ਸਿੱਖ ਨਸਲਕੁਸ਼ੀ ਨੂੰ ਯਾਦ ਕਰਦਿਆਂ

ਸਿੱਖ ਨਸਲਕੁਸ਼ੀ ਨੂੰ ਯਾਦ ਕਰਦਿਆਂ

ਨਵੰਬਰ 1984 ਵਿੱਚ ਸਾਰੇ ਇੰਡੀਆ ਭਰ ਵਿੱਚ ਗਿਣ ਮਿੱਥ ਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ

ਨਵੰਬਰ 1984 ਵਿੱਚ ਸਾਰੇ ਇੰਡੀਆ ਭਰ ਵਿੱਚ ਗਿਣ ਮਿੱਥ ਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਇੰਦਰਾ ਗਾਂਧੀ ਦੀ ਮੌਤ ਦੇ ਬਹਾਨੇ ਨਾਲ ਕੀਤੇ ਗਏ ਇਸ ਭਿਆਨਕ ਵਰਤਾਰੇ ਵਿੱਚ ਸਿੱਖਾਂ ਨੂੰ ਜਿਉਂਦੇ ਜੀਅ ਅਤੇ ਉਹਨਾਂ ਦੇ ਘਰਾਂ ਨੂੰ ਅੱਗਾਂ ਲਾਈਆਂ ਗਈਆਂ, ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ, ਮਾਰ ਕੁੱਟ ਕੀਤੀ ਗਈ, ਗਲਾਂ ’ਚ ਟਾਇਰ ਪਾਏ ਗਏ ਅਤੇ ਇਹ ਸਭ ਕਰਦਿਆਂ ਜਸ਼ਨ ਵੀ ਮਨਾਏ ਗਏ। ਜਿਸ ਇਲਾਕੇ ਜਾਂ ਸਹਿਰ ਵਿੱਚ ਨਸਲਕੁਸ਼ੀ ਕੀਤੀ ਉਥੇ ਸਿੱਖਾਂ ਦੇ ਧਾਰਮਿਕ ਅਸਥਾਨਾਂ, ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਤੇ ਯਤਨ ਕੀਤਾ ਕਿ ਸਿੱਖ, ਗੁਰਦੁਆਰੇ ਇਕੱਠੇ ਨਾ ਹੋ ਸਕਣ। ਇਹ ਅਣਮਨੁੱਖੀ ਵਰਤਾਰਾ ਬਕਾਇਦਾ ਵੋਟਰ ਸੂਚੀਆਂ ਅਤੇ ਹੋਰ ਇਸ ਤਰ੍ਹਾਂ ਦੇ ਸਾਧਨਾਂ ਦੀ ਵਰਤੋਂ ਨਾਲ ਹੋਇਆ, ਇਹ ਵੀ ਸਨਾਖਤ ਕੀਤੀ ਗਈ ਕਿ ਸਿੱਖ ਕਿੱਥੇ-ਕਿੱਥੇ ਰਹਿੰਦੇ ਹਨ ਅਤੇ ਕਿਹੜੇ ਘਰ ਸਿੱਖਾਂ ਦੇ ਆਪਣੇ ਹਨ ਅਤੇ ਕਿਹੜੇ ਕਿਰਾਏ ’ਤੇ, ਇਸੇ ਲਈ ਜਿਹੜੇ ਘਰ ਸਿੱਖਾਂ ਦੇ ਸਨ ਓਥੇ ਘਰਾਂ ਨੂੰ ਵੀ ਅੱਗ ਲਾਈ ਗਈ ਅਤੇ ਜਿਹੜੇ ਕਿਰਾਏ ’ਤੇ ਸਨ ਓਥੇ ਸਿੱਖਾਂ ਨੂੰ ਮਾਰਿਆ ਗਿਆ ਅਤੇ ਸਮਾਨ ਨੂੰ ਬਾਹਰ ਕੱਢ ਕੇ ਅੱਗ ਲਾਈ ਗਈ, ਓਥੇ ਘਰ ਨੂੰ ਅੱਗ ਨਹੀਂ ਲਾਈ। ਨਸਲਕੁਸ਼ੀ ਕਰਨ ਵਾਲੇ ਅੰਦਰ ਇਹ ਗੱਲ ਮੁੱਢਲੇ ਰੂਪ ਵਿੱਚ ਪਈ ਹੁੰਦੀ ਹੈ ਕਿ ਉਹ ਅਤੇ ਦੂਸਰੀ ਧਿਰ (ਜਿਸਦੀ ਨਸਲਕੁਸ਼ੀ ਕਰਨੀ ਹੈ) ਵਿੱਚ ਫਰਕ ਹੈ, ਤੇ ਫਰਕ ਵੀ ਇੰਨਾ ਜਿਆਦਾ ਕਿ ਦੂਸਰੀ ਧਿਰ ਨੂੰ ਮਨੁੱਖ ਦੀ ਸ਼੍ਰੇਣੀ ਚੋਂ ਹੀ ਬਾਹਰ ਕਰ ਦੇਣਾ ਕਿ ਸਾਹਮਣੇ ਵਾਲਾ ਮਨੁੱਖ ਹੀ ਹੈ ਨਹੀਂ, ਉਹ ਵੀ ਸਿਰਫ ਆਪਣੇ ਲਈ ਨਹੀਂ ਸਗੋਂ ਯਤਨ ਕਰਨੇ ਕਿ ਹੋਰਾਂ ਨੂੰ ਵੀ ਇਹ ਗੱਲ ਜਚਾਈ ਜਾ ਸਕੇ। ਕਿਸੇ ਮਨੁੱਖ ਨੂੰ ਜਿਉਂਦੇ ਨੂੰ ਸਾੜਨਾ ਤੇ ਸਾੜਨ ਵਕਤ ਖੁਸ਼ੀ ਮਨਾਉਣੀ, ਇਹ ਕਿਵੇਂ ਸੰਭਵ ਹੁੰਦਾ ਜੇਕਰ ਸਾਹਮਣੇ ਵਾਲਾ ਵੀ ਮਨੁੱਖ ਜਾਪਦਾ, ਇਹ ਵੀ ਕੋਈ ਇਕ ਅੱਧੀ ਘਟਨਾ ਨਹੀਂ ਸੀ ਸਗੋਂ ਪੂਰੀ ਜਥੇਬੰਦਕ ਮੁਹਿੰਮ ਦੀ ਇਹੀ ਪਹੁੰਚ ਸੀ।

‘ਦਿੱਲੀ ਦਰਬਾਰ’ ਨੇ ਇਸ ਨਸਲਕੁਸ਼ੀ ਨੂੰ ਬੜੇ ਹੀ ਫਰੇਬੀ ਢੰਗ ਨਾਲ ‘ਦਿੱਲੀ ਦੰਗੇ’ ਕਹਿ ਕੇ ਪ੍ਰਚਾਰਿਆ ਅਤੇ ਲੰਬਾ ਸਮਾਂ ਸਾਡਾ ਵੱਡਾ ਹਿੱਸਾ ਇਹਨਾਂ ਸ਼ਬਦਾਂ ਓਹਲੇ ਘੜੇ ਜਾ ਰਹੇ ਬਿਰਤਾਂਤ ਦਾ ਸ਼ਿਕਾਰ ਵੀ ਹੋਇਆ। ਬੀਤੇ ਦਹਾਕਿਆਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਵੀ ਇਸ ਵਰਤਾਰੇ ਨੂੰ ਆਪਣੇ ਪਿੰਡੇ ’ਤੇ ਹੰਢਾਉਣ ਵਾਲੇ ਸਿੱਖ ਪਰਿਵਾਰਾਂ ਨੂੰ ਪੀੜਤ ਕਹਿ-ਕਹਿ ਕੇ ਇਨਸਾਫ ਦਵਾਉਣ ਦੀ ਗੱਲ ਕਰਦੀਆਂ ਰਹੀਆਂ ਹਨ ਅਤੇ ਸਿੱਖਾਂ ਵਿਚੋਂ ਵੀ ਵੱਡਾ ਹਿੱਸਾ ਆਪਣੇ ਆਪ ਨੂੰ ਪੀੜਤ ਹੋਣ ਦੀ ਨਜ਼ਰ ਨਾਲ ਹੀ ਵੇਖਣ ਲਗ ਪਿਆ ਹੈ, ਉਸ ਵਕਤ ਦੀਆਂ ਤਸਵੀਰਾਂ, ਝਾਕੀਆਂ ਆਦਿ ਨੂੰ ਯਾਦਗਾਰੀ ਸਮਾਗਮਾਂ ਰਾਹੀਂ ਤਰਸ ਦੀ ਭਾਵਨਾ ’ਚੋਂ ਵੇਖਣ ਵਖਾਉਣ ਦੀ ਲਗਾਤਾਰਤਾ ਨੇ ਸਾਨੂੰ ਕਾਤਲਾਂ/ਜਾਬਰਾਂ ਤੋਂ ਇਨਸਾਫ ਦੀ ਭੀਖ ਮੰਗਣ ਦੇ ਪੁੱਠੇ ਜਿਹੇ ਅਮਲ 'ਚ ਪਾ ਰੱਖਿਆ ਹੈ ਜੋ ਸਾਡੀ ਰਵਾਇਤ ਦੇ ਬਿਲਕੁਲ ਉਲਟ ਹੈ। ਪਰ ਹੁਣ ਇਹ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਕਹੀ ਗਈ ਅਤੇ ਸਿੱਖਾਂ ਦੇ ਵੱਡੇ ਹਿੱਸੇ ਨੇ ਮਹਿਸੂਸ ਵੀ ਕੀਤੀ ਕਿ ਇਹ ‘ਦੰਗੇ’ ਨਹੀਂ ਸਨ, ਇਸਨੂੰ ਦੰਗੇ ਕਹਿਣਾ ਸਹੀ ਨਹੀਂ, ਇਹ ਨਸਲਕੁਸ਼ੀ ਸੀ ਅਤੇ ਇਸ ਨੂੰ ਨਸਲਕੁਸ਼ੀ ਦੇ ਨਾਮ ਨਾਲ ਹੀ ਯਾਦ ਕਰਨਾ ਚਾਹੀਦਾ ਹੈ।

ਇਸ ਤਰ੍ਹਾਂ ਦੇ ਵੱਡੇ ਵਰਤਾਰੇ ਰੋਜ ਰੋਜ ਨਹੀਂ ਵਾਪਰਦੇ ਹੁੰਦੇ, ਇਹਨਾਂ ਸਬੰਧੀ ਸਾਡੀ ਜਿੰਮੇਵਾਰੀ ਵੀ ਬਹੁਤ ਵੱਧ ਜਾਂਦੀ ਹੈ, ਖਾਸਕਰ ਉਸ ਵਕਤ ਜਦੋਂ ਇਹ ਸਭ ਕਰਨ ਵਾਲੇ ਆਪਣੇ ਕੀਤੇ ਤੋਂ ਮੁਨਕਰ ਹੋ ਰਹੇ ਹੋਣ, ਕਤਲ ਕੀਤੇ ਵਿਅਕਤੀਆਂ ਦੀ ਗਿਣਤੀ ਸਹੀ ਨਾ ਦੱਸ ਰਹੇ ਹੋਣ, ਕਾਤਲਾਂ ਦੀ ਪਹਿਚਾਣ ਲੁਕਾ ਰਹੇ ਹੋਣ ਅਤੇ ਇਸ ਸਭ ਕਾਸੇ ਨੂੰ ਆਪਣੇ ਫਰੇਬੀ ਨਜ਼ਰੀਏ ਤੋਂ ਪੇਸ਼ ਕਰਨ ਦੇ ਯਤਨਾਂ ਵਿੱਚ ਲੱਗੇ ਹੋਣ। ਅਜਿਹੇ ਵਕਤ ਸਾਨੂੰ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ ਲਈ ਇਤਿਹਾਸ ਦੇ ਅਜਿਹੇ ਵਰਤਾਰਿਆਂ ਨੂੰ ਸਹੀ ਥਾਂ ਖੜ ਕੇ ਵੇਖਣਾ ਅਤੇ ਸਮਝਣਾ ਬਹੁਤ ਜਰੂਰੀ ਹੁੰਦਾ ਹੈ, ਜੋ ਵਾਪਰਿਆ ਓਹਦੇ ਨਾਲ ਸਬੰਧਿਤ ਸਮੱਗਰੀ ਇਕੱਤਰ ਕਰਕੇ ਪੜਚੋਲ ਕਰਨੀ ਹੁੰਦੀ ਹੈ, ਜੋ ਝੂਠ ਸਿਰਜੇ ਗਏ ਹੁੰਦੇ ਹਨ, ਉਹ ਭੰਨਣੇ ਪੈਂਦੇ ਹਨ। 

ਹੁਣ ਉਹ ਪੀੜੀ ਹੈ ਜਿਹੜੀ 1984 ਵਿੱਚ ਜਾਂ ਉਸ ਤੋਂ ਬਾਅਦ ਜੰਮੀ, ਜਿਸ ਨੇ ਇਹ ਸਭ ਆਪਣੇ ਵੱਡਿਆਂ ਤੋਂ ਸੁਣਿਆ ਅਤੇ ਵੱਡਿਆਂ ਦਾ ਲਿਖਿਆ ਹੋਇਆ ਪੜ੍ਹਿਆ ਹੈ। ਇਸ ਪੀੜੀ ’ਤੇ ਇਹ ਜਿੰਮੇਵਾਰੀ ਹੋਰ ਵੀ ਜਿਆਦਾ ਵੱਧ ਜਾਂਦੀ ਹੈ, ਕੀ ਵਾਪਰਿਆ, ਕਦੋਂ ਵਾਪਰਿਆ, ਕਿਵੇਂ ਵਾਪਰਿਆ ਅਤੇ ਕਿਉਂ ਵਾਪਰਿਆ ਇਸ ਸਭ ਨੂੰ ਜਾਨਣ ਸਮਝਣ ਲਈ ਉਹਨਾਂ ਨੂੰ ਵਧੇਰੇ ਮਿਹਨਤ ਅਤੇ ਉੱਦਮਾਂ ਦੀ ਲੋੜ ਹੁੰਦੀ ਹੈ। ਪਰ ਗੁਰੂ ਦੀ ਮਿਹਰ ਹੈ ਕਿ ਇਹ ਪੀੜੀ ਇਸ ਤਰ੍ਹਾਂ ਦੇ ਸੰਕਟ ਦੇ ਸਮੇਂ ਵਿੱਚ ਜਦੋਂ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਵੀ ਆਪਣੀ ਵਿਸ਼ਵਾਸ਼ਯੋਗਤਾ ਗਵਾ ਬੈਠੀਆਂ ਹੋਣ, ਉਸ ਵਕਤ ਕਿਸੇ ਸੰਸਥਾ ’ਤੇ ਟੇਕ ਰੱਖਣ ਦੀ ਬਜਾਏ ਆਪ ਉੱਦਮ ਕਰ ਰਹੀ ਹੈ ਅਤੇ ਇਸ ਨਸਲਕੁਸ਼ੀ ਨੂੰ ਸਮਝਣ ਦੇ ਅਹਿਮ ਕਾਰਜ ਕਰ ਰਹੀ ਹੈ। ਇਤਿਹਾਸ ਨੂੰ ਅੱਗੇ ਤੋਂ ਅੱਗੇ ਪੀੜੀਆਂ ਤੱਕ ਲਿਜਾਣ ਦਾ ਵੱਡਾ ਵਸੀਲਾ ਕਿਤਾਬਾਂ ਅਤੇ ਲਿਖਤਾਂ ਹੀ ਬਣਦੀਆਂ ਹਨ, ਪਿਛਲੇ ਕੁਝ ਵਰ੍ਹਿਆਂ ਵਿੱਚ ਹੀ ਵੇਖੀਏ ਤਾਂ ਹੁਣ ਦੀ ਪੀੜੀ ਨੇ ਇਸ ਪਾਸੇ ਕਈ ਵੱਡੇ ਉੱਦਮ ਕੀਤੇ ਹਨ। ਜਿੱਥੇ ਪਹਿਲਾਂ ਇਹ ਗੱਲ ਸਿਰਫ ਦਿੱਲੀ ਤੱਕ ਹੀ ਸੀਮਤ ਕੀਤੀ ਜਾਂਦੀ ਸੀ ਉੱਥੇ ਹੁਣ ਇਹਨਾਂ ਉੱਦਮਾਂ ਸਦਕਾ ਇਹ ਗੱਲ ਸਬੂਤਾਂ ਸਮੇਤ ਵੱਡੇ ਪੱਧਰ ਉੱਤੇ ਸਾਹਮਣੇ ਆ ਗਈ ਹੈ ਕਿ ਇਹ ਨਸਲਕੁਸ਼ੀ ਸਿਰਫ ਦਿੱਲੀ ਨਹੀਂ ਸਗੋਂ ਪੂਰੇ ਇੰਡੀਆ ਵਿੱਚ ਹੀ ਹੋਈ ਹੈ। ਜਿਹਨਾਂ ਨੇ ਇਹ ਸਭ ਹੱਡੀਂ ਹੰਢਾਇਆ ਹੈ, ਉਹਨਾਂ ਨੂੰ ਮਿਲ ਕੇ ਇਤਿਹਾਸ ਵਿੱਚ ਦਰਜ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਉੱਦਮ ਹੀ ਕਿਸੇ ਜਖਮ ਨੂੰ ਸੂਰਜ ਬਣਾਉਣ ਵੱਲ ਨੂੰ ਪੁੱਟੇ ਅਹਿਮ ਕਦਮ ਹੁੰਦੇ ਹਨ। ਭੁੱਲ ਜਾਣ ਅਤੇ ਯਾਦ ਰੱਖਣ ਦੀ ਜੰਗ ਵਿੱਚ ਨਵੀਂ ਪੀੜੀ ਦੇ ਸਿੱਖ ਨੌਜਵਾਨ ਨਿਡਰਤਾ ਨਾਲ ਮੁਕਾਬਲਾ ਕਰ ਰਹੇ ਹਨ ਅਤੇ ਆਪਣੇ ਪੁਰਖਿਆਂ ਦੀਆਂ ਪੈੜਾਂ ਵਿੱਚ ਪੈੜ ਰੱਖਣ ਦੀ ਅਰਦਾਸ ਵਿੱਚ ਹਨ। ਗੁਰੂ ਪਾਤਿਸਾਹ ਮਿਹਰ ਕਰਨ, ਸਾਨੂੰ ਹੋਰ ਬਲ ਬਖਸ਼ਣ ਤਾਂ ਜੋ ਸਿੱਖ ਨਸਲਕੁਸ਼ੀ ਦੇ ਹੋਰ ਲੁਕਵੇਂ ਪੱਖਾਂ ਨੂੰ ਉਜਾਗਰ ਕਰਨ ਲਈ ਅਸੀਂ ਵਧੇਰੇ ਜਥੇਬੰਦਕ ਖੋਜ ਕਾਰਜ ਕਰ ਸਕੀਏ ਅਤੇ ਇਸਦੇ ਪਸਾਰਾਂ ਨੂੰ ਦੁਨੀਆਂ ਵਿੱਚ ਪ੍ਰਚਾਰਨ ਲਈ ਵਧੇਰੇ ਉਦਮ ਕਰ ਸਕੀਏ।  

 

ਸੰਪਾਦਕ,