ਅੱਠਵੇਂ ਪਾਤਿਸਾਹ ਨੂੰ ਯਾਦ ਕਰਦਿਆਂ…
"ਸ੍ਰੀ ਹਰਿਕ੍ਰਿਸਨ ਧਿਆਈਐ, ਜਿਸੁ ਡਿਠੈ ਸਭਿ ਦੁਖਿ ਜਾਇ।।"
ਅਸੀਂ ਦੋਵੇਂ ਵੇਲਿਆਂ ਦੀ ਅਰਦਾਸ 'ਚ ਪੜ੍ਹਦੇ ਹਾਂ ਕਿ "ਸ੍ਰੀ ਹਰਿਕ੍ਰਿਸਨ ਧਿਆਈਐ, ਜਿਸੁ ਡਿਠੈ ਸਭਿ ਦੁਖਿ ਜਾਇ।।" ਗੁਰੂ ਪਾਤਿਸਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਥਾਏ ਪ੍ਰੋ. ਪੂਰਨ ਸਿੰਘ ਜੀ ਕਹਿੰਦੇ ਹਨ ਕਿ "ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨਾਂ ਦੀ ਇੱਕ ਝਲਕ ਨਾਲ ਰੋਗੀਆਂ ਦੇ ਰੋਗ ਹਰਿ ਜਾਂਦੇ ਸਨ ਅਤੇ ਦੁਖੀਆਂ ਨੂੰ ਚੈਨ ਮਿਲ ਜਾਂਦਾ ਸੀ।" ਪ੍ਰੋ. ਹਰਿੰਦਰ ਸਿੰਘ ਮਹਿਬੂਬ ਇਸ ਨੂੰ ਸ਼ੁੱਧ ਵਿਚਾਰ ਆਖਦਿਆਂ ਲਿਖਦੇ ਹਨ ਕਿ "ਸਾਡੇ ਸਿੱਖਾਂ ਲਈ ਇਸ ਦਾ ਮਤਲਬ ਹੈ ਪਿਆਰੇ ਦੀ ਪੂਰਨ ਪਛਾਣ ਰਾਹੀਂ ਚੇਤਨਾ ਦੀਆਂ ਇਕਹਿਰੀਆਂ ਸੁਰਾਂ ਵਿੱਚ ਅਕੱਥ ਭਰਪੂਰਤਾ ਆਉਣੀ, ਕਿਸੇ ਅਜੈ ਆਵੇਸ਼ ਵਿੱਚ ਉੱਡਣਾ ਅਤੇ ਅਸਲੋਂ ਨਵੀਂ ਚੇਤਨਾ ਵਾਲਾ ਆਦਮੀ ਬਣਨਾ।" ਜਿਹੜਾ ਸੱਚ, ਦੇਹ ਤੋਂ ਵੀ ਡੂੰਘਾਂ ਵਾਅ-ਵਾਸਤਾ ਰੱਖਦਾ ਹੋਵੇ ਓਹਨੂੰ ਯਾਦ ਕਰਨਾ ਭਾਗਾਂ ਵਾਲਿਆਂ ਦੇ ਹਿੱਸੇ ਆਉਂਦਾ ਹੈ। ਇੰਨ੍ਹਾਂ ਦਿਨਾਂ ਵਿੱਚ ਅੱਠਵੇਂ ਪਾਤਿਸਾਹ ਦਾ ਆਗਮਨ ਪੁਰਬ ਮਨਾਇਆ ਰਿਹਾ ਹੈ ਅਤੇ ਇਸ ਸਬੰਧੀ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੇ ਭਾਗਾਂ ਵਾਲੜੇ ਪਾਤਿਸਾਹ ਨੂੰ ਯਾਦ ਕਰ ਰਹੇ ਹਨ, ਉਹਨਾਂ ਦੀ ਯਾਦ 'ਚ ਸਮਾਗਮ ਕਰ ਰਹੇ ਹਨ। ਅਸੀਂ ਜਾਣਦੇ ਹਾਂ ਕਿ ਗੁਰੂ ਹਰ ਰਾਇ ਸਾਹਿਬ ਜੀ ਨੇ ਆਪਣਾ ਖੁਦਾਈ ਰੁਤਬਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੌਂਪਿਆ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਕਰੀਬਨ ਢਾਈ ਕੁ ਸਾਲ ਬਾਅਦ ਜੋਤੀ ਜੋਤ ਸਮਾਂ ਗਏ। ਸੋ ਇਸ ਸਮੇਂ ਨੂੰ ਯਾਦ ਕਰਦਿਆਂ ਜੋ ਗੱਲਾਂ ਮੋਟੇ ਰੂਪ 'ਚ ਸਾਡੇ ਨਾਲ ਆ ਖੜਦੀਆਂ ਹਨ, ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਉਹਨਾਂ ਤੋਂ ਮਿਲ ਰਹੇ ਸੁਨੇਹਿਆਂ ਨੂੰ ਮੌਜੂਦਾ ਸਮੇਂ 'ਚ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਲਈ ਅਮਲ 'ਚ ਲੈ ਕੇ ਆਉਣ ਲਈ ਗੁਰੂ ਪਾਤਿਸਾਹ ਨੂੰ ਅਰਦਾਸ ਬੇਨਤੀ ਕਰ ਸਕੀਏ।
ਗੁਰਿਆਈ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਮਿਲਣ ਤੋਂ ਬਾਅਦ ਰਾਮ ਰਾਇ ਨੂੰ ਬਹੁਤ ਤਕਲੀਫ ਹੋਈ। ਔਰੰਗਜੇਬ ਕੋਲ ਜਾ ਫਰਿਆਦੀ ਹੋਇਆ। ਪਹਿਲਾਂ ਔਰੰਗਜੇਬ ਨੇ ਉਸ ਨੂੰ ਸਮਝਾਉਣਾ ਚਾਹਿਆ ਫਿਰ ਬਾਅਦ 'ਚ ਔਰੰਗਜੇਬ ਵੀ ਆਪਣਾ ਲਾਭ ਵਿਚਾਰਦਿਆਂ ਭਟਕੇ ਸਿੱਖ ਦੇ ਆਖੇ ਲੱਗ ਗਿਆ। ਅਸਲ ਵਿੱਚ ਰਾਮ ਰਾਇ ਗੁਰਗੱਦੀ 'ਤੇ ਆਪਣਾ ਦਾਅਵਾ ਦੱਸ ਕੇ ਔਰੰਗਜੇਬ ਨੂੰ ਗੁਰਗੱਦੀ ਦਾ ਫੈਸਲਾ ਕਰਨ ਲਈ ਕਹਿ ਰਿਹਾ ਸੀ, ਜਿਸ ਲਈ ਅੱਠਵੇਂ ਪਾਤਿਸਾਹ ਨੂੰ ਦਿੱਲੀ ਦਰਬਾਰ ਸੱਦਣਾ ਸੀ। ਬਾਦਸ਼ਾਹ ਇਸ ਫੁੱਟ 'ਚੋਂ ਆਪਣਾ ਫਾਇਦਾ ਵੇਖ ਰਿਹਾ ਸੀ। ਗੁਰੂ ਪਾਤਿਸਾਹ ਨੂੰ ਨਿਮਰ ਸੁਨੇਹਾ ਭੇਜਿਆ ਗਿਆ। ਗੁਰੂ ਸਾਹਿਬ ਨੇ ਸੰਗਤ ਨੂੰ ਆਣ ਦੀਦਾਰੇ ਦਿੱਤੇ ਪਰ ਔਰੰਗਜੇਬ ਕੋਲ ਨਹੀਂ ਗਏ, ਇਨਕਾਰ ਕਰ ਦਿੱਤਾ ਕਿਉਂਕਿ ਉਹ ਰੱਬੀ ਦਾਤ ਗੁਰਗੱਦੀ ਨੂੰ ਦੁਨਿਆਵੀ ਕਦਰਾਂ ਕੀਮਤਾਂ ਦੇ ਪੱਧਰ 'ਤੇ ਰੱਖ ਕੇ ਪਰਖਣਾ ਚਾਹੁੰਦਾ ਸੀ।
ਦਿੱਲੀ ਜਾਂਦੇ ਵਕਤ ਗੁਰੂ ਸਾਹਿਬ ਜਦੋਂ ਪੰਜੋਖਰਾ (ਅੰਬਾਲਾ) ਪੁੱਜਦੇ ਹਨ ਉੱਥੇ ਇੱਕ ਹਉਮੈ ਦਾ ਸ਼ਿਕਾਰ ਹੋਇਆ ਪੰਡਤ ਲਾਲ ਚੰਦ ਗੁਰੂ ਜੀ ਨੂੰ ਗੀਤਾ ਦੇ ਅਰਥ ਕਰਨ ਲਈ ਵੰਗਾਰਦਾ ਹੈ। ਪਾਤਿਸਾਹ ਨੇ ਮਿਹਰ ਦੀ ਨਜ਼ਰ ਕੀਤੀ ਅਤੇ ਆਪਣੀ ਸੁਨਹਿਰੀ ਸੋਟੀ ਛੱਜੂ ਰਾਮ (ਜੋ ਸਰੀਰਕ ਪੱਖੋਂ ਗੂੰਗਾ ਬੋਲਾ ਸੀ) ਦੇ ਸੀਸ ਨੂੰ ਛੁਹਾਈ ਅਤੇ ਗੀਤਾ ਦੇ ਅਰਥ ਕਰਵਾ ਦਿੱਤੇ। ਇਤਿਹਾਸ 'ਚ ਲਿਖਿਆ ਮਿਲਦਾ ਹੈ ਕਿ ਇਹ ਪੰਡਤ ਦਸਵੇਂ ਪਾਤਿਸਾਹ ਵੇਲੇ ਲਾਲ ਸਿੰਘ ਬਣਿਆ ਅਤੇ ਚਮਕੌਰ ਦੀ ਜੰਗ 'ਚ ਸ਼ਹੀਦ ਹੋਇਆ। ਇਹ ਹੈ ਗੁਰੂ ਦੀ ਮਿਹਰ।
ਗੁਰੂ ਪਾਤਿਸਾਹ ਨੇ ਜੋਤਿ ਜੋਤ ਸਮਾਉਣ ਵਕਤ ਅਗਲੇ ਗੁਰੂ ਬਾਬਤ ਬਾਬਾ ਗੁਰਦਿੱਤਾ ਜੀ ਨੂੰ ਬਸ ਇਹੋ ਆਖਿਆ ਕਿ "ਬਾਬਾ ਬਕਾਲੇ।" ਇਸ ਨੂੰ ਮਤਾ ਕੋਈ ਇਹ ਸਮਝੇ ਕਿ ਉਹ ਬਸ ਇੰਨਾ ਹੀ ਬੋਲ ਸਕੇ, ਇਹ ਕੋਈ ਦੁਨਿਆਵੀ ਫੈਸਲੇ ਜਾਂ ਦੁਨਿਆਵੀ ਆਗੂ ਦੀ ਗੱਲ ਨਹੀਂ ਸੀ। ਇਹ ਰੱਬ ਦੇ ਘਰ ਦੀ ਗੱਲ ਸੀ, ਇਹਦਾ ਮਿਯਾਰ ਦੁਨਿਆਵੀ ਨਹੀਂ ਹੋ ਸਕਦਾ। ਗੁਰੂ ਨੂੰ ਸਮਝਣਾ ਸਮਝਾਉਣਾ ਸ਼ਬਦਾਂ ਦਾ ਖੇਡਾ ਨਹੀਂ ਹੈ। ਨਾ ਹੀ ਗੁਰੂ ਨੂੰ ਦੱਸਿਆ ਜਾ ਸਕਦਾ ਹੈ ਕਿ ਉਹ ਗੁਰੂ ਹੈ, ਜੋ ਹੈ ਹੀ ਗੁਰੂ, ਕੀ ਉਸ ਨੂੰ ਨਹੀਂ ਪਤਾ ਹੋਵੇਗਾ ਕਿ ਉਹ ਗੁਰੂ ਹੈ? ਸੋ ਇਹ ਗੁਰੂ ਦਾ ਹੁਕਮ ਸੀ, ਗੁਰੂ ਦੇ ਹੁਕਮ ਦੀ ਖੇਡ ਦਿਮਾਗੀ ਤਲ ਨਾਲ ਨਹੀਂ ਜਾਣੀ ਜਾ ਸਕਦੀ।
ਇਹਨਾਂ ਇਤਿਹਾਸ ਦੇ ਪੰਨਿਆਂ ਨੂੰ ਮਹਿਸੂਸ ਕਰਦਿਆਂ ਸਾਨੂੰ ਕੁਝ ਗੱਲਾਂ ਨੂੰ ਬਹੁਤ ਗੰਭੀਰਤਾ ਨਾਲ ਲੈ ਕੇ ਸਮਝਣ ਦੇ ਅਮਲ 'ਚ ਪੈਣਾ ਚਾਹੀਦਾ ਹੈ। ਪਹਿਲੀ ਇਹ ਕਿ ਜੋ ਗੁਰੂ ਦੇ ਘਰ ਦੀ ਗੱਲ ਹੈ, ਪੰਥ ਦੇ ਮਸਲੇ ਹਨ ਉਹ ਗੁਰੂ ਦੇ ਘਰ ਹੀ ਹੱਲ ਹੋਣੇ ਹਨ ਓਹਦੇ ਲਈ ਕਿਸੇ ਦੁਨਿਆਵੀ ਰਾਜੇ ਦੀ ਕਚਹਿਰੀ ਦੀ ਲੋੜ ਨਹੀਂ ਹੈ। ਲੋੜ ਹੈ ਆਪਣੇ ਮਸਲੇ ਭਾਵੇਂ ਉਹ ਰਾਜਨੀਤਕ ਹਨ, ਧਾਰਮਿਕ ਹਨ ਜਾਂ ਸਮਾਜਿਕ ਹਨ, ਆਪਣੇ ਗੁਰੂ ਅਤੇ ਸੰਗਤ ਦੀ ਹਾਜਰੀ 'ਚ ਬੈਠ ਕੇ ਆਪਣੀ ਰਵਾਇਤ ਅਨੁਸਾਰ ਵਿਚਾਰਨ ਅਤੇ ਫੈਸਲੇ ਕਰਨ ਦੇ ਅਮਲ 'ਚ ਪੈਣ ਦੀ। ਸਾਡੀ ਰਵਾਇਤ ਵਿੱਚ ਫੈਸਲੇ ਪੰਚ ਪ੍ਰਧਾਨੀ ਪ੍ਰਣਾਲੀ ਤਹਿਤ ਕੀਤੇ ਜਾਂਦੇ ਹਨ ਜਿਸ ਵਿੱਚ ਸੰਗਤ ਵਿੱਚੋਂ ਹੀ ਪੰਜ ਸਿੰਘ ਚੁਣੇ ਜਾਂਦੇ ਹਨ ਜੋ ਸਾਰੇ ਮਸਲੇ ਸਬੰਧੀ ਸੰਗਤ ਤੋਂ ਵਿਚਾਰ ਲੈ ਕੇ ਅੰਤਿਮ ਨਿਰਣੇ 'ਤੇ ਪੁੱਜਦੇ ਹਨ। ਪੰਜ ਸਿੰਘਾਂ ਦਾ ਫੈਸਲਾ ਅਖੀਰੀ ਹੁੰਦਾ ਹੈ ਅਤੇ ਫੈਸਲਾ ਲੈਣ ਤੋਂ ਬਾਅਦ ਪੰਜ ਸਿੰਘ ਸੰਗਤ ਦਾ ਹੀ ਰੂਪ ਹੋ ਜਾਂਦੇ ਹਨ। ਅੱਜ ਸਾਡੇ ਫੈਸਲੇ ਸਾਡੀ ਰਵਾਇਤ ਅਨੁਸਾਰ ਨਹੀਂ ਹੋ ਰਹੇ, ਜਿਸ ਲਈ ਸਾਨੂੰ ਉੱਦਮ ਕਰਨੇ ਚਾਹੀਦੇ ਹਨ। ਦੂਜਾ ਇਹ ਕਿ ਜੋ ਗੁਰੂ ਦੇ ਕਾਰਜ ਹਨ ਉਹ ਗੁਰੂ ਨੇ ਹੀ ਕਰਵਾਉਣੇ ਹਨ, ਜਦੋਂ ਵਕਤ ਆਉਣਾ ਗੁਰੂ ਨੇ ਗੂੰਗੇ ਤੋਂ ਅਰਥ ਕਰਵਾਉਣ ਵਾਙ ਪਤਾ ਨਹੀਂ ਕਿਸ ਕੋਲੋਂ ਸੇਵਾ ਲੈ ਲੈਣੀ ਹੈ। ਅਸੀਂ ਗੁਰੂ ਪਾਤਿਸਾਹ ਨੂੰ ਅਰਦਾਸ ਕਰੀਏ ਕਿ ਉਹ ਸਾਨੂੰ ਵੀ ਕੋਈ ਤਿਲ ਫੁਲ ਸੇਵਾ ਬਖਸ਼ਣ। ਅਖੀਰ ਵਿੱਚ ਸਾਡੇ ਸਮਝਣ ਲਈ ਇਹ ਹੈ ਕਿ ਜੋ ਗੁਰੂ ਦਾ ਹੁਕਮ ਹੈ, ਗੁਰੂ ਦੇ ਬਚਨ ਹਨ, ਸਾਡੇ ਲਈ ਉਸ ਤੋਂ ਉੱਪਰ ਕੁਝ ਨਹੀਂ ਹੈ, ਜਦੋਂ ਪਾਤਿਸਾਹ ਨੇ ਕਿਹਾ "ਬਾਬਾ ਬਕਾਲੇ", ਇਹਦੇ 'ਚ ਕੋਈ ਸਵਾਲ ਜਵਾਬ ਨਹੀਂ, ਕੋਈ ਹੋਰ, ਕੀ, ਕਿਉਂ ਆਦਿ ਕੁਛ ਨਹੀਂ ਹੈ ਕਿਉਂਕਿ "ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ।।" ਪਾਤਿਸਾਹ ਮਿਹਰ ਕਰਨ ਸਾਨੂੰ ਹੁਕਮ ਮੰਨਣ ਦੀ ਜਾਂਚ ਸਿਖਾ ਦੇਣ।
ਧੰਨਵਾਦ ,
ਸੰਪਾਦਕ, ਅੰਮ੍ਰਿਤਸਰ ਟਾਈਮਜ਼
Comments (0)