ਕੁਦਰਤੀ ਆਫਤ

ਕੁਦਰਤੀ ਆਫਤ

ਪੂਰਬੀ ਪੰਜਾਬ ਦੇ ਲੱਗਭਗ ਸਾਰੇ ਇਲਾਕੇ ਵਿੱਚ ਪਿਛਲੇ ਦਿਨਾ ਤੋਂ ਭਾਰੀ ਮੀਂਹ ਜਾਰੀ ਹੈ ਜਿਸ ਨਾਲ ਪੰਜਾਬ ਭਰ ਵਿੱਚ ਹੜਾਂ ਵਰਗੇ ਹਲਾਤ ਪੈਦਾ ਹੋ ਗਏ ਹਨ।

ਪਹਾੜੀ ਇਲਾਕਿਆਂ ’ਚ ਪਏ ਭਾਰੀ ਮੀਂਹ ਨੇ ਹਲਾਤ ਹੋਰ ਗੰਭੀਰ ਬਣਾ ਦਿੱਤੇ ਹਨ। ਪੂਰਬੀ ਪੰਜਾਬ ਦੇ ਦੋਵੇਂ ਮੁੱਖ ਦਰਿਆ ਸਤਲੁਜ ਅਤੇ ਬਿਆਸ ਆਪਣੀ ਪੂਰੀ ਸਮਰੱਥਾ ਨਾਲ਼ ਵਗ ਰਹੇ ਹਨ ਅਤੇ ਦਰਿਆਵਾਂ ਨਾਲ਼ ਲੱਗਦੇ ਕਈ ਨੀਵੇਂ ਥਾਂਵਾਂ ’ਤੇ ਪਾਣੀ ਭਰ ਗਿਆ ਹੈ। ਕਈ ਥਾਵਾਂ ’ਤੇ ਬੰਨ੍ਹ ਟੁੱਟ ਗਏ ਹਨ, ਪਿੰਡਾਂ ਸ਼ਹਿਰਾਂ ਵਿੱਚ ਪਾਣੀ ਵੜ ਗਿਆ ਹੈ, ਸੜਕਾਂ ਟੁੱਟ ਗਈਆਂ ਹਨ, ਕਈ ਥਾਂ ਇਮਾਰਤਾਂ ਵੀ ਡਿੱਗੀਆਂ ਹਨ, ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਬਚਾਅ ਲਈ ਲੋਕਾਂ ਨੂੰ ਉਥੋਂ ਕੱਢ ਕੇ ਬਾਹਰ ਕਿਸੇ ਸੁਰੱਖਿਅਤ ਥਾਂ ’ਤੇ ਲਿਜਾਇਆ ਜਾ ਰਿਹਾ ਹੈ। ਕਈ ਪਿੰਡਾਂ ਨੂੰ ਖਾਲੀ ਕਰਨ ਲਈ ਕਹਿ ਦਿੱਤਾ ਗਿਆ ਹੈ।  

ਪੰਜਾਬ ’ਚ ਪਿਛਲੇ ਦਿਨਾ ਤੋਂ ਪੈ ਰਹੇ ਮੀਂਹ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਤੇਜ਼ ਮੀਂਹ ਅਤੇ ਪਾਣੀ ਦੇ ਵਹਾਅ ਨੇ ਹੁਣ ਤੱਕ ਕਈ ਜਾਨਾਂ ਲੈ ਲਈਆਂ ਹਨ ਅਤੇ ਦਰਜਨਾਂ ਪਸ਼ੂ ਵੀ ਲਪੇਟ ਵਿਚ ਆ ਗਏ ਹਨ। ਘੱਗਰ ਅਤੇ ਸਤਲੁਜ ਦਰਿਆਵਾਂ ਤੋਂ ਇਲਾਵਾ ਸਰਹਿੰਦ ਨਹਿਰ ’ਚ ਪਾਣੀ ਦਾ ਪੱਧਰ ਇਕਦਮ ਵਧਣ ਕਾਰਨ ਕਈ ਜ਼ਿਲ੍ਹਿਆਂ ਵਿਚ ਹਾਲਾਤ ਬੇਕਾਬੂ ਹੋ ਗਏ ਹਨ। ਰੋਪੜ, ਪਟਿਆਲਾ, ਫ਼ਤਿਹਗੜ੍ਹ ਸਾਹਿਬ ਅਤੇ ਮੁਹਾਲੀ ਜ਼ਿਲ੍ਹਿਆਂ ਦਾ ਵੱਡਾ ਹਿੱਸਾ ਪਾਣੀ ਵਿਚ ਡੁੱਬ ਗਿਆ ਹੈ। ਮੌਸਮ ਵਿਭਾਗ ਨੇ ਪਟਿਆਲਾ, ਰੋਪੜ, ਮੁਹਾਲੀ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਨੇ 13 ਅਤੇ 14 ਜੁਲਾਈ ਨੂੰ ਮੁੜ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਖ਼ਾਸ ਕਰ ਕੇ ਇਸ ਦੀ ਮਾਰ ਹੇਠ ਪੂਰਬੀ ਮਾਲਵਾ ਆ ਸਕਦਾ ਹੈ। ਘੱਗਰ ਨੇ ਪਟਿਆਲਾ ਤੋਂ ਬਾਅਦ ਅੱਜ ਸ਼ਾਮ ਸੰਗਰੂਰ ਜ਼ਿਲ੍ਹੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਸਰਹਿੰਦ ਨਹਿਰ ਵਿਚ 13 ਹਜ਼ਾਰ ਕਿਊਸਿਕ ਦੀ ਸਮਰੱਥਾ ਦੇ ਮੁਕਾਬਲੇ 23 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ। ਰੋਪੜ, ਮੁਹਾਲੀ, ਪਟਿਆਲਾ, ਸੰਗਰੂਰ, ਮੋਗਾ ਅਤੇ ਲੁਧਿਆਣਾ ਵਿਚ ਸਭ ਤੋਂ ਵੱਧ ਫ਼ਸਲਾਂ ਦਾ ਨੁਕਸਾਨ ਹੋਇਆ ਹੈ। 

ਸਤਲੁਜ ਦਰਿਆ ਦੇ ਕਨਿਾਰੇ ਬਣੇ ਧੁੱਸੀ ਬੰਨ੍ਹ ਵਿਚ ਵੀ ਪਾੜ ਪੈ ਗਿਆ ਹੈ। ਇਸੇ ਤਰ੍ਹਾਂ ਨਰਵਾਣਾ ਬਰਾਂਚ, ਸਿਸਵਾਂ ਅਤੇ ਮੁਹਾਲੀ ਨੇੜੇ ਟਿਵਾਣਾ ’ਚ ਵੀ ਪਾੜ ਪੈ ਗਿਆ ਹੈ। ਹੁਸ਼ਿਆਰਪੁਰ ਦੇ ਪਿੰਡ ਮੈਲੀ ਕੋਲ ਡੈਮ ਦੇ ਓਵਰਫ਼ਲੋਅ ਹੋਣ ਕਾਰਨ ਦੋ ਦਰਜਨ ਪਿੰਡਾਂ ’ਚ ਅਲਰਟ ਜਾਰੀ ਕੀਤਾ ਗਿਆ ਹੈ। ਸਿੰਜਾਈ ਮਹਿਕਮੇ ਨੇ ਦੱਸਿਆ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1614.89 ਫੁੱਟ ਹੈ ਜਦੋਂ ਕਿ ਸਮਰੱਥਾ 1680 ਫੁੱਟ ਹੈ। ਇਸੇ ਤਰ੍ਹਾਂ ਪੌਂਗ ਡੈਮ ਵਿੱਚ 1390 ਦੇ ਮੁਕਾਬਲੇ ਪਾਣੀ ਦਾ ਪੱਧਰ 1350.63 ਫੁੱਟ ਹੈ। ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 1706.26 ਫੁੱਟ ’ਤੇ ਪਹੁੰਚ ਗਿਆ ਹੈ ਜਦੋਂ ਕਿ ਸਮਰੱਥਾ 1731.99 ਫੁੱਟ ਹੈ। ਉੱਤਰੀ ਭਾਰਤ ਦੇ ਚਾਰ ਸੂਬਿਆਂ ’ਚ ਮੋਹਲੇਧਾਰ ਮੀਂਹ ਅਤੇ ਹੜ੍ਹਾਂ ਨਾਲ ਸਿੱਝਣ ਲਈ ਐੱਨਡੀਆਰਐੱਫ ਦੀਆਂ 39 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। 

ਇਹਨਾਂ ਹਲਾਤਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਸਮਰੱਥ ਹੈ। ਇਸ ਸਬੰਧੀ ਪੰਜਾਬ ਭਰ ਵਿੱਚ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਜਿਨ੍ਹਾਂ ’ਤੇ 24 ਘੰਟੇ ਕਰਮਚਾਰੀ ਤਾਇਨਾਤ ਰਹਿਣਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਮੋਹਲੇਧਾਰ ਮੀਂਹ ਤੋਂ ਪ੍ਰਭਾਵਿਤ ਸੂਬਿਆਂ ਨੂੰ ਪੀਐੱਮ ਕੇਅਰਜ਼ ਫੰਡ ’ਚੋਂ ਵਾਧੂ ਰਾਹਤ ਉਪਲੱਬਧ ਕਰਵਾਈ ਜਾਵੇ। ਪੰਜਾਬ ਸਰਕਾਰ ਨੇ ਹੜ੍ਹਾਂ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿਚ 13 ਜੁਲਾਈ ਤੱਕ ਛੁੱਟੀਆਂ ਐਲਾਨ ਦਿੱਤੀਆਂ ਹਨ। ਸੂਬਾ ਸਰਕਾਰ ਨੇ ਆਂਗਨਵਾੜੀ ਸੈਂਟਰ ਵੀ 13 ਜੁਲਾਈ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਮੋਹਲੇਧਾਰ ਮੀਂਹ ਕਾਰਨ ਕਰੀਬ ਡੇਢ ਦਰਜਨ ਰੇਲਗੱਡੀਆਂ ਨੂੰ ਰੱਦ ਕੀਤਾ ਗਿਆ ਹੈ ਜਦੋਂ ਕਿ ਅੱਧੀ ਦਰਜਨ ਦੇ ਰੂਟ ਤਬਦੀਲ ਕੀਤੇ ਗਏ ਹਨ।

ਇਨਾਂ ਹਾਲਾਤਾਂ ਲਈ ਜਿੱਥੇ ਭਾਰੀ ਮੀਂਹ ਜਿੰਮੇਵਾਰ ਹੈ, ਉਸ ਦੇ ਨਾਲ਼ ਡੈਮਾਂ ਅਤੇ ਦਰਿਆਵਾਂ ਦਾ ਮਾੜਾ ਪ੍ਰਬੰਧ ਵੀ ਬਰਾਬਰ ਦਾ ਜਿੰਮੇਵਾਰ ਹੈ। ਸਤਲੁਜ ਦਰਿਆ ਤੇ ਬਣਿਆਂ ਭਾਖੜਾ-ਨੰਗਲ ਡੈਮ ਅਤੇ ਬਿਆਸ ਦਰਿਆ ਤੇ ਬਣਿਆਂ ਪੌਂਗ ਡੈਂਮ ਸਮਰੱਥਾ ਵਜੋਂ ਬਹੁਤ ਵੱਡੇ ਹਨ। ਸਾਲ ਭਰ ਭਾਖੜਾ ਡੈਮ ਅਤੇ ਪੌਂਗ ਡੈਂਮ ਤੋਂ ਸਿਰਫ ਇੰਨਾਂ ਕੁ ਪਾਣੀ ਹੀ ਛੱਡਿਆ ਜਾਂਦਾ ਜੋ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੀ ਨਹਿਰੀ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਜਰੂਰੀ ਹੈ। ਸਤਲੁਜ ਦਰਿਆ ਰੋਪੜ ਤੋਂ ਅੱਗੇ ਸਾਰਾ ਸਾਲ ਸੁੱਕਾ ਰਹਿੰਦਾ ਹੈ ਜਾਂ ਇਸ ਵਿੱਚ ਬੁੱਢੇ ਦਰਿਆ ਦਾ ਗੰਦਾ ਪਾਣੀ ਹੀ ਵਗਦਾ ਹੈ। ਬਿਆਸ ਦਰਿਆ ਵੀ ਇਸ ਕਰਕੇ ਵਗਦਾ ਹੈ ਕਿਉਂਕਿ ਸਰਹੰਦ ਫੀਡਰ ਅਤੇ ਰਾਜਸਥਾਨ ਫੀਡਰ ਨਹਿਰਾਂ ਹਰੀਕੇ ਤੋਂ ਕੱਢੀਆਂ ਗਈਆਂ ਹਨ।

ਕਿਸੇ ਵੀ ਦਰਿਆ ਨੂੰ ਜਿਉਂਦਾ ਰੱਖਣ ਲਈ ਉਸਦੀ ਸਮਰੱਥਾ ਦਾ ੨੫% ਪਾਣੀ ਸਾਰਾ ਸਾਲ ਵੱਗਣਾ ਲਾਜਮੀ ਹੁੰਦਾ ਹੈ ਤਾਂ ਹੀ ਉਸਦੇ ਜਲ -ਜੀਵਨ ਅਤੇ ਆਸੇ-ਪਾਸੇ ਦੇ ਜੀਵਨ ਨੂੰ ਬਣਾਈਂ ਰੱਖਿਆ ਜਾ ਸਕਦਾ ਹੈ। ਪਰ ਸਤਲੁਜ ਦਰਿਆ ਵਰਗੇ ਵੱਡੇ ਦਰਿਆ ਦੇ ਸਾਰਾ ਸਾਲ ਸੁੱਕਾ ਰਹਿਣ ਕਾਰਨ ਇਸਦਾ ਜਲ-ਜੀਵਨ ਪੂਰੀ ਤਾਂ ਤਬਾਹ ਹੋ ਚੁੱਕਾ ਹੈ। ਡੈਮਾਂ ਵਿੱਚ ਪਾਣੀ ਪਹਿਲਾਂ ਤੋਂ ਜਮਾਂ ਹੋਣ ਕਾਰਨ ਮੀਂਹ ਦੇ ਮੌਸਮ ਇੱਕ ਭਾਰੀ ਬਾਰਸ਼ ਹੜ੍ਹ ਵਰਗੇ ਹਲਾਤ ਬਣਾਂ ਦਿੰਦੀ ਹੈ। ਜਿਸ ਦਾ ਸਾਰੇ ਦਾ ਸਾਰਾ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਹੁੰਦਾ ਹੈ।

ਜੇਕਰ ਸਾਰਾ ਸਾਲ ਦਰਿਆਂਵਾਂ ਵਿੱਚ ਪਾਣੀ ਵਗਦਾ ਰਹੇ ਤਾਂ ਜਿੱਥੇ ਆਸ ਪਾਸ ਦੇ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਅਤੇ ਦਰਿਆਵਾਂ ਤੇ ਨਿਰਭਰ ਹੋਰ ਜੀਵਨ ਬਣਿਆਂ ਰਹਿ ਸਕਦਾ ਹੈ , ਉੱਥੇ ਇੱਕਾ-ਦੁੱਕਾ ਭਾਰੀ ਮੀਹਾਂ ਦਾ ਪਾਣੀ ਡੈਮਾਂ ਵਿੱਚ ਰੋਕ ਕੇ ਹੜਾਂ ਦਾ ਬਚਾਅ ਕਾਫੀ ਹੱਦ ਤੱਕ ਕੀਤਾ ਜਾ ਸਕਦਾ ਹੈ। ਹੜ੍ਹਾਂ ਦੇ ਹਾਲਾਤਾਂ ਤੋਂ ਬਚਣ ਲਈ ਘੱਟੋ ਘੱਟ ਇਹ ਜ਼ਰੂਰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਮੌਨਸੂਨ ਤੋਂ ਪਹਿਲਾਂ ਡੈਮਾਂ ਨੂੰ ਭਾਰੀ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਲਈ ਤਿਆਰ ਕੀਤਾ ਜਾਵੇ ਤਾਂ ਜੋ ਅਸੀਂ ਕੁਦਰਤ ਨੂੰ ਗੈਰ ਕੁਦਰਤੀ ਤਰੀਕੇ ਨਾਲ ਕਾਬੂ ਕਰਨ ਵੱਲ ਤੁਰ ਪਏ ਹਾਂ, ਉਸ ਵਿੱਚ ਘੱਟ ਤੋਂ ਘੱਟ ਨੁਕਸਾਨ ਹੋਵੇ।

  

ਸੰਪਾਦਕ