ਭਾਈ ਜਿੰਦਾ ਸੁੱਖਾ ਨੂੰ ਯਾਦ ਕਰਦਿਆਂ…

ਭਾਈ ਜਿੰਦਾ ਸੁੱਖਾ ਨੂੰ ਯਾਦ ਕਰਦਿਆਂ…

ਗੁਰੂ ਖਾਲਸਾ ਪੰਥ ਲਈ ਮਹਾਨ ਅਤੇ ਅਣਥੱਕ ਸੰਘਰਸ਼ ਕਰਨ ਵਾਲੇ ਸੇਵਾਦਾਰ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ

ਭਾਵੇਂ ਪੰਜਾਬ ਦੇ ਇਲਾਕੇ ਵਿਚੋਂ ਦੂਰ ਦੂਰ ਦੇ ਪਿੰਡਾਂ ਤੋਂ ਸਨ। ਪਰ ਜਦੋਂ ਸੰਘਰਸ਼ ਦੇ ਰਾਹ ’ਤੇ ਚੱਲੇ ਤਾਂ ਗੁਰੂ ਨੇ ਇਹਨਾਂ ਦੋਵਾਂ ਨੂੰ ਮਿਲਾ ਦਿੱਤਾ। ਇਹਨਾਂ ਦੀ ਜੋੜੀ ਨੇ ਜੰਗ ਵਿੱਚ ਵੱਡੀ ਸੇਵਾ ਕੀਤੀ, ਲੋਕ ਅਤੇ ਪਰਲੋਕ ਵਿੱਚ ਆਪਣੀ ਥਾਂ ਬਣਾ ਕੇ ਗੁਰੂ ਚਰਨਾਂ ਵਿੱਚ ਬਿਰਾਜ ਗਏ। ਸਿੱਖ ਮਨਾਂ ਅੰਦਰ ਇਹਨਾਂ ਯੋਧਿਆਂ ਲਈ ਅਥਾਹ ਪ੍ਰੇਮ ਅਤੇ ਇੱਜ਼ਤ ਹੈ। ਅਕਤੂਬਰ ਦੇ ਮਹੀਨੇ ਇਹਨਾਂ ਯੋਧਿਆਂ ਨੂੰ ਇੰਡੀਆ ਦੀ ਸਰਕਾਰ ਵਲੋਂ ਪੂਨੇ ਜੇਲ੍ਹ ਅੰਦਰ ਫਾਂਸੀ ਦੇ ਦਿੱਤੀ ਗਈ ਸੀ। 

550 ਸਾਲ ਦੇ ਇਤਿਹਾਸ ਅੰਦਰ ਸਿੱਖਾਂ ਨੇ ਅਥਾਹ ਬਿਖੜੇ, ਹਨੇਰੇ ਰਾਹ ਵੇਖੇ ਹਨ। ਇਹਨਾਂ ਹਨੇਰੇ ਰਾਹਾਂ ਨੂੰ ਰੁਸ਼ਨਾਉਣ ਲਈ ਸਿੱਖ ਕੌਮ ਪਾਸ ਅਨੇਕਾਂ ਹੀ ਚਮਕਦੇ ਸੂਰਜ ਹਨ। ਜਿਨ੍ਹਾਂ ਦੀ ਰੌਸ਼ਨੀ ਅੱਜ ਵੀ ਰਾਹ ਰੁਸ਼ਨਾ ਰਹੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਦੱਸੇ ਰਾਹ ਅਨੁਸਾਰ ਦਸਮ ਪਾਤਸ਼ਾਹ ਜੀ ਦੇ ਲਾਡਲੇ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ 20ਵੀਂ ਸਦੀ ਦੇ ਸਿੱਖ ਸੰਘਰਸ਼ ਨੂੰ ਬੁਲੰਦੀਆਂ ’ਤੇ ਪਹੁੰਚਾਇਆ। 

ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਅਤੇ ਇਹਨਾਂ ਦੇ ਜਥੇ ਦੇ ਸਾਥੀਆਂ ਨੇ ਜੰਗ ਦੀ ਅਣਕਹੀ ਅਗਵਾਈ ਕੀਤੀ। ਇਹਨਾਂ ਨੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪਣੇ ਆਪ ਨੂੰ ਜਰਨੈਲਾਂ ਦੀ ਹੈਸੀਅਤ ਵਿੱਚ ਰੱਖ ਕੇ ਦੁਸ਼ਮਣ ਫੌਜ ਦੇ ਜਰਨੈਲ ਨੂੰ ਜਾ ਵੰਗਾਰਿਆ। ਇੰਡੀਆ ਦੇ ਰਾਸ਼ਟਰਪਤੀ ਦੇ ਨਾਮ ਲਿਖੀ ਚਿੱਠੀ ਵਿੱਚ ਦੋਵੇਂ ਸਿੰਘ ਲਿਖਦੇ ਹਨ ਕਿ ਉਹਨਾਂ ਨੇ ਨਿਹੱਥੇ ਉਪਰ ਵਾਰ ਨਹੀਂ ਕੀਤਾ। ਵੈਦਿਆ ਉਪਰ ਹਮਲੇ ਸਮੇਂ ਉਸਦੇ ਅੰਗ ਰੱਖਿਅਕ ਉਸ ਦੇ ਨਾਲ ਸਨ ਅਤੇ ਵੈਦਿਆ ਖੁਦ ਵੀ ਹਥਿਆਰਾਂ ਨਾਲ ਲੈਸ ਸੀ। ਵੈਦਿਆ ਉੱਤੇ ਹਮਲਾ ਸੰਘਰਸ਼ੀ ਲੋਕਾਂ ਦੀ ਰਣਨੀਤੀ ਤਹਿਤ ਕੀਤਾ ਗਿਆ, ਜਿਸ ਰਣਨੀਤੀ ਨੂੰ ਕਦੇ ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਲਾਗੂ ਕੀਤਾ ਸੀ। ਇਸ ਲਈ ਉਹਨਾਂ ਦਾ ਵੈਦਿਆ ਨੂੰ ਮਾਰਨ ਦਾ ਤਰੀਕਾ ਅਤੇ ਸਮਾਂ ਜਾਇਜ਼ ਹੈ। 

ਭਾਈ ਜਿੰਦਾ, ਭਾਈ ਸੁੱਖਾ ਜਿਹੇ ਸਿੰਘਾਂ ਨੇ ਦਿੱਲੀ ਵਿੱਚ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਲੱਭ ਲੱਭ ਕੇ ਸਜਾਵਾਂ ਦਿੱਤੀਆਂ ਜਿਹੜੇ ਇੰਡੀਆ ਦੀਆਂ ਫੋਰਸਾਂ ਦੇ ਛਾਏ ਹੇਠ ਰਹਿੰਦੇ ਸਨ ਅਤੇ ਸਿੱਖ ਨਿਰਦੋਸ਼ੇ ਲੋਕਾਂ ਨੂੰ ਮਾਰਨ ਲਈ ਜਿੰਮੇਵਾਰ ਸਨ। ਕਤਲੇਆਮ ਦੇ ਸਾਰੇ ਜ਼ਿੰਮੇਵਾਰ ਲੋਕਾਂ ਨੂੰ ਭਾਈ ਜਿੰਦਾ ਹੋਰਾਂ ਦਾ ਜਥਾ ਸੋਧ ਨਹੀਂ ਸਕਿਆ, ਸ਼ਾਇਦ ਇਹ ਗੁਰੂ ਮਹਾਰਾਜ ਦੀ ਮਰਜ਼ੀ ਸੀ ਜਿਨ੍ਹਾਂ ਦੁਨੀਆਂ ਨੂੰ ਦਿਖਾਉਣਾ ਸੀ ਕਿ ਇੰਡੀਆ ਦਾ ਨਿਆਂ ਪ੍ਰਬੰਧ ਵੀ ਮੁਗਲਾਂ ਦੇ ਨਿਆਂ ਪ੍ਰਬੰਧ ਦੀ ਤਰ੍ਹਾਂ ਫਰਜ਼ੀ ਹੈ। ਜਿਥੇ ਗਰੀਬ, ਮਜ਼ਲੂਮ ਦੀ ਕੋਈ ਦਲੀਲ ਨਹੀਂ ਸੁਣੀ ਜਾਂਦੀ, ਬਲਕਿ ਮਜ਼ਲੂਮ ਧਿਰ ਦੇ ਨਾਇਕਾਂ ਵਿਰੁੱਧ ਫ਼ਤਵੇ ਦਿੱਤੇ ਜਾਂਦੇ ਹਨ ਅਤੇ ਜਾਲਮ ਧਿਰ ਦੀ ਪਿੱਠ ਥਾਪੜੀ ਜਾਂਦੀ ਹੈ। ਅੱਜ ਲਗਭੱਗ 40 ਸਾਲ ਬੀਤਣ ਬਾਅਦ ਵੀ ਇੰਡੀਆ ਦਾ ਨਿਆਂ ਪ੍ਰਬੰਧ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦੇ ਸਕਿਆ। ਭਾਈ ਜਿੰਦਾ, ਭਾਈ ਸੁੱਖਾ ਵਰਗੇ ਸਿੰਘ ਉਦੋਂ ਹੀ ਸਪਸ਼ਟ ਸਨ, ਉਹਨਾਂ ਖਾਲਸਾਈ ਰਵਾਇਤਾਂ ਮੁਤਾਬਿਕ ਦੋਸ਼ੀਆਂ ਨੂੰ ਸਜ਼ਾਵਾਂ ਦੇ ਦਿੱਤੀਆਂ। ਸਿੱਖਾਂ ਵਿਚੋਂ ਗਿਣਤੀ ਕੁ ਦੇ ਉਚੀ ਅਵਾਜ਼ ਵਿੱਚ ਬੋਲਣ ਵਾਲੇ ਉਹਨਾਂ ਹਿੱਸਿਆਂ ਨੂੰ ਅੱਜ ਦਿਖਾਉਣਾ ਚਾਹੀਦਾ ਹੈ ਕਿ 40 ਸਾਲ ਬਾਅਦ ਵੀ ਇੰਡੀਅਨ ਅਦਾਲਤਾਂ ਉਪਰ ਟੇਕ ਰੱਖ ਕੇ ਜਾਂ ਦੁਨੀਆਂ ਨੂੰ ਪੀੜਤਾਂ ਦੀ ਤਰ੍ਹਾਂ ਆਪਣੇ ਜਖਮਾਂ ਦੀ ਨੁਮਾਇਸ਼ ਲਗਾ ਕੇ ਉਨ੍ਹਾਂ ਨੇ ਕੀ ਖੱਟਿਆ ਹੈ? ਜਦਕਿ ਸਿੱਖ ਯੋਧਿਆਂ ਨੇ ਜਿਆਦਾਤਰ ਜਾਲਮਾਂ ਨੂੰ ਕਦੋਂ ਦੀ ਸਜਾ ਦੇ ਦਿੱਤੀ ਹੈ। ਉਹਨਾਂ ਦੀਆਂ ਕਮਾਈਆਂ ਉਪਰ ਮਾਣ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਦਿੱਲੀ, ਕਾਨਪੁਰ ਦੇ ਸਿੱਖਾਂ ਨੂੰ ਫੇਰ ਤੋਂ ਸਿਰ ਉਠਾ ਕੇ ਚੱਲਣ ਦੇ ਯੋਗ ਬਣਾਇਆ। 

ਭਾਈ ਜਿੰਦਾ ਅਤੇ ਇਨ੍ਹਾਂ ਦੇ ਜਥੇ ਨੇ ਦਿੱਲੀ, ਪੰਜਾਬ ਅਤੇ ਹੋਰਨਾਂ ਇਲਾਕਿਆਂ ਵਿੱਚ ਇੰਡੀਅਨ ਸਰਕਾਰ ਦੇ ਖਜਾਨੇ ਭਾਵ ਬੈਂਕਾਂ ਲੁੱਟੀਆਂ। ਇਹ ਸਾਰਾ ਧਨ ਇਨ੍ਹਾਂ ਨੇ ਸੰਘਰਸ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਰਤਿਆ। ਦਿੱਲੀ ਪੁਲਸ ਦੇ ਮੁਖੀ ਵੇਦ ਮਰਵਾਹਾ ਨੇ ਆਪਣੀ ਨੌਕਰੀ ਤੋਂ ਬਾਅਦ ਲਿਖੀ ਕਿਤਾਬ ਵਿੱਚ ਲਿਖਿਆ ਹੈ ਕਿ ਜਿੰਦੇ ਨੂੰ ਜਦੋਂ ਇਹ ਜੇਲ੍ਹ ਅੰਦਰ ਮਿਲਿਆ ਤਾਂ ਉਸਨੇ ਸਾਰੀਆਂ ਗੱਲਾਂ ਖੁੱਲ ਕੇ ਦੱਸੀਆਂ ਕਿ ਕਿਵੇਂ ਉਸਨੇ ਰਾਜਧਾਨੀ ਵਿੱਚ ਬੈਂਕਾਂ ਲੁੱਟੀਆਂ ਅਤੇ ਪੁਲਸ ਨੂੰ ਮੂਰਖ ਬਣਾਉਂਦਾ ਰਿਹਾ। ਅਜਿਹਾ ਕਹਿੰਦਿਆਂ ਉਸਨੇ ਆਪਣੇ ਆਪ ਨੂੰ ਕਦੇ ਵੀ ਮੁਜ਼ਰਿਮ ਨਹੀਂ ਸਮਝਿਆ। ਵੇਦ ਮਰਵਾਹਾ ਨੂੰ ਉਹ ਤੁਸੀਂ(ਇੰਡੀਆ) ਅਤੇ ਅਸੀਂ (ਖਾੜਕੂ), ਇੱਕ ਬਰਾਬਰ ਦੀ ਧਿਰ ਦੀ ਹੈਸੀਅਤ ਨਾਲ ਗੱਲ ਕਰਦਾ ਸੀ। ਵੇਦ ਮਰਵਾਹਾ ਨੇ ਜਿੰਦੇ ਨੂੰ ਦੋ ਵਾਰ ਗ੍ਰਿਫਤਾਰ ਕੀਤਾ ਸੀ। ਆਪਣੀ ਕਿਤਾਬ ਵਿੱਚ ਮਰਵਾਹਾ ਲਿਖਦੇ ਹਨ ਕਿ ਉਸਨੇ ਸੰਘਰਸ਼ ਵਿੱਚ ਆਪਣੇ ਰੋਲ ਨੂੰ ਬਹੁਤ ਘਟਾ ਕੇ ਦੱਸਿਆ ਪਰ ਪੁਲਸ ਤੋਂ ਬਚ ਨਿਕਲਣ ਦੇ ਆਪਣੇ ਕਾਰਨਾਮੇ ਬੜੇ ਸਰੂਰ ਵਿੱਚ ਸੁਣਾਉਂਦਾ ਰਿਹਾ। 

ਭਾਈ ਜਿੰਦਾ ਅਤੇ ਭਾਈ ਸੁੱਖਾ ਦੀ ਸਖਸ਼ੀਅਤ ਦੇ ਹੋਰ ਮਹੱਤਵਪੂਰਨ ਪੱਖ ਉਦੋਂ ਦਿਖਾਈ ਦਿੰਦੇ ਹਨ, ਜਦੋਂ ਉਹ ਫਾਂਸੀ ਵਾਲੇ ਦਿਨਾਂ ਦੇ ਨੇੜੇ ਜਾ ਰਹੇ ਹੁੰਦੇ ਹਨ। ਇੰਡੀਆ ਦੇ ਨਿਆਂ ਪ੍ਰਬੰਧ ਉਪਰ ਉਹਨਾਂ ਨੂੰ ਕੋਈ ਭਰੋਸਾ ਨਹੀਂ ਸੀ, ਇਸ ਲਈ ਨਾ ਹੀ ਉਨ੍ਹਾਂ ਨੇ ਕੋਈ ਦਲੀਲਬਾਜ਼ੀ ਕੀਤੀ, ਨਾ ਹੀ ਰਹਿਮ ਦੀ ਅਪੀਲ ਕੀਤੀ। ਅਦਾਲਤ ਵਿੱਚ ਮਾਣ ਨਾਲ ਦੱਸਿਆ ਕਿ ਵੈਦਿਆ ਨੂੰ ਮਾਰਨਾ ਜਰੂਰੀ ਸੀ, ਉਸਨੇ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਨੂੰ ਵੰਗਾਰਿਆ ਸੀ। ਫਾਂਸੀ ਦੀ ਸਜਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਜੱਜ ਦਾ ਧੰਨਵਾਦ ਕੀਤਾ ਅਤੇ ਮਠਿਆਈ ਵੰਡੀ। ਅਜਿਹਾ ਉਹੀ ਸਖਸੀਅਤਾਂ ਕਰ ਸਕਦੀਆਂ ਹਨ ਜੋ ਨਿਰਭਉ ਹੋ ਜਾਣ। ਦੂਸਰਾ ਪੱਖ ਉਹਨਾਂ ਵਿਚੋਂ ਨਿਰਵੈਰਤਾ ਦਾ ਗੁਣ ਵੀ ਝਲਕਦਾ ਹੈ, ਜਦੋਂ ਉਹਨਾਂ ਨੇ ਇਸ ਵੇਲੇ ਇੰਡੀਆ ਦੇ ਰਾਸ਼ਟਰਪਤੀ ਨੂੰ ਲਿਖਿਆ ਕਿ ਉਹਨਾਂ ਨੂੰ ਹਿੰਦੁਸਤਾਨ ਦੇ ਮਹਾਨ ਲੋਕਾਂ, ਇਸ ਦੀ ਧਰਤੀ ਨਾਲ ਕੋਈ ਵੈਰ ਵਿਰੋਧ ਜਾਂ ਦੁਸ਼ਮਣੀ ਨਹੀਂ ਹੈ। ਉਨ੍ਹਾਂ ਪ੍ਰਤੀ ਨਫ਼ਰਤ ਦੀ ਭਾਵਨਾ ਦੇ ਉਹ ਨੇੜੇ ਤੇੜੇ ਵੀ ਨਹੀਂ। ਉਹ ਤਾਂ ਧਰਤ-ਅਸਮਾਨ ਨੂੰ ਆਪਣੀ ਗਲਵੱਕੜੀ ਵਿਚ ਲੈਣ ਲਈ ਬਿਹਬਲ ਸਨ। ਉਹਨਾਂ ਦੀ ਸ਼ਹਾਦਤ ਬੜੀ ਪਾਕ ਪਵਿਤਰ ਹੈ, ਜਿਸਨੂੰ ਹਰ ਨਿਆਂ ਪਸੰਦ ਵਿਅਕਤੀ ਦਾ ਸਿਰ ਝੁਕਦਾ ਹੈ। ਉਹਨਾਂ ਦੀ ਸ਼ਹਾਦਤ ਸਿੱਖਾਂ ਦੀ ਚੜਦੀਕਲਾ, ਗੁਰੂ ਚਰਨਾਂ ਵਿੱਚ ਪ੍ਰਵਾਨ ਹੋਣ ਅਤੇ ਇੰਡੀਅਨ ਸਰਕਾਰ ਦੇ ਰਸਾਤਲ ਵਿੱਚ ਗਰਕ ਜਾਣ ਦੀ ਗਵਾਹੀ ਭਰਦੀ ਹੈ। 

 

ਸੰਪਾਦਕ,