਿਰੋਧੀ ਚੱਲ ਰਹੇ ਬਿਰਤਾਂਤ “ਗੋਲਕ ਦੀ ਲੜਾਈ” ਨੂੰ ਠੱਲ੍ਹ ਪਏਗੀ ਅਤੇ ਉਹ ਦੂਜੇ ਗੁਰਦੂਆਰਿਆ ਨੂੰ ਵੀ ਇਹ ਸੋਧਾਂ ਕਰਣ ਲਈ ਬੇਨਤੀ ਕਰਣਗੇ ਤਾਂ ਜੋ ਸਿੱਖਾਂ ਦੇ ਦਿਮਾਗ ਵਿੱਚ ਘਰ ਕਰ ਚੁੱਕੀ ਇਸ ਗੱਲ ਤੋਂ ਛੁਟਕਾਰਾ ਪਾਇਆ ਜਾ ਸਕੇ। 
 ਭਾਈ ਜਸਜੀਤ ਸਿੰਘ ਨੇ ਗੱਲ ਕਰਦੇ ਹੋਏ ਦੱਸਿਆ ਕਿ ਸਿੱਖ ਲੀਡਰਸ਼ਿਪ ਨੂੰ ਸਿੱਖਾਂ ਦੇ ਅਸਲ ਧਾਰਮਿਕ ਤੇ ਸਿਧਾਂਤਕ ਬਿਰਤਾਂਤ ਮੁੜ੍ਹ ਬਹਾਲ ਕਰਣ ਦੀ ਚਾਰਾਜੋਈ ਕਰਨੀ ਚਾਹੀਦੀ ਹੈ ਨਾਂ ਕਿ ਚੱਲ ਰਹੇ ਸਿੱਖ ਵਿਰੋਧੀ ਬਿਰਤਾਂਤ ਵਿੱਚ ਹੀ ਆਪਣੀਆਂ ਨਿੱਕੀਆਂ ਪ੍ਰਾਪਤੀਆਂ ਕਰਣ ਲਈ ਸਿੱਖ ਵਿਰੋਧੀ ਬਿਰਤਾਂਤ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਹਮੇਸ਼ਾ ਗੁਰਦੂਆਰਿਆਂ ਦੀ ਚੋਣ ਵਿੱਚ ਉਮੀਦਵਾਰ ਪੈਸੇ ਦੇ ਘਪਲੇ ਜਾਂ ਆਡਿਟ ਕਰਾਉਣ ਵਾਲੇ ਇਲਜ਼ਾਮ ਇਸ ਲਈ ਲਾਉਂਦੇ ਹਨ ਕਿਉਂ ਕਿ ਸੰਗਤ ਦੇ ਦਿਮਾਗ ਵਿੱਚ ਘਰ ਕਰ ਚੁੱਕੇ ‘ਗੋਲਕਾਂ ਦੀ ਲੜਾਈ’ ਦੇ ਬਿਰਤਾਂਤ ਕਾਰਣ ਸੰਗਤ ਉਹ ਇਲਜ਼ਾਮਾਂ ਨੂੰ ਸੱਚ ਸਮਝੇਗੀ। ਹਾਲਾਂ ਕਿ ਇਲਜ਼ਾਮ ਲਾਉਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਉਸ ਵਿੱਚ ਕੋਈ ਸਚਾਈ ਨਹੀਂ। ਉਹਨਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਗੁਰਚਰਨ ਮਾਨ ਇੱਕ ਅਜਿਹਾ ਸ਼ਖ਼ਸ਼ ਹੈ ਜਿਹੜਾ ਇਹ ਇਲਜ਼ਾਮ ਹਮੇਸ਼ਾਂ ਹੀ ਲੈ ਕੇ ਆਉਂਦਾ ਹੈ। ਇਸਨੇ 2014 ਵਿੱਚ ਜਦੋਂ ਇਸਦਾ ਹੁਣ ਬਣਿਆ ਸਾਥੀ ਹਰਜੀਤ ਸਿੰਘ ਸਿੱਖ ਪੰਚਾਇਤ ਵਿੱਚ ਸੀ, ਉੱਪਰ ਗ਼ਬਨ ਦੇ ਦੋਸ਼ ਲਾਏ ਸਨ। ਇਸ ਸਾਲ ਹੁਣ ਇਹ ਦੋਨੋ ਇਕੱਠੇ ਹੋ ਕੇ ਇਹੀ ਗੱਲ ਸਿੱਖ ਪੰਚਾਇਤ ਵਿਰੁੱਧ ਦੁਹਰਾ ਰਹੇ ਸਨ। ਕੀ ਮਾਨ ਸਾਹਿਬ ਨੂੰ ਪੁੱਛਣਾ ਨਹੀਂ ਚਾਹੀਦਾ ਕਿ ਗ਼ਬਨ ਕਰਣ ਵਾਲੇ ਬੰਦੇ ਨਾਲ ਹੁਣ ਸਾਂਝ ਕਿਉਂ ਪਾਈ? ਸਾਂਝ ਪਾਉਣ ਵਾਲੇ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਹਲੇ ਸਿੱਖਾਂ ਦਾ ਹੋਰ ਕਿੰਨਾ ਕੁ ਨੁਕਸਾਨ ਕਰਨਾ ਹੈ ਤਾਂ ਜੋ ਤੁਹਾਨੂੰ ਸ਼ਾਂਤੀ ਮਿਲ ਸਕੇ? ਅਜਿਹੇ ਗ਼ੈਰ-ਪਵਿੱਤਰ ਗੱਠਜੋੜਾਂ ਨੂੰ ਸੰਗਤ ਭਲੀ ਪ੍ਰਕਾਰ ਸਮਝਦੀ ਹੈ ਅਤੇ ਗੁਰੂ ਦੀ ਹਾਜ਼ਰੀ ਵਿੱਚ ਹੋਏ ਕਰਾਰਾਂ ਤੋਂ ਜੋ ਵੀ ਪਿੱਠ ਦਖਾ ਕੇ ਸਿੱਖ ਪੰਚਾਇਤ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕਰੇਗਾ ਮੈਨੂੰ ਨਹੀ ਲੱਗਦਾ ਉਹਨੂੰ ਕਾਮਯਾਬੀ ਹਾਸਲ ਹੋਵੇ। 

ਉਹਨਾਂ ਨੇ ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸਾਲ ਚੋਣ ਕਈ ਪਹਿਲੂਆਂ ਤੋਂ ਬਹੁਤ ਮਹੱਤਵਪੂਰਨ ਸੀ ਕਿਉਂ ਕਿ ਹੌਲੀ ਹੌਲੀ ਸਿੱਖ ਪੰਚਾਇਤ ਦੇ ਢਾਂਚੇ ਰਾਹੀਂ ਨਵੇਂ ਚਿਹਰੇ ਆਉਣੇ ਸ਼ੁਰੂ ਹੋਏ ਤੇ ਇਸ ਸਾਲ ਸਾਰੇ ਉਮੀਦਵਾਰ ਕਿਸੇ ਪੁਰਾਣੇ ਚੱਲ ਰਹੇ ਧੜਿਆਂ ਦੇ ਮੈਂਬਰ ਨਹੀਂ ਸਨ। ਇਸ ਸਿਸਟਮ ਨਾਲ ਨਵੇਂ ਚਿਹਰੇ ਤੇ ਹੁਨਰਮੰਦ ਸੇਵਾਦਾਰ ਆਉਣੇ ਸ਼ੁਰੂ ਹੋਏ ਹਨ। ਇਸਤੋਂ ਬਿਨਾਂ ਗੋਲਕਾਂ ਤੇ ਚੌਧਰ ਦੀ ਲੜਾਈ ਵਾਲੇ ਬਿਰਤਾਂਤ ਵਿਰੁੱਧ ਵੀ ਗੱਲ ਦੀ ਸ਼ੁਰੂਆਤ ਹੋਈ ਹੈ ਜਿਸ ਲਈ ਸੰਗਤ ਵਧਾਈ ਦੀ ਪਾਤਰ ਹੈ।