ਮੌਜੂਦਾ ਹਲਾਤ ਨਾਲ ਕਿਵੇਂ ਨਜਿੱਠੀਏ?

ਮੌਜੂਦਾ ਹਲਾਤ ਨਾਲ ਕਿਵੇਂ ਨਜਿੱਠੀਏ?

1984 ਤੋਂ ਬਾਅਦ ਦਿੱਲੀ ਦਰਬਾਰ ਨੇ ਸੋਚਿਆ ਸੀ ਕਿ ਸਿੱਖਾਂ ਅਤੇ ਪੰਜਾਬ ਨੂੰ ਵੱਡਾ ਜ਼ਖਮ ਦਿੱਤਾ ਜਾ ਚੁੱਕਾ ਹੈ..

 ਪੰਜਾਬ ਵਿੱਚ ਸਿੱਖ ਛੇਤੀ ਕੀਤਿਆਂ ਕਿਸੇ ਧਿਰ ਨਾਲ ਹਮਦਰਦੀ ਜਾਂ ਸਹਿਯੋਗੀ ਵਜੋਂ ਖੜ੍ਹ ਨਹੀਂ ਸਕਣਗੇ, ਨਾ ਹੀ ਸਰਬੱਤ ਦੇ ਭਲੇ ਦੀ ਕੋਈ ਗੱਲ ਜਾਂ ਕਾਰਜ ਕਰ ਸਕਣਗੇ, ਸਰਕਾਰ ਦੀਆਂ ਮਨਮਾਨੀਆਂ ਵਿਰੁੱਧ ਆਵਾਜ਼ ਵੀ ਨਹੀਂ ਉਠਾ ਸਕਣਗੇ। ਪਰ 2020 ਦੇ ਕਿਸਾਨੀ ਮੋਰਚੇ ਵਿੱਚ ਸਿੱਖ, ਪੂਰੇ ਖਿੱਤੇ ਦੇ ਕਿਸਾਨਾਂ ਦੇ ਸਹਿਯੋਗੀ ਬਣ ਕੇ ਉਭਰੇ।  ਕਿਸਾਨਾਂ ਦੀ ਹੌਂਸਲਾ ਅਫਜਾਈ ਦੇ ਨਾਲ-ਨਾਲ ਆਪਣੇ ਹੀਲੇ ਵਸੀਲੇ ਅਤੇ ਸੰਸਥਾਵਾਂ ਦੀ ਤਾਕਤ ਕਿਸਾਨਾਂ ਦੀ ਜਿੱਤ ਦੇ ਲਈ ਲਗਾਈ। ਕਿਸਾਨੀ ਦੀ ਇਸ ਮਦਾਦ ਦੇ ਬਦਲੇ ਸਿੱਖਾਂ ਨੂੰ ਦਿੱਲੀ ਦਰਬਾਰ ਦੀ ਸਖਤੀ ਅਤੇ ਜੁਲਮ ਦਾ ਸ਼ਿਕਾਰ ਹੋਣਾ ਪਵੇਗਾ, ਅਜਿਹੇ ਅੰਦਾਜ਼ੇ ਵੱਡੇ ਹਿੱਸੇ ਵਲੋਂ ਲਗਾਏ ਗਏ ਸਨ। ਉਦੋਂ ਦਿੱਲੀ ਦਰਬਾਰ ਦੇ ਰੱਖਿਆ ਮਹਿਕਮੇ ਦੇ ਮੰਤਰੀ ਆਪਣੇ ਮੂੰਹੋਂ ਅਜਿਹੀ ਗੱਲ ਪੱਤਰਕਾਰ ਨਾਲ ਸਾਂਝੀ ਕਰਨੋ ਰੁੱਕ ਨਾ ਸਕੇ ਅਤੇ ਉਹਨਾਂ ਨੂੰ ਕੈਮਰੇ ਦੇ ਸਾਹਮਣੇ ਹੀ ਕਹਿ ਦਿੱਤਾ ਸੀ ਕਿ ਹੁਣ ਲੜਾਈ ਮਨੋਵਿਗਿਆਨਕ ਪੱਧਰ ’ਤੇ ਲੜੀ ਜਾਵੇਗੀ, ਜਿਆਦਾ ਬਰੀਕ ਅਤੇ ਬਿਰਤਾਂਤ ਦੀ ਹੋਵੇਗੀ। 

ਹੁਣ ਜਿਸ ਤਰ੍ਹਾਂ ਦਾ ਤਰੀਕਾਕਾਰ ਲੋਕਾਂ ਨੂੰ ਦਬਾਉਣ ਅਤੇ ਡਰਾਉਣ ਲਈ ਦਿੱਲੀ ਦਰਬਾਰ ਵਲੋਂ ਵਰਤਿਆ ਜਾ ਰਿਹਾ ਹੈ, ਇਹ ਤਰੀਕਾਕਾਰ ਅਸਲ ਕਾਰਵਾਈ ਤੋਂ ਵੱਧ ਕੇ ਇਹ ਬਿਰਤਾਂਤ ਸਿਰਜਣ ਅਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਲੜਾਈ ਹੈ। ਸੋਸ਼ਲ ਮੀਡੀਆ ਦੇ ਆਉਣ ਤੋਂ ਪਹਿਲਾਂ ਸਿੱਖਾਂ ਨੇ ਕਾਫੀ ਕੋਸ਼ਿਸ਼ਾਂ ਆਪਣੀ ਗੱਲ ਕਹਿਣ ਅਤੇ ਆਪਣਾ ਪੱਖ ਰੱਖਣ ਲਈ ਕੀਤੀਆਂ ਸਨ, ਪਰ ਦਿੱਲੀ ਦਰਬਾਰ ਵਲੋਂ ਸਿੱਖਾਂ ਦੀ ਗੱਲ ਆਉਣ ਦੇ ਬਾਅਦ ਹੀ ਉਸਨੂੰ ਦਬਾਅ ਲਿਆ ਜਾਂਦਾ। ਸੋਸ਼ਲ ਮੀਡੀਆ ਦੇ ਆਉਣ ਨਾਲ ਹਰ ਆਮ ਖ਼ਾਸ ਲੋਕਾਂ ਨੂੰ ਆਪਣੀ ਗੱਲ ਕਹਿਣ ਦੀ ਸਹੂਲੀਅਤ ਮਿਲ ਗਈ ਜਿਸ ਨਾਲ ਸਿੱਖ ਆਪਣੀ ਆਵਾਜ਼ ਦੁਨੀਆਂ ਤੱਕ ਪਹੁੰਚਾਉਣ ਵਿੱਚ ਥੋੜ੍ਹਾ ਬਹੁਤ ਕਾਮਯਾਬ ਹੋ ਸਕੇ। ਹੁਣ ਦਿੱਲੀ ਦਰਬਾਰ ਨੇ ਇੰਟਰਨੈਟ ਬੰਦ ਕਰਕੇ ਲੋਕਾਂ ਦੇ ਗੱਲ ਕਹਿਣ ਦੇ ਹੱਕ ਨੂੰ ਖੋਹ ਲਿਆ ਹੈ, ਪਰ ਟੈਲੀਵਿਜ਼ਨ ਅਤੇ ਅਖ਼ਬਾਰ ਰਾਹੀਂ ਉਸ ਦਾ ਬਿਰਤਾਂਤ ਲਗਾਤਾਰ ਲੋਕਾਂ ਤੱਕ ਪਹੁੰਚ ਰਿਹਾ ਹੈ। ਇਹ ਦਸਤੂਰ ਦਿੱਲੀ ਦਰਬਾਰ ਨੇ ਕਿਸਾਨੀ ਮੋਰਚੇ ਦੇ ਵੇਲੇ ਤੋਂ ਹੀ ਆਰੰਭਿਆ ਹੋਇਆ ਹੈ, ਜਦੋਂ ਕੁਝ ਸਿੱਖ ਪੱਤਰਕਾਰਾਂ, ਸਿੱਖ ਸੰਸਥਾਵਾਂ ਦੇ ਸੋਸ਼ਲ ਮੀਡੀਆ ਖਾਤਿਆਂ ਅਤੇ ਕਲਾਕਾਰਾਂ ਦੇ ਗੀਤਾਂ ਨੂੰ ਬੰਦ ਕਰ ਦਿੱਤਾ ਗਿਆ। ਪਰ ਲੋਕਾਂ ਦੁਆਰਾ ਅਜਿਹੀਆਂ ਕਾਰਵਾਈਆਂ ਨੂੰ ਚੁਪ ਚਪੀਤੇ ਜਰ ਲੈਣ ਕਰਕੇ ਸਰਕਾਰ ਨੇ ਅਜਿਹੀਆਂ ਕਾਰਵਾਈਆਂ ਪ੍ਰਤੀ ਸਹਿਮਤੀ ਪ੍ਰਾਪਤ ਕਰ ਲਈ। 

ਦਿੱਲੀ ਦਰਬਾਰ ਨੇ ਹਮੇਸ਼ਾ ਤੋਂ ਹੀ ਸਿੱਖਾਂ ਦੇ ਕਿਰਦਾਰ ਪ੍ਰਤੀ ਨਕਾਰਾਤਮਕ ਸੋਚ ਇੰਡੀਅਨ ਖਿੱਤੇ ਦੇ ਲੋਕਾਂ ਵਿੱਚ ਸਿਰਜਣ ਦੀ ਕੋਸ਼ਿਸ ਕੀਤੀ ਹੈ। ਕਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਸਿੱਖਾਂ ਨੇ ਜਿਸ ਤਰ੍ਹਾਂ ਮਨੁੱਖਤਾ ਦੀ ਸੇਵਾ ਕੀਤੀ ਅਤੇ ਕਿਸਾਨੀ ਮੋਰਚੇ ਵਿੱਚ ਆਪਣਾ ਯੋਗਦਾਨ ਪਾਇਆ, ਉਸ ਨਾਲ ਪੂਰੇ ਇੰਡੀਅਨ ਖਿੱਤੇ ਦੇ ਲੋਕਾਂ ਨੇ ਸਿੱਖਾਂ ਨੂੰ ਮਨੁੱਖਤਾ ਦੇ ਹਮਦਰਦ ਵਜੋਂ ਜਾਣਿਆ ਹੈ। ਹੁਣ ਦੀ ਕਾਰਵਾਈ ਨਾਲ ਦਿੱਲੀ ਦਰਬਾਰ ਸਿੱਖਾਂ ਦੀ ਬਣੀ ਹੋਈ ਸਾਖ ਅਤੇ ਸਮਰੱਥਾ ਨੂੰ ਢਾਹ ਲਾਉਣ ਦਾ ਭਰਭੂਰ ਯਤਨ ਕਰ ਰਿਹਾ ਹੈ ਨਾਲ ਹੀ ਪੰਜਾਬ ਤੇ ਸਿੱਖਾਂ ਨੂੰ ਬਦਨਾਮ ਕਰਕੇ ਲੋਕਾਈ ਤੋਂ ਇਕੱਲਿਆਂ ਕਰਕੇ ਆਪਣੇ ਨਿਸ਼ਾਨੇ ਉੱਤੇ ਲਿਆਉਣਾ ਚਾਹੁੰਦਾ ਹੈ। ਕਿਸੇ ਮਾਮਲੇ ਵਿਚ ਲੋੜੀਂਦੀ ਗ੍ਰਿਫਤਾਰੀ ਲਈ ਇਸ ਤਰ੍ਹਾਂ ਦੀ ਗ੍ਰਿਫਤਾਰੀ ਮੁਹਿੰਮ ਚਲਾ ਕੇ ਅਤੇ ਹਊਆ ਬਣਾ ਕੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਦਿਖਾਉਣ ਦੀ ਅਤੇ ਸਿੱਖਾਂ ਨੂੰ ਵੱਡੀ ਪੱਧਰ ’ਤੇ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਬੱਸਾਂ ਵਿੱਚ ਗੁਰਸਿੱਖਾਂ ਦੀਆਂ ਤਲਾਸ਼ੀਆਂ ਲਈਆਂ ਜਾ ਰਹੀਆਂ ਹਨ, ਚੰਗੀ ਜਾਣਕਾਰੀ ਦੇ ਸਰੋਤ ਸੋਸ਼ਲ ਮੀਡੀਆ ਖਾਤੇ ਰੋਕੇ ਜਾ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਸਪਸ਼ਟ ਹੈ ਕਿ ਹਕੂਮਤ ਪੰਜਾਬ ਤੇ ਸਿੱਖਾਂ ਨੂੰ ਦਹਿਸ਼ਤ ਵਿੱਚ ਪਾਉਣਾ ਚਾਹੁੰਦੀ ਹੈ, ਇਹ ਵੀ ਇੱਕ ਤਰ੍ਹਾਂ ਦੇ ਮਨੋਵਿਗਿਆਨਕ ਹਮਲੇ ਹੁੰਦੇ ਹਨ। ਜੇਕਰ ਲੋਕਾਂ ਨੇ ਇਕੱਠੇ ਹੋ ਕੇ ਸਿੱਖਾਂ ਦੇ ਹੱਕ ਵਿੱਚ ਅਤੇ ਦਿੱਲੀ ਦਰਬਾਰ ਦੀ ਧੱਕੇਸ਼ਾਹੀ ਵਿਰੁੱਧ ਨਾਅਰਾ ਨਾ ਦਿੱਤਾ ਤਾਂ ਗੱਲ ਇਸ ਤੋਂ ਅੱਗੇ ਭਿਆਨਕ ਹਾਲਾਤਾਂ ਵੱਲ ਨੂੰ ਜਾਵੇਗੀ। ਜਿਸ ਦੇ ਨਤੀਜੇ ਹਰ ਇਨਸਾਫਪਸੰਦ ਅਤੇ ਆਮ ਲੋਕਾਂ ਨੂੰ ਭੁਗਤਣੇ ਪੈਣਗੇ। 

ਦਿੱਲੀ ਦਰਬਾਰ ਦੀ ਕੋਸ਼ਿਸ ਸਿੱਖਾਂ ਨੂੰ ਬਦਨਾਮ ਕਰਨ ਦੇ ਨਾਲ-ਨਾਲ ਸਿੱਖਾਂ ਵਿਚਲੀ ਆਪਸੀ ਫੁੱਟ ਵਧਾਉਣ ਦੀ ਹੈ। ਆਪ-ਹੁਦਰੇਪਣ ਅਤੇ ਆਪੋ ਧਾਪੀ ਦੇ ਮਹੌਲ ਤੋਂ ਪਾਸਾ ਵੱਟਣਾ ਚਾਹੀਦਾ ਹੈ ਅਤੇ ਆਪਸ ਵਿੱਚ ਧੜੇਬੰਦੀ ਤੋਂ ਬਚ ਕੇ ਆਪਸੀ ਏਕਤਾ ਇਤਫ਼ਾਕ, ਸਵੈਜਾਬਤਾ, ਇਕਾਗਰਤਾ ਬਣਾਈ ਰੱਖਣੀ ਚਾਹੀਦੀ ਹੈ। 

ਹੁਣ ਦੇ ਹਲਾਤਾਂ ਵਿੱਚ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਹਲਾਤ ਅਸਥਿਰਤਾ ਵੱਲ ਨੂੰ ਵੱਧ ਰਹੇ ਹਨ। ਇਸ ਸਮੇਂ ਸਿੱਖਾਂ ਦੇ ਸਾਹਮਣੇ ਚੁਣੌਤੀਆਂ ਅਤੇ ਸੰਭਾਵਨਾਵਾਂ ਦੋਵੇਂ ਹਨ। ਅਜਿਹੇ ਵਿਚ ਗੁਰੂ ਖਾਲਸਾ ਪੰਥ ਅਤੇ ਗੁਰ ਸੰਗਤ ਦੇ ਅੰਦਰਲੇ ਜਥਿਆਂ ਨੂੰ ਇੱਕ ਨੇਮ ਵਿੱਚ ਬੱਝ ਕੇ ਗੁਰਮਤਿ ਰਵਾਇਤਾਂ ਵੱਲ ਨੂੰ ਪਰਤਣਾ ਚਾਹੀਦਾ ਹੈ। ਗੁਰਮਤੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਅਤੇ ਕਾਰਜਵਿਧੀ ਨੂੰ ਵਿਚਾਰ ਕੇ ਗੁਰ ਸੰਗਤ ਦੇ ਹੇਠਲੇ ਸਤਰ ਤੱਕ ਪਹੁੰਚਾਉਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਖੋਇਆ ਹੋਇਆ ਸਤਿਕਾਰ ਗੁਰ ਮਰਿਯਾਦਾ ਰਾਹੀਂ ਹੀ ਬਹਾਲ ਹੋ ਸਕਦਾ ਹੈ, ਬਿਖੜੇ ਹਲਾਤਾਂ ਵਿੱਚ ਸਿੱਖਾਂ ਦੀ ਪ੍ਰਤਿਨਿਧਤਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਸਲ ਸਰੂਪ ਵਿੱਚ ਕਾਰਜਸ਼ੀਲ ਕੀਤਾ ਜਾਣਾ ਚਾਹੀਦਾ ਹੈ। ਮੌਜੂਦਾ ਹਾਲਾਤ ਬਾਰੇ ਸਾਂਝੀ ਸਮਝ ਅਤੇ ਇਸ ਦੇ ਟਾਕਰੇ ਲਈ ਸਾਂਝੀ ਵਿਓਤਬੰਦੀ ਬਣਾਉਣ ਦੀ ਲੋੜ ਹੈ ਤਾਂ ਕਿ ਦਿੱਲੀ ਦਰਬਾਰ ਤੇ ਇਸ ਦੀ ਸੂਬੇਦਾਰੀ ਵਾਲੀ ਪੰਜਾਬ ਸਰਕਾਰ ਤੋਂ ਗ੍ਰਿਫਤਾਰ ਨੌਜਵਾਨਾਂ ਦੀਆਂ ਰਿਹਾਈਆਂ ਕਰਵਾਈਆਂ ਜਾ ਸਕਣ। 

ਸਿੱਖ ਦੀ ਟੇਕ ਗੁਰੂ ਹੋਣ ਕਰਕੇ ਹੀ ਹਮੇਸ਼ਾ ਸਿੱਖ ਵੱਡੇ-ਵੱਡੇ ਘੱਲੂਘਾਰਿਆਂ ਅਤੇ ਮਨੋਵਿਗਿਆਨਕ ਹਮਲਿਆਂ ਤੋਂ ਬਾਹਰ ਆ ਜਾਂਦੇ ਹਨ ਜੋ ਕਿ ਕਿਸੇ ਆਮ ਦੁਨਿਆਵੀ ਕਦਰਾਂ ਕੀਮਤਾਂ ’ਤੇ ਅਧਾਰਿਤ ਸਭਿਆਚਾਰ ਲਈ ਸੰਭਵ ਨਹੀਂ ਹੁੰਦਾ। ਹੁਣ ਮੌਜੂਦਾ ਸੰਕਟ ਵਿਚੋਂ ਨਿੱਕਲਣ ਦਾ ਰਾਹ ਵੀ ਆਪਣੀਆਂ ਜੜ੍ਹਾਂ ਨਾਲ ਜੁੜਨ ਅਤੇ ਆਪਣੇ ਜੀਵਨ ਅਮਲ ਵਿਚ ਗੁਰਮਤਿ ਨੂੰ ਧਾਰਨ ਕਰਕੇ ਗੁਰੂ ਓਟ ਸਦਕਾ ਦ੍ਰਿੜਤਾ ਲਿਆਉਣ ਵਿਚ ਹੀ ਪਿਆ ਹੈ। 

 

ਸੰਪਾਦਕ,