ਭਾਰਤੀ ਸਿਆਸਤ ਦੀ ਛਤਰਛਾਇਆ ਹੇਠ ਪਾਖੰਡੀ ਰਾਮ ਰਹੀਮ  

ਭਾਰਤੀ ਸਿਆਸਤ ਦੀ ਛਤਰਛਾਇਆ ਹੇਠ ਪਾਖੰਡੀ  ਰਾਮ ਰਹੀਮ  

ਆਸ਼ਰਮ ਤੋਂ ਆਨਲਾਈਨ ਸਤਸੰਗ

ਇਸ ਗੱਲ ਵਿਚ ਕੋਈ ਅਤਕਥਨੀ ਨਹੀਂ ਹੈ ਕਿ,ਭਾਰਤ ਦੀ ਰਾਜਨੈਤਿਕ ਸਿਆਸਤ ਗੁਰਮੀਤ ਰਾਮ ਰਹੀਮ ਜਿਹੇ  ਪਾਖੰਡੀ ਸਾਧਾਂ ਉੱਤੇ ਨਿਰਭਰ ਹੈ । ਜਿਨ੍ਹਾਂ ਨੂੰ  ਬਿਨਾਂ ਕਿਸੇ ਔਕੜਾਂ ਤੋਂ ਕੁਝ ਸਮੇਂ ਬਾਅਦ ਹੀ  ਪੈਰੋਲ ਮਿਲ ਜਾਂਦੀ ਹੈ ਤੇ ਦੂਜੇ ਪਾਸੇ  ਸਿੱਖ ਕੌਮ ਦੇ ਬੰਦੀ ਸਿੰਘਾਂ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਹਨ  ਉਨ੍ਹਾਂ ਦੀ ਰਿਹਾਈ ਲਈ  ਲੱਖਾਂ ਯਤਨ ਕਰਨ ਦੇ ਬਾਵਜੂਦ  ਸਰਕਾਰਾਂ ਉਨ੍ਹਾਂ ਨੂੰ ਰਿਹਾਅ ਨਹੀਂ ਕਰ ਰਹੀਆਂ। ਇੱਥੇ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕੀ ਭਾਰਤ ਦੀ ਰਾਜਨੀਤੀ ਸਿਰਫ ਗਰੀਬਾਂ ਨੂੰ ਦਬਾਉਣ ਤੇ ਰੁਪਏ ਕਮਾਉਣ ਲਈ ਕੀਤੀ ਜਾਂਦੀ ਹੈ। ਜਿੱਥੇ ਆਏ ਦਿਨ ਸਿਆਸਤੀ ਲੀਡਰਾਂ ਕੋਲੋਂ ਕਰੋੜਾਂ ਰੁਪਏ ਜ਼ਬਤ ਕੀਤੇ ਜਾਂਦੇ ਹਨ ਪਰ ਫਿਰ ਵੀ ਇਹ ਡੇਰਾ ਸਾਧਾਂ ਦੀ ਮਦਦ ਨਾਲ ਸਿਆਸਤ ਵਿਚ ਆਪਣਾ ਪ੍ਰਭਾਵ ਕਾਇਮ ਰਖਦੇ ਹਨ।

ਸਾਧਵੀ ਯੌਨ ਸ਼ੋਸ਼ਣ ਅਤੇ ਹੱਤਿਆ ਦੇ ਕੇਸਾਂ ਵਿੱਚ ਸਜਾ ਕੱਟ ਰਹੇ ਰਾਮ ਰਹੀਮ ਦੀ ਪੈਰੋਲ ਦਾ ਮਾਮਲਾ ਬੇਸ਼ੱਕ ਹਾਈਕੋਰਟ ਪਹੁੰਚ ਗਿਆ ਹੈ ਜਿਥੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਐੱਚਸੀ ਅਰੋੜਾ ਨੇ ਪੈਰੋਲ ਦੇ ਉਲਟ ਵਿਵਾਦ ਪੇਸ਼ ਕੀਤਾ ਹੈ।  ਉਨ੍ਹਾਂ ਨੇ ਕਿਹਾ ਕਿ ਰਾਮ ਰਹੀਮ ਦੀ ਪੈਰੋਲ  ਉਤੇ ਹਰਿਆਣਾ ਸਰਕਾਰ  ਕਾਨੂੰਨੀ ਨਿਯਮਾਂ ਦੀ ਅਨਦੇਖੀ ਕਰ ਰਹੀ ਹੈ।  ਉਹੀਂ, ਹਰਿਆਣਾ ਸਰਕਾਰ ਨੇ ਰਾਮ ਰਹੀਮ ਦੀ ਪੈਰੋਲ 'ਤੇ ਪੰਜਾਬ ਤੋਂ ਵੀ ਰਾਇ ਨਹੀਂ ਲਈ ਤੇ  ਇਸ ਸਮੇਂ ਡੇਰਾ ਮੁਖੀ ਰਾਮ ਰਹੀਮ  40 ਦਿਨ ਦੀ ਪੈਰੋਲ 'ਤੇ ਰੋਹਤਕ ਦੀ ਸੁਣਾਰੀਆ ਜੇਲ੍ਹ ਤੋਂ ਬਾਹਰ ਆਇਆ ਹੈ ਤੇ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਤੋਂ ਆਨਲਾਈਨ ਸਤਸੰਗ ਕਰ ਰਿਹਾ ਹੈ। ਐਡਵੋਕੇਟ ਐਚ.ਸੀ ਅਰੋੜਾ ਨੇ  ਇਹ ਵੀ ਕਿਹਾ ਕਿ ਰਾਮ ਰਹੀਮ ਦੀ ਪੈਰੋਲ ਤੋਂ ਸ਼ਾਂਤੀ ਭੰਗ ਹੁੰਦੀ ਹੈ।  ਰਾਮ ਰਹੀਮ ਦੇ ਆਨਲਾਈਨ ਸਤਸੰਗ ਕਾਰਨ ਪੰਜਾਬ ਵਿੱਚ ਮਹੌਲ ਬਿਗੜ  ਰਿਹਾ ਹੈ।  ਜਿਸ ਦੀ ਉਦਾਰਨ  ਬਠਿੰਡਾ ਵਿਚ ਦਾਰਾ ਸਲਾਬਤਪੁਰਾ 'ਚ ਹੋਇਆ ਪ੍ਰਦਰਸ਼ਨ ਹੈ। 

ਰਾਮ ਰਹੀਮ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਜਦੋ ਆਨਲਾਈਨ ਸਤਿਸੰਗ ਸ਼ੁਰੂ ਕੀਤਾ ਤਦ ਉਥੇ ਭਾਜਪਾ ਆਗੂ ਪੁੱਜਣੇ ਸ਼ੁਰੂ ਹੋ ਗਏ।  ਕਰਨਾਲ ਦੀ ਮੇਅਰ ਰੇਣੂ ਬਾਲਾ ਸਭ ਤੋਂ ਪਹਿਲਾਂ ਪਹੁੰਚੀ।  ਫਿਰ ਹਰਿਆਣਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਅਤੇ ਹਿਸਾਰ ਦੇ ਮੇਅਰ ਗੌਤਮ ਸਰਦਾਨਾ ਦੀ ਪਤਨੀ ਵੀ ਆਸ਼ੀਰਵਾਦ ਲੈਣ ਲਈ ਸ਼ਾਮਲ ਹੋਈ।  ਇੰਨਾ ਹੀ ਨਹੀਂ ਹਿਮਾਚਲ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਟਰਾਂਸਪੋਰਟ ਮੰਤਰੀ ਬਿਕਰਮ ਠਾਕੁਰ ਵੀ ਆਨਲਾਈਨ ਸਤਿਸੰਗ 'ਚ ਸ਼ਾਮਲ ਹੋਏ। ਪੰਜਾਬ ਦੀ ਆਪ ਸਰਕਾਰ ਦੇ ਨੇਤਾ ਵੀ ਪਿੱਛੇ ਨਹੀਂ ਰਹੇ ਉਹਨਾਂ ਨੇ  ਵੀ ਆਪਣੀ ਹਾਜ਼ਰੀ ਭਰ ਕੇ ਸਾਬਤ ਕਰ ਦਿਤਾ ਕਿ ਆਪਣੀ ਕੁਰਸੀ ਨੂੰ ਕਾਇਮ ਰੱਖਣ ਲਈ ਅਜਿਹੇ ਡੇਰਿਆਂ ਦੀ ਜਰੂਰਤ ਹੈ।

ਨੇਤਾਵਾਂ ਦੀ ਸ਼ਮੂਲੀਅਤ ਨੇ ਇਹ ਚਰਚਾ ਪੈਦਾ ਕਰ ਦਿਤੀ ਹੈ ਕਿ ਆਦਮਪੁਰ ਜ਼ਿਮਨੀ ਚੋਣ, ਹਰਿਆਣਾ ਦੀ ਪੰਚਾਇਤੀ ਚੋਣਾਂ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਕਾਰਨ ਰਾਮ ਰਹੀਮ ਨੂੰ ਬਾਹਰ ਲਿਆਂਦਾ ਗਿਆ ਹੈ । ਭਾਰਤੀ ਸਿਆਸਤ ਵਿੱਚ ਇਨ੍ਹਾਂ ਡੇਰਿਆਂ ਨੂੰ ਇਸ ਲਈ ਪ੍ਰਮੁੱਖਤਾ ਦਿੱਤੀ ਜਾਂਦੀ ਹੈ  ਕਿਉਂ ਕੀ ਇਨ੍ਹਾਂ ਪਾਖੰਡੀ ਸਾਧਾਂ ਨਾਲ ਭਾਰਤ ਦੀ ਮੂਰਖ ਜਨਤਾ  ਵਧੇਰੇ ਜੁੜੀ ਹੈ, ਜਿਨ੍ਹਾਂ  ਤੋਂ ਜਿਧਰ ਚਾਹੇ  ਭੇਡਾਂ ਦੀ ਤਰ੍ਹਾਂ  ਵੋਟਾਂ ਪੁਆਈਆਂ ਜਾ ਸਕਦੀਆਂ ਹਨ । ਇਹ ਉਹ ਲੋਕ ਹਨ ਜਿਨ੍ਹਾਂ ਨੂੰ ਸੱਚ ਦਾ ਨਹੀਂ ਪਤਾ ਜਾਂ ਇਨ੍ਹਾਂ ਦੀ ਮਾਨਸਿਕਤਾ  ਏਨੀ ਕਮਜ਼ੋਰ ਹੋ ਗਈ ਹੈ ਕੀ ਓਹ ਆਪਣੇ ਦਿਮਾਗ ਤੋਂ ਕਦੇ ਕੰਮ ਨਹੀਂ ਲੈਂਦੇ। ਗੁਰਮੀਤ ਰਾਮ ਰਹੀਮ ਉਹ ਪਾਖੰਡੀ ਸਾਧ ਜੋ ਆਪਣੇ ਕਹੇ ਸ਼ਬਦਾਂ ਉੱਤੇ ਉਹ ਖੁਦ ਅਮਲ ਨਹੀਂ ਕਰਦਾ । ਜਦੋਂ ਤਕ ਭਾਰਤ ਦੀ ਜਨਤਾ  ਅਜਿਹੇ ਸਾਧਾਂ ਦੀ ਲਪੇਟ ਵਿੱਚ ਰਹੇਗੀ ਉਦੋਂ ਤਕ  ਪਾਖੰਡਵਾਦ ਐਵੇਂ ਹੀ ਚੱਲਦਾ ਰਹੇਗਾ । 

ਪੰਜਾਬ ਦੀ ਪਵਿੱਤਰ ਧਰਤੀ ਉੱਤੇ ਇਨ੍ਹਾਂ ਪਾਖੰਡੀਆਂ ਸਾਧਾਂ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ । ਦੋਸ਼ ਇਨ੍ਹਾਂ ਸਾਧਾਂ ਦਾ ਨਹੀਂ ਸਗੋਂ ਸਾਡੇ ਲੋਕਾਂ ਦਾ ਹੈ, ਮੀਡੀਆ ਚੈਨਲਾਂ ਦਾ ਹੈ ਜੋ ਇਨ੍ਹਾਂ ਦੇ ਪ੍ਰਚਾਰ ਨੂੰ ਬੜਾਵਾ ਦੇ ਰਹੇ ਹਨ । ਨਿੱਤ ਡੇਰਿਆਂ ਵਿੱਚ ਜਾ ਕੇ ਅਜਿਹੇ ਪਾਖੰਡੀ ਲੋਕਾਂ ਦੇ ਪੈਰਾਂ ਵਿੱਚ ਆਪਣਾ ਸਿਰ ਝੁਕਾ ਰਹੇ ਹਨ। 

 

ਸਰਬਜੀਤ ਕੌਰ ਸਰਬ