ਤੀਜੇ ਘੱਲੂਘਾਰੇ ਦੀ ਯਾਦ 'ਚ ਕਿਸ ਤਰ੍ਹਾਂ ਜੁੜੀਏ?
ਜੂਨ 1984 ਵਿੱਚ ਗੁਰੂ ਖਾਲਸਾ ਪੰਥ ’ਤੇ ਬਿਪਰ ਰਾਜ-ਹਉਂ
ਜਿੰਦਗੀ ਵਿੱਚ ਕੁਝ ਵਰਤਾਰੇ ਅਜਿਹੇ ਹੁੰਦੇ ਹਨ ਜਿਹੜੇ ਮਨੁੱਖ ਦੇ ਚੇਤੇ ਵਿੱਚ ਇਕ ਖਾਸ ਜਗ੍ਹਾ ਬਣਾ ਲੈਂਦੇ ਹਨ। ਮਨੁੱਖ ਉਹਨਾਂ ਨੂੰ ਯਾਦ ਕਰਦਾ ਹੈ, ਇਹ ਪਹਿਲਾ ਕਦਮ ਬਹੁਤ ਵੱਡੀ ਜਿੰਮੇਵਾਰੀ ਵਾਲਾ ਕਦਮ ਹੁੰਦਾ ਹੈ ਕਿਉਂਕਿ ਇਹ ਕਦਮ ਪੁੱਟਣਾ ਉਨ੍ਹਾਂ ਔਖਾ ਨਹੀਂ, ਜਿੰਨ੍ਹਾਂ ਔਖਾ ਇਹ ਸਮਝਣਾਂ ਹੈ ਕਿ ਇਸ ਕਦਮ ਨੂੰ ਪੁੱਟਣਾ ਕਿਵੇਂ ਹੈ। ਜੇਕਰ ਮਨੁੱਖ ਉਸ ਵਰਤਾਰੇ ਨੂੰ ਪੂਰੀ ਪਵਿੱਤਰਤਾ ਅਤੇ ਇਮਾਨਦਾਰੀ ਨਾਲ ਯਾਦ ਨਹੀਂ ਕਰਦਾ ਤਾਂ ਉਸ ਵਰਤਾਰੇ ਦੀ ਠੀਕ ਸਮਝ ਦੀ ਲਿਸ਼ਕੋਰ ਨਹੀਂ ਪੈ ਸਕਦੀ।
ਜੂਨ 1984 ਵਿੱਚ ਗੁਰੂ ਖਾਲਸਾ ਪੰਥ ’ਤੇ ਬਿਪਰ ਰਾਜ-ਹਉਂ ਵੱਲੋਂ ਕੀਤੇ ਬਹੁ-ਪਸਾਰੀ ਹਮਲੇ ਨੂੰ, ਸਿੱਖ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੇ ਹਨ। ਹਰ ਸਾਲ ਇਹਨਾਂ ਦਿਨਾਂ ਵਿੱਚ ਵੱਖ-ਵੱਖ ਥਾਵਾਂ 'ਤੇ ਸਮਾਗਮ ਕੀਤੇ ਜਾਂਦੇ ਹਨ ਅਤੇ 6 ਜੂਨ ਨੂੰ ਅਕਾਲ ਤਖਤ ਸਾਹਿਬ 'ਤੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਤੀਜੇ ਘੱਲੂਘਾਰੇ ਨੂੰ ਯਾਦ ਕਰਨਾ, ਸ਼ਹੀਦਾਂ ਨੂੰ ਪ੍ਰਣਾਮ ਕਰਨਾ ਸਾਡਾ ਹੱਕ ਵੀ ਹੈ ਅਤੇ ਸਾਡਾ ਫਰਜ ਵੀ। ਪਰ ਗੱਲ ਸਿਰਫ ਯਾਦ ਕਰਨ ਦੀ ਨਹੀਂ ਹੁੰਦੀ, ਗੱਲ ਉਸ ਯਾਦ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਦੀ ਹੁੰਦੀ ਹੈ। ਜੇਕਰ ਗੱਲ ਸਿਰਫ ਯਾਦ ਕਰਨ ਦੀ ਹੀ ਹੋਵੇ ਤਾਂ ਪਵਿੱਤਰਤਾ ਵਿਹੂਣੀ ਯਾਦ ਤੁਹਾਨੂੰ ਬਹੁਤਾ ਕੁਝ ਨਹੀਂ ਦੇ ਸਕਦੀ ਸਗੋਂ ਉਹ ਤੁਹਾਡਾ ਲੈ ਬਹੁਤ ਕੁਝ ਜਾਂਦੀ ਹੈ। ਇੱਥੇ ਗੱਲ ਸ਼ਹੀਦਾਂ ਦਾ ਨਾਮ ਲੈਣ ਦੀ ਨਹੀਂ, ਸ਼ਹੀਦਾਂ ਦੇ ਕਿਰਦਾਰਾਂ ਵਰਗਾ ਬਣਨ ਦੀ ਹੈ। ਗੱਲ ਸ਼ਹੀਦਾਂ ਦੇ ਸੁਪਨੇ ਨੂੰ, ਉਹਨਾਂ ਦੇ ਨਿਸ਼ਾਨੇ ਨੂੰ ਉੱਚੀ ਉੱਚੀ ਦੁਹਰਾਉਣ ਦੀ ਨਹੀਂ, ਗੱਲ ਉਹ ਸੁਪਨੇ ਨੂੰ, ਉਹ ਨਿਸ਼ਾਨੇ ਨੂੰ ਦਿਲੋਂ ਅਵਾਜ਼ ਦੇਣ ਦੀ ਹੈ ਅਤੇ ਆਪਣੇ ਅਮਲ 'ਚ ਲੈ ਕੇ ਆਉਣ ਦੀ ਹੈ।
ਜਦੋਂ ਤੁਸੀਂ ਕਿਸੇ ਅਜਿਹੀ ਘਟਨਾਂ/ਸ਼ਖਸ਼ ਜਾਂ ਅਜਿਹੇ ਵਰਤਾਰੇ ਨੂੰ ਯਾਦ ਕਰਨਾ ਹੈ ਤਾਂ ਇਹ ਆਪਣੇ ਆਪ ਵਿੱਚ ਇਕ ਵੱਡੀ ਜੰਗ ਹੈ, ਵੱਡਾ ਤੂਫਾਨ ਹੈ ਜਿਸ ਦੇ ਸਾਹਵੇਂ ਖਲੋਣ ਲਈ ਤੁਹਾਡਾ ਆਪਣੀਆਂ ਜੜਾਂ ਆਪਣੀ ਬੁਨਿਆਦ ਨਾਲ ਜੁੜੇ ਹੋਣਾ ਬਹੁਤ ਲਾਜ਼ਮੀਂ ਹੈ। ਤੂਫ਼ਾਨਾਂ ਨਾਲ ਮੁਕਾਬਲਾ ਤਾਂ ਜੜਾਂ ਤੋਂ ਮਜ਼ਬੂਤ ਬਿਰਖ ਹੀ ਕਰ ਸਕੇਗਾ। ਕਾਹਲਾ ਅਤੇ ਮਨ ਮਰਜੀ ਵਾਲਾ ਮਨੁੱਖ ਆਪਣੇ ਮਨ ਦੀ ਤਸੱਲੀ ਲਈ ਤੂਫਾਨ 'ਤੇ ਉਸ ਦੇ ਵੱਧ ਦਹਿਸ਼ਤਗਰਦ ਹੋਣ ਦਾ ਇਲਜ਼ਾਮ ਤਾਂ ਲਾ ਸਕਦਾ ਹੈ ਪਰ ਆਪਣੇ ਆਪ ਦੇ ਜੜਾਂ ਤੋਂ ਕਮਜ਼ੋਰ ਹੋਣ ਦੀ ਘਾਟ ਉੱਪਰ ਝਾਤ ਨਹੀਂ ਪਾ ਸਕਦਾ।
ਸਾਡੀ ਬੁਨਿਆਦ ਗੁਰਬਾਣੀ ਹੈ, ਤੇ ਜਿੰਨ੍ਹਾਂ ਨੂੰ ਯਾਦ ਕਰਨਾ ਹੈ ਉਹ ਬਾਣੀ ਪੜਦੇ ਪੜਦੇ ਗੁਰਬਾਣੀ ਹੀ ਹੋ ਗਏ ਸਨ। ਬਾਣੀ ਤੋਂ ਪਵਿੱਤਰ ਸਿੱਖ ਲਈ ਹੋਰ ਹੈ ਵੀ ਕੀ? ਤੇ ਪਵਿੱਤਰ ਚੀਜ਼ਾਂ ਨਾਲ ਗਲਤੀ ਨਾਲ ਜਾਂ ਅਨਜਾਣ ਪੁਣੇ 'ਚ ਵੀ ਗਲਤ ਵਰਤਾਰਾ ਕਰਨਾ ਕੀ ਨੁਕਸਾਨ ਕਰਦਾ ਹੈ, ਇਹਦਾ ਕਿਆਸ ਸ਼ਬਦਾਂ 'ਚ ਨਹੀਂ ਲਾਇਆ ਜਾ ਸਕਦਾ।
ਸੰਘਰਸ਼ ਅਤੇ ਸੰਘਰਸ਼ ਕਰਨ ਵਾਲੀਆਂ ਧਿਰਾਂ ਸਦਾ ਇਕੋ ਰਫਤਾਰ 'ਚ ਨਹੀਂ ਰਿਹਾ ਕਰਦੇ। ਲੰਬੇ ਅਤੇ ਬਿਖੜੇ ਪੈਂਡਿਆਂ ਵਿੱਚ ਹਮੇਸ਼ਾ ਮੁਖ ਪੰਥ ਵੱਲ ਰਹੇ, ਇਹ ਕਿਸੇ ਵਿਰਲੀਆਂ ਰੂਹਾਂ ਦੇ ਹਿੱਸੇ ਹੀ ਆਉਂਦਾ ਹੈ। ਅੱਜ ਸਾਡੇ ਵੱਡੇ ਹਿੱਸੇ ਨੇ ਕਿੰਨੇ ਉਹ ਸਿਆਸੀ ਅਤੇ ਧਾਰਮਿਕ ਬੰਦੇ ਨਕਾਰ ਦਿੱਤੇ ਹਨ ਜਿਹੜੇ ਕਦੇ ਮੂਹਰਲੀ ਕਤਾਰ ਵਿੱਚ ਹੁੰਦੇ ਸਨ ਪਰ ਜਦੋਂ ਪੰਥ ਵੱਲੋਂ ਆਪਣਾ ਮੁਖ ਪਾਸੇ ਕੀਤਾ ਤਾਂ ਨਕਾਰੇ ਗਏ।
ਅਕਾਲ ਤਖ਼ਤ ਸਾਹਿਬ ਦਾ ਮੌਜੂਦਾ ਪ੍ਰਬੰਧ ਵੋਟਾਂ ਵਾਲੀ ਸਿਆਸੀ ਧਿਰ ਕੋਲ ਹੈ ਜਿਸ ਕਰਕੇ ਕਿੰਨੀ ਦਫ਼ਾ ਵੱਖ-ਵੱਖ ਸਮੇਂ ਵੱਖ-ਵੱਖ ਜਥੇਦਾਰ ਸਾਹਿਬਾਨ ਦੇ ਬੋਲਣ ਦਾ ਵਿਰੋਧ ਹੋਇਆ ਹੈ। ੬ ਜੂਨ ਨੂੰ ਵੀ ਜਥੇਦਾਰ ਸਾਹਿਬ ਦੇ ਬੋਲਣ ਦਾ ਵਿਰੋਧ ਹੋ ਜਾਂਦਾ ਹੈ, ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲੱਗਦੇ ਹਨ, ਟਾਸਕ ਫੋਰਸ ਵੀ ਆਪਣੀ ਪਿੱਠ 'ਤੇ ਮਿਲੇ ਥਾਪੜੇ ਦਾ ਪੂਰਾ ਪੂਰਾ ਲਾਹਾ ਲੈਂਦੀ ਹੈ। ਇਸ ਵਾਰ ਸੱਤਾ ਤਬਦੀਲੀ ਕਰਕੇ ਅਤੇ ਸਿਆਸੀ ਹਲਾਤ ਵੱਖਰੇ ਹੋਣ ਕਰਕੇ ਸ਼ਾਇਦ ਬਹੁਤ ਕੁਝ ਵੱਖਰਾ ਅਤੇ ਅਣਕਿਆਸਿਆ ਵੀ ਹੋਵੇ ਪਰ ਘੱਲੂਘਾਰੇ ਨੂੰ ਯਾਦ ਕਰਨ ਸਬੰਧੀ ਸਾਡੇ ਲਈ ਬਹੁਤ ਗੱਲਾਂ ਹਨ ਜਿੰਨ੍ਹਾਂ ਨੂੰ ਮਹਿਸੂਸ ਕਰਨਾ ਸਾਡੇ ਲਈ ਲਾਜ਼ਮੀ ਹੈ।
ਬੇਸ਼ੱਕ ਸਾਡਾ ਗਿਲ਼ਾ ਸਾਡੀਆਂ ਸੰਸਥਾਵਾਂ ਜਾਂ ਉਹਨਾਂ ਸੰਸਥਾਵਾਂ 'ਤੇ ਕਾਬਜ ਵਿਅਕਤੀਆਂ ਨਾਲ ਹੈ/ਹੋਵੇਗਾ ਪਰ ਇਸ ਯਾਦ ਵਿੱਚ ਇਕੱਤਰ ਹੋਣ ਵਕਤ ਸਾਨੂੰ ਇਹ ਸਭ ਪਿੱਛੇ ਰੱਖ ਕੇ ਆਪਣੀ ਸੁਰਤ ਇਕਾਗਰ ਕਰ ਕੇ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਹੈ। ਕੁਝ ਪੈਂਡੇ ਚੁੱਪ ਨੇ ਹੀ ਸਰ ਕਰਨੇ ਹੁੰਦੇ ਹਨ, ਸ਼ੋਰ ਨੇ ਬਸ ਹਾਜ਼ਰੀ ਲਵਾਉਣ ਤੱਕ ਸਿਮਟ ਜਾਣਾ ਹੁੰਦਾ ਹੈ। ਹਰ ਵਾਰ ਇਹ ਗੱਲ ਵੀ ਵੇਖਣ 'ਚ ਆਉਂਦੀ ਹੈ ਕਿ ਘੱਲੂਘਾਰੇ ਦੀ ਯਾਦ 'ਚ ਇੱਕਤਰ ਹੋਏ ਸਾਡੇ ਬੰਦਿਆਂ 'ਚੋਂ ੧੦ ਪਿੱਛੇ ੭ ਬੰਦਿਆਂ ਦੇ ਹੱਥ 'ਚ ਮੋਬਾਇਲ ਫੋਨ ਹੁੰਦੇ ਹਨ ਅਤੇ ਉਹ ਕਿਸੇ ਅਨਸੁਖਾਵੀਂ ਘਟਨਾਂ ਵਾਪਰਣ ਦੇ ਇੰਡੀਅਨ ਮੀਡੀਆ ਤੋਂ ਘੱਟ ਉਡੀਕ 'ਚ ਨਹੀਂ ਹੁੰਦੇ। ਤਸਵੀਰਾਂ ਖਿੱਚੀਆਂ ਜਾਂਦੀਆਂ ਹਨ ਅਤੇ ਕੈਮਰਿਆਂ ਅੱਗੇ ਖਲੋ ਕੇ ਕਿਰਪਾਨਾਂ ਉਤਾਹਾਂ ਕਰ ਕਰ ਨਾਹਰੇ ਵੀ ਲਗਾਏ ਜਾਂਦੇ ਹਨ। ਇਹ ਨਾਹਰੇ ਕੈਮਰਿਆਂ ਦੇ ਪਾਸੇ ਹੋ ਜਾਣ 'ਤੇ ਰੁਕ ਵੀ ਜਾਂਦੇ ਹਨ, ਜਿਵੇਂ ਕਿ ਨਾਹਰੇ ਬਸ ਕੈਮਰਿਆਂ ਨੂੰ ਭਰਨ ਵਾਸਤੇ ਹੀ ਹੋਣ। ਕੋਈ ਵਿਰਲੇ ਚੌਂਕੜੇ ਅਜਿਹੇ ਵੀ ਆਉਂਦੇ ਹਨ ਜਿਹੜੇ ਉਸ ਪਵਿੱਤਰ ਯਾਦ 'ਚ ਸੱਜਦੇ ਹਨ, ਉਹਨਾਂ ਪਵਿੱਤਰ ਰੂਹਾਂ ਨੂੰ ਮਹਿਸੂਸ ਕਰਦੇ ਹਨ ਜਿਨ੍ਹਾਂ ਨੇ ਆਪਣੇ ਸਿਰਾਂ ਦੇ ਮੱਥੇ ਟੇਕੇ ਅਤੇ ਸੱਚ ਦੀ ਗਵਾਹੀ ਭਰੀ।
ਇੱਥੇ ਵਿਰੋਧ ਨਾਹਰੇ ਲਾਉਣ 'ਤੇ ਨਹੀਂ, ਵਿਰੋਧ ਜਥੇਦਾਰ ਸਾਹਿਬ ਦੇ ਬੋਲਣ 'ਤੇ ਰੋਸ ਕਰਨ ਦਾ ਵੀ ਨਹੀਂ, ਇੱਥੇ ਤਾਂ ਬਸ ਉਸ ਪਵਿੱਤਰ ਯਾਦ 'ਚ ਜੁੜਨ ਵਾਲਿਆਂ ਲਈ ਗਿਲਾ ਅਤੇ ਅਰਜ਼ੋਈ ਹੀ ਹੈ। ਗਿਲਾ ਹੈ ਬਸ ਸਾਡਾ ਅਸੀਂ ਨਾ ਹੋਣ ਦਾ। ਸਾਡੇ ਰਵੱਈਏ ਦੀ ਲਿਸ਼ਕੋਰ 'ਚ ਸਾਡਾ ਚਾਨਣ ਨਾ ਹੋਣ ਦਾ। ਪਵਿੱਤਰ ਲਫਜ਼ਾਂ ਨੂੰ ਬੋਲਦੀ ਬਿਰਤੀ ਪਵਿੱਤਰ ਨਾ ਹੋਣ ਦਾ, ਪਵਿੱਤਰ ਦਿਨਾਂ 'ਤੇ ਉਕਰੇ ਜਾ ਰਹੇ ਦ੍ਰਿਸ਼ ਪਵਿੱਤਰ ਨਾ ਹੋਣ ਦਾ। ਇਸ ਸਭ ਦੇ ਬਾਵਜ਼ੂਦ ਅਸੀਂ ਕਿਵੇਂ ਕਿਸੇ ਪਵਿੱਤਰ ਸ਼ਖਸ਼ੀਅਤ ਨੂੰ ਯਾਦ ਕਰਨ ਦਾ ਦਾਅਵਾ ਕਰ ਸਕਦੇ ਹਾਂ? ਜਦੋਂ ਯਾਦ ਕਰਨ ਦਾ ਕਦਮ ਸਹੀ ਨਹੀਂ, ਫਿਰ ਉਹਨਾਂ ਦੇ ਕਦਮਾਂ 'ਤੇ ਕਦਮ ਰੱਖਣ ਦਾ ਦਾਅਵਾ ਕਿਵੇਂ ਸਹੀ ਹੋਵੇਗਾ? ਅਰਜ਼ੋਈ ਇਹ ਹੈ ਕਿ ਸਾਡੇ ਨਾਹਰੇ ਕੈਮਰਿਆਂ ਨੂੰ ਸੁਣਾਉਣ ਲਈ ਨਾ ਨਿਕਲਣ, ਸਾਡੀ ਚੁੱਪ ਕਿਸੇ ਨੂੰ ਚੁੱਪ ਕਰਾਉਣ ਦੇ ਸਮਰੱਥ ਬਣੇ, ਸਾਡੀ ਕਾਹਲ ਨੂੰ ਸੰਗਲ ਲੱਗੇ, ਸਾਡਾ ਮੱਥਾ ਸ਼ਹੀਦਾਂ ਦੀ ਧਰਤ ਨੂੰ ਚੁੰਮੇਂ, ਸਾਡਾ ਧੁਰ ਅੰਦਰ ਸ਼ਹੀਦਾਂ ਨੂੰ ਮਹਿਸੂਸ ਕਰੇ, ਸਾਡਾ ਤਿਆਗ ਵਧੇ ਫੁੱਲੇ, ਅਸੀਂ ਡੂੰਘੇ ਦਰਿਆ ਬਣੀਏਂ, ਸਾਡੇ ਚੌਂਕੜੇ ਅਮੀਰ ਹੋਣ, ਸਾਡੀ ਸੁਰਤ ਨੂੰ ਟਿਕਣ ਦਾ ਵੱਲ ਆਵੇ, ਸਾਡੇ ਪੈਰ ਉਹ ਬਜ਼ੁਰਗ ਰਾਹ ਵੱਲ ਨੂੰ ਮੂੰਹ ਕਰਨ ਇਹ ਅਰਦਾਸ ਕਰਨੀ ਗੁਰੂ ਪਾਤਿਸਾਹ ਸਾਨੂੰ ਸਿਖਾ ਦੇਣ। ਫਿਰ ਸਾਡੇ ਅਮਲ ਦੀ ਲਿਸ਼ਕੋਰ 'ਚ ਸਾਡਾ ਚਾਨਣ ਹੋਵੇਗਾ। ਅਸੀਂ ਅਸੀਂ ਹੋਵਾਂਗੇ ਅਤੇ ਇਹਨਾਂ ਪਵਿੱਤਰ ਯਾਦਾਂ ਨੂੰ ਪਵਿੱਤਰਤਾ ਨਾਲ ਯਾਦ ਕਰ ਸਕਾਂਗੇ।
ਧੰਨਵਾਦ ,
ਸੰਪਾਦਕ, ਅੰਮ੍ਰਿਤਸਰ ਟਾਈਮਜ਼
Comments (0)